ਸਿਰਫ ਸਾਡੀ ਨਜ਼ਰ ਦਾ ਸਵਾਲ

ਡਾ. ਕਰਨੈਲ ਸਿੰਘ ਸੋਮਲ ਇਸ ਸੰਸਾਰ ਵਿਚ ਹੈ ਸਭੋ ਕੁਝ ਪਰ ਦਿੱਸਦਾ ਉਹੋ ਹੈ ਜਿਸ 'ਤੇ ਅਸੀਂ ਆਪਣੀ ਨਜ਼ਰ ਟਿਕਾਉਂਦੇ ਹਾਂ। ਇਹ ਉਵੇਂ ਹੀ ਹੈ ਜਿਵੇਂ ਕੈਮਰਾਮੈਨ ਆਪਣੇ ਕੈਮਰੇ ਦਾ ਫੋਕਸ ਜਿਸ ਸ਼ੈਅ 'ਤੇ ਕਰੇਗਾ ਉਹ ਹੀ ਖਿੱਚੀ ਗਈ ਫੋਟੋ ਵਿਚ ਨਜ਼ਰ ਆ ਸਕੇਗੀ। ਸਾਨੂੰ ਲੱਭਦਾ ਵੀ ਉਹੋ ਕੁਝ ਹੈ ਜਿਸ ਵੱਲ ਅਸੀਂ ਆਪਣੀ ਢੂੰਡੇਂਦੀ ਨਜ਼ਰ ਕਰਦੇ ਹਾਂ। ਮੰਨ ਲਓ ਕਿਸੇ ਨਗਰ ਵਿਚ ਇਕੋ ਸਮੇਂ ਪੰਜ ਮੁਸਾਫਰ ਪਹਿਲੀ ਵਾਰੀ ਪਹੁੰਚਦੇ ਹਨ। ਉਨ੍ਹਾਂ ਵਿਚੋਂ ਇਕ ਨਸ਼ੇੜੀ, ਦੂਜਾ ਧਾਰਮਿਕ ਬਿਰਤੀ ਵਾਲਾ ਹੈ, ਤੀਜਾ ਪੜ੍ਹਨ ਦਾ ਸ਼ੌਕੀਨ ਹੈ। ਚੌਥਾ ਖਿਡਾਰੀ ਹੈ ਅਤੇ ਪੰਜਵਾਂ ਕਾਰੋਬਾਰੀ ਹੈ। ਇਹ ਅਚੰਭਾ ਨਹੀਂ ਹੋਵੇਗਾ ਕਿ ਅਗਲੇ ਹੀ ਦਿਨ ਨਸ਼ੇੜੀ ਉਥੋਂ ਦੇ ਕੁਝ ਨਸ਼ੇੜੀ ਲੱਭ ਕੇ ਜਾਣ ਲਵੇਗਾ ਕਿ ਨਸ਼ਾ ਕਿੱਥੋਂ ਅਤੇ ਕਿਵੇਂ ਮਿਲਦਾ ਹੈ। ਧਾਰਮਿਕ ਬਿਰਤੀ ਵਾਲੇ ਨੂੰ ਅਗਲੀ ਸਵੇਰ ਤਕ ਨੇੜੇ ਪੈਂਦੇ ਧਾਰਮਿਕ ਸਥਾਨਾਂ ਦਾ ਪਤਾ ਲੱਗ ਜਾਵੇਗਾ। ਪੜ੍ਹਨ ਦਾ ਸ਼ੁਕੀਨ ਕਿਸੇ ਲਾਇਬਰੇਰੀ ਜਾਂ ਕਿਤਾਬਾਂ ਦੀ ਦੁਕਾਨ ਨੂੰ ਲੱਭ ਲਵੇਗਾ। ਖਿਡਾਰੀ ਦੇ ਪੈਰ ਉਸ ਨਗਰ ਦੇ ਕਿਸੇ ਖੇਡ ਮੈਦਾਨ ਵੱਲ ਜਾ ਰਹੇ ਹੋਣਗੇ। ਕਾਰੋਬਾਰੀ ਉਥੋਂ ਦੇ ਕਿਸੇ ਵਪਾਰੀ ਨਾਲ ਕਿਸੇ ਕਾਰੋਬਾਰ ਦੀਆਂ ਸੰਭਾਵਨਾਵਾਂ ਬਾਰੇ ਗੱਲ ਕਰਨ ਬੈਠ ਜਾਵੇਗਾ। ਬੱਸ, ਮੱਖੀਆਂ ਵਾਲੀ ਹੀ ਗੱਲ ਹੈ। ਆਮ ਮੱਖੀਆਂ ਕੂੜੇ-ਕਰਕਟ ਦੇ ਢੇਰਾਂ 'ਤੇ ਮੰਡਰਾਉਣ ਲੱਗ ਪੈਂਦੀਆਂ ਹਨ ਜਦਕਿ ਮਧੂ ਮੱਖੀਆਂ ਫੁੱਲਾਂ ਦੀ ਭਾਲ ਵਿਚ ਦੂਰ-ਦੂਰ ਤਕ ਉੱਡਦੀਆਂ ਹਨ। ਕੀ ਜੀਵਨ ਵਿਚ ਅਤੇ ਕੀ ਇਸ ਜਗਤ ਵਿਚ, ਜਿਸ ਵਸਤ ਦੀ ਤਲਾਸ਼ ਹੋਵੇਗੀ, ਉਹੋ ਹੀ ਪ੍ਰਾਪਤ ਹੋ ਸਕੇਗੀ। ਸਾਡੀ ਨਜ਼ਰ ਜਿਸ ਦਿਸ਼ਾ ਵਿਚ ਮੁੜ ਮੁੜ ਜਾਂਦੀ ਹੈ, ਉਸ ਤੋਂ ਹੀ ਸਾਡਾ ਨਜ਼ਰੀਆ ਬਣਦਾ ਹੈ। ਇਹੋ ਨਜ਼ਰੀਆ ਫਿਰ ਕਿਸੇ ਨੂੰ ਪੈਸੇ ਦਾ ਪੀਰ, ਕਿਸੇ ਨੂੰ ਘੁਮੱਕੜ, ਕਿਸੇ ਨੂੰ ਸੰਨਿਆਸੀ, ਕਿਸੇ ਨੂੰ ਖੋਜੀ, ਕਿਸੇ ਨੂੰ ਭੋਗੀ ਅਤੇ ਕਿਸੇ ਨੂੰ ਵਿਦਵਾਨ ਬਣਾ ਦਿੰਦਾ ਹੈ। ਇਸ ਤੋਂ ਅੱਗੇ ਤਾਂ ਜਾਣੋ ਅੱਖਾਂ 'ਤੇ ਆਪਣੇ ਅਨੁਭਵ ਦੀ ਐਨਕ ਹੀ ਲੱਗ ਜਾਂਦੀ ਹੈ। ਇੰਜ ਬਣੀ ਆਪਣੀ ਦ੍ਰਿਸ਼ਟੀ ਤੋਂ ਬਾਹਰ ਕੁਝ ਦਿੱਸਦਾ ਹੀ ਨਹੀਂ। ਯੁਧਿਸ਼ਟਰ ਨੂੰ ਸੰਸਾਰ ਵਿਚ ਸਾਰੇ ਸਚਿਆਰੇ ਪਰਤੀਤ ਹੁੰਦੇ ਸਨ ਅਤੇ ਦੁਰਯੋਧਨ ਨੂੰ ਸਾਰੇ ਆਪਣੇ ਵਰਗੇ ਜਾਪਦੇ ਸਨ। ਸਿੱਖਿਆ ਦਾ ਮਹੱਤਵ ਬੱਚੇ ਦੇ ਧਿਆਨ ਵਿਚ ਜੀਵਨ ਦੇ ਸੁਹਾਵਣੇ ਪੱਖਾਂ ਨੂੰ  ਲਿਆਉਣਾ ਹੁੰਦਾ ਹੈ। ਪਕੇਰੀ ਸੂਝ ਹੋਣ 'ਤੇ ਬੇਸ਼ੱਕ ਉਸ ਦੀ ਨਜ਼ਰ ਵਿਚ ਸਮਾਜ ਨੂੰ ਗ੍ਰਸਦੇ ਰੋਗਾਂ ਅਤੇ ਇਸ ਦੇ ਵਿਕਾਸ ਵਿਚ ਗਤੀਰੋਧ ਪੈਦਾ ਕਰਦੀਆਂ ਸਮੱਸਿਆਵਾਂ ਵੀ ਲਿਆਂਦੀਆਂ ਜਾ ਸਕਦੀਆਂ ਹਨ। ਬੱਚੇ ਵਿਚ ਸੁਹਜ ਭਾਵ ਅਤੇ ਜੀਵਨ ਸੂਝ ਪੈਦਾ ਕਰਨ ਲਈ ਮਾਂ ਬੋਲੀ ਦੀ ਪੜ੍ਹਾਈ ਵਿਚ ਇਸ ਪਹੁੰਚ ਨੂੰ ਪ੍ਰਮੁੱਖਤਾ ਮਿਲਦੀ ਹੈ। ਸੱਚਾ ਗੁਰੂ ਹੋਵੇ  ਜਾਂ ਚੰਗਾ ਅਧਿਆਪਕ ਜਾਂ ਕੋਈ ਸੂਝਵਾਨ       ਹਿਤੈਸ਼ੀ, ਉਸ ਦੀ ਵਡਿਆਈ ਇਸੇ ਗੱਲ ਵਿਚ ਹੁੰਦੀ ਹੈ ਕਿ ਉਹ ਸਾਡੀ ਨਜ਼ਰ ਅੱਗੇ ਪਏ ਪਰਦੇ ਨੂੰ ਹਟਾ ਕੇ ਜੀਵਨ ਦੇ ਸੁਹਜ ਅਤੇ ਸੁੰਦਰਤਾ ਤੋਂ ਸਾਨੂੰ ਸੁਜੱਗ ਕਰਦਾ ਹੈ। ਇੰਨਾ ਹੀ ਨਹੀਂ ਉਹ ਸੰਸਾਰ ਨੂੰ ਇਕ ਸਿਫ਼ਤਈ ਨਜ਼ਰ ਨਾਲ ਵੇਖਣ ਦੀ ਸੋਝੀ ਵੀ ਦਿੰਦਾ ਹੈ। ਪਿੰਡਾਂ ਦੇ ਬਜ਼ੁਰਗਾਂ ਦੀਆਂ ਟਿੱਪਣੀਆਂ ਇਸ ਪੱਖੋਂ ਵੇਖਣਯੋਗ ਹੁੰਦੀਆਂ ਹਨ। ਇਕ ਸਿਆਣਾ ਆਖੇਗਾ, ''ਇਹ ਮੁੰਡਾ ਬੜਾ ਕਾਮਾ ਹੈ। ਇਸ ਵਰਗਾ ਹਿੰਮਤੀ ਕੌਣ ਹੋ ਸਕਦਾ ਹੈ?'' ਦੂਜਾ ਕਿਸੇ ਸਕੂਲ ਜਾਂਦੀ ਬੱਚੀ ਬਾਰੇ ਟਿੱਪਣੀ ਕਰੇਗਾ, ''ਇਸ ਕੁੜੀ ਵਿਚ ਪੜ੍ਹਨ ਦੀ ਲਗਨ ਬਹੁਤ ਹੈ, ਵੇਖਣਾ ਇਹ ਆਪਣੇ ਮਾਪਿਆਂ ਅਤੇ ਪਿੰਡ ਦਾ ਨਾਂ ਰੌਸ਼ਨ ਕਰੇਗੀ।'' ਬਜ਼ੁਰਗ ਇਸਤਰੀ ਕਿਸੇ ਘਰ ਨਵੀਂ ਵਿਆਹੀ ਆਈ ਵਹੁਟੀ ਬਾਰੇ ਆਖੇਗੀ, ''ਭੈਣੇ, ਬਹੂ ਤਾਂ ਸਮਝਦਾਰ ਲੱਗਦੀ ਹੈ। ਵੇਖੀਂ ਇਸ ਘਰ ਨੂੰ ਕਿਵੇਂ ਸੰਭਾਲਦੀ ਹੈ। ਜੁੱਗ-ਜੁੱਗ ਜੀਵੇ ਅਤੇ ਵਧੇ-ਫੁੱਲੇ।'' ਕਿਸੇ ਵਿਅਕਤੀ ਦਾ ਕੱਦ-ਬੁੱਤ, ਨੈਣ-ਨਕਸ਼ ਅਤੇ ਰੰਗ ਉਸ ਦੀ ਮਰਜ਼ੀ ਅਨੁਸਾਰ ਨਹੀਂ ਹੁੰਦੇ, ਇਸ ਲਈ ਸਿਆਣੀ ਅੱਖ ਇਨ੍ਹਾਂ ਬਾਰੇ ਗੱਲ ਨਾ ਕਰਕੇ ਉਸ ਸ਼ਖਸ ਦੀਆਂ ਸੰਭਾਵਨਾਵਾਂ ਨੂੰ ਪਛਾਣਦੀ ਹੈ। ਇੰਨਾ ਹੀ ਕਿਉਂ, ਉਹ ਉਸ ਨੂੰ ਉੱਦਮੀ ਬਣ ਕੇ ਆਪਣੀਆਂ ਸਮਰੱਥਾਵਾਂ ਨੂੰ ਉੱਨਤ ਕਰਨ ਲਈ ਸਹਿਜ ਭਾਵ ਨਾਲ ਪ੍ਰੇਰਦੀ ਵੀ ਹੈ। ਕਿਸੇ ਦੇ ਔਗੁਣਾਂ ਨੂੰ ਲੱਭ-ਲੱਭ ਕੇ ਉਨ੍ਹਾਂ ਨੂੰ ਛੱਜ ਵਿਚ ਪਾ ਕੇ ਛੱਟਣ ਨਾਲ ਕਿਸੇ ਦਾ ਕੁਝ ਸੌਰਦਾ ਨਹੀਂ ਹੈ। ਬੱਸ, ਬਦਮਗਜ਼ਦੀ ਹੁੰਦੀ ਹੈ ਅਤੇ ਸਬੰਧ ਖਰਾਬ ਹੁੰਦੇ ਹਨ। ਨੁਕਤਾਚੀਨ ਸੁਆਹ ਨੂੰ ਫਲੋਰਦਾ ਖੁਦ ਆਪਣਾ ਮੂੰਹ-ਮੱਥਾ ਇਸ ਨਾਲ ਭਰਦਾ ਜਾਂਦਾ ਹੈ। ਮੇਰਾ ਜਾਣੂੰ ਇਕ ਬੰਦਾ ਸਵੇਰ ਤੋਂ ਸੰਝ ਤੀਕ ਦੂਜਿਆਂ ਦੇ ਨੁਕਸ ਛਾਂਟਦਾ ਰਹਿੰਦਾ ਸੀ। ਪਿੰਡ ਦਾ ਕੋਈ ਵੀ ਵਿਅਕਤੀ ਉਸ ਦੇ ਨੱਕ ਹੇਠ ਨਹੀਂ ਸੀ ਆਉਂਦਾ। ਦੂਜਿਆਂ ਨੂੰ ਵੇਖ ਨੱਕ-ਬੁੱਲ੍ਹ ਕੱਢਣ ਦੀ ਉਸ ਦੀ ਆਦਤ ਨੇ ਉਸ ਦਾ ਸੁਭਾਅ ਹੀ ਚਿੜਚਿੜਾ ਬਣਾ ਦਿੱਤਾ। ਇੰਨਾ ਹੀ ਨਹੀਂ ਉਸ ਦੀ ਹੱਟੀ ਵੀ ਬੰਦ ਹੋਣ ਦੇ ਕਿਨਾਰੇ ਆ ਗਈ। ਉਹ ਭੁੱਲ ਹੀ ਗਿਆ ਸੀ ਕਿ ਚੰਗਾ ਸੇਲਜ਼ਮੈਨ ਆਪਣੇ ਗਾਹਕ ਨਾਲ ਮਿੱਠਾ ਬੋਲਦਾ ਤੇ ਉਸ ਨੂੰ ਸਤਿਕਾਰ ਦਿੰਦਾ ਹੈ। ਸਿਆਣੇ ਸੁਝਾਉਣੀ ਦਿੰਦੇ ਹਨ ਕਿ ਕਿਸੇ ਬਾਰੇ ਜੇ ਚੰਗੇ ਬੋਲ ਨਹੀਂ ਸਰਦੇ ਤਾਂ ਮੰਦੇ ਨਾ ਬੋਲੋ। ਨੁਕਤਾ ਤਾਂ ਇਹ ਹੈ ਕਿ ਸਾਡੀਆਂ ਸੋਚਾਂ ਹੌਲੀ-ਹੌਲੀ ਸਾਡੇ ਸੁਭਾਅ ਦਾ ਨਿਰਮਾਣ ਕਰਦੀਆਂ ਹਨ। ਜਿਸ ਮਨੁੱਖ ਦੀ ਸੋਚ ਹਾਂਦਰੂ ਹੈ, ਜਿਹੜਾ ਖੁਸ਼ ਰਹਿਣਾ ਹੈ, ਜੀਹਦੀ ਬੋਲ-ਬਾਣੀ ਚੰਗੀ ਹੈ, ਸਹਿਜ ਹੀ ਉਸ ਦਾ ਆਚਰਣ ਇਨ੍ਹਾਂ ਗੁਣਾਂ ਸਦਕਾ ਸ਼ੋਭਨੀਕ ਬਣ ਜਾਂਦਾ ਹੈ। ਕਿਸੇ ਦੇ ਮਨ ਵਿਚ ਜਿਸ ਪ੍ਰਕਾਰ ਦੇ ਖਿਆਲ ਅਕਸਰ ਰਹਿੰਦੇ ਹਨ, ਉਹ ਅਚੇਤ ਹੀ ਉਸ ਦੀ ਮਾਨਸਿਕਤਾ ਦਾ ਅੰਗ ਬਣ ਜਾਂਦੇ ਹਨ। ਸਾਡੇ ਅਮੀਰ ਵਿਰਸੇ ਵਿਚ ਬਹੁਤ ਕੁਝ ਹੈ ਜੋ ਸਾਨੂੰ ਅੱਜ ਵੀ ਔਝੜਾਂ ਵਿਚ  ਭਟਕਣ ਤੋਂ ਬਚਾ ਸਕਦਾ ਹੈ। ਆਪਣੇ ਵਿਰਸੇ ਦੀ ਮੁੜ-ਮੁੜ ਵਡਿਆਈ ਕਰਨ ਪਿੱਛੇ ਵੀ ਭਾਵਨਾ ਇਹੋ ਹੁੰਦੀ ਹੈ ਕਿ ਸਾਡੇ ਵਡੇਰੇ ਜੀਵਨ ਸੋਝੀ ਦੀ ਜਿਹੜੀ ਖੱਟੀ ਖੱਟ ਕੇ ਸਾਨੂੰ ਦੇ ਗਏ ਹਨ, ਅਸੀਂ ਉਸ ਨੂੰ ਆਪਣੀ ਨਜ਼ਰ ਵਿਚ ਰੱਖੀਏ ਅਤੇ ਅੱਗੇ ਨੂੰ ਇਸ ਵਿਚ ਅਜਿਹਾ ਮੁੱਲਵਾਨ ਵਾਧਾ ਕਰੀਏ ਕਿ ਸਾਡੇ ਵਾਰਸਾਂ ਦਾ ਜੀਵਨ ਵੀ ਗੁਣਾਤਮਿਕ ਪੱਖੋਂ ਉਚਿਆਉਂਦਾ ਜਾਵੇ। ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਵਾਰਨ ਵਾਲੇ ਧਰਤੀ ਦੇ ਲਾਲਾਂ ਨੇ ਦੇਸ਼ ਵਾਸੀਆਂ ਲਈ ਬਹੁਤ ਸੋਹਣੇ ਜੀਵਨ ਦੀ ਕਲਪਨਾ ਕੀਤੀ ਸੀ। ਚੰਗੇ ਦੀ ਆਸ ਵਿਚ ਹੀ ਜੀਵਨ ਵਿਰੋਧੀ ਸ਼ਕਤੀਆਂ ਨਾਲ ਆਢਾ ਲਾਇਆ ਜਾ ਸਕਦਾ ਹੈ। ਜੀਵਨ ਲਈ ਅਥਾਹ ਪਿਆਰ ਸਦਕਾ ਹੀ ਕੁਰਬਾਨੀਆਂ ਕੀਤੀਆਂ ਜਾ ਸਕਦੀਆਂ ਹਨ। ਗਰੀਬੀ ਹਰ ਪ੍ਰਕਾਰ ਦਾ ਪਛੜੇਵਾਂ, ਭਾਂਤ-ਭਾਂਤ ਦੇ ਵਿਤਕਰੇ ਅਤੇ ਜੀਵਨ ਦੀ ਹਰਿਆਵਲ ਨੂੰ ਝੁਲਸਦੀਆਂ ਹਾਲਤਾਂ ਦੇ ਵਿਰੁੱਧ ਜਦੋ-ਜਹਿਦ ਵੀ ਕਿਸੇ ਸੋਹਣੇ ਸੁਫਨੇ ਦੇ ਲੜ ਲੱਗ ਕੇ ਹੀ ਕੀਤੀ ਜਾ ਸਕਦੀ ਹੈ। ਅੱਜ ਜਦੋਂ ਧਰਤੀ 'ਤੇ ਤਪਸ਼ ਵੱਧ ਗਈ ਹੈ। ਪੀਣ ਵਾਲੇ ਪਾਣੀ ਦੀ ਚਿੰਤਾ ਸਤਾਉਣ ਲੱਗ ਪਈ ਹੈ। ਤਰ੍ਹਾਂ-ਤਰ੍ਹਾਂ ਦਾ ਕੰਨ ਪਾੜਵਾਂ ਸ਼ੋਰ ਸਾਨੂੰ ਬੋਲਾ ਕਰ ਰਿਹਾ ਹੈ। ਸ਼ਹਿਰੀ ਵਸੇਬਿਆਂ ਦੇ ਬਹੁਤੇ ਭਾਗਾਂ ਵਿਚ ਚਾਰ ਕਦਮ ਪੈਦਲ ਚੱਲਣ ਲਈ ਜਾਂ ਬਾਲ-ਬਾਲੜੀਆਂ ਦੇ ਖੁੱਲ੍ਹੇ ਦੌੜਨ ਖੇਡਣ ਲਈ ਥਾਂ ਹੀ ਨਹੀਂ ਬਚ ਰਹੀ। ਇੰਜ ਜਾਪਦਾ ਹੈ ਕਿ ਅਸੀਂ ਇਕ ਆਤਮਘਾਤੀ ਅਮਲ ਦੇ ਭਾਗੀ ਬਣ ਰਹੇ ਹਾਂ। ਸੋਹਣੇ ਜੀਵਨ ਦੇ ਅਰਥ ਸਾਡੀ ਸਮਝ ਤੋਂ ਪਰੇ ਹੋ ਰਹੇ ਹਨ। ਇਸ ਕਾਰਨ ਸਾਨੂੰ ਸੁੱਕਣੇ ਪਾ ਰਹੀਆਂ ਸਮੱਸਿਆਵਾਂ ਵੱਲ ਵੀ ਸਾਡਾ ਧਿਆਨ ਨਹੀਂ ਜਾ ਰਿਹਾ। ਬੜੇ ਫਿਕਰ ਦੀ ਗੱਲ ਹੈ ਕਿ ਅਸੀਂ ਆਪਣੀਆਂ ਪੀੜ੍ਹੀਆਂ ਲਈ ਕਿਹੋ ਜਿਹਾ ਜਹਾਨ ਛੱਡ ਕੇ ਜਾਵਾਂਗੇ। ਠੀਕ ਰਾਹ ਦੀ ਸੋਝੀ ਅਤੇ ਰਾਹ ਦੀਆਂ ਰੁਕਾਵਟਾਂ ਦੀ ਜਾਣਕਾਰੀ ਅਤੇ ਰਾਹ ਪੱਧਰਾ ਕਰਨ ਦੀ ਹਿੰਮਤ ਅੱਜ ਦੇ ਸਮੇਂ ਦੀ ਲੋੜ ਹੈ। ਸਾਡੇ ਆਲੇ-ਦੁਆਲੇ ਵਿਚ ਅਜੇ ਵੀ ਜੋ ਕੁਝ ਸੁਹਾਵਣਾ ਅਤੇ ਦਿਲਕਸ਼ ਹੈ, ਉਸ ਨੂੰ ਸਰਾਹੁਣਾ ਬਣਦਾ ਹੈ ਤਾਂ ਜੁ ਇਹ ਵਧੇ ਫੁਲੇ। ਮੇਰੇ ਗੁਆਂਢ ਵਿਚ ਇਕ ਪੋ੍ਰਫੈਸਰ ਕਿਰਾਏ 'ਤੇ ਰਹਿੰਦੇ ਹਨ। ਬੜਾ ਚੰਗਾ ਲੱਗਿਆ ਕਿ ਆਂਢ-ਗੁਆਂਢ ਵਿਚ ਕੋਈ ਮਾੜਾ ਧੰਦਾ ਕਰਨ ਵਾਲਾ ਨਹੀਂ, ਬਲਕਿ ਪੜ੍ਹਿਆ-ਲਿਖਿਆ ਮਿਹਨਤੀ ਇਨਸਾਨ ਆ ਕੇ ਰਹਿਣ ਲੱਗਿਆ ਹੈ। ਭਾਵੇਂ ਕਿਸੇ ਦਾ ਪੋ੍ਰਫੈਸਰ ਹੋਣਾ ਹੀ ਉਸ ਨੂੰ ਚੰਗਾ ਗੁਆਂਢੀ ਸਾਬਤ ਨਹੀਂ ਕਰਦਾ ਐਪਰ ਉਸ ਸੱਜਣ ਦੇ ਆਚਾਰ-ਵਿਹਾਰ ਵਿਚ ਜ਼ਾਹਿਰ ਹੁੰਦੀਆਂ ਉਸ ਦੀਆਂ ਸ਼ਖਸੀ ਖੂਬੀਆਂ ਸਾਂਝੀਆਂ ਕਰਨਯੋਗ ਹਨ। ਉਸ ਦੇ ਪੁੱਤਰ ਦਾ ਬੂਟੇ ਨੂੰ ਪਾਣੀ ਦੇਣਾ ਹੈ। ਇਕ ਦਿਨ ਤਾਂ ਹੱਦ ਹੀ ਹੋ ਗਈ, ਪ੍ਰੋਫੈਸਰ ਸਾਹਿਬ ਨੇ ਆਪਣੇ ਘਰ ਦੀਆਂ ਹੱਦਾਂ ਤੋਂ ਕੁਝ ਪਰੇ ਤੀਕ ਵਿਹਲੀ ਪਈ ਥਾਂ ਦੀ ਸਫਾਈ ਕਰਾਉਣੀ ਸ਼ੁਰੂ ਕਰ ਦਿੱਤੀ। ਪੁੱਛਣ 'ਤੇ ਉਸ ਨੇ ਦੱਸਿਆ ਕਿ ਅੱਜ ਸਾਡੇ ਵਿਆਹ ਦਾ ਦਿਨ ਹੈ। ਪਰਿਵਾਰ ਵਿਚ ਆਏ ਖੁਸ਼ੀ ਦੇ ਤਿੰਨਾਂ ਮੌਕਿਆਂ 'ਤੇ ਨਾ ਕੋਈ ਪਾਰਟੀ ਕੀਤੀ ਗਈ ਅਤੇ ਨਾ ਕੋਈ ਹੋਰ ਸਮਾਗਮ। ਆਪਣਾ ਆਲਾ-ਦੁਆਲਾ ਸੁੰਦਰ ਬਣਾਉਣ ਦਾ ਉਸ ਦਾ ਇਹ ਅਨੋਖਾ ਢੰਗ ਵੇਖ ਕੇ ਜਾਪਿਆ ਕਿ ਇਸ ਇਨਸਾਨ ਦੀਆਂ ਸੋਹਣੀਆਂ ਸੋਚਾਂ ਸਮੇਂ ਦੇ ਹਾਣ ਦੀਆਂ ਹੋਣ ਦੇ ਨਾਲ-ਨਾਲ ਰਾਹ ਵਿਖਾਊ ਵੀ ਹਨ। ਵਧੇਰੇ ਲੁਭਾਉਣੀ ਗੱਲ ਇਹ ਜਾਪੀ ਇਸ ਪਰਿਵਾਰ ਦਾ ਬੱਚਾ ਇਹ ਚੰਗੀਆਂ ਤੇ ਸੁਹੰਦੜ ਗੱਲਾਂ ਸੰਸਕਾਰ ਰੂਪ ਵਿਚ ਸਹਿਜ ਹੀ ਗ੍ਰਹਿਣ ਕਰ ਲਵੇਗਾ। ਅਜਿਹੀ ਜੀਵਨ ਸਮਝ ਅਜੋਕੇ ਸਮਾਜ ਦੀ ਵੱਡੀ ਲੋੜ ਹੈ। ਕਿਸੇ ਚੀਜ਼ ਦੀ ਸੱਚੀ ਪ੍ਰਸੰਸਾ ਦਾ ਪਹਿਲਾ ਲਾਭ ਪ੍ਰਸੰਸਕ ਨੂੰ ਹੀ ਹੁੰਦਾ ਹੈ। ਉਸ ਦੀ ਸੁਹਜ ਭਾਵਨਾ ਵਿਚ ਵਾਧਾ ਹੁੰਦਾ ਹੈ ਅਤੇ ਮਾਰੂ ਤਣਾਉ ਤੋਂ ਮੁਕਤੀ ਮਿਲਦੀ ਹੈ। ਮਸਲਨ ਚੰਡੀਗੜ੍ਹ ਜਿਹੇ ਸ਼ਹਿਰ ਵਿਚ ਬੱਸ 'ਤੇ ਘੁੰਮਦਿਆਂ ਅਗਰ ਕੋਈ ਉਥੇ ਦੀਆਂ ਸੋਹਣੀਆਂ ਸੜਕਾਂ, ਚੁਫੇਰੇ ਬਿਰਛਾਂ-ਬੂਟਿਆਂ ਦੀ ਹਰਿਆਵਲ, ਫੁੱਲਾਂ ਨਾਲ ਭਰੇ ਚੌਕ ਅਤੇ ਪਾਰਕਾਂ, ਇਮਾਰਤਸਾਜ਼ੀ ਦੇ ਕਮਾਲ ਅਤੇ ਬੇਝਿਜਕ ਘੁੰਮਦੇ ਫਿਰਦੇ ਲੋਕ ਵੇਖਣ ਨੂੰ ਚੰਗੇ ਲੱਗਦੇ ਹਨ ਤਾਂ ਮੂੰਹੋਂ 'ਵਾਹ' ਆਖ ਆਪਣਾ ਸਫਰ ਵਧੀਆ ਬਣਾ ਲੈਂਦਾ ਹੈ ਤਾਂ ਇਸ ਵਿਚ ਕੀ ਹਾਨੀ ਹੈ? ਤਨ-ਮਨ ਦੀ ਥਕਾਵਟ ਲਾਹੁੰਦਾ ਇਹ ਦੋ ਅੱਖਰਾ ਸ਼ਬਦ ਮੂੰਹੋ ਕੱਢਣ ਲਈ ਕਿਸੇ ਨੂੰ ਚੰਡੀਗੜ੍ਹ ਵਿਚ ਕੋਠੀ-ਮਾਲਿਕ ਜਾਂ ਕਰੋੜਪਤੀ ਹੋਣ ਦੀ ਕੋਈ ਸ਼ਰਤ ਨਹੀਂ ਹੈ। ਇਹ ਰੀਝਾਂ ਵੀ ਬੇਸ਼ੱਕ ਆਪਣੇ ਸੁਫਨਿਆਂ ਵਿਚ ਸਜਾ ਲਈਆਂ ਜਾਣ ਪਰ ਸੰਸਾਰ ਵਿਚ ਜੋ ਕੁਝ ਸੋਹਣਾ ਅਤੇ ਮਨੋਹਰ ਹੈ, ਉਸ ਸਾਰੇ ਨੂੰ ਸਿਫਤਈ ਨਜ਼ਰ ਨਾਲ ਵੇਖਣ ਲਈ ਉਸ ਦਾ ਮਾਲਕ ਬਣਨ ਦੀ ਲੋੜ ਨਹੀਂ। ਸਿਕੰਦਰ ਨੇ ਸਾਰੀ ਦੁਨੀਆਂ ਨੂੰ ਜਿੱਤਣ ਦੀ ਸੋਚੀ ਸੀ। ਉਸ ਦੇ ਸਿਰਤੋੜ ਯਤਨ ਕਰਨ 'ਤੇ ਵੀ ਉਸ ਦੀ ਇਹ ਅਕਾਂਖਿਆ ਅਧੂਰੀ ਰਹੀ। ਦੁੱਖ ਦੀ ਗੱਲ ਇਹ ਹੈ ਕਿ ਉਹ ਇਸ ਰਚਨਾ ਦੀ ਸੁੰਦਰਤਾ ਦੇ ਵਾਰੇ-ਵਾਰੇ ਜਾਣ ਲਈ ਫੁਰਸਤ ਦੇ ਦੋ ਪਲ ਵੀ ਨਾ ਕੱਢ ਸਕਿਆ। ਅੱਜ ਖਪਤ ਸਭਿਆਚਾਰ ਸਾਡੇ ਸੁਹਜ ਅਤੇ ਸੁੰਦਰਤਾ ਦੇ ਮਾਪ-ਦੰਡਾਂ ਨੂੰ ਬਦਲਣ 'ਤੇ ਤੁਲੀ ਹੋਈ ਹੈ। ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਦਾ ਵੀ ਇਕ ਭਾਗ ਇਸ ਦੇ ਨਾਲ ਜੁੜਿਆ ਹੋਇਆ ਹੈ। ਇਸ ਦੇ ਪ੍ਰਭਾਵ ਸਦਕਾ ਹੀ ਵੱਡੀਆਂ ਕੰਪਨੀਆਂ ਦੇ ਬ੍ਰਾਂਡ ਦੇ ਕੱਪੜੇ ਪਹਿਨ ਕੇ ਹੀ ਇੱਜ਼ਤ ਅਤੇ ਸ਼ਾਨ ਵਧਦੀ ਸਮਝੀ ਜਾਂਦੀ ਹੈ। ਸਜਗ ਨਾ ਰਹੀਏ ਤਦ ਸਾਡੀਆਂ ਪਸੰਦਾਂ ਤੇ ਤਰਜੀਹਾਂ ਵੀ ਬਾਜ਼ਾਰ ਅਨੁਸਾਰ ਹੀ ਹੋਣਗੀਆਂ। ਸਾਡੀ ਨਜ਼ਰ ਦਾ ਕੋਣ ਹੀ ਬਦਲ ਜਾਵੇਗਾ। ਅੱਜ ਵੀ ਤਾਰਿਆਂ ਭਰੀ ਰਾਤ, ਚੰਨ-ਚਾਨਣੀ, ਪੰਛੀਆਂ ਦਾ ਰੰਗ-ਰੂਪ ਤੇ ਪਿਆਰੀਆਂ ਆਵਾਜ਼ਾਂ, ਅੰਮ੍ਰਿਤ ਵੇਲੇ ਦੀ ਸ਼ਾਂਤੀ, ਟਿਕੇ ਵਗਦੇ ਪਾਣੀਆਂ ਨੂੰ ਤੱਕਣਾ, ਆਦਿ ਸਾਡੀਆਂ ਚਾਹਤਾਂ ਨਹੀਂ ਰਹੀਆਂ। ਵਿਡੰਬਣਾ ਇਹ ਹੈ ਕਿ ਮੱਛੀ ਪਾਣੀ ਤੋਂ ਬਾਹਰ ਸੁੱਟੇ ਜਾਣ 'ਤੇ ਹੀ ਪਾਣੀ ਦੇ ਮੁੱਲ ਨੂੰ ਸਮਝਦੀ ਹੈ। ਕੀ ਸਾਨੂੰ ਵੀ ਬਹੁਤ ਕੁਝ ਗੁਆ ਕੇ ਸੋਝੀ ਆਉਣ ਦੇ ਰਾਹ ਤੁਰਨਾ ਹੋਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All