ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ...

ਸੁਰਿੰਦਰ ਸਿੰਘ ਤੇਜ ਆਕਸਫੋਰਡ ਡਿਕਸ਼ਨਰੀ ਵਾਲਿਆਂ ਨੇ ‘ਸੰਵਿਧਾਨ’ ਸਾਲ 2019 ਦਾ ਸਭ ਤੋਂ ਅਹਿਮ ਹਿੰਦੀ ਸ਼ਬਦ ਕਰਾਰ ਦਿੱਤਾ ਹੈ। ਉਨ੍ਹਾਂ ਅਨੁਸਾਰ ਸਮੁੱਚੇ ਵਰ੍ਹੇ ਦੌਰਾਨ ਇਸ ਸ਼ਬਦ ਨੂੰ ਜਿੰਨੇ ਸਾਰਥਿਕ ਢੰਗ ਨਾਲ ਉਭਾਰਿਆ ਤੇ ਵਰਤਿਆ ਗਿਆ, ਉਹ ਬੇਮਿਸਾਲ ਸੀ। ਇਹ ਸੱਚ ਵੀ ਹੈ। ਸੰਵਿਧਾਨ, ਭਾਰਤੀ ਸਮਾਜਿਕ-ਰਾਜਨੀਤਕ ਧਾਰਾਵਾਂ ਦਰਮਿਆਨ ਸੰਘਰਸ਼ ਦਾ ਨੁਕਤਾ ਤੇ ਮੁੱਦਾ ਵੀ ਬਣਿਆ ਰਿਹਾ ਅਤੇ ਇਕਸੁਰਤਾ ਤੇ ਯਕਜਹਿਤੀ ਦਾ ਆਧਾਰ ਵੀ। ਸੰਵਿਧਾਨ ਨੂੰ ਖ਼ਤਰੇ ਬਾਰੇ ਚਰਚਾਵਾਂ ਵੀ ਖ਼ੂਬ ਹੋਈਆਂ, ਹੁਣ ਵੀ ਹੋ ਰਹੀਆਂ ਹਨ। ਜਮਹੂਰੀਅਤ ਦੀ ਜ਼ਿੰਦਗਾਨੀ ਦੇ ਪ੍ਰਤੀਕ ਵਜੋਂ ਇਸ ਨੂੰ ਜੋ ਮਾਨਤਾ ਪਿਛਲੇ 12-13 ਮਹੀਨਿਆਂ ਦੌਰਾਨ ਮਿਲੀ ਹੈ, ਉਹ ਇਸ ਤੋਂ ਪਹਿਲਾਂ 1977 ਵਿਚ ਐਮਰਜੈਂਸੀ ਹਟਣ ਤੋਂ ਬਾਅਦ ਦੇ ਤਿੰਨ ਮਹੀਨਿਆਂ ਦੌਰਾਨ ਨਜ਼ਰ ਆਈ ਸੀ। ਬੜੀ ਮੁਸ਼ੱਕਤ, ਬੜੀਆਂ ਬਹਿਸਾਂ ਸਦਕਾ ਵਜੂਦ ਵਿਚ ਆਇਆ ਸੀ ਸਾਡਾ ਸੰਵਿਧਾਨ। ਦੁਨੀਆਂ ਦੇ ਸਭ ਤੋਂ ਵਿਆਪਕ ਸੰਵਿਧਾਨਾਂ ਵਿਚ ਸ਼ੁਮਾਰ ਹੈ ਇਹ। ਭਾਸ਼ਾਵਾਂ, ਜਾਤਾਂ, ਧਰਮਾਂ, ਅਕੀਦਿਆਂ, ਇਲਾਕਿਆਂ ਤੇ ਨਸਲਾਂ ਦੀ ਵਿਵਿਧਤਾ ਤੇ ਸੁਵੰਨਤਾ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਸੀ ਇਹ ਸੰਵਿਧਾਨ। ਸੰਤੁਲਿਤ, ਸਮਦਰਸ਼ੀ ਤੇ ਸਰਬਹਿਤਕਾਰੀ। ਇਸ ਰਾਹੀਂ ਦੇਸ਼ ਵਾਸੀਆਂ ਨੂੰ ਬੁਨਿਆਦੀ ਹੱਕ ਵੀ ਉਹ ਦਿੱਤੇ ਗਏ ਜੋ ਦੁਨੀਆਂ ਦੇ ਸਭ ਤੋਂ ਵੱਧ ਜਮਹੂਰੀ ਮੁਲਕਾਂ ਦੇ ਨਾਗਰਿਕਾਂ ਦੇ ਜੀਵਨ ਦਾ ਹਿੱਸਾ ਹਨ। ਅਜਿਹਾ ਸਭ ਕੁਝ ਹੋਣ ਦੇ ਬਾਵਜੂਦ ਸੰਵਿਧਾਨ ਨੂੰ ਸੰਪੂਰਨਤਾ ਅਜੇ ਤਕ ਹਾਸਲ ਨਹੀਂ ਹੋਈ। ਇਸ ਦਾ ਪ੍ਰਮਾਣ ਪਿਛਲੇ ਸੱਤਰ ਸਾਲਾਂ ਦੌਰਾਨ ਇਸ ਵਿਚ ਹੋਈਆਂ 104 ਤਰਮੀਮਾਂ ਹਨ। ਬੜਾ ਅਮੁੱਕ ਜਾਪਦਾ ਹੈ ਇਹ ਸਿਲਸਿਲਾ। ਅਮਰੀਕੀ ਸੰਵਿਧਾਨ 1788 ਵਿਚ ਲਾਗੂ ਹੋਇਆ। 232 ਵਰ੍ਹੇ ਹੋ ਗਏ ਉਸ ਨੂੰ ਵਜੂਦ ਵਿਚ ਆਇਆਂ। ਇਸ ਵਿਚ ਸਿਰਫ਼ 27 ਤਰਮੀਮਾਂ ਹੋਈਆਂ। ਇਨ੍ਹਾਂ ਵਿਚੋਂ 25 ਹੁਣ ਵੀ ਇਸ ਦਾ ਹਿੱਸਾ ਹਨ। ਸ਼ਰਾਬਬੰਦੀ ਲਾਗੂ ਕਰਨ ਅਤੇ ਵਾਪਸ ਲੈਣ ਸਬੰਧੀ ਦੋ ਤਰਮੀਮਾਂ ਇਸ ਕੜੀ ਵਿਚੋਂ ਖਾਰਿਜ ਕੀਤੀਆਂ ਗਈਆਂ। ਸਾਡੇ ਮੁਲਕ ਵਿਚ ਔਸਤਨ ਦੋ ਤਰਮੀਮਾਂ ਹਰ ਸਾਲ ਹੋ ਹੀ ਜਾਂਦੀਆਂ ਹਨ। ਸੰਵਿਧਾਨ ਨੂੰ ਸਮੇਂ ਦਾ ਹਾਣੀ ਬਣਾਉਣ ਵਾਲੀਆਂ ਨਹੀਂ, ਸੰਵਿਧਾਨ ਸਿਰਜਕਾਂ ਦੀ ਸੋਚ ਤੇ ਨਜ਼ਰੀਏ ਨੂੰ ਖੋਰਾ ਲਾਉਣ ਵਾਲੀਆਂ। ਜਿਵੇਂ ਕਿ ਉੱਘੇ ਸੰਵਿਧਾਨ ਸ਼ਾਸਤਰੀ ਤੇ ਲੋਕ ਸਭਾ ਦੇ ਸਾਬਕਾ ਸਕੱਤਰ ਜਨਰਲ ਡਾ. ਸੁਭਾਸ਼ ਕਸ਼ਿਅਪ ਦਾ ਮੱਤ ਹੈ, ਸੰਵਿਧਾਨ ਨੂੰ ਪਾਵਨ ਦੱਸਣ ਵਾਲੇ ਹੀ ਇਸ ਨੂੰ ਅਹਿਦ ਨਹੀਂ, ਸਿਰਫ਼ ਦਸਤਾਵੇਜ਼ ਮੰਨਣ ਦੇ ਰਾਹ ਤੁਰਦੇ ਆਏ ਹਨ। ਉਨ੍ਹਾਂ ਲਈ ਹੁਕਮਰਾਨੀ ਅਤੇ ਵੋਟ ਬੈਂਕਾਂ ਦੀ ਰਾਜਨੀਤੀ ਦਾ ਵੱਧ ਮਹੱਤਵ ਹੈ, ਇਖ਼ਲਾਕ ਤੇ ਆਜ਼ਾਦੀਪ੍ਰਸਤੀ ਦਾ ਨਹੀਂ। ਇਹ ਪ੍ਰਚਲਣ ਅਜੋਕੀ ਦੇਣ ਨਹੀਂ। ਇਹ ਤਾਂ ਆਜ਼ਾਦ ਭਾਰਤ ਦੀ ਤਕਦੀਰ ਦੇ ਉਨ੍ਹਾਂ ਮੁੱਢਲੇ ਸੇਧਗਾਰਾਂ ਦੀ ਦੇਣ ਹੈ ਜਿਨ੍ਹਾਂ ਨੂੰ ਸਾਡੇ ਸਾਖੀਕਾਰਾਂ ਨੇ ਮੁਲਕ ਦੇ ਵਿਧਾਤਾਵਾਂ ਤੇ ਮਹਾਂਨਾਇਕਾਂ ਵਾਲਾ ਅਕਸ ਬਖ਼ਸ਼ਿਆ। ਸੰਵਿਧਾਨ ਨੂੰ ਲਾਗੂ ਹੋਇਆਂ ਅਜੇ 14 ਮਹੀਨੇ ਹੀ ਹੋਏ ਸਨ ਅਤੇ ਆਜ਼ਾਦ ਤੇ ਨਿਰਪੱਖ ਚੋਣਾਂ ਰਾਹੀਂ ਨਵੀਂ ਸੰਸਦ ਚੁਣੀ ਜਾਣੀ ਅਜੇ ਬਾਕੀ ਸੀ। ਜਦੋਂ ਪਹਿਲੀ ਤਰਮੀਮ ਰਾਹੀਂ ਸੰਵਿਧਾਨ ਦਾ ਸਰੂਪ ਬਦਲਣ ਅਤੇ ਬੁਨਿਆਦੀ ਹੱਕਾਂ ਨੂੰ ਖੋਰਨ ਦੇ ਅਮਲ ਦਾ ਆਗਾਜ਼ ਹੋ ਗਿਆ। ਜਾਇਦਾਦ ਦੀ ਮਾਲਕੀ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਵਰਗੇ ਦੋ ਮੁੱਢਲੇ ਅਧਿਕਾਰਾਂ ਨੂੰ ਸੀਮਤ ਬਣਾਉਣ ਅਤੇ ਨਾਗਰਿਕ ਅਧਿਕਾਰਾਂ ਦੀ ਹਿਫ਼ਾਜ਼ਤ ਕਰਨ ਦੇ ਅਦਾਲਤੀ ਹੱਕ ਦੀਆਂ ਹੱਦਾਂ ਬੰਨ੍ਹਣ ਵਾਲੀ ਤਰਮੀਮ ਅੰਤਰਿਮ ਪਾਰਲੀਮੈਂਟ ਤੋਂ ਪਾਸ ਕਰਵਾਉਣ ਦੇ ਅਮਲ ਨੂੰ ਸੋਲ੍ਹਾਂ ਦਿਨ ਲੱਗੇ। ਬੜੇ ਹੰਗਾਮਾਖੇਜ਼ ਰਹੇ ਆਦਰਸ਼ਾਂ ਤੇ ਅਮਲਾਂ ਦੀ ਲੜਾਈ ਦੇ ਦਿਨ। ਹੁਕਮਰਾਨ ਧਿਰ ਕੋਲ ਭਾਰੀ ਬਹੁਮਤ ਸੀ। ਵਿਰੋਧੀ ਧਿਰ ਗਿਣਤੀ ਪਾਸੋਂ ਕਮਜ਼ੋਰ ਸੀ। ਪਰ ਉਸ ਨੇ 16 ਦਿਨ ਚੱਲੀ ਇਸ ਲੜਾਈ ਨੂੰ ਤੂਫ਼ਾਨੀ ਬਣਾਇਆ। ਇਨ੍ਹਾਂ ਤੂਫ਼ਾਨੀ ਦਿਨਾਂ ਦੀ ਗਾਥਾ ਪੇਸ਼ ਕਰਦੀ ਹੈ ਤ੍ਰਿਪੁਰਦਮਨ ਸਿੰਘ ਦੀ ਕਿਤਾਬ ‘ਸਿਕਸਟੀਨ ਸਟੌਰਮੀ ਡੇਅਜ਼’ (ਵਿੰਟੇਜ ਬੁੱਕਸ; 268 ਪੰਨੇ; 599 ਰੁਪਏ)। ਸੰਖੇਪ ਪਰ ਸਜੀਵ, ਡੂੰਘੀ ਖੋਜ ਤੇ ਨਿੱਗਰ ਹਵਾਲਿਆਂ ਨਾਲ ਭਰਪੂਰ, ਕਥਾਨਕੀ ਤਰਤੀਬ ਪੱਖੋਂ ਬੇਹੱਦ ਪੜ੍ਹਨਯੋਗ। ਪਿਛਲੇ ਇਕ ਦਹਾਕੇ ਤੋਂ ਉਹ ਕਿਤਾਬਾਂ ਵੱਡੀ ਗਿਣਤੀ ਵਿਚ ਆਈਆਂ ਹਨ ਜਿਨ੍ਹਾਂ ਦਾ ਮੁੱਖ ਮਕਸਦ ਮੁਲਕ ਦੇ ਪਹਿਲੇ ਪ੍ਰਧਾਨ ਮੰਤਰੀ ਅਤੇ ਆਜ਼ਾਦ ਭਾਰਤ ਦੇ ਪਹਿਲੇ (ਤੇ ਇਕੋ-ਇਕ) ‘ਸ਼ਾਹੀ ਪਰਿਵਾਰ’ ਨੂੰ ਅਕਸੀ ਖੋਰਾ ਲਾਉਣਾ ਹੈ। ਅਕਾਦਮਿਕ ਰੰਗਤ ਵਾਲੀਆਂ ਇਨ੍ਹਾਂ ਕਿਤਾਬਾਂ ਨੇ ਉਪਰੋਕਤ ਮਕਸਦ ਦੀ ਪੂਰਤੀ ਲਈ ਤੱਥਾਂ ਦੀ ਹੀ ਵਰਤੋਂ ਕੀਤੀ, ਪਰ ਸ਼ਰਾਰਤੀ ਤੇ ਵਿਸਾਹਘਾਤੀ ਤਰੀਕੇ ਨਾਲ। ਤ੍ਰਿਪੁਰਦਮਨ ਸਿੰਘ ਦੀ ਕਿਤਾਬ ਇਸ ਸ਼੍ਰੇਣੀ ਵਿਚ ਨਹੀਂ ਆਉਂਦੀ। ਇਹ ਆਜ਼ਾਦ ਭਾਰਤ ਦੀਆਂ ਮਰਜ਼ਾਂ ਦੀ ਵਜ੍ਹਾ ਜਾਨਣ ਦਾ ਸੰਜੀਦਾ ਯਤਨ ਹੈ। ਯੂਨੀਵਰਸਿਟੀ ਆਫ ਲੰਡਨ ਦੇ ਇੰਸਟੀਚਿਊਟ ਆਫ ਕਾਮਨਵੈਲਥ ਸਟੱਡੀਜ਼ ਵਿਚ ਪ੍ਰੋਫ਼ੈਸਰ ਤੇ ਰਾਇਲ ਏਸ਼ੀਐਟਿਕ ਸੁਸਾਇਟੀ ਦੇ ਫੈਲੋ ਤ੍ਰਿਪੁਰਦਮਨ ਸਿੰਘ ਨੇ ਰਾਸ਼ਟਰੀ ਨਾਇਕਾਂ ਦੀ ਜੋ ਤਸਵੀਰ ਸਾਹਮਣੇ ਲਿਆਂਦੀ ਹੈ, ਉਹ ਸੁਕੂਨਦੇਹ ਨਹੀਂ। ਕਿਤਾਬ ਮੁੱਖ ਤੌਰ ’ਤੇ ਪਹਿਲੀ ਸੰਵਿਧਾਨਕ ਤਰਮੀਮ ਦੇ ਉਦਗਮ, ਵਜੂਦ ਤੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਹੈ। ਇਹ ਵੱਖਰੀ ਗੱਲ ਹੈ ਕਿ ਇਹ ਵਿਸ਼ਲੇਸ਼ਣ ਪੰਡਿਤ ਜਵਾਹਰਲਾਲ ਨਹਿਰੂ ਜਾਂ ਕੌਮੀ ਆਜ਼ਾਦੀ ਦੇ ਹੋਰਨਾਂ ਸਿਆਸੀ ਨਾਇਕਾਂ ਨੂੰ ਕੱਦਾਵਰ ਨਹੀਂ ਬਣਾਉਂਦਾ, ਉਨ੍ਹਾਂ ਨੂੰ ਸੱਤਾ ਤੇ ਸੋਭਾ ਦੇ ਗ਼ੁਲਾਮ ਦਰਸਾਉਂਦਾ ਹੈ। ਇਹ ਵਿਸ਼ਲੇਸ਼ਣ ਇਸ ਹਕੀਕਤ ਦੀ ਵੀ ਨਿਸ਼ਾਨਦੇਹੀ ਕਰਦਾ ਹੈ ਕਿ ਨਾਗਰਿਕ ਅਧਿਕਾਰਾਂ ਨੂੰ ਭਗਵਾਧਾਰੀਆਂ ਹੱਥੋਂ ਜੋ ਖੋਰਾ ਹੁਣ ਲੱਗਦਾ ਆ ਰਿਹਾ ਹੈ, ਉਸ ਵਾਸਤੇ ਜ਼ਮੀਨ ਪੰਡਿਤ ਨਹਿਰੂ ਨੇ ਹੀ ਤਿਆਰ ਕੀਤੀ ਸੀ। 16 ਮਈ 1951 ਨੂੰ ਪਹਿਲੀ ਸੰਵਿਧਾਨਕ ਸੋਧ ਪੇਸ਼ ਕਰਦਿਆਂ ਪ੍ਰਧਾਨ ਮੰਤਰੀ ਨੇ ਐਲਾਨਿਆ ਸੀ ਕਿ ‘‘ਜਾਇਦਾਦ ਦੀ ਮਲਕੀਅਤ ਦਾ ਹੱਕ ਜਾਂ ਪ੍ਰਗਟਾਵੇ ਦੀ ਆਜ਼ਾਦੀ ਵਰਗੇ ਬੁਨਿਆਦੀ ਅਧਿਕਾਰ 19ਵੀਂ ਸਦੀ ਦੇ ਵਿਚਾਰ ਸਨ ਜਿਨ੍ਹਾਂ ਦੀ ਥਾਂ 20ਵੀਂ ਸਦੀ ਦੇ ਸਮਾਜ ਸੁਧਾਰਕ ਆਦਰਸ਼ ਅਜ਼ਮਾਏ ਜਾਣੇ ਚਾਹੀਦੇ ਹਨ। ਇਹ ਆਦਰਸ਼, ਸੰਵਿਧਾਨ ਅੰਦਰਲੇ ਨਿਰਦੇਸ਼ਕ ਸਿਧਾਂਤਾਂ ਵਿਚ ਦਰਜ ਹਨ ਅਤੇ ਤਰਜੀਹ ਇਨ੍ਹਾਂ ਨੂੰ ਹੀ ਮਿਲਣੀ ਚਾਹੀਦੀ ਹੈ।’’ ਅਜਿਹੀ ਲੱਫ਼ਾਜ਼ੀ ਪਿੱਛੇ ਸਿਆਸੀ ਬੇਵਸੀ ਛੁਪੀ ਹੋਈ ਸੀ। ਪੰਡਿਤ ਨਹਿਰੂ ਨੇ ਸੋਵੀਅਤ ਲੀਹਾਂ ਵਾਲਾ ਜਿਹੜਾ ਸਮਾਜਵਾਦੀ ਨਕਸ਼ਾ ਆਜ਼ਾਦ ਭਾਰਤ ਲਈ ਉਲੀਕਿਆ ਸੀ, ਉਹ ਜਨਤਕ ਤੇ ਨਿਆਂਇਕ ਵਿਰੋਧ ਅੱਗੇ ਢੇਰ ਹੁੰਦਾ ਜਾ ਰਿਹਾ ਸੀ। ਜ਼ਿਮੀਂਦਾਰੀ ਪ੍ਰਣਾਲੀ ਖ਼ਤਮ ਕਰਨ ਤੇ ਜ਼ਮੀਨਾਂ ਜ਼ਬਤ ਕਰਕੇ ਬੇਜ਼ਮੀਨਿਆਂ ਵਿਚ ਵੰਡਣ ਦੇ ਸਰਕਾਰੀ ਫ਼ੈਸਲੇ ਹਾਈ ਕੋਰਟਾਂ ਤੇ ਸੁਪਰੀਮ ਕੋਰਟ ਵਿਚ ਪਸਤ ਹੁੰਦੇ ਜਾ ਰਹੇ ਸਨ। ਕਾਰੋਬਾਰੀਆਂ ਨੂੰ ਸਰਕਾਰੀ ਕਦਮਾਂ ਵਿਚੋਂ ਸਾਮਵਾਦੀ ਬਦਬੂ ਆ ਰਹੀ ਸੀ ਅਤੇ ਸਮਾਜਵਾਦੀਆਂ ਨੂੰ ਬੁਰਜੂਆ ਦੰਭ ਦੀ। ਸਮਾਜਵਾਦੀ ਰਾਜ ਪ੍ਰਬੰਧ ਦਾ ਨਹਿਰੂਵਾਦੀ ਸੰਕਲਪ ਅਜਿਹੇ ਵਿਰੋਧ ਅੱਗੇ ਜਰਜਰ ਹੋਣ ਦਾ ਪ੍ਰਭਾਵ ਦੇਣ ਲੱਗਾ ਸੀ। ਤ੍ਰਿਪੁਰਦਮਨ ਸਿੰਘ ਮੁਤਾਬਿਕ ਵੈਸਟਮਿੰਸਟਰ ਤਰਜ਼ ਦੀ ਪਾਰਲੀਮਾਨੀ ਪ੍ਰਣਾਲੀ ਦੇ ਮੁੱਦਈ ਹੋਣ ਦਾ ਪ੍ਰਭਾਵ ਦੇਣ ਵਾਲੇ ਪੰਡਿਤ ਨਹਿਰੂ ਦੇ ਅੰਦਰ ਬਹੁ-ਪਾਰਟੀ ਰਾਜਸੀ ਪ੍ਰਣਾਲੀ ਦੀਆਂ ਗੁੰਝਲਾਂ ਤੇ ਪੇਚਿਆਂ ਨਾਲ ਸਿੱਝਣ ਦਾ ਨਾ ਤਾਂ ਸਬਰ-ਸੰਤੋਖ ਸੀ ਅਤੇ ਨਾ ਹੀ ਇੱਛਾ-ਸ਼ਕਤੀ। ਉਹ ਸੋਵੀਅਤ ਸ਼ੈਲੀ ਦੀ ਯੋਜਨਾਬੰਦੀ ਤੋਂ ਕਾਇਲ ਸਨ, ਪਰ ਇਹ ਯੋਜਨਾਬੰਦੀ ਸਿਰਫ਼ ਇਕ ਪਾਰਟੀ ਪ੍ਰਬੰਧ ਸਦਕਾ ਹੀ ਸਫ਼ਲ ਹੋ ਸਕਦੀ ਸੀ। ਹੁਕਮਰਾਨ ਕਾਂਗਰਸ ਕੋਲ ਕੇਂਦਰ ਤੇ ਸਾਰੇ ਰਾਜਾਂ ਵਿਚ ਭਾਰੀ ਬਹੁਮਤ ਸੀ। ਇਸ ਦੇ ਸੱਜੇ ਤੇ ਖੱਬੇ-ਪੱਖੀ ਵਿਰੋਧੀ ਗਿਣਾਤਮਕ ਪੱਖੋਂ ਬੇਹੱਦ ਕਮਜ਼ੋਰ, ਪਰ ਸਿਧਾਂਤਾਂ ਪੱਖੋਂ ਕਾਫ਼ੀ ਤਕੜੇ ਸਨ। ਸੰਵਿਧਾਨ, ਉਨ੍ਹਾਂ ਕੋਲ ਸਭ ਤੋਂ ਵੱਡੀ ਢਾਲ ਸੀ ਅਤੇ ਇਸ ਢਾਲ ਦੀ ਵਰਤੋਂ ਉਨ੍ਹਾਂ ਨੇ ਸਰਕਾਰੀ ਫ਼ੈਸਲਿਆਂ ਨੂੰ ਅਦਾਲਤਾਂ ਵਿਚ ਸ਼ਿਕਸਤ ਦੇਣ ਲਈ ਕੀਤੀ। ਅਜਿਹੀਆਂ ਚੁਣੌਤੀਆਂ ਨਾਲ ਸਿੱਝਣ ਵਾਸਤੇ ਪੰਡਿਤ ਨਹਿਰੂ ਨੇ ਸੰਵਿਧਾਨ ਵਿਚ ਤਰਮੀਮਾਂ ਕਰਨ ਦੀ ਤਰਕੀਬ ਦਾ ਸਹਾਰਾ ਲਿਆ। ਇਸ ਤਰਕੀਬ ਨੂੰ ਕਾਰਗਰ ਬਣਾਉਣ ਅਤੇ ਆਪਣੇ ਮੰਤਰੀ ਮੰਡਲ ਅੰਦਰਲੀ ਅਸਹਿਮਤੀ ਤੇ ਵਿਰੋਧ ਉਪਰ ਹਾਵੀ ਹੋਣ ਲਈ ਉਨ੍ਹਾਂ ਨੇ ਕੂਟਨੀਤੀ ਵੀ ਵਰਤੀ ਤੇ ਸੌਦੇਬਾਜ਼ੀ ਵੀ। ਸਰਕਾਰ ਪਟੇਲ ਫ਼ੌਤ ਹੋ ਚੁੱਕੇ ਸਨ। ਉਹ ਭਾਵੇਂ ਨਹਿਰੂ ਤੇ ਸੰਵਿਧਾਨ ਵਿਚਾਲੇ ਕਸ਼ੀਦਗੀ ਦਾ ਸੰਕੇਤ ਨਵੰਬਰ 1950 ਵਿਚਲੀ ਆਪਣੀ ਇਕ ਤਕਰੀਰ ਰਾਹੀਂ ਦੇ ਚੁੱਕੇ ਸਨ, ਫਿਰ ਵੀ ਉਨ੍ਹਾਂ ਬਾਰੇ ਇਹ ਪ੍ਰਚਾਰ ਕੀਤਾ ਗਿਆ ਕਿ ਖੱਬੇ-ਖੱਬੀਆਂ ਦੀ ਬਗ਼ਾਵਤ ਨੂੰ ਦਬਾਉਣ ਦੇ ਕੰਮਾਂ ਵਿਚ ਅਦਾਲਤੀ ਦਖ਼ਲ ਨੂੰ ਰੋਕਣ ਵਾਲੀ ਸੰਵਿਧਾਨਕ ਸੋਧ ਦੇ ਉਹ ਖ਼ਾਹਿਸ਼ਮੰਦ ਸਨ। ਸਰਦਾਰ ਪਟੇਲ ਦੀ ਥਾਂ ਲੈਣ ਵਾਲੇ ਨਵੇਂ ਗ੍ਰਹਿ ਮੰਤਰੀ ਸੀ. ਰਾਜਗੋਪਾਲਾਚਾਰੀ ਨੂੰ ਵੀ 14 ਹਾਈਕੋਰਟਾਂ ਤੋਂ ਆਏ ਸਰਕਾਰ ਵਿਰੋਧੀ ਫ਼ੈਸਲਿਆਂ ਦੇ ਹਊਏ ਨਾਲ ਡਰਾਇਆ ਗਿਆ। ਕਾਨੂੰਨ ਮੰਤਰੀ ਡਾ. ਬੀ.ਆਰ. ਅੰਬੇਦਕਰ ਨੂੰ ਮਨਾਉਣ ਵਾਸਤੇ ਸਰਕਾਰੀ ਨੌਕਰੀਆਂ ਵਿਚ ਰਾਖਵੇਂਕਰਨ ਨੂੰ ਵਿਧਾਨਕ ਕਵਚ ਪਹਿਨਾ ਕੇ ਅਦਾਲਤੀ ਮੁਦਾਖ਼ਲਤ ਤੋਂ ਮੁਕਤ ਕਰਵਾਉਣ ਦਾ ਵਾਅਦਾ ਕੀਤਾ ਗਿਆ। ਹਾਂ, ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਨੇ ਪੰਡਿਤ ਨਹਿਰੂ ਵੱਲੋਂ ਸੁਝਾਈ ਤਰਮੀਮ ਦਾ ਵਿਰੋਧ ਜ਼ਰੂਰ ਕੀਤਾ। ਉਹ ਆਪ ਜ਼ਿਮੀਂਦਾਰ ਸਨ ਅਤੇ ਜ਼ਿਮੀਂਦਾਰਾਂ ਤੋਂ ਜ਼ਮੀਨਾਂ ਬਿਨਾਂ ਮੁਆਵਜ਼ੇ ਦੇ ਖੋਹੇ ਜਾਣ ਦੇ ਸਖ਼ਤ ਖ਼ਿਲਾਫ਼ ਸਨ। ਪਰ ਉਹ ਸਿਧਾਂਤ ਤੇ ਸ਼ਊਰ ਪੱਖੋਂ ਏਨੇ ਕੱਦਾਵਰ ਨਹੀਂ ਸਨ ਕਿ ਨਹਿਰੂ ਨਾਲ ਜਨਤਕ ਤੌਰ ’ਤੇ ਟੱਕਰ ਲੈਂਦੇ। ਜੇਕਰ ਉਹ ਪਹਿਲੀ ਤਰਮੀਮ ’ਤੇ ਦਸਤਖ਼ਤ ਤੋਂ ਨਾਂਹ ਕਰ ਕੇ ਸੰਵਿਧਾਨਕ ਸੰਕਟ ਖੜ੍ਹਾ ਕਰ ਦਿੰਦੇ ਤਾਂ ਅੱਜ ਸ਼ਾਇਦ ਦੇਸ਼ ਦਾ ਇਤਿਹਾਸ ਕੁਝ ਹੋਰ ਹੁੰਦਾ। ਉਨ੍ਹਾਂ ਨੇ ਅਜਿਹੀ ਦੀਦਾ-ਦਲੇਰੀ ਨਹੀਂ ਦਿਖਾਈ। ਦੀਦਾ-ਦਲੇਰੀ ਕਾਂਗਰਸ ਦੇ ਹੀ ਕੁਝ ਅਜਿਹੇ ਆਗੂਆਂ ਨੇ ਦਿਖਾਈ ਜੋ ਪੰਡਿਤ ਨਹਿਰੂ ਦੀ ਸ਼ਖ਼ਸੀਅਤ ਤੋਂ ਕਾਇਲ ਨਹੀਂ ਸਨ। ਇਨ੍ਹਾਂ ਵਿਚ ਜੈ ਪ੍ਰਕਾਸ਼ ਨਾਰਾਇਣ ਤੇ ਅਚਾਰੀਆ ਜੇ.ਬੀ. ਕ੍ਰਿਪਲਾਨੀ ਸ਼ਾਮਲ ਸਨ। ਦੋ ਆਜ਼ਾਦ ਸੰਸਦ ਮੈਂਬਰਾਂ ਐੱਚ.ਐੱਨ. ਕੁੰਜ਼ਰੂ ਤੇ ਐੱਚ.ਵੀ. ਕਾਮਥ ਨੇ ਵੀ ਸੰਸਦ ਦੇ ਅੰਦਰ ਆਪਣੀਆਂ ਤਕਰੀਰਾਂ ਰਾਹੀਂ ਪਹਿਲੀ ਤਰਮੀਮ ਨਾਲ ਜੁੜੇ ਖ਼ਤਰਿਆਂ ਪ੍ਰਤੀ ਰਾਸ਼ਟਰ ਨੂੰ ਆਗਾਹ ਕੀਤਾ। ਹਿੰਦੂ ਮਹਾਂਸਭੀਏ ਆਗੂ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਅਤੇ ਇਸੇ ਸੁਹਜ ਵਾਲੇ ਇਕ ਹੋਰ ਦਾਨਿਸ਼ਵਰ ਕੇ.ਆਰ. ਮਲਕਾਨੀ ਨੇ ਵੀ ਸੰਵਿਧਾਨ ਸੋਧ ਬਿੱਲ ਦਾ ਡਟਵਾਂ ਵਿਰੋਧ ਕੀਤਾ। ਸੰਸਦ ਦੇ ਬਾਹਰ ਜਨਤਕ ਮੰਚਾਂ ਅਤੇ ਮੀਡੀਆ ਵਿਚ ਸੁਰਖ਼ ਵਿਰੋਧ ਦਾ ਚਿਹਰਾ ਪੱਤਰਕਾਰ ਰਮੇਸ਼ ਥਾਪਰ ਬਣੇ। ਤ੍ਰਿਪੁਰਦਮਨ ਸਿੰਘ ਅਨੁਸਾਰ ਪਹਿਲੀ ਤਰਮੀਮ ਨੇ ਸੰਸਦ ਦੀ ਪ੍ਰਭੁਤਾ ਦੇ ਨਾਂ ’ਤੇ ਹਕੂਮਤੀ ਆਪਹੁਦਰੀਆਂ ਦਾ ਰਾਹ ਖੋਲ੍ਹਿਆ ਅਤੇ ਸੰਵਿਧਾਨ ਰੂਪੀ ਕਿਲੇ ਨੂੰ ਸੰਨ੍ਹ ਲਾਉਣ ਦੇ ਸਿਲਸਿਲੇ ਨੂੰ ਜਨਮ ਦਿੱਤਾ। ਇਸੇ ਸਿਲਸਿਲੇ ਦੀ ਬਦੌਲਤ ਐਮਰਜੈਂਸੀ ਵਰਗੀਆਂ ਵਿਵਸਥਾਵਾਂ ਸੰਵਿਧਾਨ ਦਾ ਅੰਗ ਬਣ ਗਈਆਂ ਅਤੇ ਕੌਮੀ ਸੁਰੱਖਿਆ ਕਾਨੂੰਨ (ਐੱਨਐੱਸਏ) ਜਾਂ ਪੀਐੱਸਏ ਵਰਗੇ ਗ਼ੈਰ-ਜਮਹੂਰੀ ਕਾਨੂੰਨ ਨਾ ਸਿਰਫ਼ ਵਜੂਦ ਵਿਚ ਆਏ ਸਗੋਂ ਅਸਹਿਮਤੀ ਦਾ ਗਲਾ ਘੁੱਟਣ ਦਾ ਸਥਾਈ ਵਸੀਲਾ ਬਣ ਗਏ। ਅੱਜ ਕਸ਼ਮੀਰੀਆਂ ਨੂੰ ਬੁਨਿਆਦੀ ਹੱਕਾਂ ਤੋਂ ਮਹਿਰੂਮ ਕੀਤੇ ਜਾਣ ਵਰਗੇ ਸੰਗੀਨ ਮਾਮਲੇ ਵਿਚ ਜੇਕਰ ਸੁਪਰੀਮ ਕੋਰਟ ਵੀ ਦਖ਼ਲ ਦੇਣ ਵਾਸਤੇ ਤਿਆਰ ਨਹੀਂ ਤਾਂ ਦੋਸ਼ ਕਿਸ ਨੂੰ ਦਿੱਤਾ ਜਾਵੇ, ਇਸ ਦਾ ਫ਼ੈਸਲਾ ਪਾਠਕ ਸਹਿਜੇ ਹੀ ਕਰ ਸਕਦੇ ਹਨ। * * * ਕਵਿਤਾ ਚੰਗੀ ਲੱਗਦੀ ਹੈ ਪਰ ਇਸ ਦੀ ਆਲੋਚਨਾ-ਸਮਾਲੋਚਨਾ ਦੇ ਪੈਮਾਨਿਆਂ ਦਾ ਮੈਨੂੰ ਕੋਈ ਇਲਮ ਨਹੀਂ। ਕਈ ਕਵਿਤਾਵਾਂ ਜਾਂ ਅਸ਼ਰਾਰ ਮਨ ’ਤੇ ਡੂੰਘੀ ਛਾਪ ਛੱਡ ਜਾਂਦੇ ਹਨ, ਕਈ ਸਿਰ ਦੇ ਉੱਪਰੋਂ ਹੀ ਲੰਘ ਜਾਂਦੇ ਹਨ। ਲਿਹਾਜ਼ਾ, ਕਾਵਿ-ਪੁਸਤਕਾਂ ਦੇ ਮੁਲਾਂਕਣ ਤੋਂ ਪਰਹੇਜ਼ ਕਰਨ ਵਿਚ ਹੀ ਮੈਨੂੰ ਭਲਾ ਜਾਪਦਾ ਹੈ। ਫਿਰ ਵੀ ਕਈ ਪੁਸਤਕਾਂ ਅਜਿਹੀਆਂ ਮਿਲ ਜਾਂਦੀਆਂ ਹਨ ਜਿਨ੍ਹਾਂ ਬਾਰੇ ਕੁਝ ਕਹਿਣ ਨੂੰ ਦਿਲ ਕਰ ਆਉਂਦਾ ਹੈ। ਪਟਿਆਲਾ ਸ਼ਹਿਰ ਵਿਚ ਵਸੇ ਤੇ ਪੇਸ਼ੇ ਵਜੋਂ ਅਧਿਆਪਕ ਰਹੇ ਬਲਵਿੰਦਰ ਸੰਧੂ ਦਾ ਕਾਵਿ-ਸੰਗ੍ਰਹਿ ‘ਮਧੂਕਰੀ’ (ਚੇਤਨਾ ਪ੍ਰਕਾਸ਼ਨ; 180 ਰੁਪਏ) ਅਜਿਹੀ ਹੀ ਇਕ ਪੁਸਤਕ ਹੈ। ਇਸ ਵਿਚ ਪੰਜਾਹ ਤੋਂ ਵੱਧ ਕਾਵਿ-ਰਚਨਾਵਾਂ ਸ਼ਾਮਲ ਹਨ। ਸਾਰੀਆਂ ਸੁਨੇਹੁੜਾਮਈ, ਸਾਰੀਆਂ ਅਰਥਪੂਰਨ। ਸ੍ਰੀ ਸੰਧੂ ਦੀ ਇਹ ਪੰਜਵੀਂ ਕਾਵਿ-ਪੁਸਤਕ ਹੈ। ਇਹ ਕਾਦਿਰ ਦੀ ਕੁਦਰਤ ਅਤੇ ਇਸ ਦੇ ਮਹਾਂਉਪਾਸ਼ਕ ਗੁਰੂ ਪਿਤਾ, ਬਾਬਾ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਵਰ੍ਹੇ ਨੂੰ ਸਮਰਪਿਤ ਹੈ। ਸ੍ਰੀ ਸੰਧੂ ਆਪਣੇ ਮਿਸ਼ਨ ਨਾਲ ਤੁਆਰੁਫ਼ ਇਨ੍ਹਾਂ ਸ਼ਬਦਾਂ ਨਾਲ ਕਰਵਾਉਂਦੇ ਹਨ, ‘‘ਅੱਜ-ਕਲ੍ਹ... /ਮੈਂ ਕਵਿਤਾ ਹੀ ਨਹੀਂ ਲਿਖਦਾ/ ਧਰਤ ਦੀ ਹਿਫ਼ਾਜ਼ਤ ਲਈ/ ਜੰਗਲ ਦੀ ਵਕਾਲਤ ਵੀ ਕਰਦਾਂ।’’ ਸੰਗ੍ਰਹਿ ਵਿਚਲੀਆਂ ਤਕਰੀਬਨ ਸਾਰੀਆਂ ਕਵਿਤਾਵਾਂ ਇਸ ਸੋਚ ਦੀ ਤਰਜਮਾਨੀ ਕਰਦੀਆਂ ਹਨ- ਅਲਫ਼ਾਜ਼ ਤੇ ਜਜ਼ਬਾਤ ਦੀ ਮਿਠਾਸ ਰਾਹੀਂ। ਇਹ ਤੱਤ ਇਸ ਪੁਸਤਕ ਦਾ ਮੁੱਖ ਹਾਸਲ ਹੈ। * * * ਪੱਤਰਕਾਰ ਤੇ ਫਿਲਮ ਸੰਗੀਤ ਦੇ ਇਤਿਹਾਸਕਾਰ ਰਾਜੂ ਭਾਰਤਨ ਦਾ 7 ਫਰਵਰੀ ਨੂੰ ਦੇਹਾਂਤ ਹੋ ਗਿਆ। ਉਹ ਛਿਆਸੀ ਵਰ੍ਹਿਆਂ ਦਾ ਸੀ। ਤਾਮਿਲ ਬ੍ਰਾਹਮਣ ਹੋਣ ਦੇ ਬਾਵਜੂਦ ਹਿੰਦੋਸਤਾਨੀ ਫਿਲਮ ਸੰਗੀਤ ਬਾਰੇ ਉਸ ਦਾ ਗਿਆਨ ਅਥਾਹ ਤੇ ਅਸਗਾਹ ਸੀ। 1960ਵਿਆਂ ਤੋਂ ਲੈ ਕੇ 90ਵਿਆਂ ਤਕ ਫਿਲਮ ਸੰਗੀਤਕਾਰਾਂ ਉੱਤੇ ਉਸ ਦਾ ਬੜਾ ਦਬਦਬਾ ਸੀ। ਸੰਗੀਤਕਾਰੀ ਤੇ ਲੈਅਦਾਰੀ ਦੇ ਨਾਲ ਨਾਲ ਗੀਤਕਾਰੀ ਦਾ ਵੀ ਉਹ ਪੂਰਾ ਗਿਆਨਵਾਨ ਸੀ। ਖੁਸ਼ਵੰਤ ਸਿੰਘ ਤੇ ਐੱਮ.ਵੀ. ਕਾਮਥ ਦੇ ਸੰਪਾਦਕਾਂ ਵਜੋਂ ਕਾਰਜਕਾਲ ਦੌਰਾਨ ਉਹ ‘ਇਲੱਸਟ੍ਰੇਟਿਡ ਵੀਕਲੀ’ ਵਿਚ ਸਹਾਇਕ ਸੰਪਾਦਕ ਸੀ। ਵੀਕਲੀ ਵੱਲੋਂ ਫਿਲਮ ਸੰਗੀਤ ਅਤੇ ਕ੍ਰਿਕਟ ਉੱਤੇ ਉਸ ਦੀ ਮੁਹਾਰਤ ਦਾ ਲਾਭ ਲੈਂਦਿਆਂ ਹਰ ਸਾਲ ਇਨ੍ਹਾਂ ਵਿਸ਼ਿਆਂ ਉੱਤੇ ਦੋ ਵਿਸ਼ੇਸ਼ ਅੰਕ ਛਾਪੇ ਜਾਂਦੇ ਸਨ ਜੋ ਵਿਕਦੇ ਵੀ ਖ਼ੂਬ ਸਨ। ਇਨ੍ਹਾਂ ਅੰਦਰਲੀ ਸਾਰੀ ਸਮੱਗਰੀ ਨੂੰ ਉਹ ਖ਼ੁਦ ਸ਼ਿੰਗਾਰਦਾ ਸੀ ਆਪਣੀ ਸੰਪਾਦਕੀ ਕੈਂਚੀ ਜਾਂ ਕਲਮ ਰਾਹੀਂ। 42 ਸਾਲ ਵੀਕਲੀ ਵਿਚ ਗੁਜ਼ਰਨ ਮਗਰੋਂ ਉਹ ਸੇਵਾਮੁਕਤ ਹੋ ਗਿਆ ਤਾਂ ਉਸ ਨੂੰ ‘ਫਿਲਮਫੇਅਰ’ ਵਿਚ ਪ੍ਰਸ਼ਨੋਤਰੀਨੁਮਾ ਕਾਲਮ ਲਿਖਣ ਦਾ ਕੰਮ ਮਿਲ ਗਿਆ। ਜਾਣਕਾਰੀ ਦਾ ਖ਼ਜ਼ਾਨਾ ਹੁੰਦਾ ਸੀ ਇਹ ਕਾਲਮ। ਸਦਾ ਸਾਂਭਣਯੋਗ।

ਰਾਜੂ ਭਾਰਤਨ ਅਤੇ ਆਸ਼ਾ ਭੋਸਲੇ।

ਭਾਰਤਨ ਨੇ ਫਿਲਮ ਸੰਗੀਤ ਨਾਲ ਜੁੜੀਆਂ ਚਾਰ ਕਿਤਾਬਾਂ ਲਿਖੀਆਂ। ਪਹਿਲੀ ਲਤਾ ਮੰਗੇਸ਼ਕਰ ਬਾਰੇ (ਇਹ ਪੰਜਾਬੀ ਵਿਚ ਵੀ ਮੌਜੂਦ ਹੈ), ਦੂਜੀ ਸੁਨਹਿਰੀ ਯੁੱਗ ਦੇ ਸੰਗੀਤ ਬਾਰੇ, ਤੀਜੀ ਨੌਸ਼ਾਦਨਾਮਾ ਅਤੇ ਚੌਥੀ ਆਸ਼ਾ ਭੋਸਲੇ ਬਾਰੇ। ਚਹੁੰਆਂ ਕਿਤਾਬਾਂ ਨੇ ਉਸ ਨਾਲ ਨਾਰਾਜ਼ ਹੋਣ ਵਾਲਿਆਂ ਦੀ ਕਤਾਰ ਲੰਬੀ ਕੀਤੀ। ਲਤਾ ਬਾਰੇ ਕਿਤਾਬ ਵਿਚ ਉਸ ਦੀ ਗਾਇਕੀ ਦੀ ਖ਼ੂੁਬਸੂਰਤੀ ਅਤੇ ਉਸ ਦੀ ਮਿਹਨਤ ਦੀਆਂ ਮਿਸਾਲਾਂ ਭਰਪੂਰ ਮਿਕਦਾਰ ਵਿਚ ਮੌਜੂਦ ਸਨ, ਪਰ ਨਾਲ ਹੀ ਉਸ ਦੇ ਪਿਆਰਾਂ ਤੇ ਵਿਗਾੜਾਂ ਦਾ ਵੀ ਜ਼ਿਕਰ ਸੀ। ਲਤਾ ਨੂੰ ਇਹ ਮੁਆਫ਼ਿਕ ਨਹੀਂ ਆਇਆ। ਉਹ ਭਾਰਤਨ ਨਾਲ ਨਾਰਾਜ਼ ਹੋ ਗਈ। ਉਸ ਨੇ ਇਸ ਕਿਤਾਬ ਦੇ ਟਾਕਰੇ ਵਜੋਂ ਪੱਤਰਕਾਰ ਤੇ ਰੇਡੀਓ ਕਮੈਂਟੇਟਰ ਹਰੀਸ਼ ਭਿਮਾਨੀ ਪਾਸੋਂ ਆਪਣੀ ਜੀਵਨੀ ਲਿਖਵਾਈ। ਉਹ ਕਿਤਾਬ ਚਾਪਲੂਸੀ ਤੋਂ ਅੱਗੇ ਨਹੀਂ ਗਈ। ਆਸ਼ਾ ਬਾਰੇ ਕਿਤਾਬ ਦੀ ਹੋਣੀ ਵੀ ਕੁਝ ਅਜਿਹੀ ਹੀ ਰਹੀ। ਬੇਬਾਕ ਸ਼ਖ਼ਸੀਅਤ ਵਜੋਂ ਵਿਚਰਨ ਦੇ ਬਾਵਜੂਦ ਉਹ ਭਾਰਤਨ ਦੀ ਲਿਖਤ ਅੰਦਰਲੀ ਬੇਬਾਕੀ ਖ਼ਾਸ ਕਰਕੇ ਖ਼ਾਮੀਆਂ ਦਾ ਵਰਨਣ ਬਰਦਾਸ਼ਤ ਨਹੀਂ ਕਰ ਸਕੀ। ਨੌਸ਼ਾਦਨਾਮਾ, ਨੌਸ਼ਾਦ ਦੇ ਗੁਜ਼ਰ ਜਾਣ ਤੋਂ ਕਈ ਵਰ੍ਹੇ ਬਾਅਦ ਛਪੀ। ਇਹ ਨਾਰਾਜ਼ਗੀ ਦਾ ਬਾਇਜ਼ ਨਹੀਂ ਬਣੀ, ਪਰ ਭਾਰਤਨ ਤਾਂ ਇਸ ਤੋਂ ਡੇਢ ਦਹਾਕਾ ਪਹਿਲਾਂ ਹੀ ਆਪਣੇ ਮਹਿਬੂਬ ਸੰਗੀਤਕਾਰ ਦੀ ਨਾਰਾਜ਼ਗੀ ਮੁੱਲ ਲੈ ਚੁੱਕਾ ਸੀ। ਫਿਲਮ ‘ਆਦਮੀ’ (1968) ਦੇ ਗੀਤ ਸੁਣਨ ਮਗਰੋਂ ਆਪਣੀ ਇਹ ਇਮਾਨਦਾਰਾਨਾ ਰਾਇ ਦੇ ਕੇ: ‘‘ਨੌਸ਼ਾਦ ਸਾਹਿਬ, ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ।’’ ਹਾਲਾਂਕਿ ਇਹ ਟਿੱਪਣੀ ਨੌਸ਼ਾਦ ਅਲੀ ਦੇ ਕੰਨ ਵਿਚ ਕੀਤੀ ਗਈ ਸੀ, ਫਿਰ ਵੀ ਇਸ ਨੂੰ ਗੁਸਤਾਖ਼ੀ ਵਜੋਂ ਲਿਆ ਗਿਆ। ਅਜਿਹੀਆਂ ਨਾਰਾਜ਼ਗੀਆਂ ਦੇ ਬਾਵਜੂਦ ਭਾਰਤਨ ਦੀ ਰਾਇ ਨੂੰ ਹਮੇਸ਼ਾ ਵਜ਼ਨ ਮਿਲਦਾ ਰਿਹਾ। ਸੁਰ-ਸੰਗੀਤ ਦੀਆਂ ਬਾਰੀਕੀਆਂ ਬਾਰੇ ਉਸ ਦੀ ਸੂਝ ਤੇ ਸੁਹਜ ਕਾਰਨ। ਇਸੇ ਲਈ ਉਸ ਦਾ ਚਲਾਣਾ ਇਕ ਵੱਡਾ ਖਲਾਅ ਛੱਡ ਗਿਆ ਹੈ।

ਸੁਰਿੰਦਰ ਸਿੰਘ ਤੇਜ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਗਲਵਾਨ ਵਾਦੀ ’ਚੋਂ ਚੀਨੀ ਫ਼ੌਜ ਪਿੱਛੇ ਹਟੀ

ਗਲਵਾਨ ਵਾਦੀ ’ਚੋਂ ਚੀਨੀ ਫ਼ੌਜ ਪਿੱਛੇ ਹਟੀ

* ਆਪਸੀ ਸਮਝ ਦੇ ਆਧਾਰ ’ਤੇ ਭਾਰਤ ਵੀ ਫੌਜੀ ਨਫ਼ਰੀ ਕਰੇਗਾ ਘੱਟ * ਚੀਨੀ...

ਮੁਅੱਤਲ ਡੀਐੱਸਪੀ ਤੇ ਪੰਜ ਹੋਰਨਾਂ ਖ਼ਿਲਾਫ਼ ਦੋਸ਼ਪੱਤਰ ਦਾਖ਼ਲ

ਮੁਅੱਤਲ ਡੀਐੱਸਪੀ ਤੇ ਪੰਜ ਹੋਰਨਾਂ ਖ਼ਿਲਾਫ਼ ਦੋਸ਼ਪੱਤਰ ਦਾਖ਼ਲ

* ਚਾਰਜਸ਼ੀਟ ਵਿਚ ਪਾਕਿਸਤਾਨ ਹਾਈ ਕਮਿਸ਼ਨ ਦਾ ਵੀ ਜ਼ਿਕਰ

ਫ਼ੀਸ ਮਾਮਲਾ: ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਹਾਈ ਕੋਰਟ ਪੁੱਜੇ ਮਾਪੇ

ਫ਼ੀਸ ਮਾਮਲਾ: ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਹਾਈ ਕੋਰਟ ਪੁੱਜੇ ਮਾਪੇ

* ਸਿੰਗਲ ਬੈਂਚ ਦੇ ਫ਼ੈਸਲੇ ਤੋਂ ਸਨ ਅਸੰਤੁਸ਼ਟ * ਅਦਾਲਤ ਨੇ ਸੁਣਵਾਈ 13 ...

ਪੰਜਾਬ ’ਚ ਅੱਜ ਤੋਂ ਈ-ਰਜਿਸਟ੍ਰੇਸ਼ਨ ਬਿਨਾਂ ‘ਨੋ ਐਂਟਰੀ’

ਪੰਜਾਬ ’ਚ ਅੱਜ ਤੋਂ ਈ-ਰਜਿਸਟ੍ਰੇਸ਼ਨ ਬਿਨਾਂ ‘ਨੋ ਐਂਟਰੀ’

* ਅੱਧੀ ਰਾਤ ਤੋਂ ਅਮਲ ਵਿੱਚ ਆਏ ਹੁਕਮ

ਕੇਸ ਸੱਤ ਲੱਖ ਤੋਂ ਪਾਰ, ਕਰੋੜ ਟੈਸਟ ਮੁਕੰਮਲ

ਕੇਸ ਸੱਤ ਲੱਖ ਤੋਂ ਪਾਰ, ਕਰੋੜ ਟੈਸਟ ਮੁਕੰਮਲ

* ਲਗਾਤਾਰ ਚੌਥੇ ਦਿਨ 20 ਹਜ਼ਾਰ ਤੋਂ ਵੱਧ ਮਾਮਲੇ * 24 ਘੰਟਿਆਂ ਦੌਰਾਨ ...