ਹੀਰੋਪੰਥੀ ਕਰੋ - ਬੇਟੀ ਪੜ੍ਹਾਓ, ਆਇਸ਼ੀ ਘੋਸ਼ ਬਣਾਓ

ਐੱਸ ਪੀ ਸਿੰਘ*

ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਮੈਂ ਲਾਈਨ ਵਿੱਚ ਸਭ ਤੋਂ ਅੱਗੇ ਖੜ੍ਹਾ ਹੁੰਦਾ ਸੀ। ਕੱਦ ਵਿੱਚ ਮੇਰੇ ਫਾਡੀ ਹੋਣ ਦਾ ਨਿੱਤ ਦਿਨ ਦਾ ਇਹ ਅਹਿਸਾਸ ਮੇਰੇ ਬਚਪਨ ਦਾ ਉਵੇਂ ਹੀ ਅਖੰਡ ਅੰਗ ਹੈ ਜਿਵੇਂ ਕਸ਼ਮੀਰ ਭਾਰਤ ਦਾ। ਜਵਾਨੀ ਵਿੱਚ ਫ਼ੀਤਾ ਪੰਜ ਫੁੱਟ ਛੇ ਇੰਚ ਤੱਕ ਅਪੜਿਆ, ਇਸ ਲਈ ਉਹ ਮੈਨੂੰ ਹੋਰ ਵੀ ਲੰਬਾ ਜਾਪਦਾ ਸੀ। ਮੈਂ ਰਤਾ ਇਕਹਿਰੀ ਹੱਡੀ ਸਾਂ, ਉਹ ਦਸ-ਬਾਰਾਂ ਬਦਮਾਸ਼ਾਂ ਨੂੰ ਇਕੱਲਿਆਂ ਹੀ ਕੁੱਟ ਦਿੰਦਾ ਸੀ। ਸਾਈਕਲ ਮੰਗਿਆ ਤਾਂ ਬਾਪੂ ਨੇ ਲੇਡੀ ਸਾਈਕਲ ਲੈ ਦਿੱਤਾ। ਅਖੇ ਭੈਣ ਵੀ ਸਿੱਖ ਲਵੇਗੀ, ਦੋਵੇਂ ਵਰਤ ਸਕੋਗੇ। ਓਧਰ ਉਹ ਲੰਬੂ ਘੋੜੇ, ਗਧੇ, ਮੋਟਰਸਾਈਕਲ, ਕਾਰ, ਟਰੇਨ, ਟਰੇਨ ਦੀ ਛੱਤ, ਹਵਾ ਪਾਣੀ ਵਾਲੇ ਜਹਾਜ਼ਾਂ ਵਿੱਚ ਨਾ ਕੇਵਲ ਸਫ਼ਰ ਕਰ ਚੁੱਕਿਆ ਸੀ ਬਲਕਿ ਉਨ੍ਹਾਂ ਤੋਂ ਕੁੱਦ-ਕੁੱਦ ਕਈ ਬਦਮਾਸ਼ਾਂ ਨੂੰ ਕੁੱਟ-ਮਾਰ ਚੁੱਕਿਆ ਸੀ। ਜਮਾਤ ਵਿੱਚ ਬੱਚੇ ਉਹਦੀਆਂ ਗੱਲਾਂ ਕਰਦੇ, ਉਹਦੇ ਵਰਗੇ ਹੋ ਜਾਣਾ ਲੋਚਦੇ। ਮੈਨੂੰ ਪੱਕਾ ਪਤਾ ਸੀ ਕਿ ਜੇ ਇੰਚ-ਦੋ ਇੰਚ ਹੋਰ ਵਧ ਵੀ ਗਿਆ, ਤਾਂ ਵੀ ਆਪਾਂ ਦੋ-ਚਾਰ ਨੂੰ ਇਕੱਠਿਆਂ ਨਹੀਂ ਕੁੱਟ ਸਕਣਾ। ਹੀਰੋ ਬਣਨ ਦੇ ਬਾਕੀ ਰਸਤੇ ਵੀ ਹੱਥ-ਵੱਸ ਨਹੀਂ ਸਨ। ਨਾ ਮੈਂ ਸਭ ਤੋਂ ਤੇਜ਼ ਦੌੜਦਾ ਸਾਂ, ਨਾ ਸਭ ਤੋਂ ਉੱਚੀ ਛਾਲ ਮਾਰਦਾ ਸਾਂ। ਨਾ ਗੋਰਾ, ਨਾ ਸੋਹਣਾ, ਨਾ ਮਹਿੰਗੇ ਕੱਪੜੇ, ਨਾ ਜੇਬ੍ਹ ਵਿੱਚ ਪੈਸੇ, ਤੇ ਓਧਰ ਉਹ ਲੰਬੂ ਹੀਰੋ ਸੀ। ਫਿਰ ਇੱਕ ਦਿਨ ਸੂਰਜ ਨੂੰ ਗ੍ਰਹਿਣ ਲੱਗਿਆ ਤਾਂ ਮੇਰੇ ਭਾਗ ਖੁੱਲ੍ਹੇ। ਦੂਰਦਰਸ਼ਨ ਸ਼ਾਮ ਨੂੰ ਸ਼ੁਰੂ ਹੁੰਦਾ ਅਤੇ ਹਫ਼ਤੇ ਵਿੱਚ ਇੱਕੋ ਫ਼ਿਲਮ ਆਉਂਦੀ ਪਰ ਸੂਰਜ ਗ੍ਰਹਿਣ ਵਾਲੇ ਦਿਨ ਦਰਸ਼ਕਾਂ ਨੂੰ ਦੁਪਹਿਰ ਨੂੰ ਇੱਕ ਨਵੀਂ ਬੋਨਸ ਫਿਲਮ ਮਿਲਦੀ ਤਾਂ ਜੋ ਉਹ ਘਰ ਅੰਦਰ ਹੀ ਰਹਿਣ। ਅਜੇ ਪ੍ਰਧਾਨ ਮੰਤਰੀਆਂ ਨੇ ਬਾਹਰ ਨਿਕਲ, ਹੱਥ ਵਿੱਚ ਕਾਲੀ ਐਨਕ ਫੜ, ਸੂਰਜ ਗ੍ਰਹਿਣ ਵੇਖਣਾ ਸ਼ੁਰੂ ਨਹੀਂ ਸੀ ਕੀਤਾ। ਉਸ ਦਿਨ ਉਹਨੂੰ ਮੈਂ ‘ਰਜਨੀਗੰਧਾ’ ਵਿੱਚ ਵੇਖਿਆ ਸੀ। ਠੀਕ-ਠਾਕ ਜਾਪਦਾ ਸੀ, ਜਿਵੇਂ ਸਾਡੇ ਤੋਂ ਤਿੰਨ ਗਲੀਆਂ ਛੱਡ ਕੇ ਰਹਿੰਦਾ ਹੋਵੇ। ਮੈਨੂੰ ਯਕੀਨ ਸੀ ਕਿ ਉਹ ਦੋ-ਚਾਰ ਬਦਮਾਸ਼ ਇਕੱਠੇ ਨਹੀਂ ਕੁੱਟ ਸਕੇਗਾ, ਨਾ ਬਹੁਤੇ ਘੋੜੇ, ਕਾਰਾਂ ਭਜਾ ਸਕੇਗਾ। ਅਮੋਲ ਪਾਲੇਕਰ ਤੋਂ ਬਾਅਦ ਜਦੋਂ ਫਾਰੂਕ ਸ਼ੇਖ ਦੀਆਂ ਫਿਲਮਾਂ ਦੇਖੀਆਂ ਤਾਂ ਧਰਵਾਸ ਹੋਇਆ ਕਿ ਪੰਜ ਫੁੱਟ ਛੇ ਇੰਚ ਦੀ ਉਚਾਈ ’ਤੇ ਵੀ ਜੀਵਨ ਸੰਭਵ ਹੈ। ਫਿਰ ਵੀ ਉਹ ਲੰਬੂ ਮੈਨੂੰ ਅੱਖਰਦਾ ਰਹਿੰਦਾ। ਬਚਪਨ ਨੂੰ ਸਮਝਣ ਲਈ ਕੌਣ ਵਾਪਸ ਨਹੀਂ ਜਾਂਦਾ? ਰਵਾਇਤੀ ਸਿਤਾਰਿਆਂ ਤੋਂ ਰਹਿਤ 1974 ਵਿੱਚ ਬਣੀ ‘ਰਜਨੀਗੰਧਾ’ ਉਸੇ ਸਾਲ ਆਈ ਸੀ ਜਦੋਂ ਦੇਸ਼ ਵਿੱਚ ਲਾਵਾ ਫਟਣ ਨੂੰ ਫਿਰਦਾ ਸੀ। ਮਹਿੰਗਾਈ ਦੀ ਦਰ 20 ਤੋਂ 30 ਫ਼ੀਸਦ, ਅਤੇ ਫਿਰ ਵੀ ਪ੍ਰਧਾਨ ਮੰਤਰੀ ਸਾਹਵੇਂ ਕੋਈ ਚੂੰ ਨਾ ਕਰੇ। 140 ਅਰਥਸ਼ਾਸਤਰੀਆਂ ਨੇ ਰਲ ਕੇ ਉਹਨੂੰ ਚਿੱਠੀ ਲਿਖੀ ਕਿ ਮਹਿੰਗਾਈ ’ਤੇ ਕਾਬੂ ਪਾਵੇ। ਓਧਰ ਮਨੋਜ ਕੁਮਾਰ ਦੀ ਫਿਲਮ ‘ਰੋਟੀ, ਕੱਪੜਾ ਔਰ ਮਕਾਨ’ ਦਾ ਸਿਰਨਾਵਾਂ ਰਾਜਨੀਤਕ ਨਾਅਰਾ ਬਣਨ ਨੂੰ ਫਿਰ ਰਿਹਾ ਸੀ। ਉਸੇ ਸਾਲ ਸ਼ਿਆਮ ਬੈਨੇਗਲ ਦੀ ਪਹਿਲੀ ਫ਼ਿਲਮ ‘ਅੰਕੁਰ’ ਆਈ। ਜਦੋਂ ਵਰ੍ਹਿਆਂ ਬਾਅਦ ਮੈਂ ਇਹ ਫ਼ਿਲਮ ਵੇਖੀ ਤਾਂ ਨਸ਼ਿਆਂ ਦੀ ਮਾਰ, ਜਾਤੀਵਾਦ, ਅਮੀਰ-ਗ਼ਰੀਬ, ਮਾਂ-ਬਾਪ ਅਤੇ ਬੱਚਿਆਂ ਦੇ ਰਿਸ਼ਤੇ, ਚਾਹਤ, ਵਫ਼ਾ ਅਤੇ ਇਥੋਂ ਤੱਕ ਕਿ ਧਾਰਮਿਕ ਵਖਰੇਵੇਂ ਵਰਗੇ ਮੁੱਦਿਆਂ ਦੀ ਰੂਪਕਾਰੀ ਵੇਖ ਸੋਚ ਰਿਹਾ ਸਾਂ ਕਿ ਨਿਰਦੇਸ਼ਕ ਨੇ ਪੂਰਾ ਅਖ਼ਬਾਰ ਹੀ ਛਾਪ ਦਿੱਤਾ ਸੀ। ਇਹੀ ਉਹ ਸਾਲ ਸੀ ਜਦੋਂ ਅਹਿਮਦਾਬਾਦ ਦੇ ਐਲ.ਡੀ. ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਹੋਸਟਲ ਦੀ ਮੈੱਸ ਵਿੱਚ ਵਧੇ ਰੇਟਾਂ ਖਿਲਾਫ ਪ੍ਰਦੇਸ਼-ਭਰ ਵਿੱਚ ਅੰਦੋਲਨ ਵਿੱਢ ਦਿੱਤਾ ਸੀ ਜਿਸ ਵਿੱਚੋਂ ਉਹ ‘ਨਵਨਿਰਮਾਣ ਸਮਿਤੀ’ ਨਿਕਲੀ ਜਿਸ ਨੇ 168 ਸੀਟਾਂ ਵਾਲੀ ਵਿਧਾਨ ਸਭਾ ਵਿੱਚ 140 ਵਿਧਾਇਕਾਂ ਵਾਲੇ ਮੁੱਖ ਮੰਤਰੀ ਚਿਮਨਭਾਈ ਪਟੇਲ ਨੂੰ ‘ਚਮਨ ਚੋਰ’ ਗਰਦਾਨ ਉਹਦੀ ਸਰਕਾਰ ਸੁੱਟ ਲਈ। ਜੈ ਪ੍ਰਕਾਸ਼ ਨਾਰਾਇਣ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਹੁਣ ਪਿੱਛੇ ਨਾ ਮੁੜੋ, ਤਾਂ ਅੰਦੋਲਨ ਹੋਰ ਵੀ ਭਖ ਗਿਆ। ਭੜਕੀ ਹਿੰਸਾ ਵਿੱਚ 95 ਲੋਕ ਮਾਰੇ ਗਏ। ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਬਿਹਾਰ ਵਿੱਚ ਵਿਦਿਆਰਥੀਆਂ ਦਾ ਏਕਾ ਹੋਇਆ, ਫਿਰ ‘ਛਾਤਰ ਸੰਘਰਸ਼ ਸਮਿਤੀ’ ਬਣੀ ਅਤੇ ਜੇਪੀ ਨੂੰ ਅੱਗੇ ਲਗਾ ਲਿਆ। ਗਰਮੀਆਂ ਵਿੱਚ ‘ਸੰਪੂਰਨ ਕ੍ਰਾਂਤੀ’ ਦਾ ਨਾਅਰਾ ਏਨੀ ਉੱਚੀ ਗੂੰਜਿਆ ਕਿ 15 ਦਿਨ ਪਹਿਲੇ ਪੋਖਰਨ ਵਿੱਚ ਕੀਤੇ ਐਟਮੀ ਧਮਾਕੇ ਦੀ ਆਵਾਜ਼ ਵੀ ਮੱਧਮ ਪੈ ਗਈ ਸੀ। ਐਮਰਜੈਂਸੀ ਲਾਉਣੀ ਪੈ ਗਈ ਸੀ। ਇਹ ਕੁਦਰਤੀ ਹੀ ਸੀ ਕਿ ਉਮਰ ਦੇ ਨਾਲ-ਨਾਲ ਅਸਾਂ ਆਪਣੇ ਫਿਲਮੀ ਹੀਰੋ ਵੀ ਲੱਭਣੇ ਸਨ। ਮ੍ਰਿਣਾਲ ਸੇਨ ਦੀ ‘ਭੂਵਨ ਸ਼ੋਮੇ’, ਬਾਸੂ ਚੈਟਰਜੀ ਦੀ ‘ਸਾਰਾ ਆਕਾਸ਼’, ਮਣੀ ਕੌਲ ਦੀ ‘ਉਸਕੀ ਰੋਟੀ’, ਰਾਜਿੰਦਰ ਸਿੰਘ ਬੇਦੀ ਦੀ ‘ਦਸਤਕ’, ਐੱਮ ਐੱਸ ਸਤਿਊ ਦੀ ‘ਗਰਮ ਹਵਾ’, ਫਿਰ ਗਿਰੀਸ਼ ਕਰਨਾਡ ਅਤੇ ਸ਼ਿਆਮ ਬੈਨੇਗਲ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਨੇ ਸਾਡਾ ਹੀਰੋ ਦਾ ਤਸੱਵਰ ਬਦਲ ਦਿੱਤਾ ਸੀ। ਸਮਝ ਗਏ ਸਾਂ ਕਿ ਫੁੱਟ ਅਤੇ ਇੰਚ ਘੱਟ ਮਾਅਨੇ ਰੱਖਦੇ ਸਨ ਹੀਰੋ ਬਣਨ ਲਈ, ਮੂੰਹੋਂ ਬੋਲ ਅਲਾਹੁਣੇ ਪੈਂਦੇ ਹਨ। ਹੁਣ ਫਿਰ ਜਦੋਂ ਲਾਵਾ ਫੁੱਟ ਰਿਹਾ ਹੈ, ਵਿਦਿਆਰਥੀ ਸਫ਼ਾਂ ਵਿੱਚ ਵਿਦਰੋਹੀ ਚਿਣਗਾਂ ਉਮੜ ਆਈਆਂ ਹਨ, ਤਣੀ ਹੋਈ ਮੁੱਠੀ ਦੇ ਜਵਾਬ ਵਿੱਚ ਨਕਾਬਪੋਸ਼ ਗੁੰਡੇ ਹੋਸਟਲਾਂ ਦੇ ਅੰਦਰ ਦਨਦਨਾਉਂਦੇ ਆ ਵੜੇ ਹਨ, ਸੈਂਕੜੇ ਬੁੱਧੀਜੀਵੀ ਸਰਬਗੁਣ-ਸੰਪੰਨ ਪ੍ਰਧਾਨ ਮੰਤਰੀ ਨੂੰ ਦਾਨਿਸ਼ਮੰਦੀ ਦੇ ਮਾਇਨੇ ਸਮਝਾਉਂਦੀ ਚਿੱਠੀ ਲਿਖ ਚੁੱਕੇ ਹਨ, ਦੇਸ਼ ਵਿੱਚ ਧਰਮ ਦੇ ਨਾਮ ’ਤੇ ਵੰਡੀਆਂ ਪਾਉਣ ਵਾਲੀਆਂ ਕਰਤੂਤਾਂ ਐਵਾਨ ਵਿੱਚ ਖੜ੍ਹ ਕੇ ਕੀਤੀਆਂ ਜਾ ਰਹੀਆਂ ਹਨ, ਆਈਨੀ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਤਾਂ ਇਸੇ ਭਖੇ ਪਿੜ ਵਿੱਚ ਮੇਰੇ ਟੀਵੀ ’ਤੇ ਫ਼ਿਲਮੀ ਸੰਸਾਰ ਵਿੱਚੋਂ ਹੀਰੋ ਮੁੜ ਉਮੜ ਕੇ ਆਏ ਹਨ। ਭਾਰਤੀ ਫ਼ਿਲਮ ਜਗਤ ਵਿੱਚ ਆਪਣਾ ਲੋਹਾ ਮਨਵਾ ਚੁੱਕੀ ਦੀਪਿਕਾ ਪਾਦੁਕੋਣ ਜਦੋਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਦੋਵੇਂ ਹੱਥ ਜੋੜ ਮੱਥੇ ’ਤੇ ਪੱਟੀ ਬੰਨ੍ਹੀ ਆਇਸ਼ੀ ਘੋਸ਼ ਸਾਹਵੇਂ ਖੜ੍ਹੀ ਹੋਈ ਤਾਂ ਇੰਟਰਨੈੱਟੀ ਸੰਸਾਰ ਦੇ ਗਲੀ-ਮੁਹੱਲਿਆਂ ਵਿੱਚ ਨਫ਼ਰਤ ਨਾਲ ਭਰੇ-ਪੀਤੇ, ਅਕਲੋਂ ਕੌਡੇ ਕੀਤਿਆਂ ਨੇ ਉਹਦੇ ਹੌਸਲੇ ’ਤੇ ਛਪਾਕ, ਛਪਾਕ ਤੇਜ਼ਾਬੀ ਹਮਲੇ ਸ਼ੁਰੂ ਕਰ ਦਿੱਤੇ। ਜਿਨ੍ਹਾਂ ਨੂੰ ਲੱਗਦਾ ਹੈ ਕਿ ਇਹ ਉਹਦਾ ਆਪਣੀ ਫ਼ਿਲਮ ਦੇ ਪ੍ਰਚਾਰ ਹਿੱਤ ਕੀਤਾ ਕੋਈ ਸਟੰਟ ਸੀ, ਉਹ ਫਿਲਮ ਪ੍ਰਮੋਸ਼ਨ ਦੀ ਦੁਨੀਆਂ ਬਾਰੇ ਭੋਰਾ ਨਹੀਂ ਜਾਣਦੇ। ਜਾਮੀਆ ਮਿਲੀਆ ਇਸਲਾਮੀਆ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਤੇ ਜੇਐੱਨਯੂ ਦੇ ਵਿਦਿਆਰਥੀਆਂ ’ਤੇ ਹੋਏ ਹਮਲੇ ਖ਼ਿਲਾਫ਼ ਬੋਲਣ ਵਾਲੀਆਂ ਫਿਲਮੀ ਹਸਤੀਆਂ ਸਵਰਾ ਭਾਸਕਰ, ਸੋਨਮ ਕੇ. ਆਹੂਜਾ, ਰਿਚਾ ਚੱਢਾ, ਵਿਸ਼ਾਲ ਭਾਰਦਵਾਜ, ਸੁਧੀਰ ਮਿਸ਼ਰਾ, ਅਨੁਭਵ ਸਿਨਹਾ, ਹੰਸਲ ਮਹਿਤਾ, ਰਾਹੁਲ ਬੋਸ, ਦੀਆ ਮਿਰਜ਼ਾ, ਜ਼ੋਇਆ ਅਖ਼ਤਰ, ਤਾਪਸੀ ਪੰਨੂੰ, ਮਸਾਨ ਵਾਲੇ ਨੀਰਜ ਘਾਏਵਨ, ਸਵਾਨੰਦ ਕਿਰਕਿਰੇ, ਸੋਨਾਕਸ਼ੀ ਸਿਨਹਾ ਸਭ ਆਪਣੇ ਵਿਰੁੱਧ ਧੂੰਆਂਧਾਰ ਨਫ਼ਰਤੀ ਪ੍ਰਚਾਰ ਦੀ ਸੰਭਾਵਨਾ ਤੋਂ ਚੰਗੀ ਤਰ੍ਹਾਂ ਵਾਕਫ਼ ਸਨ ਜਦੋਂ ਉਨ੍ਹਾਂ ਖੁੱਲ੍ਹ ਕੇ ਸਾਹਵੇਂ ਆਉਣ ਦਾ ਫ਼ੈਸਲਾ ਕੀਤਾ।

ਐੱਸਪੀ ਸਿੰਘ

ਅਦਾਕਾਰਾ ਆਲੀਆ ਭੱਟ ਨੇ ਕਿਹਾ ਕਿ ਜਦੋਂ ਵਿਦਿਆਰਥੀ, ਅਧਿਆਪਕ ਅਤੇ ਅਮਨਪਸੰਦ ਸ਼ਹਿਰੀ ਲਗਾਤਾਰਤਾ ਨਾਲ ਕੁੱਟੇ ਜਾ ਰਹੇ ਹੋਣ ਤਾਂ ਇਹ ਪਾਖੰਡ ਬੰਦ ਕਰ ਦਿਓ ਕਿ ਸਭ ਅੱਛਾ ਹੈ। ਉਸ ਨੇ ਸਭਨਾਂ ਨੂੰ ਸੰਘਰਸ਼ਸ਼ੀਲ ਵਿਦਿਆਰਥੀਆਂ ਤੋਂ ਸੇਧ ਲੈਣ ਲਈ ਕਿਹਾ। ਡਾਇਰੈਕਟਰ ਜ਼ੋਇਆ ਅਖ਼ਤਰ ਨੇ ਪੁੱਛਿਆ ਕਿ ਕੀ ਤੁਸੀਂ ਅਜੇ ਵੀ ਜਕੋ-ਤਕੀ ਵਿੱਚ ਹੋ ਕਿ ਕੌਣ ਠੀਕ ਹੈ? ‘‘ਜੇ ਹਾਂ ਤਾਂ ਫਿਰ ਤੁਸੀਂ ਜਾਂ ਤਾਂ ਨਫ਼ਰਤੀ ਹੋ, ਜਾਂ ਡਰਪੋਕ, ਅਤੇ ਜਾਂ ਅਸਲੋਂ ਡੁੰਨ-ਵੱਟੇ। ਮੈਂ ਬੜਾ ਉਦਾਰਵਾਦੀ ਹਾਂ, ਸੋ ਆਪਣੇ ਲਈ ਇਨ੍ਹਾਂ ਵਿੱਚੋਂ ਜਿਹੜਾ ਮਰਜ਼ੀ ਲਕਬ ਚੁਣ ਲਵੋ।’’ ਸਵਰਾ ਭਾਸਕਰ ਨੇ ਕਦੀ ਵੀ ਗੱਲ ਕਹਿਣ ਲੱਗਿਆਂ ਆਪਣੇ ਸ਼ਬਦ ਨਹੀਂ ਚਿੱਥੇ। ਜਦੋਂ ਜੇਐੱਨਯੂ ਵਿੱਚ ਵਿਦਿਆਰਥੀਆਂ ’ਤੇ ਹਮਲਾ ਹੋ ਰਿਹਾ ਸੀ ਤਾਂ ਉਹ ਉਸੇ ਵੇਲੇ ਸਾਰਿਆਂ ਨੂੰ ਯੂਨੀਵਰਸਿਟੀ ਦੇ ਗੇਟ ’ਤੇ ਪਹੁੰਚਣ ਦਾ ਹੋਕਾ ਦੇ ਰਹੀ ਸੀ। ਅਨੁਰਾਗ ਕਸ਼ਯਪ ਨੇ ਸਪੱਸ਼ਟ ਕਿਹਾ ਕਿ ਇਹ ਭੁਲੇਖਾ ਦੂਰ ਹੋ ਚੁੱਕਾ ਹੈ ਕਿ ਸਾਡੀ ਸੁਰੱਖਿਆ ਲਈ ਕੋਈ ਸੰਵਿਧਾਨ, ਅਦਾਲਤ ਜਾਂ ਪੁਲੀਸ ਹੁਣ ਮੌਜੂਦ ਹੈ। ‘‘ਸਭ ਰਲ ਚੁੱਕੇ ਹਨ, ਇਸ ਲਈ ਬੋਲਣਾ ਜ਼ਰੂਰੀ ਹੋ ਗਿਆ ਹੈ। ਵਿਰੋਧ ਕਰਨਾ ਹੁਣ ਜ਼ਿੰਦਗੀ ਹੈ।’’ ਬਹੁਤ ਸਾਰੇ ਹੋਰ ਸੈਲੀਬ੍ਰਿਟੀਜ਼ ਵੀ ਬੋਲ ਰਹੇ ਹਨ। ਵਿਦਿਆਰਥੀਆਂ ਦੇ ਹੱਕ ਵਿੱਚ ਬੇਅੰਤ ਕਵੀਆਂ, ਲੇਖਕਾਂ ਨੇ ਆਪਣੀ ਆਵਾਜ਼ ਉਠਾਈ ਹੈ। ਅਰੁੰਧਤੀ ਰਾਏ ਤੋਂ ਸ਼ੁਰੂ ਕਰਕੇ ਏਨੇ ਨਾਮ ਕਿਉਂ ਲੈਣੇ ਹਨ, ਬੱਸ ਇਹੀ ਦੱਸਣਾ ਕਾਫ਼ੀ ਹੈ ਕਿ ਹੁਣ ਤਾਂ ਚੇਤਨ ਭਗਤ ਨੇ ਵੀ ਦੁਹਾਈ ਦੇ ਦਿੱਤੀ ਹੈ ਕਿ ਸਰਕਾਰ ਨਾਗਰਿਕਤਾ ਸੋਧ ਕਾਨੂੰਨ ਵਾਪਸ ਲਵੇ, ਕੌਮੀ ਰਜਿਸਟਰ ਦਾ ਖਿਆਲ ਤਿਆਗੇ ਅਤੇ ਆਪਣੀ ਹਉਮੈਂ ਪਿੱਛੇ ਦੇਸ਼ ਨੂੰ ਅੱਗ ਨਾ ਲਾਈ ਜਾਵੇ। (ਉਦਾਰਵਾਦੀ ਹੋਣ ਦੇ ਸਬੂਤ ਵਜੋਂ ਮੈਂ ਚੇਤਨ ਭਗਤ ਨੂੰ ਵੀ ਲੇਖਕ ਮੰਨ ਲਿਆ ਹੈ।) ਹੁਣ ਗਿਣਤੀ ਚੁੱਪ ਰਹਿਣ ਵਾਲਿਆਂ ਦੀ ਹੋਵੇਗੀ। ਚੁੱਪ ਰਹਿਣਾ ਹੁਣ ਇੱਕ ਫ਼ੈਸਲਾ ਹੈ, ਇੱਕ ਬਿਆਨ ਹੈ। ਇਹ ਠੀਕ ਹੈ ਕਿ ਮਸ਼ਹੂਰ-ਏ-ਜ਼ਮਾਨਾ ਹਸਤੀਆਂ ਦੇ ਬੋਲਣ ਨਾਲ ਕਈ ਵਾਰੀ ਮੁੱਦਾ ਭਟਕ ਕੇ ਉਨ੍ਹਾਂ ਦੁਆਲੇ ਰੁਕ ਜਾਂਦਾ ਹੈ, ਇਸ ਲਈ ਉਹ ਸੰਜਮ ਨਾਲ ਬੋਲਦੇ ਹਨ। ਅਜਿਹਾ ਕਰਨਾ ਦਰੁਸਤ ਵੀ ਹੈ, ਪਰ ਖ਼ਲਕਤ ਹਮੇਸ਼ਾਂ ਜਾਣਦੀ ਹੈ ਕਿ ਕੌਣ ਕਿਉਂ ਚੁੱਪ ਹੈ। ਸਭ ਸਭ ਕੁਝ ਜਾਣਦੇ ਹਨ। ਇਹ ਠੀਕ ਹੈ ਕਿ ਟੀਵੀ ’ਤੇ, ਅਖ਼ਬਾਰਾਂ ਵਿੱਚ, ਭਖ਼ੇ ਹੋਏ ਕਾਲਜ ਯੂਨੀਵਰਸਿਟੀ ਕੈਂਪਸਾਂ ਵਿੱਚ, ਦਫ਼ਤਰ ਦੀਆਂ ਕੰਟੀਨਾਂ ਵਿੱਚ, ਫੇਸਬੁੱਕ ਦੇ ਸਫ਼ਿਆਂ ਉੱਪਰ, ਵਟਸਐਪ ਗਰੁੱਪਾਂ ਵਿੱਚ, ਟਵਿੱਟਰ ਦੀ ਆਬੋ-ਹਵਾ ਵਿੱਚ ਬਹਿਸ ਹੋ ਰਹੀ ਹੈ, ਦਲੀਲਾਂ ਦਿੱਤੀਆਂ ਜਾ ਰਹੀਆਂ ਹਨ, ਸਬੂਤ ਮੁਹੱਈਆ ਕਰਵਾਏ ਜਾ ਰਹੇ ਹਨ, ਪਰ ਅਸਲ ਵਿੱਚ ਸਿਰਫ਼ ਧਿਰਾਂ ਹੀ ਚੁਣੀਆਂ ਜਾ ਰਹੀਆਂ ਹਨ। ਸਭ ਨੂੰ ਪਤਾ ਹੈ ਕਿ ਬੱਤੀਆਂ ਬੁਝਾ ਕੇ, ਹੱਥਾਂ ਵਿਚ ਲਾਠੀਆਂ ਫੜ, ਮੂੰਹ ਉੱਤੇ ਨਕਾਬ ਪਾ ਕੇ ਕਿਹੜੀ ਧਿਰ ਕਿਸ ਨੂੰ ਕਿਸ ਦੀ ਸ਼ਹਿ ’ਤੇ ਕੁੱਟ ਰਹੀ ਸੀ। ਲੋਕ ਇਹ ਜਾਨਣ ਲਈ ਟੀਵੀ ਨਹੀਂ ਵੇਖ ਰਹੇ ਕਿ ਦੇਸ਼ ਵਿੱਚ ਕੋਈ ਡਿਟੈਨਸ਼ਨ ਸੈਂਟਰ ਹੈ ਜਾਂ ਨਹੀਂ। ਝੂਠ ਹੁਣ ਉੱਚੇ ਟਿੱਲੇ ਤੋਂ ਬੋਲਣਾ ਵੀ ਪ੍ਰਵਾਨਤ ਹੋ ਗਿਆ ਹੈ। ਇਸੇ ਲਈ ਛੇ ਫੁੱਟ ਦੋ ਇੰਚ ਦੀ ਉਚਾਈ ਤੋਂ ਇਹ ਸਾਰਾ ਮੰਜ਼ਰ ਵੇਖਦਾ ਬਚਪਨ ਤੋਂ ਮੇਰਾ ਵਾਕਿਫ਼ ਇੱਕ ਲੰਮਾ ਸਾਰਾ ਵਿਅਕਤੀ ਕਈ ਹਫ਼ਤਿਆਂ ਤੋਂ ਟੀਵੀ ’ਤੇ ਸਵੱਛ ਅਤੇ ਸਵਸਥ ਭਾਰਤ ਦੇ ਪ੍ਰਚਾਰ ਵਿੱਚ ਜੁਟਿਆ ਇਸ ਚਿੰਤਾ ਦਾ ਇਜ਼ਹਾਰ ਕਰ ਰਿਹਾ ਹੈ ਕਿ ਨਵਜਨਮੇ ਬਾਲ ਦੇ ਪਹਿਲੇ ਇੱਕ ਹਜ਼ਾਰ ਦਿਨ ਉਸ ਦੀ ਪੂਰੀ ਜ਼ਿੰਦਗੀ ਨੂੰ ਪਰਿਭਾਸ਼ਿਤ ਕਰ ਦਿੰਦੇ ਹਨ, ਇਸ ਲਈ ਉਸ ਦੀ ਅਤੇ ਉਸ ਦੀ ਮਾਂ ਦੀ ਦੇਖ-ਭਾਲ ਅਤੇ ਸੁਖ-ਆਰਾਮ ਤੋਂ ਜ਼ਰੂਰੀ ਹੋਰ ਕੁਝ ਨਹੀਂ ਹੋ ਸਕਦਾ। ‘‘ਇੱਕ ਸਵਸਥ ਬੱਚੇ ਨੂੰ ਗੋਦੀ ਸੰਭਾਲਣ ਦੀ ਖ਼ੁਸ਼ੀ, ਪਹਿਲੀ ਵਾਰ ਆਪਣੀ ਬੱਚੀ ਨੂੰ ਦੇਖਦੀ ਮਾਂ ਦੀ ਮੁਸਕਰਾਹਟ, ਬਿਨਾਂ ਘਬਰਾਹਟ ਪੁੱਟੇ ਉਹਦੇ ਪਹਿਲੇ ਕਦਮ, ਉਹਦੀ ਪਹਿਲੀ ਤੋਤਲੀ ਆਵਾਜ਼, ਅਤੇ ਸਭ ਦੀ ਜਾਨ ਉਸ ਦੀ ਮੁਸਕਾਨ। ਇਹ ਪਹਿਲੇ ਇੱਕ ਹਜ਼ਾਰ ਦਿਨਾਂ ਦੀਆਂ ਛੋਟੀਆਂ ਪਰ ਬੜੀਆਂ ਡੂੰਘੀਆਂ ਖ਼ੁਸ਼ੀਆਂ ਹਨ।’’ ਐਨਕ ਲਾਈ, ਆਪਣੀ ਦੇਸ਼-ਭਰ ਵਿੱਚ ਜਾਣੀ-ਪਛਾਣੀ ਪ੍ਰਭਾਵਸ਼ਾਲੀ ਆਵਾਜ਼ ਵਿੱਚ ਉਹ ਮਹੱਤਵਪੂਰਨ ਅਤੇ ਅਤਿ ਸੱਚੀ ਸੂਚਨਾ ਦੇ ਰਿਹਾ ਹੈ ਕਿ ‘‘ਪਹਿਲੇ ਇੱਕ ਹਜ਼ਾਰ ਦਿਨ ਤੈਅ ਕਰਦੇ ਹਨ ਕਿ ਕਿਹੋ ਜਿਹਾ ਰਹੇਗਾ ਬਾਕੀ ਜੀਵਨ।’’ ਜੇ ਨੰਨ੍ਹੀ ਜਿਹੀ ਜਾਨ ਦੇ ਪਹਿਲੇ ਹਜ਼ਾਰ ਦਿਨ ਏਨੇ ਮਹੱਤਵਪੂਰਨ ਹਨ ਤਾਂ ਵੱਖ-ਵੱਖ ਪ੍ਰਧਾਨ ਮੰਤਰੀਆਂ ਦੀ ਸੰਗਤ ਵਿੱਚ ਬੈਠੇ ਚੋਟੀ ਦੇ ਇਸ ‘ਹੀਰੋ’ ਨੂੰ ਇਹ ਅਹਿਸਾਸ ਤਾਂ ਹੋਵੇਗਾ ਹੀ ਕਿ ਉਸ ਨੰਨ੍ਹੀ ਜਾਨ ਦੇ ਪਹਿਲੇ ਸੌ ਜਾਂ ਡੇਢ-ਸੌ ਦਿਨ ਹੋਰ ਵੀ ਕਿੰਨੇ ਹਜ਼ਾਰ ਗੁਣਾ ਮਹੱਤਵਪੂਰਨ ਹੋਣਗੇ? ਪਰ ਇੱਕ ਤੋਂ ਬਾਅਦ ਇੱਕ - ਪੰਜਾਹ ਦਿਨ, ਸੌ ਦਿਨ, ਡੇਢ ਸੌ ਦਿਨ - ਕਰਕੇ ਵਾਦੀ ਵਿੱਚ ਮੀਲ-ਪੱਥਰ ਲੰਘਦੇ ਹੀ ਜਾ ਰਹੇ ਹਨ। ਨਵਜਨਮੇ ਬਾਲਾਂ ਨੇ ਉੱਥੇ ਵੀ ਦੁਨੀਆਂ ਵਿੱਚ ਅੱਖਾਂ ਖੋਲ੍ਹੀਆਂ ਹਨ, ਉਨ੍ਹਾਂ ਦੀਆਂ ਮਾਵਾਂ ਉਨ੍ਹਾਂ ਨੂੰ ਵੇਖ, ਜਨਤਕ ਹਿੱਤ ਵਿੱਚ ਜਾਰੀ ਇਸ਼ਤਿਹਾਰ ਅਨੁਸਾਰ ਮੁਸਕੁਰਾਈਆਂ ਹੋਣਗੀਆਂ। ਹੁਣ ਤਾਂ ਇੰਟਰਨੈੱਟ ਵੀ ਖੁੱਲ੍ਹ ਰਿਹਾ ਹੈ, ਆਪਣੇ ਟੀਵੀ ’ਤੇ ਉਹ ਏਨੇ ਉੱਚੇ ਹੀਰੋ ਜੀ ਦਾ ਏਡਾ ਮਹੱਤਵਪੂਰਨ ਸੁਨੇਹਾ ਵੀ ਸੁਣ ਰਹੀਆਂ ਹਨ। ਪਰ ਫ਼ਿਲਮ ਜਗਤ ਦੀਆਂ ਬਹੁਤ ਸਾਰੀਆਂ ਹਸਤੀਆਂ ਦੇ ਦੇਸ਼, ਸੰਵਿਧਾਨ, ਹਾਲਾਤ, ਵਿਦਿਆਰਥੀਆਂ, ਯੂਨੀਵਰਸਿਟੀਆਂ, ਪ੍ਰੇਮ, ਮੁਹੱਬਤ ਅਤੇ ਨਫ਼ਰਤ ਬਾਰੇ ਬੇਧੜਕ ਸਾਹਵੇਂ ਆ ਕੇ ਆਪਣਾ ਬਿਆਨੀਆ ਰੱਖਣ ਦੇ ਬਾਵਜੂਦ ਉਸ ਉਚਾਈ ਉੱਤੇ ਅਜੇ ਕੰਨਪਾੜਵੀਂ ਚੁੱਪ ਛਾਈ ਹੋਈ ਹੈ, ਬਚਾਅ ਵਿੱਚ ਹੀ ਬਚਾਅ ਵਾਲੀ ਸਮਝ ਧੁਰ ਅੰਦਰ ਤੱਕ ਸਮਾਈ ਹੋਈ ਹੈ। ਟੀਵੀ ਵਾਲੇ ਇਸ਼ਤਿਹਾਰ ਵਿੱਚ ਤਾਂ ਐਸੇ ਭਾਰਤ ਨਿਰਮਾਣ ਦੀ ਗੱਲ ਕਰਦੇ ਹਨ ‘‘ਜਿਸ ਵਿੱਚ ਸਭ ਤੋਂ ਕਮਜ਼ੋਰ ਲੋਕਾਂ ਨੂੰ ਉਹ ਮੌਕਾ ਮਿਲੇ ਕਿ ਉਹ ਸਭ ਤੋਂ ਮਜ਼ਬੂਤ ਹੋ ਨਿਬੜਨ,’’ ਪਰ ਅਜੋਕੇ ਹਾਲਾਤ ’ਤੇ ਮੂੰਹ ਨਹੀਂ ਖੋਲ੍ਹ ਰਹੇ ਕਿਉਂਕਿ ਡਰ ਹੈ ਕਿ ਮੂੰਹ ਖੋਲ੍ਹਦਿਆਂ ਹੀ ਦਾਦਾ ਸਾਹਿਬ ਫਾਲਕੇ ਦੇ ਨਾਲ ਨਾਲ ਬੜਾ ਕੁਝ ਹੋਰ ਹੱਥੋਂ ਡਿੱਗ ਸਕਦਾ ਹੈ। ਐਮਰਜੈਂਸੀ ਹਟੀ ਸੀ ਤਾਂ ਗਾ ਰਹੇ ਸਨ ਕਿ ਅਣਹੋਣੀ ਨੂੰ ਹੋਣੀ ਕਰ ਦੇਣ ਜੇ ਇੱਕੋ ਜਗ੍ਹਾ ਆ ਜਾਵਣ ਅਮਰ, ਅਕਬਰ, ਐਂਥਨੀ। ਅੱਜ ਜਦੋਂ ਗਲੀ-ਗਲੀ ਜ਼ਮਾਨਾ ਕਵਿਤਾ ਕਹਿ ਰਿਹਾ ਹੈ ਤਾਂ ‘ਅਗਨੀਪੱਥ’ ਦਾ ਪਾਠ ਤਾਂ ਕੀ ਕਰਨਾ ਸੀ, ਏਨਾ ਵੀ ਕਹਿਣੋਂ ਡਰ ਲੱਗਦਾ ਹੈ ਕਿ ਅਮਰ, ਅਕਬਰ, ਐਂਥਨੀ ਇੱਕੋ ਦੇਸ਼ ਵਿੱਚ ਖ਼ੁਸ਼ੀ-ਖ਼ੁਸ਼ੀ ਇਕੱਠੇ ਰਹਿ ਸਕਦੇ ਹਨ। ਇਸੇ ਲਈ ਕਹਿ ਰਿਹਾ ਹਾਂ - ਬੇਟੀ ਪੜ੍ਹਾਓ, ਆਇਸ਼ੀ ਘੋਸ਼ ਬਣਾਓ। ਜਿਹੜੇ ਹੀਰੋ ਹੋਣਗੇ, ਹੱਥ ਜੋੜ ਗਲੇ ਮਿਲਣਗੇ, ਬਾਕੀ ਪਛਾਣੇ ਜਾਣਗੇ। (*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਦੇਸ਼ ਵਿੱਚ ਚੱਲ ਰਹੀ ਹਕੀਕੀ ਫ਼ਿਲਮ ਵਿੱਚ ਉਭਰਦੇ ਨਵੇਂ ਨਾਇਕ ਅਤੇ ਖ਼ਲਨਾਇਕ ਵੇਖ ਕਹਾਣੀ ਦੇ ਅਗਲੇ ਮੋੜ ਦਾ ਇੰਤਜ਼ਾਰ ਕਰ ਰਿਹਾ ਹੈ।)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਫੈਡਰਲ ਢਾਂਚੇ ਨੂੰ ਲਗਾਤਾਰ ਲੱਗ ਰਹੀ ਢਾਹ

ਫੈਡਰਲ ਢਾਂਚੇ ਨੂੰ ਲਗਾਤਾਰ ਲੱਗ ਰਹੀ ਢਾਹ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਸ਼ਹਿਰ

View All