ਸਾਡੇ ਸਮਿਆਂ ਦੀ ਅਹਿਮ ਰਚਨਾ ਮਿਲਕਮੈਨ

ਸਾਡੇ ਸਮਿਆਂ ਦੀ ਅਹਿਮ ਰਚਨਾ ਮਿਲਕਮੈਨ

ਅੰਗਰੇਜ਼ੀ ਲੇਖਕ ਐਨਾ ਬਰਨਜ਼ ਦਾ ਨਾਵਲ ‘ਮਿਲਕਮੈਨ’ ਉਸ ਸਮੇਂ ਸੁਰਖੀਆਂ ਵਿਚ ਆਇਆ ਸੀ ਜਦੋਂ ਪਿਛਲੇ ਵਰ੍ਹੇ ਪੱਛਮ ਵਿਚ ਔਰਤਾਂ ਦੇ ‘ਮੀ ਟੂ’ ਬਾਰੇ ਰੌਲਾ ਪਿਆ ਸੀ। ਹੁਣ ਜਦੋਂ ‘ਮੀ ਟੂ’ ਦਾ ਤੂਫ਼ਾਨ ਭਾਰਤ ਸਮੇਤ ਪੂਰੀਆਂ ਦੁਨੀਆਂ ਨੂੰ ਆਪਣੇ ਘੇਰੇ ’ਚ ਲੈ ਰਿਹਾ ਹੈ ਤਾਂ ਏਸ ਸਮੱਸਿਆ ’ਤੇ ਆਧਾਰਿਤ ਨਾਵਲ (ਮਿਲਕਮੈਨ) ਨੂੰ ਬੁੱਕਰ ਪੁਰਸਕਾਰ ਨਾਲ ਨਿਵਾਜਿਆ ਜਾਣਾ ਆਪਣੇ ਆਪ ਵਿਚ ਅਜਿਹੀ ਘਟਨਾ ਹੈ ਜੋ ਉਦੋਂ ਹਮੇਸ਼ਾ ਹੀ ਵਾਪਰਦੀ ਹੈ ਜਦੋਂ ਸਾਹਿਤ ਦੀ ਮਾਨਵੀ ਸਰੋਕਾਰੀ ਦੀ ਪੇਸ਼ਕਾਰੀ ਦੀ ਸਮਾਜ ਨੂੰ ਬੇਹੱਦ ਜ਼ਰੂਰਤ ਹੁੰਦੀ ਹੈ। ਆਇਰਿਸ਼ ਲੇਖਕ ਐਨਾ ਨੇ ਕਿਹਾ- ਕਿਸੇ ਤਾਕਤਵਰ ਦੇ ਹੱਥੋਂ ਕਿਸੇ ਯੁਵਤੀ ਦਾ ਜਿਨਸੀ ਸ਼ੋਸ਼ਣ ਉਸ ਤੋਂ ਕਈ ਗੁਣਾ ਵਧੇਰੇ ਮਾਨਸਿਕ ਸ਼ੋਸ਼ਣ ਨੂੰ ਵਧਾਉਂਦਾ ਹੈ। ਇਹ ਮੌਤ ਹੈ। ਉਹ ਮਾਨਸਿਕ ਪੀੜਾ ਅੱਜ ਦੀ ਔਰਤ ਦੀ ਮੁੱਖ ਤ੍ਰਾਸਦੀ ਹੈ। ਅਮਰੀਕੀ ਤੇ ਕੈਨੇਡੀਆਈ ਲੇਖਕਾਂ ਨੂੰ ਪਛਾੜਨ ਵਾਲੀ 56 ਵਰ੍ਹਿਆਂ ਦੀ ਬੇਬਾਕ ਲੇਖਕ ਐਨਾ ਬਰਨਜ਼ ਨੇ ਇਸ ਨਾਵਲ ਨੂੰ ਏਨੀ ਸ਼ਿੱਦਤ ਨਾਲ ਰਚਿਆ ਹੈ ਕਿ ਇਹ ਸਾਡੇ ਸਮਿਆਂ ਦਾ ਸੱਚ ਹੋ ਨਿਬੜਿਆ ਹੈ ਤੇ ਸਾਡੇ ਸਮਾਜ ਦੇ ਕਥਿਤ ਸਭਿਅਤ ਲੋਕਾਂ ਨੂੰ ਕਟਹਿਰੇ ਵਿਚ ਖੜ੍ਹਾ ਕਰਦਾ ਹੈ। ਬੁੱਕਰ ਪੁਰਸਕਾਰ ਦੀ ਜਿਊਰੀ ਦੀ ਇਕ ਮੈਂਬਰ ਨੇ ਇਸ ਨਾਵਲ ਬਾਰੇ ਏਨੀ ਸ਼ਿੱਦਤ ਨਾਲ ਲਿਖਿਆ ਹੈ ਕਿ ਉਸ ਦੀ ਸ਼ੈਲੀ ਨਾਲ ਨਾਲ ਕਥਾ-ਰਸ ਦੀ ਪਹਿਚਾਣ ਦਿੱਖ ਵੀ ਵਹਿ ਗਈ। ਉਸ ਨੇ ਆਪਣੀ ਟਿੱਪਣੀ ਵਿਚ ਕਿਹਾ ਕਿ ਇਸ ਪੁਸਤਕ ਵਿਚ ਮਾਨਵੀ ਕਰੂਰਤਾ ਦੇ ਅਦਭੁਤ ਨਮੂਨੇ ਹਨ, ਕਿਰਦਾਰਾਂ ਦੀ ਕਿਰਦਾਰਕਸ਼ੀ ਇਸ ਢੰਗ ਨਾਲ ਕੀਤੀ ਗਈ ਹੈ ਕਿ ਇਹ ਜਿਨਸੀ ਸ਼ੋਸ਼ਣ ਵਰਗੀਆਂ ਘਟਨਾਵਾਂ ਨੂੰ ਏਨੀ ਖ਼ਾਮੋਸ਼ੀ ਤੇ ਪੀੜਾ ਨਾਲ ਬਿਆਨ ਕਰਦੇ ਹਨ ਕਿ ਆਦਮੀ ਯਾਨੀ ਪਾਠਕ ਸੁੰਨ ਹੋ ਜਾਂਦਾ ਹੈ ਤੇ ਇਹ ਸੋਚਣ ਲਈ ਮਜਬੂਰ ਹੁੰਦਾ ਹੈ ਕਿ ਵਾਕਈ ਕੀ ਇਸ ਤਰ੍ਹਾਂ ਹੁੰਦਾ ਹੈ! ਇਹ ਵਿਸ਼ਵ ਦੇ ਸ਼ਕਤੀਸ਼ਾਲੀ ਸਮਾਜ ਦੀਆਂ ਔਰਤਾਂ ਦੀ ਤ੍ਰਾਸਦੀ ਨੂੰ ਸਾਡੇ ਸਮਿਆਂ ਵਿਚ ਬੇਬਾਕੀ ਨਾਲ ਬਿਆਨ ਕਰਦੀ ਹੈ।

ਡਾ. ਕ੍ਰਿਸ਼ਨ ਕੁਮਾਰ ਰੱਤੂ

ਐਨਾ ਬਰਨਜ਼ ਦੀਆਂ ਪਹਿਲੀਆਂ ਦੋਵੇਂ ਕਿਤਾਬਾਂ- ‘ਨੋ ਬੋਨਜ਼’ ਅਤੇ ‘ਲਿਟਲ ਕੰਸਟਰੱਕਸ਼ਨ’ ਨੇ ਖ਼ੂਬ ਪ੍ਰਸਿੱਧੀ ਖੱਟੀ ਸੀ। ‘ਨੋ ਬੋਨਜ਼’ ਲਈ ਉਸ ਨੇ ਰਾਇਲ ਸੁਸਾਇਟੀ ਆਫ ਲਿਟਰੇਚਰ ਦਾ ਵਿਨੀਫਰੈੱਡ ਪੁਰਸਕਾਰ ਵੀ ਜਿੱਤਿਆ, ਪਰ ਬੁੱਕਰ ਪੁਰਸਕਾਰ ਦੀ ਪ੍ਰਾਪਤੀ ਨੇ ਐਨਾ ਨੂੰ ਦੁਨੀਆਂ ਦੇ ਬਿਹਤਰੀਨ ਲੇਖਕਾਂ ਦੀ ਕਤਾਰ ਵਿਚ ਲਿਆ ਖੜ੍ਹੀ ਕੀਤਾ ਹੈ। ਇਹ ਨਾਵਲ ਪੜ੍ਹਦਿਆਂ ਮੈਨੂੰ ਵਾਰ ਵਾਰ ਇਹ ਲੱਗਿਆ ਸੀ ਕਿ ਤਸਲੀਮਾ ਨਸਰੀਨ ਤੇ ਸਲਮਾਨ ਰਸ਼ਦੀ ਵਰਗੇ ਲੇਖਕਾਂ ਤੋਂ ਉਪਰ ਉੱਠ ਕੇ ਆਪਣੀ ਖ਼ਾਮੋਸ਼ੀ ਵਾਲੀ ਸਾਦੀ ਵਾਰਤਕ ਵਿਚ ਰਿਸ਼ਤਿਆਂ ਦੀ ਪੀੜਾ ਦੀ ਤ੍ਰਾਸਦੀ ਬਿਆਨੀ ਜਾ ਸਕਦੀ ਹੈ ਤਾਂ ਮਿਲਕਮੈਨ ਇਸ ਦੀ ਵਧੀਆ ਮਿਸਾਲ ਹੈ। ਆਪਣੇ ਕਿਰਦਾਰਾਂ ਬਾਰੇ ਆਪਣੀ ਇਕ ਇੰਟਰਵਿਊ ਵਿਚ ਉਹ (ਐਨਾ ਬਰਨਜ਼) ਕਹਿੰਦੀ ਹੈ: ‘‘ ਮੈਨੂੰ ਨਹੀਂ ਪਤਾ ਮਾਨਵਤਾ ਕੀ ਹੁੰਦੀ ਹੈ ਕਿਉਂਕਿ ਇਹ ਹਮੇਸ਼ਾਂ ਆਦਮੀ ਦੀ ਹੈਵਾਨੀਅਤ ਦੇ ਪਰਦੇ ਪਿੱਛੇ ਲੁਕੀ ਰਹਿੰਦੀ ਹੈ ਤੇ ਇਹ ਸਮਾਜ ਇਸ ਤਰ੍ਹਾਂ ਹੀ ਇਹ ਸਾਰੇ ਰਿਸ਼ਤੇ ਨਿਭਾਉਂਦਾ ਸਦੀਆਂ ਤੋਂ ਚਲਦਾ ਰਹਿੰਦਾ ਹੈ।’’ ਮਜ਼ੇਦਾਰ ਗੱਲ ਇਹ ਹੈ ਕਿ ਇਸ ਇੰਟਰਵਿਊ ਵਿਚ ਐਨਾ ਨੇ ਅੱਗੇ ਜੋ ਕਿਹਾ, ਉਸ ਨੂੰ ਸੁਣ ਕੇ ਮਾਨਵੀ ਨਸਲਾਂ ਦਾ ਸਿਰ ਸ਼ਰਮ ਨਾਲ ਝੁਕ ਜਾਣਾ ਚਾਹੀਦਾ ਹੈ ਕਿਉਂਕਿ ਇਹ ਸਾਰਾ ਕੁਝ ਸਾਡੇ ਅੱਜ ਦੇ ਸਿਸਟਮ ਦਾ ਹਿੱਸਾ ਬਣ ਗਿਆ ਹੈ। ਉਹਨੇ ਦੱਸਿਆ- ‘‘ਮੈਂ ਜਦੋਂ ਆਪਣਾ ਨਾਵਲ ਮਿਲਕਮੈਨ ਲਿਖ ਰਹੀ ਸਾਂ ਤਾਂ ਮੈਨੂੰ ਨਹੀਂ ਪਤਾ ਮੇਰੇ ’ਚ ਏਨੀ ਤਾਕਤ ਕਿੱਥੋਂ ਆ ਗਈ ਕਿ ਮੈਂ ਨਾਵਾਂ ਨਾਲ ਪਾਤਰਾਂ ਨੂੰ ਸਿਰਜਿਆ ਜੋ ਮੇਰੇ ਆਂਢ-ਗੁਆਂਢ ਵਿਚ ਹੀ ਸਨ। ਪਰ ਬਾਅਦ ਵਿਚ ਮੈਂ ਉਨ੍ਹਾਂ ਤੋਂ ਆਪਣੇ ਇਹ ਨਾਂ ਵਾਪਸ ਲੈ ਕੇ ਵਾਰਤਕ ਰੂਪ ਵਿਚ ਘਟਨਾਵਾਂ ਦੇ ਦੌਰ ਵਾਂਗ ਉਲੀਕਿਆ। ਪਰ ਸ਼ੋਸ਼ਣ ਤਾਂ ਸ਼ੋਸ਼ਣ ਹੈ ਤੇ ਉਹ ਆਦਮੀ ਵਿਸ਼ੇਸ਼ ਕਰਕੇ ਔਰਤਾਂ ਨੂੰ ਤਾਂ ਖ਼ਤਮ ਹੀ ਕਰ ਦਿੰਦਾ ਹੈ। ਉਨ੍ਹਾਂ ਨੂੰ ਜੇਕਰ ਜ਼ਿੰਦਾ ਰਹਿਣਾ ਹੈ ਤਾਂ ਆਪਣੀ ਆਵਾਜ਼ ਉਠਾਉਣੀ ਹੀ ਹੋਵੇਗੀ।’’ ਅੱਜ ਜਦੋਂ ਇਹ ਕਿਹਾ ਜਾ ਰਿਹਾ ਹੈ ਕਿ ਸਾਹਿਤ ਦੀ ਦੁਨੀਆਂ ਛੋਟੀ ਹੁੰਦੀ ਜਾ ਰਹੀ ਹੈ ਤਾਂ ਬਰਤਾਨਵੀ ਸਿਆਸਤਦਾਨਾਂ ਬਾਰੇ ਇਹ ਟਿੱਪਣੀ ਕਿ ਉਹ ਸਾਹਿਤ ਪੜ੍ਹਦੇ ਨੇ, ਇਸ ਸੰਦਰਭ ’ਚ ਕੀਤੀ ਗਈ ਹੈ ਕਿ ਇਸ ਨਾਵਲ ਬਾਰੇ ਬਹੁਤ ਸਾਰੇ ਬ੍ਰਿਟਿਸ਼ ਬਿਆਨ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਬਹੁਤ ਸਾਰੇ ਸਿਆਸਤਦਾਨਾਂ ਨੇ ਇਸ ਨੂੰ ਸਮੇਂ ਦੀ ਚੋਣ ਗਰਦਾਨਿਆ ਹੈ। ਇਹ ਕਿਹਾ ਗਿਆ ਹੈ ਕਿ ਬਰਤਾਨਵੀ ਸੰਸਦ ਤੇ ਕੈਬਨਿਟ ’ਚ ਕਈ ਪੁਸਤਕ ਪਾਠਕ ਤੇ ਵਿਸ਼ਾ ਮਾਹਿਰ ਵੀ ਹਨ। ਉੱਤਰੀ ਆਇਰਲੈਂਡ ਇਤਿਹਾਸ ’ਚ ਵਸਿਆ ਹੋਇਆ ਸਮਾਜ ਜਿਸ ਤਰ੍ਹਾਂ ਅੱਜ ਵੀ ਔਰਤਾਂ ਬਾਰੇ ਪੱਛਮੀ ਆਜ਼ਾਦੀ ਦਾ ਮੁਖੌਟਾ ਪਹਿਨ ਕੇ ਖਿੱਲੀ ਉਡਾਉਂਦਾ ਹੈ, ਇਹ ਪੁਸਤਕ ਇਸ ਦਾ ਸ਼ੀਸ਼ਾ ਦਿਖਾਉਂਦੀ ਹੈ। 18 ਸਾਲਾ ਕੁੜੀ ਦੇ 41 ਵਰ੍ਹਿਆਂ ਦੇ ਆਦਮੀ ਵੱਲੋਂ ਜਿਨਸੀ ਸ਼ੋਸ਼ਣ ਦੀ ਇਸ ਦਾਸਤਾਨ ਨੇ ਸਾਡੇ ਰਾਜਨੀਤਕ ਤੇ ਸਭਿਆਚਾਰਕ ਮੁੱਲਾਂ ਦਾ ਤਾਣਾ-ਬਾਣਾ ਸਾਡੇ ਸਾਹਮਣੇ ਬਿਖੇਰ ਦਿੱਤਾ ਹੈ। ਮਾਨਵੀ ਸਬੰਧਾਂ ਦੀਆਂ ਪਰਤਾਂ ਜੋ ਰਿਸ਼ਤਿਆਂ ਦੀ ਮਹਿਕ ਹੁੰਦੀਆਂ ਹਨ- ਇੱਥੇ ਹੈਵਾਨੀਅਤ ਤੇ ਗੈਂਗ ਦਾ ਰੂਪ ਲੈਂਦੀਆਂ ਹਨ ਅਤੇ ਸ਼ੋਸ਼ਣ ਦਾ ਯਥਾਰਥ ਪੇਸ਼ ਕਰਦੀਆਂ ਹਨ। ਇਹ ਵੀ ਸੱਚ ਹੈ ਕਿ ਐਨਾ ਦੇ ਇਸ ਨਾਵਲ ਨੂੰ ‘ਮੁਸ਼ਕਿਲ’ ਸ਼ੈਲੀ ਵਿਚ ਲਿਖਿਆ ਨਾਵਲ ਕਿਹਾ ਗਿਆ ਹੈ, ਪਰ ਪਿਛਲੇ ਵਰ੍ਹੇ ਜਦੋਂ ਇਹ ਮੈਨੂੰ ਰੀਵਿਊ ਲਈ ਮਿਲਿਆ ਸੀ ਤਾਂ ਏਨੀ ਰੁੱਖੀ ਸ਼ੈਲੀ ਤੇ ਸਿੱਧੀ ਸਪਾਟ ਬਿਆਨੀ ਵਿਚ ਸੀ ਕਿ ਪੜ੍ਹਨੀ ਮੁਸ਼ਕਿਲ ਸੀ। ਪਰ ਇਸ ਦਾ ਕਥਾ-ਰਸ ਤੇ ਸ਼ੈਲੀ ਦੀ ਸਾਦਗੀ ਦੀ ਰਵਾਨੀ ਏਨੀ ਕਿ ਪਾਠਕ ਅਸ਼-ਅਸ਼ ਕਰ ਉੱਠੇ। ਇਹ ਸਾਡੇ ਸਮਿਆਂ ਦੀ ਸੱਚਮੁੱਚ ਬੇਬਾਕ ਤੇ ਵੱਕਾਰੀ ਰਚਨਾ ਹੈ ਕਿਉਂਕਿ ਜਿਸ ਵੀ ਸਮੇਂ ਵਿਚ ਅਜਿਹੀਆਂ ਕਥਾਵਾਂ ਕਾਗਜ਼ ’ਤੇ ਉਕੇਰੀਆਂ ਗਈਆਂ ਹਨ ਉਹ ਚਰਚਾ ਵਿਚ ਆਈਆਂ ਹਨ। ਇਸ ਨੂੰ ਪੜ੍ਹਨਾ ਸਮਾਜ ਦੀ ਪਗਡੰਡੀ ’ਤੇ ਟਾਰਚ ਤੇ ਕੰਪਾਸ ਲੈ ਕੇ ਚੱਲਣ ਵਾਂਗ ਹੈ। ਇਸ ਨਾਵਲ ਦਾ ਕਥਾ-ਸੰਸਾਰ ਬਾਗ਼ ਵਿਚ ਪਾਤਰਾਂ ਦੀ ਰੋਮਾਨੀ ਯਾਤਰਾ ਨਹੀਂ ਸਗੋਂ ਜੰਗਲ ਵਿਚ ਭਟਕਦੇ ਆਪਣੀ ਆਪਣੀ ਜਾਨ ਬਚਾਉਂਦੇ ਹੋਏ ਜਾਨਵਰਾਂ ਦੀ ਭੱਜ-ਦੌੜ ਹੈ। ਇਹ ਵਾਤਾਵਰਨ ਤੁਹਾਨੂੰ ਗੁੱਸੇ ਨਾਲ ਭਰ ਦਿੰਦਾ ਹੈ ਜਿਹੜਾ ਤੁਹਾਨੂੰ ਸਮਾਜਿਕ ਹਨੇਰੇ ਵਿਰੁੱਧ ਲੜਨ ਦੀ ਅਦਭੁੱਤ ਤਾਕਤ ਦਿੰਦਾ ਹੈ। ‘ਮਿਲਕਮੈਨ’ ਨੂੰ ਪ੍ਰਯੋਗਵਾਦੀ ਨਾਵਲ ਵੀ ਕਿਹਾ ਗਿਆ ਹੈ। ਮੁੱਖ ਪਾਤਰ ਜੋ ਅਸਲ ਵਿਚ ਨਾਵਲ ਦੀ ਕਥਾ ਦਾ ਸੂਤਰਧਾਰ ਵੀ ਹੈ, ਆਪਣੀ ਇਸੇ ਭਾਸ਼ਣਾਂ ਨਾਲ ਭਰੀ ਅਕਾਊ ਸ਼ੈਲੀ ਵਿਚ ਹੀ ਕਈ ਰਿਸ਼ਤਿਆਂ ਨੂੰ ਆਪਣੇ ਅੰਦਰ ਸਮੇਟਦਾ ਹੈ ਅਤੇ ਇਕ ਸਾਇਕੋ-ਪੋਲੀਟੀਕਲ ਮਾਹੌਲ ਬਿਆਨਦਾ ਹੈ। ਤੁਸੀਂ ਪਾਣੀ ’ਤੇ ਚੱਲ ਰਹੇ ਤੇ ਜ਼ਮੀਨ ਬਾਰੇ ਸੋਚਦੇ ਹੈ? ਅਸਲ ਵਿਚ ‘ਮਿਲਕਮੈਨ’ ਆਪਣੀ ਬਿਰਤਾਂਤਕ ਸ਼ੈਲੀ ਤੇ ਘਟਨਾਵਾਂ ਦੀ ਪੀੜਾ ਨਾਲ ਅੱਗੇ ਵਧਦਾ ਹੈ। ਸਿਆਸਤਦਾਨਾਂ ਨੂੰ ਇਹ ਨਾਵਲ ਪੜ੍ਹਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦਾ ਅਸਲੀ ਕਿਰਦਾਰ ਕਿਹੋ ਜਿਹਾ ਹੈ ਜੋ ਸਮਾਜ ਨੂੰ ਔਰਤਾਂ ਬਾਰੇ ਲਿਖੀ ਤ੍ਰਾਸਦੀ ਨੂੰ ਜਾਣਨ ਦੀ ਆਗਿਆ ਹੀ ਨਹੀਂ ਦਿੰਦਾ ਤੇ ਨਤੀਜੇ ਵਜੋਂ ‘ਮੀ ਟੂ’ ਵਰਗੀਆਂ ਘਟਨਾਵਾਂ ਨੂੰ ਆਵਾਜ਼ ਮਿਲਦੀ ਹੈ। ਮਿਲਕਮੈਨ ਦੇ ਪਾਤਰਾਂ ਦੀ ਤ੍ਰਾਸਦੀ ਤੇ ਸ਼ੋਸ਼ਣ ਦੀਆਂ ਪਰਤਾਂ ਖੁੱਲ੍ਹਦੀਆਂ ਜਾਂਦੀਆਂ ਹਨ। ਇਹ ਅੰਗਰੇਜ਼ੀ ਆਇਰਸ਼ ਸਮਾਜ ਦੇ ਮੱਧਯੁਗੀ ਇਤਿਹਾਸ ਦੀ ਇਕ ਤ੍ਰਾਸਦੀ ਵੱਲ ਖੁੱਲ੍ਹਦੀ ਖਿੜਕੀ ਹੈ। ਕਈ ਆਲੋਚਕਾਂ ਨੇ ਇਨ੍ਹਾਂ ਨੂੰ ਅੱਜ ਦੇ ਸਮਾਜ ਦੀ ਕਲਪਨਾ ਤੇ ਰੁਝਾਨ ਵੀ ਕਿਹਾ ਹੈ, ਪਰ ਐਨਾ ਬਰਨਜ਼ ਦਾ ਕਹਿਣਾ ਹੈ ਕਿ ਇਹ ਅੱਖਾਂ ਖੋਲ੍ਹਣ ਵਾਲਾ ਸੱਚ ਹੈ ਤੇ ਇਹ ਸਾਡੇ ਬੂਹਿਆਂ ’ਤੇ ਦਸਤਕ ਦੇ ਰਿਹਾ ਹੈ ਕਿ ਹਰ ਥਾਂ ’ਤੇ ਸ਼ੋਸ਼ਣ ਹੈ। ਇੱਥੇ ਇਹ ਵਰਣਨਯੋਗ ਹੈ ਕਿ ਅਜੇ ਵੀ ਉਸ ਸਾਹਿਤ ਦੀ ਤਲਬ ਬਾਕੀ ਹੈ ਜਿਸ ਵਿਚ ਮਾਨਵੀ ਕੀਮਤਾਂ ਤੇ ਸੰਘਰਸ਼ੀਲ ਸ਼ੋਸ਼ਣ ਦੀ ਦਾਸਤਾਨ ਹੋਵੇ। ਇਹ ਸੱਚ ਹੈ ਕਿ ਦੁੱਖ ਦੀ ਘੜੀ ਵਿਚਲਾ ਸਾਥ ਤੁਹਾਡਾ ਸਰਮਾਇਆ ਤੇ ਸਾਹਿਤ ਸਭਿਆਚਾਰ ਹੈ ਜੇ ਉਹ ਕਿਸੇ ਕਿਤਾਬ ਵਿਚ ਹੋਵੇ। ਇਹ ਸਭ ਐਨਾ ਬਰਨਜ਼ ਦੀ ਪੁਸਤਕ ‘ਮਿਲਕਮੈਨ’ ਵਿਚ ਮਿਲਦਾ ਹੈ। ਸੰਪਰਕ: 94787-30156

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All