ਫ਼ਿਲਮਾਂ ਦਾ ਬੱਚਿਆਂ ਉੱਤੇ ਅਸਰ : The Tribune India

ਫ਼ਿਲਮਾਂ ਦਾ ਬੱਚਿਆਂ ਉੱਤੇ ਅਸਰ

ਫ਼ਿਲਮਾਂ ਦਾ ਬੱਚਿਆਂ ਉੱਤੇ ਅਸਰ

1080272CD _CHILD_WATCHES_TELEVISIONਬੱਚਿਆਂ ਦੇ ਚੋਟੀ ਦੇ ਮੈਡੀਕਲ ਜਰਨਲ ‘ਕਲੀਨੀਕਲ ਪੀਡੀਆਟਰਿਕਸ’ ਵਿੱਚ ਡਾ. ਬਾਇਰ ਜਾਰਜੀਸਨ, ਵੇਕਫੀਲਡ, ਕਿੰਗ, ਓਲੰਪੀਆ ਤੇ ਮੈਕਨਮਾਰਾ ਵੱਲੋਂ ਕੀਤੀ ਸਾਂਝੀ ਖੋਜ ਦੇ ਵੇਰਵੇ ਛਾਪੇ ਗਏ ਹਨ। ਅਮਰੀਕਾ ਤੇ ਕੈਨੇਡਾ ਵਿਚਲੇ ਬੱਚਿਆਂ ਵਿੱਚ ਵਧ ਰਹੇ ਮਾਰ-ਕੁੱਟ ਦੇ ਕੇਸ ਅਤੇ ਗੋਲੀ ਬਾਰੂਦ ਵੱਲ ਵਧਦੇ ਰੁਝਾਨ ਕਾਰਨ ਹੀ ਡਾਕਟਰਾਂ ਨੇ ਇਸ ਵਿਸ਼ੇ ਉੱਤੇ ਕੰਮ ਕੀਤਾ। ਨਵੰਬਰ-ਦਸੰਬਰ 2017 ’ਚ ਛਪੀ ਇਸ ਖੋਜ ਵਿੱਚ 16 ਸਾਲ ਤੋਂ ਛੋਟੇ 400 ਬੱਚੇ ਸ਼ਾਮਲ ਕੀਤੇ ਗਏ। ਪੁੱਛਣ ਉੱਤੇ ਸਾਰਿਆਂ ਨੇ ‘ਸੁਪਰ ਹੀਰੋ’ ਵਾਲੀਆਂ ਫ਼ਿਲਮਾਂ ਨੂੰ ਆਪਣੀ ਪਹਿਲੀ ਪਸੰਦ ਮੰਨਿਆ। ਇਸੇ ਲਈ ਪੂਰਾ ਪ੍ਰੋਫਾਰਮਾ ਤਿਆਰ ਕਰ ਕੇ ਉਨ੍ਹਾਂ ਤੋਂ ਹੋਰ ਸਵਾਲ ਪੁੱਛੇ ਗਏ। ਸਾਰਿਆਂ ਨੂੰ ਸੁਪਰ ਹੀਰੋ ਵਾਲੀਆਂ ਤੀਹ ਫ਼ਿਲਮਾਂ ਵਿਖਾਈਆਂ ਗਈਆਂ ਜਿਨ੍ਹਾਂ ਵਿੱਚੋਂ ਬਹੁਤੀਆਂ ਉਹ ਪਹਿਲਾਂ ਹੀ ਵੇਖ ਚੁੱਕੇ ਸਨ। ਉਸ ਫ਼ਿਲਮ ਵਿਚਲੇ ਦ੍ਰਿਸ਼ਾਂ ਦੇ ਬੱਚਿਆਂ ਉੱਤੇ ਮਾੜ-ਚੰਗੇ ਅਸਰਾਂ ਬਾਰੇ ਘੋਖਿਆ ਗਿਆ। ਸਭ ਤੋਂ ਪਹਿਲਾਂ ਉਨ੍ਹਾਂ ਫਿਲਮਾਂ ਵਿਚਲੇ ਸਕਾਰਾਤਮਕ ਤੇ ਨਕਾਰਾਤਮਕ ਦ੍ਰਿਸ਼ਾਂ ਦੇ ਵਕਫ਼ੇ ਮਿਣੇ ਗਏ। ਪ੍ਰਤੀ ਘੰਟੇ 19.4 ਫ਼ੀਸਦੀ ਘਟਨਾਵਾਂ ਸਕਾਰਾਤਮਕ ਸਨ ਤੇ ਔਸਤਨ 29.5 ਫੀਸਦੀ ਨਾਕਾਰਾਤਮਕ ਘਟਨਾਵਾਂ ਸਨ। ਇਸ ਤੋਂ ਇਹ ਤਾਂ ਸਮਝ ਆ ਗਈ ਸੀ ਕਿ ਫ਼ਿਲਮਾਂ ਵਿੱਚ ਬਹੁਤਾ ਸਮਾਂ ਮਾੜੇ ਕਿਰਦਾਰ   ਨੂੰ ਉਭਾਰਿਆ ਗਿਆ ਸੀ ਤੇ ਘੱਟ ਸਮੇਂ     ਲਈ ਸੁਪਰ ਹੀਰੋ ਨੂੰ ਜਿੱਤਦੇ ਵਿਖਾਇਆ ਗਿਆ ਸੀ। ਬੱਚਿਆਂ ਨੂੰ ਪੁੱਛੇ ਸਵਾਲਾਂ ਵਿੱਚੋਂ ਪਸੰਦ ਕੀਤੇ ਗਏ ਸੀਨ ਸਨ: ਸਾਕਾਰਾਤਮਕ ਦ੍ਰਿਸ਼ਾਂ ਵਿੱਚੋਂ ਸੁਪਰ ਹੀਰੋ ਦਾ ਦੂਜਿਆਂ ਦੀ ਮਦਦ ਕਰਨਾ, ਘਰ ਵਿਚਲੇ ਰਿਸ਼ਤਿਆਂ ਨਾਲ ਨੇੜਤਾ, ਦੋਸਤਾਂ ਲਈ ਜਾਨ ਤਕ ਵਾਰ ਦੇਣ ਦੀ ਕੋਸ਼ਿਸ਼, ਆਪਣੇ ਨਾਲ ਦੋ ਜਾਂ ਤਿੰਨ ਦੀ ਟੀਮ ਬਣਾ ਕੇ ਚੱਲਣਾ ਆਦਿ।

ਡਾ. ਹਰਸ਼ਿੰਦਰ ਕੌਰ ਐੱਮਡੀ ਡਾ. ਹਰਸ਼ਿੰਦਰ ਕੌਰ ਐੱਮਡੀ

ਨਕਾਰਾਤਮਕ ਦ੍ਰਿਸ਼ਾਂ ਵਿੱਚੋਂ ਮਾਰ-ਕੁੱਟ, ਘਸੁੰਨ-ਮੁੱਕੇ, ਬੰਦੂਕ ਚਲਾਉਣੀ, ਚਾਕੂ ਮਾਰਨ, ਖ਼ਤਰਨਾਕ ਹਥਿਆਰਾਂ ਨਾਲ ਇੱਕੋ ਸਮੇਂ ਦੁਸ਼ਮਣਾਂ ਦੀ ਪੂਰੀ ਫੌਜ ਤਬਾਹ ਕਰਨੀ, ਤਸੀਹੇ ਦੇਣੇ, ਦੱਬ ਕੇ ਬੁਰਾਈ ਕਰਨੀ/ਛੇੜਖਾਨੀ, ਤਾਹਨੇ-ਮਿਹਣੇ ਮਾਰਨੇ, ਖਿੱਚ ਧੂਹ ਕਰਨੀ/ਘੜੀਸਣਾ, ਧੱਕੇਸ਼ਾਹੀ, ਧਮਕਾਉਣਾ ਆਦਿ। ਗ਼ੌਰਤਲਬ ਤੱਥ ਇਹ ਸਨ ਕਿ ਲਗਪਗ ਸਾਰੀਆਂ ਸੁਪਰ ਹੀਰੋ ਫ਼ਿਲਮਾਂ ਵਿੱਚ ਖਲਨਾਇਕ ਨੂੰ ਉਭਾਰਨ ਲਈ ਜ਼ਿਆਦਾ ਸਮਾਂ ਲਾਇਆ ਗਿਆ ਸੀ ਤੇ ਨਾਇਕ ਵੱਲੋਂ ਸਿਰਫ਼ ਅਖੀਰ ਵਿੱਚ ਉਸ ਨੂੰ ਢਾਹਿਆ ਗਿਆ। ਇਸ ਆਧਾਰ ’ਤੇ ਬੱਚੇ ਵੀ ਮਾਰ-ਕੁੱਟ ਦੇ ਦ੍ਰਿਸ਼ਾਂ ਤੋਂ ਵੱਧ ਉਤਸ਼ਾਹਿਤ ਹੋ ਰਹੇ ਸਨ। ਅਖ਼ੀਰ ਦੇ ਕੁਝ ਪਲਾਂ ਵਿੱਚ ਭਾਵੇਂ  ਹੀਰੋ ਵੱਲੋਂ ਕੀਤੇ ਗ਼ੈਰ ਮਨੁੱਖੀ ਹਮਲੇ ’ਤੇ ਪਰਾ-ਸਰੀਰਕ ਕਾਰਨਾਮੇ ਉਨ੍ਹਾਂ ਦਾ ਮਨ ਮੋਹ ਰਹੇ ਸਨ ਪਰ ਅਸਲ ਵਿੱਚ ਦ੍ਰਿਸ਼ ਭਾਵੇਂ ਸਕਾਰਾਤਮਕ ਹੋਣ ਤੇ ਭਾਵੇਂ ਨਕਾਰਾਤਮਕ, ਬੱਚੇ ਸਿਰਫ਼ ਮਾਰ-ਕੁੱਟ ਵੱਲ ਵੱਧ ਆਕਰਸ਼ਿਤ ਹੋ ਰਹੇ ਸਨ। ਹੀਰੋ ਦੇ ਹਥਿਆਰ, ਉਸ ਦਾ ਗੱਠਿਆ ਹੋਇਆ ਸਰੀਰ ਤੇ ਤਸ਼ੱਦਦ ਕਰਨ ਦੇ ਸੀਨ ਬੱਚਿਆਂ ਨੂੰ ਪੂਰੇ ਰਟੇ ਪਏ ਸਨ ਤੇ ਉਨ੍ਹਾਂ ਨੂੰ ਉਹੋ ਜਿਹੇ ਬਣਨ ਲਈ ਉਕਸਾ ਰਹੇ ਸਨ। ਖੋਜ ਵਿੱਚ 86 ਫ਼ੀਸਦੀ ਬੱਚੇ ਸਿਰਫ਼ ਮਾਰ-ਕੁਟਾਈ ਤੇ ਹਥਿਆਰਾਂ ਵਲ ਝੁਕਾਓ ਰੱਖਦੇ ਦਿਸੇ। ਬਾਕੀ ਬੱਚੇ ਸਕਾਰਾਤਮਕ ਸੀਨਾਂ ਵਿੱਚੋਂ ਟੀਮ ਬਣਾਉਣ ਤੇ ਹਾਣੀਆਂ ਵੱਲ ਝੁਕਾਓ ਰੱਖਣ ਵੱਲ ਉਤਸ਼ਾਹਿਤ ਸਨ ਪਰ ਉਨ੍ਹਾਂ ਵਿੱਚ ਵੀ ਪੁੱਛੇ ਜਾਣ ਉੱਤੇ ਇਹ ਲੱਭਿਆ ਕਿ ਉਨ੍ਹਾਂ ਦੇ ਦਿਮਾਗ਼ਾਂ ਦੇ ਕੋਨਿਆਂ ਵਿੱਚ ਧੱਕੇਸ਼ਾਹੀ ਕਰਨੀ ਅਤੇ ਹਥਿਆਰਾਂ ਪ੍ਰਤੀ ਖਿੱਚ ਦੀ ਗਰਾਰੀ ਫਸ ਚੁੱਕੀ ਸੀ। ਆਪਣੀ ਗੱਲ ਮੰਨਵਾਉਣ ਲਈ ਉਸ ਹੱਦ ਤਕ ਜਾਣ ਨੂੰ ਉਹ ਮਾੜਾ ਨਹੀਂ ਸਨ ਮੰਨਦੇ। 3.4 ਫ਼ੀਸਦੀ ਬੱਚੇ ਆਪਣੀ ਸਰੀਰਕ ਕਮਜ਼ੋਰੀ ਪ੍ਰਤੀ ਫਿਕਰਮੰਦ ਸਨ ਕਿ ਉਹ ਕਿਵੇਂ ਮਾੜੇ ਹਾਲਾਤ ਨਾਲ ਨਜਿੱਠ ਸਕਣਗੇ? ਇਸੇ ਲਈ ਉਹ ਕਿਸੇ ਤਕੜੇ ਬੱਚੇ ਦੀ ਟੀਮ ਵਿੱਚ ਸ਼ਾਮਲ ਹੋਣਾ ਸੁਰੱਖਿਅਤ ਮੰਨ ਰਹੇ ਸਨ। ਇਹ ਖੋਜ ਸਾਨੂੰ ਆਉਣ ਵਾਲੇ ਸਮੇਂ ਬਾਰੇ ਸਪੱਸ਼ਟ ਕਰ ਰਹੀ ਹੈ ਕਿ ਦਿਨੋ-ਦਿਨ ਬੱਚਿਆਂ ਵਿੱਚ ਵਧ ਰਹੀ ਅਸਹਿਣਸ਼ੀਲਤਾ, ਮਾਰ-ਕੁੱਟ, ਗੁੱਸਾ, ਵਧ ਰਿਹਾ ਜੁਰਮ, ਮਾਪਿਆਂ ਦੇ ਆਖੇ ਨਾ ਲੱਗਣਾ, ਆਪਹੁਦਰਾਪਨ ਆਦਿ ਸਭ ਉਨ੍ਹਾਂ ਦੇ ਬਣ ਰਹੇ ਦਿਮਾਗ਼ ਉੱਤੇ ਪੈ ਰਹੀਆਂ ਮਾੜੀਆਂ ਛਾਪਾਂ ਸਦਕੇ ਹੈ। ਸੁਪਰ ਹੀਰੋ ਫ਼ਿਲਮਾਂ ਜਿੱਥੇ ਸੁਪਰ ਹਿੱਟ ਹੋ ਰਹੀਆਂ ਹਨ, ਉੱਥੇ ਬੱਚਿਆਂ ਲਈ ਖਿੱਚ ਦਾ ਕੇਂਦਰ ਬਣ ਰਹੀਆਂ ਹਨ। ਫ਼ਿਲਮਾਂ ਵਿੱਚ ਜ਼ਿਆਦਾ ਸਮਾਂ ਜ਼ੁਲਮ, ਖਲਨਾਇਕ ਵੱਲੋਂ ਕੀਤੀਆਂ ਜ਼ਿਆਦਤੀਆਂ ਤੇ ਅਖ਼ੀਰ ਕੁਝ ਸਮੇਂ ਲਈ ਹੀਰੋ ਵੱਲੋਂ ਕੀਤੀ ਗਹਿਗੱਚ ਲੜਾਈ ਤੇ ਮਾਰ-ਕੁੱਟ ਬੱਚਿਆਂ ਨੂੰ ਨਿੱਕੀ ਜਿਹੀ ਗੱਲ ਉੱਤੇ ਭੜਕਣ ਲਈ ਮਜਬੂਰ ਕਰ ਰਹੀ ਹੈ। ਇਸੇ ਲਈ ਖੋਜ ਦੇ ਅੰਤ ਵਿੱਚ ਚਿੰਤਾ ਜ਼ਾਹਰ ਕਰਨ ਦੇ ਨਾਲ ਮਾਪਿਆਂ ਤੇ ਬੱਚਿਆਂ ਦੇ ਡਾਕਟਰਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਸੁਪਰ ਹੀਰੋ ਫ਼ਿਲਮਾਂ ਭਾਵੇਂ ਬਣਾਈਆਂ ਜਾਂਦੀਆਂ ਰਹਿਣ ਪਰ ਉਨ੍ਹਾਂ ਵਿੱਚ ਮਾਰ-ਕੁੱਟ ਘਟਾ ਕੇ ਹੀਰੋ ਨੂੰ ਚੰਗਾ ਕੰਮ ਕਰਦਿਆਂ ਵੱਧ ਵਿਖਾਉਣਾ ਚਾਹੀਦਾ ਹੈ। ਜੇ ਇਹ ਸੰਭਵ ਨਹੀਂ ਤਾਂ ਬੱਚਿਆਂ ਨੂੰ ਅਜਿਹੀਆਂ ਫਿਲਮਾਂ ਵਿਖਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕੁਝ ਛੋਟੇ ਬੱਚੇ ਸੁਪਰ ਹੀਰੋ ਦੇ ਕਾਰਨਾਮਿਆਂ ਦੀ ਨਕਲ ਕਰਦਿਆਂ ਜਾਨ ਤੋਂ ਹੱਥ ਧੋ ਬਹਿੰਦੇ ਹਨ ਤੇ ਕੁਝ ਅਸਫਲ ਰਹਿਣ ਉੱਤੇ ਖ਼ੁਦਕੁਸ਼ੀ ਕਰ ਜਾਂਦੇ ਹਨ। ਕੁਝ ਆਪਣੇ ਆਪ ਨੂੰ ਕਲਾਸ ਵਿੱਚ ਸੁਪਰ ਹੀਰੋ ਸਾਬਤ ਕਰਨ ਦੇ ਚੱਕਰ ਵਿੱਚ ਪੜ੍ਹਾਈ ਤੋਂ ਪੱਛੜ ਜਾਂਦੇ ਹਨ। ਇਨ੍ਹਾਂ ਵਿੱਚੋਂ ਹੀ ਕੁਝ ਨਸ਼ੇ, ਸਿਗਰਟਨੋਸ਼ੀ ਜਾਂ ਸ਼ਰਾਬ ਪੀਣ ਦੀ ਆਦਤ ਪਾਲ ਲੈਂਦੇ ਹਨ ਤੇ ਕੁਝ ਕੁੜੀਆਂ ਪ੍ਰਤੀ ਖਿੱਚੇ ਜਾਂਦੇ ਹਨ। ਬੱਚੇ ਨਾਜਾਇਜ਼ ਸਬੰਧ, ਘਰੋਂ ਭੱਜਣਾ, ਫੇਸਬੁੱਕ ਉੱਤੇ ਝੂਠ ਬੋਲ ਕੇ ਭਰਮਾਉਣਾ, ਚੋਰੀ, ਕਤਲ ਆਦਿ ਕਰ ਰਹੇ ਹਨ ਜੋ ਮੰਨੇ ਹਨ ਕਿ ਉਨ੍ਹਾਂ ਨੇ ਫ਼ਿਲਮਾਂ ਤੋਂ ਇਹ ਸਭ ਸਿੱਖਿਆ ਹੈ। ਕਾਰਟੂਨਾਂ ਵਿੱਚ ਵੀ ਲੋੜੋਂ ਵੱਧ ਗੁੱਸਾ, ਭੰਨ ਤੋੜ, ਮਾਰ-ਕੁੱਟ ਵਿਖਾਉਣ ਸਦਕਾ ਛੋਟੇ ਬੱਚੇ ਹੀ ਰਤਾ ਕੁ ਝਿੜਕੇ ਜਾਣ ਉੱਤੇ ਆਪਣੀ ਖਿਡੌਣੇ ਵਾਲੀ ਪਿਸਤੌਲ ਤਾਣ ਲੈਂਦੇ ਹਨ। ਇਹ ਮਾਨਸਿਕ ਵਿਗਾੜ ਸਦੀਵੀ ਵੀ ਹੋ ਸਕਦਾ ਹੈ। ਸਮਾਜ ਵਿਚਲੇ ਅਗਾਊਂ ਖ਼ਤਰਿਆਂ ਬਾਰੇ ਚੇਤੰਨ ਕਰ ਕੇ ਇਸ ਖੋਜ ਨੇ ਵੇਲੇ ਸਿਰ ਬਹੁਤ ਜਣਿਆਂ ਨੂੰ ਸੇਧ ਦੇਣ ਦਾ ਕੰਮ ਕੀਤਾ ਹੈ। ਜੇ ਹਾਲੇ ਵੀ ਮਾਪੇ ਜਾਂ ਫ਼ਿਲਮ ਪ੍ਰੋਡਿਊਸਰ ਨਾ ਸਮਝੇ ਤਾਂ ਅੱਖਾਂ ਬੰਦ ਕਰ ਕੇ ਬੈਠੇ ਕਬੂਤਰ ਉੱਤੇ ਬਿੱਲੀ ਨੇ ਵਾਰ ਕਰ ਹੀ ਜਾਣਾ ਹੈ। ਸੰਪਰਕ: 0175-2216783

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁਰੰਗਾਂ ਦਾ ਦੇਸ਼ ਨੌਰਵੇ

ਸੁਰੰਗਾਂ ਦਾ ਦੇਸ਼ ਨੌਰਵੇ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ