ਰਣਜੀ: ਗਰੁੱਪ ‘ਸੀ’ ਵਰਗ ’ਚ ਉੜੀਸਾ ਨੇ ਹਰਿਆਣਾ ਨੂੰ ਹਰਾਇਆ

ਚੇਨਈ ਵਿੱਚ ਮੰਗਲਵਾਰ ਨੂੰ ਰਣਜੀ ਮੈਚ ਦੇ ਆਖਰੀ ਦਿਨ ਤਾਮਿਲ ਨਾਡੂ ਨਾਲ ਮੁਕਾਬਲਾ ਬਰਾਬਰ ਰਹਿਣ ਮਗਰੋਂ ਮੈਦਾਨ ਤੋਂ ਬਾਹਰ ਆਉਂਦੇ ਹੋਏ ਮੁੰਬਈ ਦੇ ਖਿਡਾਰੀ। -ਫੋਟੋ: ਪੀਟੀਆਈ

ਲਾਹਲੀ, 14 ਜਨਵਰੀ ਉੜੀਸਾ ਨੇ ਰਣਜੀ ਟਰਾਫੀ ਐਲੀਟ ਗਰੁੱਪ ‘ਸੀ’ ਦੇ ਰੁਮਾਂਚਕ ਮੁਕਾਬਲੇ ’ਚ ਹਰਿਆਣਾ ਨੂੰ ਇੱਕ ਵਿਕਟ ਨਾਲ ਹਰਾ ਕੇ ਛੇ ਅੰਕ ਹਾਸਲ ਕਰ ਲਏ ਹਨ। ਉੜੀਸਾ ਨੂੰ ਚੌਥੀ ਪਾਰੀ ’ਚ ਜਿੱਤ ਲਈ 179 ਦੌੜਾਂ ਦਾ ਟੀਚਾ ਮਿਲਿਆ ਸੀ। ਟੀਮ ਨੇ ਚੌਥੇ ਦਿਨ 58.1 ਓਵਰ ’ਚ ਨੌਂ ਵਿਕਟਾਂ ’ਤੇ 182 ਦੌੜਾਂ ਬਣਾ ਕੇ ਇੱਕ ਵਿਕਟ ਨਾਲ ਮੈਚ ਜਿੱਤ ਲਿਆ। ਦਿਨ ਦੀ ਖੇਡ ਸ਼ੁਰੂ ਹੋਣ ’ਤੇ ਹਰਿਆਣਾ ਨੂੰ ਜਿੱਤ ਲਈ ਤਿੰਨ ਵਿਕਟਾਂ ਦੀ ਲੋੜ ਸੀ ਜਦਕਿ ਮਹਿਮਾਨ ਟੀਮ ਨੂੰ ਜਿੱਤ ਲਈ 32 ਦੌੜਾਂ ਚਾਹੀਦੀਆਂ ਸਨ। ਉੜੀਸਾ ਨੇ ਸੱਤ ਵਿਕਟਾਂ ’ਤੇ 147 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਲੰਘੇ ਦਿਨ ਤੋਂ ਨਾਬਾਦ ਖੇਡ ਰਹੇ ਬੱਲੇਬਾਜ਼ ਰਾਜੇਸ਼ ਧੂਪਰ (32) ਅਤੇ ਰਾਜੇਸ਼ ਮੋਹੰਤੀ (21) ਨੇ ਅੱਠਵੀਂ ਵਿਕਟ ਲਈ 29 ਦੌੜਾਂ ਜੋੜ ਕੇ ਸਕੋਰ 165 ਦੌੜਾਂ ਕਰ ਦਿੱਤਾ। ਰਾਜੇਸ਼ ਮੋਹੰਤੀ ਨੌਵੇਂ ਬੱਲੇਬਾਜ਼ ਵਜੋਂ ਜਦੋਂ ਆਊਟ ਹੋਇਆ ਤਾਂ ਟੀਮ ਦਾ ਸਕੋਰ 176 ਦੌੜਾਂ ਸੀ। ਹਰਿਆਣਾ ਦੇ ਦਰਮਿਆਨੀ ਰਫ਼ਤਾਰ ਦੇ ਗੇਂਦਬਾਜ਼ ਅਜੀਤ ਚਹਿਲ ਨੇ ਦੂਜੀ ਪਾਰੀ ’ਚ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ 80 ਦੌੜਾਂ ਦੇ ਕੇ ਸੱਤ ਵਿਕਟਾਂ ਹਾਸਲ ਕੀਤੀਆਂ। ਪਹਿਲੀ ਪਾਰੀ ’ਚ ਛੇ ਅਤੇ ਦੂਜੀ ਪਾਰੀ ’ਚ ਪੰਜ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਸੂਰਿਆਕਾਂਤ ਪ੍ਰਧਾਨ ਮੈਨ ਆਫ ਦਿ ਮੈਚ ਰਿਹਾ। -ਪੀਟੀਆਈ

ਆਂਧਰਾ ਪ੍ਰਦੇਸ਼ ਨੇ ਹੈਦਰਾਬਾਦ ਨੂੰ ਪਾਰੀ ਨਾਲ ਹਰਾਇਆ

ਓਂਗੋਲ: ਡੀਪੀ ਵਿਜੈਕੁਮਾਰ (ਪੰਜ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਆਂਧਰਾ ਨੇ ਰਣਜੀ ਟਰਾਫੀ ਐਲੀਟ ਗਰੁੱਪ ‘ਏ’ ਦੇ ਮੁਕਾਬਲੇ ’ਚ ਅੱਜ ਚੌਥੇ ਦਿਨ ਹੈਦਰਾਬਾਦ ਨੂੰ ਦੂਜੀ ਪਾਰੀ ਨੂੰ 168 ਦੌੜਾਂ ’ਤੇ ਹੀ ਸਮੇਟ ਕੇ ਪਾਰੀ ਤੇ 96 ਦੌੜਾਂ ਨਾਲ ਜਿੱਤ ਦਰਜ ਕਰ ਲਈ। ਤੇਲੁਗੂ ਟੀਮਾਂ ਵਿਚਾਲੇ ਹੋਏ ਇਸ ਮੈਚ ’ਚ ਆਂਧਰਾ ਨੂੰ ਸੱਤ ਅੰਕ ਮਿਲੇ। ਹੈਦਰਾਬਾਦ ਵੱਲੋਂ ਪਹਿਲੀ ਪਾਰੀ ’ਚ ਬਣਾਈਆਂ 225 ਦੌੜਾਂ ਦੇ ਜਵਾਬ ਵਿੱਚ ਆਂਧਰਾ ਨੇ ਅੱਠ ਵਿਕਟਾਂ ’ਤੇ 489 ਦੌੜਾਂ ’ਤੇ ਪਾਰੀ ਐਲਾਨ ਦਿੱਤੀ। ਮੈਚ ਦੇ ਆਖਰੀ ਦਿਨ ਹੈਦਰਾਬਾਦ ਨੇ ਦੂਜੀ ਪਾਰੀ ਤਿੰਨ ਵਿਕਟਾਂ ’ਤੇ 45 ਦੌੜਾਂ ਤੋਂ ਅੱਗੇ ਸ਼ੁਰੂ ਕੀਤੀ। ਰਵੀ ਤੇਜਾ ਨੇ 72 ਦੌੜਾਂ ਦੀ ਨਾਬਾਦ ਪਾਰੀ ਖੇਡੀ ਪਰ ਦੂਜੇ ਸਿਰੇ ’ਤੇ ਕਿਸੇ ਵੀ ਬੱਲੇਬਾਜ਼ ਨੇ ਉਸ ਦਾ ਸਾਥ ਨਹੀਂ ਦਿੱਤਾ। ਵਿਜੈ ਕੁਮਾਰ ਨੂੰ ਮੈਨ ਆਫ ਦਿ ਮੈਚ ਐਲਾਨਿਆ ਗਿਆ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All