ਫ਼ਰੀਦਕੋਟ ਦੇ ਮਹਾਰਾਜੇ ਦੀ ਜਨਮ ਸ਼ਤਾਬਦੀ ਦੇਵੇਗੀ ਲੋਕਪੱਖੀ ਪ੍ਰਾਜੈਕਟ ਨੂੰ ਜਨਮ

ਫ਼ਰੀਦਕੋਟ ਦੇ ਮਹਾਰਾਜੇ ਦੀ ਜਨਮ ਸ਼ਤਾਬਦੀ ਦੇਵੇਗੀ ਲੋਕਪੱਖੀ ਪ੍ਰਾਜੈਕਟ ਨੂੰ ਜਨਮ

ਮਹਾਰਾਜਾ ਹਰਿੰਦਰ ਸਿੰਘ ਬਰਾਡ਼ ਦੀ ਜਨਮ ਸ਼ਤਾਬਦੀ ਮੌਕੇ ਉਨ੍ਹਾਂ ਦੀ ਧੀ ਦੀਪਇੰਦਰ ਕੌਰ ਕਰੇਗੀ ਸਿੱਖਿਆ ਤੇ ਸਿਹਤ ਪ੍ਰਾਜੈਕਟ ਦਾ ਅੈਲਾਨ

ਨਿੱਜੀ ਪੱਤਰ ਪ੍ਰੇਰਕ ਫ਼ਰੀਦਕੋਟ, 27 ਜਨਵਰੀ ਫ਼ਰੀਦਕੋਟ ਰਿਆਸਤ ਦੇ ਆਖਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੇ ਸੁਪਨੇ ਉਸ ਦੇ ਜਨਮ ਤੋਂ 100 ਸਾਲ ਬਾਅਦ ਪੂਰੇ ਹੋਣ ਦੀ ਆਸ ਜਾਗੀ ਹੈ। ਫ਼ਰੀਦਕੋਟ ਦੇ ਲੋਕਾਂ, ਰਿਆਸਤੀ ਜਾਇਦਾਦ ਦੀ ਦੇਖਭਾਲ ਕਰ ਰਹੇ ਮਹਾਰਾਵਲ ਖੇਵਾ ਜੀ ਟਰੱਸਟ ਅਤੇ ਇਤਿਹਾਸਕਾਰਾਂ ਨੇ ਆਖਰੀ ਮਹਾਰਾਜਾ ਦੀ ਜਨਮ ਸ਼ਤਾਬਦੀ ਮੌਕੇ 29 ਜਨਵਰੀ ਨੂੰ ਉਨ੍ਹਾਂ ਦੀ ਇੱਛਾ ਤੇ ਸੁਪਨਿਆਂ ਅਨੁਸਾਰ ਸਿੱਖਿਆ ਅਤੇ ਸਿਹਤ ਬਾਰੇ ਵਿਸ਼ੇਸ਼ ਪ੍ਰਾਜੈਕਟ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। 29 ਜਨਵਰੀ ਨੂੰ ਰਾਜਾ ਹਰਿੰਦਰ ਸਿੰਘ ਬਰਾੜ ਦੀ ਧੀ ਮਹਾਰਾਣੀ ਦੀਪਇੰਦਰ ਕੌਰ ਇਸ ਪ੍ਰਾਜੈਕਟ ਦਾ ਐਲਾਨ ਕਰਨ ਫ਼ਰੀਦਕੋਟ ਆ ਰਹੇ ਹਨ। ਇਸ ਪ੍ਰਾਜੈਕਟ ਦੀ ਵਿਸਥਾਰਪੂਰਵਕ ਰਿਪੋਰਟ 29 ਜਨਵਰੀ ਨੂੰ ਹੀ ਜਨਤਕ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਮਹਾਰਾਜਾ ਹਰਿੰਦਰ ਸਿੰਘ ਬਰਾੜ 29 ਜਨਵਰੀ, 1915 ਨੂੰ ਮਹਾਰਾਜਾ ਬਰਜਿੰਦਰ ਸਿੰਘ ਬਰਾੜ ਅਤੇ ਮਹਾਰਾਣੀ ਮਹਿੰਦਰ ਕੌਰ ਦੇ ਘਰ ਪੈਦਾ ਹੋਏ ਸਨ। ਰਾਜਾ ਹਰਿੰਦਰ ਸਿੰਘ ਬਰਾੜ ਨੇ 17 ਅਕਤੂਬਰ, 1934 ਨੂੰ ਫ਼ਰੀਦਕੋਟ ਰਿਆਸਤ ਦੀ ਰਾਜਗੱਦੀ ਸੰਭਾਲੀ ਸੀ ਅਤੇ ਫਰੀਦਕੋਟ ਰਿਆਸਤ ਨੂੰ ਸਿੱਖਿਆ ਦੀ ਰਾਜਧਾਨੀ ਵਜੋਂ ਵਿਕਸਿਤ ਕੀਤਾ। ਮਹਾਰਾਜਾ ਹਰਿੰਦਰ ਸਿੰਘ ਬਰਾੜ ਨੇ ਫਰੀਦਕੋਟ ਵਿੱਚ ਬਿਕਰਮ ਕਾਲਜ ਆਫ਼ ਕਾਮਰਸ, ਬਰਜਿੰਦਰਾ ਕਾਲਜ, ਬੀ.ਟੀ. ਕਾਲਜ, ਖੇਤੀਬਾੜੀ ਕਾਲਜ ਦੀ ਸਥਾਪਨਾ ਕਰਵਾਈ ਅਤੇ ਰਿਆਸਤ ਦੇ ਕੁੱਲ 182 ਪਿੰਡਾਂ ਵਿੱਚ ਪ੍ਰਾਇਮਰੀ ਸਕੂਲ ਖੋਲ੍ਹੇ। ਲਾਇਲਪੁਰ ਅਤੇ ਲਾਹੌਰ ਤੋਂ ਬਾਅਦ ਫਰੀਦਕੋਟ ਇਕਲੌਤੀ ਅਜਿਹੀ ਰਿਆਸਤ ਹੈ, ਜਿੱਥੇ ਹਰ ਪੱਧਰ ਦੀ ਸਿੱਖਿਆ ਮੁਹੱਈਆ ਕਰਵਾਉਣ ਦੇ ਪ੍ਰਬੰਧ ਕੀਤੇ ਗਏ ਸਨ। ਰਿਆਸਤ ਟੁੱਟਣ ਤੋਂ ਬਾਅਦ ਮਹਾਰਾਜਾ ਫਰੀਦਕੋਟ ਵੱਲੋਂ ਸ਼ੁਰੂ ਕੀਤੇ ਸਾਰੇ ਕਾਲਜ ਤਕਰੀਬਨ ਬੰਦ ਹੋ ਚੁੱਕੇ ਹਨ। ਜਦੋਂ ਕਿ ਇਕਲੌਤਾ ਬਰਜਿੰਦਰਾ ਕਾਲਜ ਹੀ ਚੱਲ ਰਿਹਾ ਹੈ, ਜਿੱਥੇ ਫੰਡਾਂ ਅਤੇ ਸਟਾਫ਼ ਦੀ ਵੱਡੀ ਘਾਟ ਹੈ। ਦੇਸ਼ ਦੀ ਅਾਜ਼ਾਦੀ ਬਾਅਦ ਰਿਆਸਤਾਂ ਦੇ ਖਤਮ ਹੋਣ ਨਾਲ ਫਰੀਦਕੋਟ ਦੇ ਰਾਜੇ ਨੇ ਆਮ ਨਾਗਰਿਕ ਵਾਂਗ ਜ਼ਿੰਦਗੀ ਗੁਜ਼ਾਰੀ ਅਤੇ 16 ਅਕਤੂਬਰ, 1989 ਨੂੰ ਉਨ੍ਹਾਂ ਦੀ ਮੌਤ ਬਾਅਦ ਰਿਆਸਤ ਦੀ ਸ਼ਾਹੀ ਜਾਇਦਾਦ ਦੀ ਦੇਖਭਾਲ ਲਈ ਮਹਾਰਾਵਲ ਖੇਵਾ ਜੀ ਟਰੱਸਟ ਦੀ ਸਥਾਪਨਾ ਕੀਤੀ ਗਈ, ਜਿਸ ਦੀ ਅਗਵਾਈ ਉਨ੍ਹਾਂ ਦੀ ਬੇਟੀ ਮਹਾਰਾਣੀ ਦੀਪਇੰਦਰ ਕੌਰ ਕਰ ਰਹੇ ਹਨ। ਹਾਲਾਂਕਿ ਰਾਜਾ ਹਰਿੰਦਰ ਸਿੰਘ ਬਰਾੜ ਦੀ ਇੱਕ ਬੇਟੀ ਅੰਮ੍ਰਿਤਪਾਲ ਕੌਰ ਨੇ ਇਸ ਸ਼ਾਹੀ ਟਰੱਸਟ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਹੋਈ ਹੈ। ਮਹਾਰਾਵਲ ਖੇਵਾ ਜੀ ਟਰੱਸਟ ਇਸ ਵੇਲੇ ਫ਼ਰੀਦਕੋਟ ਰਿਆਸਤ ਦੀ 20 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਦੀ ਦੇਖਭਾਲ ਕਰ ਰਿਹਾ ਹੈ, ਜਿਸ ਵਿੱਚ ਰਾਜ ਮਹਿਲ, ਸ਼ਾਹੀ ਕਿਲਾ, ਤੋਪਖਾਨਾ, ਸ਼ੀਸ਼ ਮਹਿਲ, ਦਸ ਹਜ਼ਾਰ ਏਕੜ ਜ਼ਮੀਨ, ਦਿੱਲੀ, ਮਨੀ ਮਾਜਰਾ ਵਿੱਚ ਸ਼ਾਹੀ ਜਾਇਦਾਦਾਂ, 18 ਵਿਦੇਸ਼ੀ ਗੱਡੀਆਂ, ਨਕਦੀ ਅਤੇ ਹੀਰੇ-ਜਵਾਰਾਤ ਆਦਿ ਪ੍ਰਮੁੱਖ ਤੌਰ ‘ਤੇ ਸ਼ਾਮਲ ਹਨ। ਸ਼ਾਹੀ ਟਰੱਸਟ ਦੇ ਨੁਮਾਇੰਦੇ ਐਲ.ਐਮ. ਗੁਪਤਾ ਨੇ ਕਿਹਾ ਕਿ ਮਹਾਰਾਜਾ ਹਰਿੰਦਰ ਸਿੰਘ ਬਰਾੜ ਸਿੱਖਿਆ, ਸਿਹਤ ਅਤੇ ਵਾਤਾਵਰਨ ਦੇ ਨਾਲ ਨਾਲ ਆਪਸੀ ਭਾਈਚਾਰਕ ਸਾਂਝ ਦੇ ਹਾਮੀ ਸਨ। ਉਨ੍ਹਾਂ ਕਿਹਾ ਕਿ ਫਰੀਦਕੋਟ ਰਿਆਸਤ ’ਚ ਦੇਸ਼ ਦੇ ਬਟਵਾਰੇ ਵੇਲੇ ਇੱਕ ਵੀ ਮੁਸਲਮਾਨ ਜਾਂ ਸਿੱਖ ਦਾ ਕਤਲ ਨਹੀਂ ਹੋਇਆ ਬਲਕਿ ਰਿਆਸਤ ਛੱਡ ਕੇ ਜਾਣ ਵਾਲੇ ਲੋਕਾਂ ਨੂੰ ਮਹਾਰਾਜਾ ਫਰੀਦਕੋਟ ਨੇ ਪੂਰੇ ਸਤਿਕਾਰ ਨਾਲ ਵਿਦਾ ਕੀਤਾ। ਉਨ੍ਹਾਂ ਕਿਹਾ ਕਿ ਮਹਾਰਾਜ ਹਰਿੰਦਰ ਸਿੰਘ ਬਰਾੜ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਨ੍ਹਾਂ ਦੀ ਜਨਮ ਸ਼ਤਾਬਦੀ ‘ਤੇ ਨਵੇਂ ਪ੍ਰਾਜੈਕਟਾਂ ਦਾ ਐਲਾਨ ਹੋਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All