ਹਾਕੀ: ਪੰਜਾਬੀ ਯੂਨੀਵਰਸਿਟੀ ਤੇ ਪਾਣੀਪਤ ਦੀਆਂ ਕੁੜੀਆਂ ਸੈਮੀਫਾਈਨਲ ’ਚ

ਮੈਚ ਦੌਰਾਨ ਬਾਲ ਖੋਹਣ ਲਈ ਭਿੜਦੀਆਂ ਹੋਈਆਂ ਖਿਡਾਰਨਾਂ।

ਰਾਮ ਸ਼ਰਨ ਸੂਦ ਅਮਲੋਹ, 14 ਫਰਵਰੀ ਪੰਜਾਬੀ ਯੂਨੀਵਰਸਿਟੀ, ਸੰਗਰੂਰ, ਲਵਲੀ ਯੂਨੀਵਰਸਿਟੀ ਜਲੰਧਰ ਦੇ ਮੁੰਡਿਆਂ ਦੀਆਂ ਟੀਮਾਂ ਨੇ ਅੱਜ ਇੱਥੇ ਲੀਗ ਮੈਚ ਜਿੱਤ ਕੇ 9ਵੇਂ ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ, ਜਦੋਂਕਿ ਪੰਜਾਬੀ ਯੂਨੀਵਰਸਿਟੀ ਅਤੇ ਏਜੀਪੀਐੱਸ ਪਾਣੀਪਤ ਦੀਆਂ ਕੁੜੀਆਂ ਦੀਆਂ ਟੀਮਾਂ ਸੈਮੀਫਾਈਨਲ ਵਿੱਚ ਪਹੁੰਚ ਗਈਆਂ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਵਿੱਚ ਖੇਡੇ ਮੁਕਾਬਲਿਆਂ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਐੱਨਆਰਆਈ ਕਲੱਬ ਅਮਲੋਹ ਨੂੰ 2-1 ਨਾਲ, ਸੰਗਰੂਰ ਨੇ ਚੰਡੀਗੜ੍ਹ ਇਲੈਵਨ ਨੂੰ 1-0 ਨਾਲ, ਲਵਲੀ ਯੂਨੀਵਰਸਿਟੀ ਜਲੰਧਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ 3-2 ਨਾਲ ਹਰਾਇਆ, ਜਦੋਂਕਿ ਪੰਜਾਬੀ ਯੂਨੀਵਰਸਿਟੀ ਨੇ ਹਿਮਾਚਲ ਇਲੈਵਨ ਨੂੰ 1-0 ਨਾਲ ਸ਼ਿਕਸਤ ਦਿੱਤੀ। ਕੁੜੀਆਂ ਦੇ ਮੁਕਾਬਲਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਚੰਡੀਗੜ੍ਹ ਇਲੈਵਨ ਨੂੰ ਇਕਤਰਫ਼ਾ ਮੁਕਾਬਲੇ ਵਿੱਚ 3-0 ਨਾਲ ਮਾਤ ਦਿੱਤੀ, ਜਦੋਂਕਿ ਏਜੀਪੀਐੱਸ ਪਾਣੀਪਤ ਦੀ ਟੀਮ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ 1-0 ਗੋਲ ਨਾਲ ਹਰਾਇਆ। ਯੂਕੋ ਬੈਂਕ ਦੀ ਟੀਮ ਦੇ ਮੈਦਾਨ ਵਿਚ ਨਾ ਪਹੁੰਚਣ ਕਾਰਨ ਸ਼ਾਹਬਾਦ ਮਾਰਕੰਡਾ ਨੂੰ ਜੇਤੂ ਐਲਾਨਿਆ ਗਿਆ। ਐੱਨਆਰਆਈ ਸਪੋਰਟਸ ਕਲੱਬ ਦੇ ਪ੍ਰਧਾਨ ਸ਼ਿੰਦਰ ਮੋਹਨ ਪੁਰੀ ਅਤੇ ਸਰਪ੍ਰਸਤ ਜਸਪਾਲ ਸਿੰਘ ਨੇ ਦੱਸਿਆ ਕਿ ਸੈਮੀਫਾਈਨਲ ਮੁਕਾਬਲੇ ਸ਼ਨਿੱਚਰਵਾਰ ਨੂੰ ਖੇਡੇ ਜਾਣਗੇ। ਪੰਜਾਬੀ ਯੂਨੀਵਰਸਿਟੀ ਲੜਕੀਆਂ ਦੀ ਟੀਮ ਆਰਸੀਐੱਫ ਕਪੂਰਥਲਾ ਨਾਲ ਅਤੇ ਏਜੀਪੀਐੱਸ ਪਾਣੀਪਤ ਦੀ ਟੀਮ ਸ਼ਾਹਬਾਦ ਮਾਰਕੰਡਾ ਨਾਲ ਭਿੜੇਗੀ। ਲੜਕਿਆਂ ਦੇ ਕੁਆਰਟਰ ਫਾਈਨਲ ਵਿੱਚ ਪਾਵਰਕਾਮ ਦੀ ਸੰਗਰੂਰ ਨਾਲ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਆਈਟੀਬੀਪੀ ਜਲੰਧਰ ਨਾਲ, ਸ਼ਾਹਬਾਦ ਮਾਰਕੰਡਾ ਦੀ ਜਲੰਧਰ ਇਲੈਵਨ ਅਤੇ ਝਾਰਖੰਡ ਦੀ ਪੰਜਾਬੀ ਯੂਨੀਵਰਸਿਟੀ ਨਾਲ ਟੱਕਰ ਹੋਵੇਗੀ। ਟੂਰਨਾਮੈਂਟ ਦੇ ਅੱਜ ਦੂਸਰੇ ਦਿਨ ਵੱਖ-ਵੱਖ ਮੁਕਾਬਲਿਆਂ ਦੌਰਾਨ ਯੂਥ ਅਕਾਲੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਡੀਐੱਸਪੀ ਕਮਲਜੀਤ ਸਿੰਘ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All