ਸਮਾਜ ਵਿੱਚ ਸਾਹਿਤਕਾਰਾਂ ਦੀ ਭੂਮਿਕਾ

ਦਲਵੀਰ ਸਿੰਘ ਲੁਧਿਆਣਵੀ

ਇਸ ਵਿਚ ਸ਼ੱਕ ਨਹੀਂ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ, ਜਿਸ ਰਾਹੀਂ ਉਥੋਂ ਦੀ ਸਥਿਤੀ ਦਾ ਜਾਇਜ਼ਾ ਸਹਿਜੇ ਹੀ ਲਿਆ ਜਾ ਸਕਦਾ ਹੈ, ਅਰਥਾਤ ਆਪਸੀ ਭਾਈਚਾਰਕ ਸਾਂਝ, ਮਾਂ-ਬੋਲੀ, ਸਭਿਆਚਾਰਕ ਵਿਰਸਾ, ਕਦਰਾਂ-ਕੀਮਤਾਂ, ਆਦਿ ਦੇ ਬਾਰੇ ਭਰਪੂਰ ਜਾਣਕਾਰੀ ਮਿਲ ਜਾਂਦੀ ਹੈ। ਉਹ ਬੁੱਧੀਜੀਵੀ ਜੋ ਸਾਹਿਤ ਦੀ ਸਿਰਜਣਾ ਕਰਦੇ ਹਨ, ਸਾਹਿਤਕਾਰ ਵਜੋਂ ਜਾਣੇ ਜਾਂਦੇ ਹਨ। ਇਹ ਸਾਹਿਤ ਹੀ ਹੈ ਜੋ ਸਮਾਜ ਦੀ ਰੂਪ-ਰੇਖਾ ਹੀ ਨਹੀਂ, ਸਗੋਂ ਦੇਸ਼ ਨੂੰ ਬੁਲੰਦੀਆਂ ’ਤੇ ਪਹੁੰਚਾ ਦਿੰਦਾ ਹੈ। ਜਦੋਂ ਵੀ ਸਮਾਜ ਜਾਂ ਦੇਸ਼ ’ਤੇ ਕੋਈ ਮੁਸੀਬਤ ਬਣੀ ਹੋਵੇ ਤਾਂ ਇਹ ਸਾਹਿਤਕਾਰ ਹੀ ਹਨ, ਜੋ ਸਹੀ ਦਿਸ਼ਾ ਦੇ ਕੇ ਉਸ ਮੁਸ਼ਕਲ ਤੋਂ ਬਾਹਰ ਕੱਢਦੇ ਹਨ। ਇਥੋਂ ਤੱਕ ਕਿ ਧਾਰਮਿਕ ਗ੍ਰੰਥ, ਜਿਨ੍ਹਾਂ ਤੋਂ ਸਮਾਜ ਅਗਵਾਈ ਲੈਂਦਾ ਹੈ, ਸਾਹਿਤਕਾਰਾਂ ਦੀ ਦੇਣ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੀ ਸੰਪਾਦਨਾ ਪੰਜਵੇਂ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ, ਜੋ ਇਕ ਮਹਾਨ ਸਾਹਿਤਕਾਰ ਹੋਏ ਹਨ, ਅੱਜ ਸਾਰਾ ਸੰਸਾਰ ਇਸ ਤੋਂ ਸਿੱਖਿਆ ਗ੍ਰਹਿਣ ਕਰ ਰਿਹਾ ਹੈ। ਸਾਹਿਤ ਤੇ ਸਮਾਜ ਦਾ ਆਪਸ ਵਿਚ ਗੂੜ੍ਹਾ ਰਿਸ਼ਤਾ ਹੈ। ਸਮਾਜ ਵਿਚ ਜੋ ਘਟਨਾਵਾਂ ਵਾਪਰਦੀਆਂ ਹਨ, ਸਾਹਿਤਕਾਰ ਉਨ੍ਹਾਂ ਨੂੰ ਕਲਮਬੰਦ ਕਰਕੇ, ਲੋਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖ ਕੇ, ਹੱਲ ਪੇਸ਼ ਕਰਦੇ ਹਨ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇਤਿਹਾਸ ਬਣ ਜਾਂਦਾ ਹੈ। ਪੰਜਾਬ ਦੀ ਧਰਤੀ ’ਤੇ ਵੱਖ-ਵੱਖ ਭਾਸ਼ਾਵਾਂ ਵਿਚ ਬਹੁਤ ਸਾਰਾ ਸਾਹਿਤ ਰਚਿਆ ਗਿਆ ਹੈ, ਜਿਵੇਂ ਰਿੱਗ ਵੇਦ, ਰਮਾਇਣ, ਸ੍ਰੀ ਗੁਰੂ ਗ੍ਰੰਥ ਸਾਹਿਬ ਆਦਿ। ਸੰਸਾਰ ਵਿਚ ਤਕਰੀਬਨ 7000 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਪਰ ਪੰਜਾਬੀ ਬੋਲੀ ਦੀ ਇਕ ਨਿਵੇਕਲੀ ਥਾਂ ਹੈ, ਯਾਨੀਕਿ ਤੇਰਵਾਂ ਸਥਾਨ ਹੈ। ਭਾਰਤ ਦੀ ਰਾਜਧਾਨੀ ਦਿੱਲੀ ਵਿਚ ਸੜਕ-ਕਿਨਾਰਿਆਂ ’ਤੇ ਜੋ ਬੋਰਡ ਲਿਖੇ ਗਏ ਹਨ, ਉਨ੍ਹਾਂ ਤੋਂ ਤਾਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਪੰਜਾਬੀ ਭਾਸ਼ਾ ਨੂੰ ਤੀਸਰਾ ਸਥਾਨ ਪ੍ਰਾਪਤ ਹੋਵੇ, ਪਰ ਇਕ ਤਾਜ਼ੇ ਸਰਵੇਖਣ ਮੁਤਾਬਕ ਪੰਜਾਬੀ ਭਾਸ਼ਾ ਨੂੰ ਭਾਰਤ ਵਿਚ ਗਿਆਰਵਾਂ ਸਥਾਨ ਪ੍ਰਾਪਤ ਹੈ। ਪੰਜਾਬ ਸਰਕਾਰ ਨੇ ਪੰਜਾਬੀ ਬੋਲੀ ਨੂੰ ‘ਪੰਜਾਬ ਰਾਜ ਭਾਸ਼ਾ ਸੋਧ ਐਕਟ 2008’ ਅਧੀਨ 5 ਨਵੰਬਰ, 2008 ਤੋਂ ਰਾਜ-ਭਾਸ਼ਾ ਵਜੋਂ ਲਾਗੂ ਕਰ ਦਿੱਤਾ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਾ ਸਜ਼ਾ ਦਾ ਹੱਕਦਾਰ ਹੋਵੇਗਾ। ਹਰਿਆਣਾ ਸਰਕਾਰ ਵੀ ਵਧਾਈ ਦੀ ਹੱਕਦਾਰ ਹੈ ਜਿਸ ਨੇ ਪੰਜਾਬੀ ਬੋਲੀ ਨੂੰ ਦੂਜੀ ਭਾਸ਼ਾ ਵਜੋਂ ਮਾਨਤਾ ਦਿੱਤੀ ਹੈ। ਗੱਲ ਕੀ, ਪੰਜਾਬੀ-ਬੋਲੀ ਦਾ ਘੇਰਾ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ। ਡਾ. ਰਵਿੰਦਰ ਨਾਥ ਟੈਗੋਰ ਦਾ ਕਹਿਣਾ ਹੈ, ‘‘ਕੋਈ ਮਾਤ-ਭਾਸ਼ਾ ਗੈਰ-ਮਿਆਰੀ ਨਹੀਂ ਹੁੰਦੀ ਤੇ ਉਸ ਵਿਚ ਲਿਖਣਾ ਹੀ ਕਿਸੇ ਲੇਖਕ ਦੀ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ। ਪੰਜਾਬੀ ਭਾਸ਼ਾ ਸੰਸਾਰ ਦੀਆਂ ਉੱਤਮ ਭਾਸ਼ਾਵਾਂ ’ਚੋਂ ਇਕ ਹੈ।’’ ਗੁਰੂ ਸਾਹਿਬਾਨ ਅਤੇ ਬਾਬਾ ਫਰੀਦ ਹੁਰਾਂ ਨੇ ਜੋ ਬਾਣੀ ਰਚੀ ਹੈ, ਉਹ ਸਾਰੇ ਸੰਸਾਰ ਵਿਚ ਬਹੁਤ ਪ੍ਰਚੱਲਤ ਹੋਈ ਹੈ। ਇਥੋਂ ਤੱਕ ਕਿ ਗੁਰਬਾਣੀ ਦੇ ਭੰਡਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੰਜਾਬੀ ਭਾਸ਼ਾ ਦੇ ਸ਼ਬਦਾਂ ਤੇ ਸੰਕਲਪਾਂ ਦਾ ਪ੍ਰਮਾਣੀਕ ਸਰੋਤ ਮੰਨਿਆ ਜਾਂਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਦੀ ਉਮਰ ਅੰਗਰੇਜ਼ੀ ਭਾਸ਼ਾ ਨਾਲੋਂ ਵੀ ਲੰਮੇਰੀ ਹੈ। ਜੇ ਅਸੀਂ ਅੰਗਰੇਜ਼ੀ ਦੇ ਕਵੀ ਚਾਸਰ (1340-1400) ਨੂੰ ਅੰਗਰੇਜ਼ੀ ਦਾ ਪਹਿਲਾ ਸ਼ਾਇਰ ਮੰਨ ਲਈਏ ਤਾਂ ਬਾਬਾ ਫਰੀਦ ਜੀ (1178-1271) ਦੇ ਪੜਪੋਤਰਿਆਂ ਦੇ ਹਾਣ ਦਾ ਬਣਦਾ ਹੈ। ਇਹ ਗੱਲ ਪ੍ਰੋ. ਪ੍ਰੀਤਮ ਸਿੰਘ ਨੇ ਤੀਜੀ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਆਖੀ ਸੀ। ਪੰਜਾਬੀ ਯੂਨੀਵਰਸਿਟੀ, ਪਟਿਆਲਾ (ਪੰਜਾਬ) ਦੀ ਨੀਂਹ 1882 ਵਿਚ ਰੱਖੀ ਗਈ, ਜਿਸ ਦਾ ਮੁੱਖ ਮੰਤਵ ਪੰਜਾਬੀ ਭਾਸ਼ਾ ਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨਾ ਹੈ। ਇਹ ਦੁਨੀਆਂ ਦੀ ਦੂਜੀ ਯੂਨੀਵਰਸਿਟੀ ਹੈ, ਜੋ ਭਾਸ਼ਾ ਦੇ ਨਾਮ ’ਤੇ ਬਣੀ ਹੈ, ਜਦਕਿ ਪਹਿਲੀ ਯੂਨੀਵਰਸਿਟੀ ਇਜ਼ਰਾਈਲ ਵਿਚ ਹੈ, ਹਿਬਰੋ ਯੂਨੀਵਰਸਿਟੀ। ਪੰਜਾਬੀ ਸਾਹਿਤ ਵਿਚ ਉੱਚ ਕੋਟੀ ਦੇ ਵਿਦਵਾਨ, ਸਾਹਿਤਕਾਰ ਤੇ ਕਵੀ ਹੋਏ ਹਨ, ਜਿਨ੍ਹਾਂ ਨੇ ਸਮਾਜ ਨੂੰ ਨਵੀਂ ਸੇਧ ਦਿੱਤੀ ਹੈ, ਜਿਵੇਂ ਪ੍ਰਿੰ. ਸੁਜਾਨ ਸਿੰਘ, ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ, ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋਫੈਸਰ ਪੂਰਨ ਸਿੰਘ, ਅਵਤਾਰ ਸਿੰਘ ਆਜ਼ਾਦ, ਦੀਵਾਨ ਸਿੰਘ ਕਾਲੇਪਾਣੀ, ਪ੍ਰੋ. ਮੋਹਨ ਸਿੰਘ, ਪ੍ਰੀਤਮ ਸਿੰਘ ਸਫੀਰ, ਬਾਵਾ ਬਲਵੰਤ ਆਦਿ। ਮਾਂ-ਬੋਲੀ ਪੰਜਾਬੀ ਦਾ ਝੰਡਾ ਸਾਰੇ ਸੰਸਾਰ ਵਿਚ ਲਹਿਰਾ ਰਿਹਾ ਹੈ। ਕੈਨੇਡਾ, ਅਮਰੀਕਾ, ਫਰਾਂਸ, ਇੰਗਲੈਂਡ, ਪਾਕਿਸਤਾਨ, ਆਦਿ ਵਿਚ ਪੰਜਾਬੀ ਦਾ ਪੂਰਾ ਬੋਲਬਾਲਾ ਹੈ। ਹੁਣ ਤਾਂ ਲਗਪਗ ਸਾਰੇ ਸੰਸਾਰ ਵਿਚ ਹੀ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਸਭਾਵਾਂ ਬਣਾਈਆਂ ਗਈਆਂ ਹਨ। ਉਘੇ ਕਾਲਮ ਨਵੀਸ ਖੁਸ਼ਵੰਤ ਸਿੰਘ ਜਿਨ੍ਹਾਂ ਨੂੰ ‘ਪੰਜਾਬ ਰਤਨ’ ਐਵਾਰਡ ਨਾਲ ਨਿਵਾਜਿਆ ਗਿਆ ਹੈ ਅਤੇ ਹੋਰ ਪਤਾ ਨਹੀਂ ਕਿੰਨੇ ਕੁ ਸਾਹਿਤਕਾਰ ਹੋਏ ਹਨ ਜਿਨ੍ਹਾਂ ਨੇ ਸਮਾਜ ਦੀ ਰੂਪ-ਰੇਖਾ ਹੀ ਬਦਲ ਦਿੱਤੀ ਹੈ। ਡਾ. ਸੁਰਜੀਤ ਪਾਤਰ ਦਾ ਨਾਂ ਵਿਸ਼ੇਸ਼ ਤੌਰ ’ਤੇ ਲਿਆ ਜਾ ਸਕਦਾ ਹੈ, ਜੋ ਧਰਤੀ ਦਾ ਸੂਰਜ ਬਣ ਕੇ ਸਮਾਜ ਨੂੰ ਰੁਸ਼ਨਾ ਰਹੇ ਹਨ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਡਾ. ਸੁਰਜੀਤ ਪਾਤਰ ਨੂੰ ‘ਸਰਸਵਤੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਸਾਹਿਤ ਦੀ ਸਿਰਜਣਾ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਸਾਰਾ ਕੁਝ ਛੱਡ ਕੇ ਤਪੱਸਵੀ ਬਣਨਾ ਪੈਂਦਾ ਹੈ। ਉਨ੍ਹਾਂ ਨੂੰ ਧੁੱਪ-ਛਾਂ ਦਾ ਵੀ ਪਤਾ ਨਹੀਂ ਰਹਿੰਦਾ ਅਤੇ ਨਾ ਹੀ ਦੁੱਖ-ਸੁੱਖ ਮਹਿਸੂਸ ਹੁੰਦਾ ਹੈ। ਸਾਹਿਤ ਉਹੀ ਲਿਖਣਾ ਚਾਹੀਦਾ ਹੈ, ਜੋ ਸਮਾਜ ਨੂੰ ਸਹੀ ਸੇਧ ਦੇ ਸਕੇ। ਇਕ ਵਾਰ ਦਾ ਰਚਿਆ ਸਾਹਿਤ ਪਤਾ ਨਹੀਂ ਕਿੰਨੇ ਕੁ ਪਾਠਕਾਂ, ਸਾਹਿਤਕਾਰਾਂ, ਵਿਦਵਾਨਾਂ ਆਦਿ ਦੁਆਰਾ ਪੜ੍ਹਿਆ ਜਾਣਾ ਹੈ ਅਤੇ ਕਿੰਨੇ ਕੁ ਲੋਕਾਂ ਨੂੰ ਇਹ ਸਹੀ ਦਿਸ਼ਾ ਦਿਖਾਏਗਾ। ਇਸ ਕਰਕੇ ਸਾਹਿਤਕਾਰਾਂ ਨੂੰ ਸਚਾਰੂ ਸਾਹਿਤ ਹੀ ਰਚਣਾ ਚਾਹੀਦਾ ਹੈ, ਜਿਸ ਤੋਂ ਸਮਾਜ ਤੇ ਦੇਸ਼ ਸਮੇਂ-ਸਮੇਂ ’ਤੇ ਸੇਧ ਲੈ ਕੇ ਤਰੱਕੀ ਦੀਆਂ ਮੰਜ਼ਿਲਾਂ ਸਰ ਕਰਦੇ ਜਾਣ। ਭਾਵੇਂ ਪੱਛਮੀ ਸਭਿਅਤਾ ਤੋਂ ਅਸੀਂ ਬਹੁਤ ਕੁਝ ਸਿੱਖਿਆ ਹੈ, ਪਰ ਇਸ ਦੇ ਨਾਲ ਹੀ ਇਹ ਗੱਲ ਵੀ ਦੱਸਣਯੋਗ ਹੈ ਕਿ ਅਸੀਂ ਬਹੁਤ ਸਾਰੀਆਂ ਸਮਾਜਿਕ ਕੁਰੀਤੀਆਂ ਵੀ ਅਪਣਾ ਲਈਆਂ ਹਨ, ਜੋ ਸਾਡੀ ਸਭਿਅਤਾ ਦੇ ਅਨੁਕੂਲ ਨਹੀਂ ਹਨ, ਜਿਵੇਂ ਨਸ਼ਾ, ਨੰਗੇਜ, ਜੀਵਨ ਦੀਆਂ ਕਦਰਾਂ-ਕੀਮਤਾਂ ਦਾ ਗੁਆਚ ਜਾਣਾ, ਅੰਗਰੇਜ਼ੀ ਦਾ ਪ੍ਰਭਾਵ ਵਧਣਾ ਆਦਿ। ਸਿਆਣੇ ਸੱਚ ਕਹਿੰਦੇ ਹਨ ਕਿ ‘ਭੱਠ ਪਿਆ ਸੋਨਾ ਜੋ ਕੰਨਾਂ ਨੂੰ ਖਾਵੇ।’ ਸਾਹਿਤਕਾਰਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਮ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਤੋਂ ਸੁਚੇਤ ਕਰਦੇ ਹੋਏ ਸਭਿਆਚਾਰਕ ਵਿਰਸੇ ਨਾਲ ਜੋੜਨ ਦਾ ਉਪਰਾਲਾ ਕਰਨ, ਇਹੀ ਉਨ੍ਹਾਂ ਦਾ ਸੱਚਾ ਧਰਮ ਹੈ। ਸਾਹਿਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਦੀਵੀ ਤੇ ਸਾਂਭਣਯੋਗ ਸਾਹਿਤ ਦੀ ਸਿਰਜਣਾ ਕਰਕੇ ਪਰਉਪਕਾਰ ਦੇ ਭਾਗੀ ਬਣਨ। ਧਨਾਢ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੁੰਦਾ ਜਾ ਰਹੇ ਹਨ। ਉਹ ਅਜੋਕੀਆਂ ਫਿਲਮਾਂ, ਇੰਟਰਨੈੱਟ, ਲੱਚਰ ਗੀਤ, ਟੀ.ਵੀ. ਲੜੀਵਾਰ, ਵਿਗਿਆਪਨ ਆਦਿ ਰਾਹੀਂ ਲੋਕਾਂ ਨੂੰ ਹੀਰੇ-ਮੋਤੀਆਂ ਦੇ ਥਾਲ ਵਿਚ ਨੰਗੇਜ ਪਰੋਸ ਕੇ ਦੇ ਰਹੇ ਹਨ, ਜੋ ਇਕ ਗੰਭੀਰ ਸਮਾਜਿਕ ਚਿੰਤਾ ਦਾ ਵਿਸ਼ਾ ਹੈ। ਸੋ, ਸਾਹਿਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਭਿਆਚਾਰ ਦਾ ਖਾਸ ਖਿਆਲ ਰੱਖ ਕੇ ਸਾਹਿਤ ਰਚਿਆ ਕਰਨ ਤਾਂ ਜੋ ਲੋਕ ਇਸ ਤੋਂ ਸਹੀ ਸੇਧ ਲੈ ਕੇ ਬਿਹਤਰ ਸਮਾਜ ਦੀ ਸਿਰਜਣਾ ਕਰਨ ਅਤੇ ਦੇਸ਼ ਨੂੰ ਬੁਲੰਦੀਆਂ ’ਤੇ ਪਹੁੰਚਾ ਸਕਣ। ਇਹ ਆਮ ਦੇਖਿਆ ਜਾਂਦਾ ਹੈ ਕਿ ਆਪਣੇ ਸਮਾਜ ਵਿਚ ਜਿਊਂਦਿਆਂ ਨਾਲੋਂ ਮੋਇਆਂ ਦੀ ਵੱਧ ਪੂਜਾ ਹੁੰਦੀ ਹੈ। ਸਾਹਿਤਕਾਰ ਵੀ ਇਸੇ ਸ਼੍ਰੇਣੀ ਦੇ ਪੰਛੀ ਹਨ। ਜਿਊਂਦਿਆਂ ਨੂੰ ਤਾਂ ਪੁੱਛਦੇ ਨਹੀਂ, ਮੋਇਆਂ ਦੀਆਂ ਸ਼ਤਾਬਦੀਆਂ ਮਨਾਉਂਦੇ ਨੇ। ਕਈ ਤਾਂ ਵਿਚਾਰੇ ਗਰੀਬੀ ਕਾਰਨ ਹੀ ਮਰ ਜਾਂਦੇ ਹਨ, ਜਿਵੇਂ ਲਾਲ ਸਿੰਘ ਲਾਲ, ਨੰਦ ਲਾਲ ਨੂਰਪੁਰੀ, ਆਦਿ। ਸਾਹਿਤਕਾਰਾਂ ਨੂੰ ਜੋ ਇੱਜ਼ਤ-ਮਾਣ ਮਿਲਣਾ ਚਾਹੀਦਾ ਹੈ, ਉਹ ਨਹੀਂ ਮਿਲ ਰਿਹਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਹਿਤਕਾਰਾਂ ਦਾ ਵੱਧ ਤੋਂ ਵੱਧ ਮਾਣ-ਸਨਮਾਨ ਕਰੇ ਅਤੇ ਵਿਸ਼ੇਸ਼ ਸਹੂਲਤਾਂ ਦੇਵੇ ਤਾਂ ਜੋ ਸਾਹਿਤਕਾਰ ਪ੍ਰਪੱਕ ਸਾਹਿਤ ਸਿਰਜ ਸਕਣ। ਇਸ ਦੇ ਲਈ ਕੁਝ ਸੁਝਾਅ ਇਹ ਵੀ ਹਨ: 1. ਚੰਗੇ ਖਿਡਾਰੀਆਂ ਦੀ ਤਰ੍ਹਾਂ ਸਾਹਿਤਕਾਰਾਂ ਨੂੰ ਵੀ ਇੱਜ਼ਤਮਾਣ ਵਾਲੀਆਂ ਨੌਕਰੀਆਂ ਦਿੱਤੀਆਂ ਜਾਣ। 2. ਕਿਤਾਬਾਂ ਛਾਪਣ ਦਾ ਕੰਮ ਸਰਕਾਰ ਨੂੰ ਆਪਣੇ ਹੱਥ ਵਿਚ ਲੈਣਾ ਚਾਹੀਦਾ ਹੈ ਕਿਉਂਕਿ ਨਿੱਜੀ ਪ੍ਰਕਾਸ਼ਕ ਇਨ੍ਹਾਂ ਸਾਹਿਤਕਾਰਾਂ ਦੀ ਬੁਰੀ ਤਰ੍ਹਾਂ ਲੁੱਟ ਕਰਦੇ ਹਨ। ਸਭ ਤੋਂ ਔਖਾ ਕੰਮ ਹੈ ਸਾਹਿਤਕਾਰਾਂ ਲਈ ਆਪਣਾ ਸਾਹਿਤ ਛਪਾਉਣਾ। ਪੈਸੇ ਦੀ ਘਾਟ ਕਾਰਨ ਬਹੁਤ ਸਾਰਾ ਚੰਗਾ ਸਾਹਿਤ ਅਣਛਪਿਆ ਹੀ ਰਹਿ ਜਾਂਦਾ ਹੈ। ਉਨ੍ਹਾਂ ਨੂੰ ਤਾਂ ਘਰੋਂ ਵੀ ਗਾਲ੍ਹਾਂ ਪੈਂਦੀਆਂ ਨੇ ਤੇ ਬਾਹਰੋਂ ਵੀ। ਉਹ ਵਿਚਾਰੇ ਕੀ ਕਰਨ? 3. ਬਿਨਾਂ ਕਿਸੇ ਉਮਰ-ਹੱਦਬੰਦੀ ਦੇ ਸਾਰੇ ਸਾਹਿਤਕਾਰਾਂ ਨੂੰ ਪੈਨਸ਼ਨ ਲਗਾਈ ਜਾਵੇ ਤਾਂ ਜੋ ਕੁਝ ਤਾਂ ਉਨ੍ਹਾਂ ਨੂੰ ਮਾਇਕ ਸਹਾਇਤਾ ਪ੍ਰਾਪਤ ਹੋ ਸਕੇ। 4. ਸਾਹਿਤਕਾਰਾਂ ਨੂੰ ਹਰ ਤਰ੍ਹਾਂ ਦਾ ਸਫਰ ਕਰਨ ਦੀ ਸਹੂਲਤ ਮੁਫਤ ਹੋਣੀ ਚਾਹੀਦੀ ਹੈ ਤਾਂ ਹੀ ਉਹ ਦੇਸ਼-ਪ੍ਰਦੇਸ਼ ਦੇ ਸਾਹਿਤ ਦਾ ਨਿਰੀਖਣ ਕਰਕੇ ਉਚਕੋਟੀ ਦਾ ਸਾਹਿਤ ਰਚ ਸਕਦੇ ਹਨ, ਜੋ ਦੇਸ਼ ਤੇ ਸਮਾਜ ਲਈ ਬਹੁਤ ਫਾਇਦੇਮੰਦ ਸਿੱਧ ਹੋਵੇਗਾ। 5. ਸਾਹਿਤਕਾਰਾਂ ਦਾ ਇਲਾਜ ਮੁਫਤ ਹੋਣਾ ਚਾਹੀਦਾ ਹੈ; ਇਸ ਵਿਚ ਉਮਰ ਦੀ ਕੋਈ ਹੱਦਬੰਦੀ ਨਹੀਂ ਹੋਣੀ ਚਾਹੀਦੀ। 6. ਸਰਕਾਰੇ ਦਰਬਾਰੇ ਸਾਹਿਤਕਾਰਾਂ ਨੂੰ ਉੱਚਾ ਰੁਤਬਾ ਮਿਲਣਾ ਚਾਹੀਦਾ ਹੈ। ਜੇ ਸਾਹਿਤਕਾਰ ਦਾ ਰੁਤਬਾ ਉੱਚਾ ਹੋਵੇਗਾ, ਤਾਂ ਹੀ ਉਹ ਬਿਹਤਰ ਸਾਹਿਤ ਦੀ ਸਿਰਜਣਾ ਕਰ ਸਕਦੇ ਹਨ। ਸੋ, ਅੱਜ ਵੀ ਸਾਨੂੰ ਸੱਚੇ-ਸੁੱਚੇ ਸਾਹਿਤਕਾਰਾਂ ਦੀ ਲੋੜ ਹੈ ਕਿਉਂਕਿ ਸਮਾਜਿਕ ਬੁਰਾਈਆਂ ਨੇ ਸਮਾਜ ਨੂੰ ਚਾਰੇ ਪਾਸਿਓਂ ਪੂਰੀ ਤਰ੍ਹਾਂ ਜਕੜਿਆ ਹੋਇਆ ਹੈ। ਚੰਗਾ ਸਾਹਿਤ ਹੀ ਚੰਗੇ ਸਮਾਜ ਦੀ ਸਿਰਜਣਾ ਕਰਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਖੇਤੀ ਬਿੱਲਾਂ ਖ਼ਿਲਾਫ਼ ਲੋਕ ਇਨਸਾਫ਼ ਪਾਰਟੀ ਦਾ ਮਾਰਚ ਡੱਕਿਆ

ਖੇਤੀ ਬਿੱਲਾਂ ਖ਼ਿਲਾਫ਼ ਲੋਕ ਇਨਸਾਫ਼ ਪਾਰਟੀ ਦਾ ਮਾਰਚ ਡੱਕਿਆ

ਬੈਂਸ ਭਰਾ ਤੇ ਹਮਾਇਤੀ ਘੱਗਰ ਦਰਿਆ ਦੇ ਪੁਲ ਹੇਠ ਧਰਨੇ ’ਤੇ ਬੈਠੇ

ਵਜ਼ੀਫ਼ਾ ਫੰਡ ਨਾ ਮਿਲਣ ਕਾਰਨ ਐੱਸਸੀ ਵਿਦਿਆਰਥੀਆਂ ਦਾ ਭਵਿੱਖ ਹਨੇਰਾ

ਵਜ਼ੀਫ਼ਾ ਫੰਡ ਨਾ ਮਿਲਣ ਕਾਰਨ ਐੱਸਸੀ ਵਿਦਿਆਰਥੀਆਂ ਦਾ ਭਵਿੱਖ ਹਨੇਰਾ

ਸੂਬਾ ਸਰਕਾਰ ਨੇ ਕੇਂਦਰੀ ਸਕੀਮ ਹੇਠ ਵਜ਼ੀਫ਼ੇ ਦੀ ਰਕਮ ਜਾਰੀ ਨਹੀਂ ਕੀਤੀ

ਸ਼ਹਿਰ

View All