ਗ਼ਦਰੀ ਮੇਲਾ ਤੇ ਦੰਗਾ ਪੀੜਤ- ਹਿੰਦਸਾ-ਨੁਮਾ ਵਰ੍ਹੇਗੰਢਾਂ

ਗ਼ਦਰੀ ਮੇਲਾ ਤੇ ਦੰਗਾ ਪੀੜਤ- ਹਿੰਦਸਾ-ਨੁਮਾ ਵਰ੍ਹੇਗੰਢਾਂ

ਮਨੁੱਖੀ ਸੱਭਿਅਤਾ ਦੇ ਵਿਕਾਸ ਵਿੱਚ ਪੰਜ ਜਾਂ ਦਸ ਨਾਲ ਤਕਸੀਮ ਹੁੰਦੇ ਹਿੰਦਸਿਆਂ ਨੇ ਕੁਝ ਅਜਿਹੀ ਮੌਲਿਕ ਜਗ੍ਹਾ ਅਖਤਿਆਰ ਕਰ ਲਈ ਏ ਕਿ ਜਿਹੜਾ ਜਨੂੰਨੀ ਜੋਸ਼ ਕਿਸੇ 10ਵੀਂ, 20ਵੀਂ, 25ਵੀਂ ਜਾਂ 35ਵੀਂ ਵਰ੍ਹੇਗੰਢ ਮਨਾਉਣ ਵਿੱਚ ਹੁੰਦਾ ਹੈ, ਉਹ 19ਵੀਂ, 23ਵੀਂ ਜਾਂ 34ਵੀਂ ’ਚ ਨਹੀਂ ਦਿਸਦਾ। ਇਸ ਲਈ ਦਿੱਲੀ ਦੀਆਂ ਸੜਕਾਂ ’ਤੇ ਖੁੱਲ੍ਹਮ-ਖੁੱਲ੍ਹਾ ਹੋਈ ਕਤਲੋਗਾਰਤ ਦੀ 34ਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਕੋਈ ਬਹੁਤੇ ਵੈਣ-ਪਾਉਣੇ ਲੇਖ-ਤਬਸਰੇ-ਖ਼ਬਰਾਂ ਪੜ੍ਹਨ-ਸੁਣਨ ਨੂੰ ਅਜੇ ਨਹੀਂ ਮਿਲੀਆਂ। ਹਾਂ, 31 ਅਕਤੂਬਰ/ਪਹਿਲੀ ਨਵੰਬਰ ਨੂੰ ਅਜਿਹੇ ਵਿਰਲਾਪ ਲਈ ਅਖ਼ਬਾਰੀ/ਟੈਲੀਵਿਜ਼ਨ ਦੇ ਪਿੜ ਵਿੱਚ ਜਗ੍ਹਾ ਮੁਹੱਈਆ ਕਰਵਾ ਦਿੱਤੀ ਜਾਵੇਗੀ। 35ਵੀਂ ਵਰ੍ਹੇਗੰਢ ਦੀ ਗੱਲ ਹੋਰ ਹੈ, 40ਵੀਂ ’ਤੇ ਤਾਂ ਤਬਸਰਾ ਭਰਪੂਰ ਹੋਵੇਗਾ ਤੇ 50ਵੀਂ ਬੜੇ ਜ਼ੋਰ-ਸ਼ੋਰ ਨਾਲ ਮਨਾਈ ਜਾਵੇਗੀ - ਸ਼ਾਇਦ ਸੰਯੁਕਤ ਰਾਸ਼ਟਰ ਨੂੰ ‘ਫ਼ਿਰਕੂ ਦੰਗਿਆਂ ਵਿਰੋਧੀ ਦਿਵਸ’ ਮਨਾਉਣ ਲਈ ਕੋਈ ਸਾਂਝੀ ਪੁਕਾਰ ਵੀ ਉੱਠੇ। ਹਜ਼ਾਰਾਂ ਲੋਥਾਂ ਲਈ ਸਾਡੇ ਧੁਰ ਅੰਦਰੋਂ ਉੱਠਦੀ ਹੂਕ ਕਿਵੇਂ ਪੰਜ ਜਾਂ ਦਸ ਨਾਲ ਤਕਸੀਮ ਹੁੰਦੇ ਹਿੰਦਸੇ ਵੇਖ ਵੇਦਨਾ ਦੇ ਸ੍ਵਰ ਨੂੰ ਅਡਜਸਟ ਕਰਦੀ ਏ, ਬੱਸ ਇਸੇ ਹਿੰਦਸਾ-ਪ੍ਰਮੁੱਖੀ ਵਿਰਲਾਪ ਦੇ ਵਰਤਾਰੇ ਵਿੱਚ ਸਾਡੇ ਖ਼ਾਸੇ ਦੀ ਤਹਿਰੀਰ ਪੜ੍ਹੀ ਜਾ ਸਕਦੀ ਹੈ। ਅਦਾਲਤ ’ਚ ਚੁਰਾਸੀ ਦਾ ਕੋਈ ਮੁਕੱਦਮਾ ਗੰਭੀਰ ਮੋੜ ਲਵੇ, ਜਾਂ ਫਿਰ ਐਸੇ ਮੁਕੱਦਮੇ ਲੜਦਾ ਕੋਈ ਸਿਰਕੱਢ ਵਕੀਲ-ਸਿਆਸਤਦਾਨ ਕੋਈ ਨਵਾਂ ਬਿਆਨ ਦਾਗੇ, ਨਹੀਂ ਤਾਂ ਪੰਜ ਜਾਂ ਦਸ ਨਾਲ ਤਕਸੀਮ ਹੁੰਦਾ ਕੋਈ ਹਿੰਦਸਾ ਆਪਣੇ ਨਾਲ ਇੱਕ ਵਰ੍ਹੇਗੰਢ ਲਟਕਾਈ ਸਾਡੇ ਸਹਾਫ਼ਤੀ ਆਲਮ ਵਿੱਚ ਆਣ ਵੱਜੇ ਤਾਂ ਹੀ ਸਾਡੇ ਸਬਰ ਦੀ ਕੋਈ ਚੂਲ ਹਿੱਲਦੀ ਏ। ਜਦੋਂ ਦੁੱਖ ਤੇ ਨਿਆਂ ਦੀਆਂ ਲੜਾਈਆਂ ਕੈਲੰਡਰੀ ਹੋ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਧੁਰ-ਅੰਦਰ ਵੀ ਮਸਨੂਈ ਜਿਹਾ ਹੋ ਗਿਆ ਹੈ। ਪਰ ਫਿਰ ਇਹੀ ਤਾਂ ਦਿਨ ਹੁੰਦੇ ਨੇ ਜਦੋਂ ਜਲੰਧਰ ਦੀ ਜੀਟੀ ਰੋਡ ’ਤੇ ਬਾਬਿਆਂ ਦੇ ਵਰੋਸਾਏ ਦੇਸ਼ ਭਗਤ ਯਾਦਗਾਰ ਹਾਲ ’ਚ ਨਿਆਂ ਦੀ ਹੇਕ ਲਾਉਂਦੀਆਂ ਸੁਰਾਂ ਦਾ ਮੇਲਾ ਲੱਗਦਾ ਏ। ਲੰਘਦੇ ਅਕਤੂਬਰ ਤੇ ਚੜ੍ਹਦੇ ਨਵੰਬਰ ਦੇ ਇਨ੍ਹਾਂ ਦਿਨਾਂ ਵਿੱਚ ਮਨੁੱਖੀ ਅਧਿਕਾਰਾਂ, ਨਾਗਰਿਕਾਂ ਦੀ ਆਜ਼ਾਦੀ ਅਤੇ ਅਦਾਰਿਆਂ ਦੀ ਖ਼ੁਦਮੁਖਤਿਆਰੀ ਵਾਲੇ ਲੋਕਮੰਚ ’ਤੇ ਖੜ੍ਹੇ ਦੂਰ ਦਿਸਹੱਦੇ ’ਤੇ ਆਉਂਦੇ ਕਿਸੇ ਇਨਕਲਾਬ ਦੀ ਸੂਹ ਪਾਉਂਦਾ ‘ਮੇਲਾ ਗ਼ਦਰੀ ਬਾਬਿਆਂ ਦਾ’ ਲੱਗਦਾ ਏ। ਨਾਟਕਾਂ ਭਰੀ ਉਹਦੀ ਆਖ਼ਰੀ ਰਾਤ ਵਿੱਚ ਕਿਸੇ ਆਸ-ਵਿਹਾਏ ਪੰਜਾਬੀ ਨੂੰ ਆਪਣੇ ਸੁਪਨਿਆਂ ਦਾ ਸਿਰਨਾਵਾਂ ਮੁੜ ਲੱਭਦਾ ਏ, ਪਰ ਚੁਰਾਸੀ ਦਾ ਮਾਰਿਆ, ਆਸ ਦੀ ਪੰਡ ਸਿਰ ’ਤੇ ਚੁੱਕੀ, ਇਸ ਮੇਲੇ ਵਿੱਚੋਂ ਵੀ ਆਪਣੇ ਦੁੱਖ ਦੀ ਵਰ੍ਹੇਗੰਢ ਮਨਫ਼ੀ ਵੇਖ ‘ਆਸ ਨਿਰਾਸ ਭਈ’ ਬੁੜਬੁੜਾਉਂਦਾ ਥੱਕੇ-ਪੈਰੀਂ ਬਾਹਰ ਨਿਕਲ ਆਉਂਦਾ ਏ। ਗ਼ਦਰ ਕਿੱਤ ਵੱਲ ਟੁਰਿਆ, ਉਹਦੀ ਪੈੜ ਪਿਆ ਲੱਭਦਾ ਏ। ਸਾਡੇ ਸਮਾਜਿਕ ਕਾਰਕੁਨ ਨੇ ਅਜੇ ਉਹ ਜੌੜ-ਸੜਕਾਂ ਤੇ ਕੈਂਚੀਆਂ ਵਾਲੇ ਮੋੜ ਉਸਾਰਨੇ ਨੇ ਜਿੱਥੇ ਹੱਕ-ਸੱਚ-ਨਿਆਂ ਲਈ ਲੜੀਆਂ ਜਾ ਰਹੀਆਂ ਲੜਾਈਆਂ ਵਾਲੇ ਇੱਕ-ਦੂਜੇ ਨੂੰ ਕੁਮਕ ਭੇਜ ਸਕਣ। ਇਨ੍ਹਾਂ ਮਿਲਣੀਆਂ ਦੀ ਅਣਹੋਂਦ ਵਿੱਚ ਨਵੰਬਰ ਦੰਗਿਆਂ ਦੀਆਂ ਦੁਖਿਆਰੀਆਂ ਵਿਧਵਾਵਾਂ ਨੂੰ ਕੋਈ ਜਲੰਧਰ ਦੀ ਜੀਟੀ ਰੋਡ ਦੇ ਰਸਤੇ ਨਹੀਂ ਪਾਉਂਦਾ ਤੇ ਦਿੱਲੀ ਦੀ ਤ੍ਰਿਲੋਕਪੁਰੀ ਦੇ ਬਲਾਕ ਨੰਬਰ 32 ਵਿੱਚ ਕੋਈ ਗ਼ਦਰੀ ਝੰਡਾ ਝੁਲਾਉਣ ਨਹੀਂ ਜਾਂਦਾ। ਧਿਰਾਂ ਨੇ ਕੁਮਕਾਂ ਬਚਾ ਕੇ ਰੱਖੀਆਂ ਨੇ - ਫੂਲਕਾ ਤੁਹਾਡੇ ਲਈ, ਕਨ੍ਹੱਈਆ ਸਾਡੇ ਲਈ। ਸਾਡਾ-ਤੁਹਾਡਾ ਵਾਲੀ ਲਕੀਰ ਰੈੱਡਕਲਿਫ ਦੀ ਨਕਸ਼ੇ ’ਤੇ ਵਾਹੀ ਰੇਖਾ ਤੋਂ ਵੀ ਪਕੇਰੀ ਜਾਪਦੀ ਹੈ। 1984 ਦਾ ਮੁੱਦਾ ਤੁਹਾਡਾ, 2002 ਦਾ ਸਾਡਾ। ਜੋਧਪੁਰ ਵਾਲੇ ਤੁਹਾਡੇ, ਸੁਧਾ ਭਾਰਦਵਾਜ ਤੇ ਵਰਵਰਾ ਰਾਓ ਸਾਡੇ। ਬਰਗਾੜੀ ਤੋਂ ਸਿੱਧੀ ਜਲੰਧਰ ਨਾ ਔਰਬਿਟ ਚੱਲੇ ਨਾ ਹੈਨਰੀ ਟਰਾਂਸਪੋਰਟ। ਫਿਰ ਤ੍ਰਿਲੋਕਪੁਰੀ ਵਾਲੀ ਦਰਸ਼ਨ ਕੌਰ ਨੂੰ ਜ਼ਕੀਆ ਨਸੀਮ ਅਹਿਸਾਨ ਨਾਲ ਕੌਣ ਮਿਲਾਵੇ?

ਐੱਸ ਪੀ ਸਿੰਘ*

‘‘ਅੱਲ੍ਹਾ ਕੇ ਹਾਥ ਲੰਬੇ ਹੈਂ,’’ ਜ਼ਕੀਆ ਆਸਮਾਨ ਵੱਲ ਵੇਖਕੇ ਕਹਿੰਦੀ ਏ। ਉਹਦਾ ਘਰ ਵਾਲਾ ਐੱਮਐੱਲਏ ਸੀ, 2002 ’ਚ ਦੰਗਈਆਂ ਨੇ ਕੋਹ-ਕੋਹ ਮਾਰਿਆ ਸੀ। ‘‘ਰੱਬ ਇਨਸਾਫ਼ ਕਰੇਗਾ,’’ ਕਹਿਣ ਵੇਲੇ ਦਰਸ਼ਨ ਕੌਰ ਵੇਖਦੀ ਆਸਮਾਨ ਵੱਲ ਈ ਏ। 1984 ’ਚ ਉਸ ਘਰ ਦੇ 11 ਜੀਅ ਗਵਾਏ ਸੀ। ਆਸਮਾਨ ਵਾਲੇ ਦਾ ਮੇਰੇ ਕੋਲ ਟੈਲੀਫੋਨ ਨੰਬਰ ਨਹੀਂ ਏ, ਪਰ ਮੈਂ ਅੰਦਾਜ਼ਾ ਜਿਹਾ ਲਾਇਆ ਏ ਕਿ ਵੋਟਾਂ ਵੇਲੇ ਬੂਥ ਦੇ ਅੰਦਰ ਜਾ, ਰੱਬ ਨੂੰ ਅਰਦਾਸ ਕਰ ਜ਼ਕੀਆ ਅਤੇ ਦਰਸ਼ਨ ਕੌਰ ਕਿਹੜਾ ਬਟਨ ਦਬਾਉਂਦੀਆਂ ਹੋਣਗੀਆਂ? ਜ਼ਕੀਆ ਟੁਰ ਜਾਏਗੀ ਨਰਕ ਨੂੰ ਨੰਗੇ-ਪੈਰੀਂ ਕੰਡਿਆਂ ਦੀ ਡਗਰ ’ਤੇ, ਪਰ ਕਮਲ ਨਾ ਦਬਾਸੀ। ਤੇ ਦਰਸ਼ਨ ਕੌਰ ਪੰਜੇ ਨੂੰ ਹੱਥ ਨਾ ਲਾਸੀ। ਉਹਦੀ ਕੰਧ ’ਤੇ ਗਿਆਰਾਂ ਫੋਟੋਆਂ ਟੰਗੀਆਂ ਨੇ ਉਹਨੂੰ ਵਰਜਦੀਆਂ। ਅਸਾਂ ਵਿਧਵਾਵਾਂ ਵੰਡੀਆਂ ਨੇ। ਵਿਧਵਾ ਬਰਾਬਰ ਵਿਧਵਾ ਖੜ੍ਹੀ ਕੀਤੀ ਹੈ। ਜੇ ਮਿਲਸਣ ਤਾਂ ਦੁੱਖ ਵੰਡਾਸਣ। ਨਾ ਮਿਲੀਆਂ ਤਾਂ ਇੱਕ-ਦੂਜੇ ਵਿਰੁੱਧ ਭੁਗਤਣਗੀਆਂ। ਦੰਗਿਆਂ ਵਿੱਚ ਵਿੱਛੜੀਆਂ ਜੇ ਕਿਸੇ ਮੇਲੇ ਵਿੱਚ ਮਿਲ ਸਕਦੀਆਂ ਤਾਂ ਗ਼ਦਰ ਹੋ ਜਾਂਦਾ - ਦੁੱਖ ਸਾਂਝਾ ਹੁੰਦਾ, ਦੈਂਤ ਦਾ ਖ਼ਾਸਾ ਨੰਗਾ ਹੁੰਦਾ, ਸੱਤਾ ਦੀਆਂ ਭਾਈਵਾਲੀਆਂ ਉਜਾਗਰ ਹੁੰਦੀਆਂ। ਅਦਾਲਤਾਂ ਵਿੱਚ ਬਿਰਖ ਹੁੰਦਾ ਚੁਰਾਸੀ ਬਖਸ਼ੀਖਾਨੇ ਵਿੱਚ ਗੁਜਰਾਤ ਦੇ ਨੇੜੇ ਢੁੱਕ ਬਹਿੰਦਾ। ਵੱਖ-ਵੱਖ ਬਟਨ ਨਾ ਦਬਾਉਣੇ ਪੈਂਦੇ, ਆਸਮਾਨੋਂ ਸਾਰਾ ਸੱਚ ਯਕਮੁਸ਼ਤ ਬਾਹਰ ਆਉਂਦਾ। ਸੱਚ ਕੀ ਬੇਲਾ ਸੁਣਾਉਂਦਾ। ਏਡੀ ਉੱਚੀ ਲੋਰ ਵਿੱਚ ਸੁਣਾਉਂਦਾ ਕਿ ਤ੍ਰਿਲੋਕਪੁਰੀ ਦੇ ਛੱਤੀਵੇਂ ਬਲਾਕ ਵਿੱਚ ਨਾਜ਼ਰ ਸਿੰਘ ਫੌਜੀ ਦੇ ਘਰ ਸਾਹਮਣੇ ਲੱਗੇ ਖੰਭੇ ਦੀ ਭੁੱਬ ਨਿਕਲ ਜਾਂਦੀ। 34 ਸਾਲ ਤੋਂ ਖੰਭਾ ਕਲੇਜਾ ਫੜ ਕੇ ਖੜ੍ਹਾ ਏ। ਜਦੋਂ ਚੁਰਾਸੀ ਦਾ ਦੁੱਖ 25 ਸਾਲ ਦਾ ਹੋਇਆ ਸੀ ਤਾਂ ਹਿੰਦਸਾ ਢੁਕਵਾਂ ਸਮਝ ਮੈਂ ਤ੍ਰਿਲੋਕਪੁਰੀ ਦੀਆਂ ਗਲੀਆਂ ਆਪਣੇ ਪੈਰੀਂ ਮਾਪੀਆਂ ਸਨ। ਨਾਜ਼ਰ ਸਿੰਘ ਤੇ ਉਹਦੀ ਧੀ ਨੇ ਦੱਸਿਆ ਸੀ ਉਹ ਕਿਉਂ ਇੱਥੋਂ ਹਿਜਰਤ ਕਰਕੇ ਤਿਲਕ ਵਿਹਾਰ ਵਾਲੀ ਮੁੜ-ਵਸੇਬਾ ਕਲੋਨੀ ਵਿੱਚ ਨਹੀਂ ਗਏ ਜਿੱਥੇ ਮਕਾਨ ਮਿਲਦੇ ਸੀ। ‘‘ਖੰਭੇ ਨੂੰ ਵੇਖ-ਵੇਖ ਮੈਂ ਵੱਡਾ ਹੋਇਆ ਸੀ, ਧੀ ਜੁਆਨ ਹੋਈ ਸੀ। ਖੰਭਾ ਛੱਡਿਆ ਨਹੀਂ ਜਾਂਦਾ, ਪੁੱਟ ਕੇ ਲਿਜਾ ਨਹੀਂ ਸਕਦੇ।’’ ਖੰਭੇ ਨੇ ਸਭ ਵੇਖਿਆ ਸੀ। ਉਨ੍ਹਾਂ ਨੇ ਏਸੇ ਖੰਭੇ ਨਾਲ ਨਾਜ਼ਰ ਸਿੰਘ ਦੇ ਪਿਓ ਨੂੰ ਬੰਨ੍ਹਿਆ ਸੀ, ਫਿਰ ਅੱਗ ਲਾ ਉਹਨੂੰ...। ਵਰ੍ਹਿਆਂ ਤੱਕ ਆਉਂਦੇ-ਜਾਂਦੇ, ਖੰਭੇ ਨੂੰ ਹੱਥ ਨਾਲ ਪਲੋਸਦੇ, ਸਾਹਵਾਂ ਦੇ ਨਰਦ ਹਾਰਦੇ ਹਾਰਦੇ, ਹੁਣ ਤਾਂ ਖੰਭਾ ਘਰ ਦਾ ਜੀਅ ਹੋ ਗਿਆ ਸੀ। ਮੈਂ ਗੁਜਰਾਤ ਦੀਆਂ ਗਲੀਆਂ ਨਹੀਂ ਗਾਹੀਆਂ ਪਰ ਬਥੇਰੇ ਥਮ੍ਹਲੇ, ਖੰਭੇ ਕਲੇਜਾ ਫੜ ਕੇ ਖੜ੍ਹੇ ਹੋਣੇ ਨੇ। ਹਰਿਆਣਾ ਦੇ ਮਿਰਚਪੁਰ ਤੋਂ ਯੂਪੀ ਦੇ ਮੁਜ਼ੱਫਰਨਗਰ ਤੱਕ ਅਜੇ ਬੜਾ ਦਰਦ ਬਾਕੀ ਏ। ਕਿਸੇ ਗ਼ਦਰੀ ਘੋਲ ਲਈ, ਕਿਸੇ ਬੇਗਮਪੁਰਾ ਉਸਾਰਨ ਦੀ ਲੜਾਈ ਲਈ, ਕਿਸੇ ਹੀਰ-ਵੰਨੇ, ਗੁਰਾਂ ਦੇ ਨਾਂ ਵੱਸਦੇ ਪੰਜਾਬ ਲਈ ਇਹ ਜ਼ਰੂਰੀ ਹੈ ਕਿ ਇਹਦੇ ਯੋਧੇ ਗੁਆਂਢ ਵਿੱਚ ਲੜੀਆਂ ਜਾ ਰਹੀਆਂ ਲੜਾਈਆਂ ਨਾਲ ਰਾਬਤਾ ਰੱਖਣ, ਕੁਮਕ ਭੇਜਣ-ਮੰਗਣ ਤੇ ਚੜ੍ਹਦੇ ਨਵੰਬਰੀ ਦਿਨ ਇਨਕਲਾਬ ਦੇ ਰੌਲੇ ਵਿੱਚ ਕਿਸੇ ਦੰਗਾ-ਪੀੜਤ ਵਿਧਵਾ ਦੀ ਆਵਾਜ਼ ਵੱਲ ਕੰਨ ਧਰਨ। ਜ਼ਕੀਆ ਤੇ ਦਰਸ਼ਨ ਇੱਕੋ ਜਿਹੀਆਂ ਰੋਂਦੀਆਂ ਨੇ। ਤੁਸੀਂ ਠੁੰਮਣਾ ਦਿਓ, ਗਰਜਣ ਦੀ ਕੁੱਵਤ ਰੱਖਦੀਆਂ ਨੇ। ਹਰ ਵਾਰੀ ਜਾਂਦੇ ਅਕਤੂਬਰ ਤੇ ਆਉਂਦੇ ਨਵੰਬਰ ਦੇ ਮਿੱਠੀ ਧੁੱਪ ਵਾਲੇ ਦਿਨਾਂ ਵਿੱਚ ਬੜਾ ਚਿੱਤ ਕਰਦਾ ਏ ਕਿ ਤ੍ਰਿਲੋਕਪੁਰੀ ਵਾਲਾ ਉਹ ਖੰਭਾ ਲਿਆ ਕੇ ਗੱਡ ਦਿਆਂ ਦੇਸ਼ ਭਗਤ ਯਾਦਗਾਰ ਹਾਲ ਦੇ ਲਾਅਨ ਵਿੱਚ ਜਿੱਥੇ ਗ਼ਦਰ ਦੇ ਤਲਬਗਾਰ ਝੰਡੇ ਦੀ ਰਸਮ ਕਰਦੇ ਨੇ, ਜਾਂ ਫਿਰ ਉਨ੍ਹਾਂ ਦਾ ਝੰਡਾ ਖੋਹ ਕੇ ਝੁਲਾ ਦੇਵਾਂ ਤ੍ਰਿਲੋਕਪੁਰੀ ਦੇ ਉਸ ਖੰਭੇ ਉੱਪਰ, ਪਰ ਅਜੇ ਨਹੀਂ। ਅਜੇ ਤਾਂ 34ਵੀਂ ਏ, 50ਵੀਂ ਵਰ੍ਹੇਗੰਢ ’ਤੇ ਸੋਚਾਂਗਾ। 50 ਨਾਲ ਤਕਸੀਮ ਹੁੰਦੇ ਹਿੰਦਸੇ ਦੀ ਗੱਲ ਹੀ ਵੱਖਰੀ ਹੁੰਦੀ ਏ। 550ਵੀਂ ਲਈ ਵੇਖੋ ਕਿੰਨੇ ਤਰਲੋਮੱਛੀ ਨੇ ਸਾਰੇ। 549ਵੀਂ ’ਤੇ ਕਿਹੜਾ ਬਾਬਾ ਨਾਨਕ ਦੇ ਸੁਨੇਹੇ ਵਿੱਚ ਘੱਟ ਜੁੰਬਿਸ਼ ਏ? ਗ਼ਦਰੀ ਮੇਲੇ ਵਾਲੇ ਕਾਰਲ ਮਾਰਕਸ ਦੀ 200ਵੀਂ ’ਤੇ ਸ਼ਾਇਦ ਮੁੜ ਸੋਚਣ। ਪਰ ਅਸੀਂ ਲੋਹੜੇ ਦੇ ਮੁਹੰਦਸ ਹਾਂ, 34ਵੀਂ ਐਵੇਂ ਹੀ ਲੰਘਾ ਦੇਈਏ ਬਸ ਕਾਲਮ ਲਿਖ। (ਲੇਖਕ ਸੀਨੀਅਰ ਪੱਤਰਕਾਰ ਹੈ ਤੇ ਸਾਲਾਂ ਤਕ ਇਨ੍ਹੀਂ ਦਿਨੀਂ ਤ੍ਰਿਲੋਕਪੁਰੀ ਦੇ ਖੰਭਿਆਂ ਨਾਲ ਗੱਲਾਂ ਕਰਦਾ ਰਿਹਾ ਹੈ।)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All