ਮੈਂ ਅਤੇ ਮੇਰਾ ਪੜਦਾਦਾ ਸਿਡਨੀ ਰੌਲਟ

ਮੈਂ ਅਤੇ ਮੇਰਾ ਪੜਦਾਦਾ ਸਿਡਨੀ ਰੌਲਟ

ਜਸਟਿਨ ਰੌਲਟ ਬੀਬੀਸੀ ਦਾ ਦੱਖਣੀ ਏਸ਼ੀਆ ਲਈ ਪੱਤਰਕਾਰ ਸੀ। ਉਹ ਚਾਰ ਸਾਲ ਤਕ ਇਸ ਅਹੁਦੇ ’ਤੇ 2018 ਤਕ ਨਵੀਂ ਦਿੱਲੀ ਵਿਖੇ ਰਿਹਾ। ਉਹ ਰੌਲਟ ਐਕਟ ਦਾ ਖਰੜਾ ਤਿਆਰ ਕਰਨ ਵਾਲੇ ਅੰਗਰੇਜ਼ ਜੱਜ ਸਿਡਨੀ ਰੌਲਟ ਦਾ ਪੜਪੋਤਾ ਹੈ। ਆਪਣੀ ਭਾਰਤ ਤਾਇਨਾਤੀ ਦੌਰਾਨ ਉਹ ਜੱਲ੍ਹਿਆਂ ਵਾਲਾ ਬਾਗ਼ ਵੀ ਗਿਆ ਅਤੇ ਇਸ ਪ੍ਰਤੀ ਸ਼ਰਮਿੰਦਗੀ ਵੀ ਮਹਿਸੂਸ ਕੀਤੀ ਕਿ ਉਸਦੇ ਪੜਦਾਦੇ ਵੱਲੋਂ ਬਣਾਏ ਕਾਨੂੰਨ ਕਾਰਨ ਇਹ ਖ਼ੂਨੀ ਸਾਕਾ ਹੋਇਆ।

ਜਸਟਿਨ ਰੌਲਟ

ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਜੱਲ੍ਹਿਆਂ ਵਾਲਾ ਬਾਗ਼ ਜਿੱਥੇ ਅੰਮ੍ਰਿਤਸਰ ਦੇ ਵਸਨੀਕਾਂ ਦਾ ਕਤਲੇਆਮ ਹੋਇਆ ਸੀ, ਵੇਖਣ ਪਿੱਛੋਂ ਮੇਰੇ ਮਨ ’ਤੇ ਏਨਾ ਡੂੰਘਾ ਅਸਰ ਹੋਵੇਗਾ ਕਿ ਮੈਂ ਭਾਵੁਕਤਾ ਵਿਚ ਵਹਿੰਦਾ ਰੋਣ ਵੀ ਲੱਗ ਪਵਾਂਗਾ। ਮੇਰਾ ਵਿਚਾਰ ਸੀ ਕਿ ਜੱਲ੍ਹਿਆਂ ਵਾਲੇ ਬਾਗ਼ ਵਿਚ ਵਾਪਰੇ ਖੂਨੀ ਸਾਕੇ ਦੇ ਬੀਤ ਚੁੱਕੇ ਇਤਿਹਾਸ ਨੂੰ ਮੈਂ ਹੌਸਲੇ ਨਾਲ ਬਰਦਾਸ਼ਤ ਕਰ ਸਕਾਂਗਾ, ਪਰ ਬਾਗ਼ ਦਾ ਸਮੁੱਚਾ ਵਾਯੂਮੰਡਲ ਤਾਂ ਹੁਣ ਤਕ ਵੀ ਅਤੀਤ ਵਿਚ ਵਾਪਰੇ ਭਿਆਨਕ ਕਤਲੇਆਮ ਦੀਆਂ ਆਵਾਜ਼ਾਂ ਨਾਲ ਗੂੰਜ ਰਿਹਾ ਸੀ। ਜਦੋਂ ਤੁਸੀਂ ਬਾਗ਼ ਦੀ ਦੀਵਾਰ ’ਤੇ ਗੋਲੀਆਂ ਦੇ ਚੇਚਕ ਵਰਗੇ ਨਿਸ਼ਾਨ ਵੇਖਦੇ ਹੋ ਜਾਂ ਖੂਹ ਵਿਚ ਝਾਤੀ ਮਾਰਦੇ ਹੋ ਜਿਸ ਵਿਚ ਅਨੇਕਾਂ ਲੋਕ ਡਿੱਗ ਕੇ ਮਰ ਗਏ ਸਨ ਤਾਂ ਤੁਸੀਂ ਕਿਵੇਂ ਉਸ ਭਿਆਨਕ ਦ੍ਰਿਸ਼ ਨੂੰ ਅੱਖਾਂ ਤੋਂ ਓਹਲੇ ਕਰ ਸਕਦੇ ਹੋ। ਜਦੋਂ ਮੈਂ ਜੱਲ੍ਹਿਆਂ ਵਾਲੇ ਬਾਗ਼ ਗਿਆ ਤਾਂ ਐੱਸ. ਕੁਮਾਰ ਮੁਖਰਜੀ ਜੱਲ੍ਹਿਆਂ ਵਾਲਾ ਬਾਗ਼ ਦਾ ਚੇਅਰਮੈਨ ਅਤੇ ਮੁੱਖ ਇੰਚਾਰਜ ਸੀ। ਉਸਨੇ ਮੈਨੂੰ ਬਾਗ਼ ਬਾਰੇ ਜਾਣਕਾਰੀ ਦਿੰਦਿਆਂ ਸਾਰੇ ਬਾਗ਼ ਵਿਚ ਘੁਮਾਇਆ ਅਤੇ ਮੇਰੀ ਪੂਰੀ ਪ੍ਰਾਹੁਣਾਚਾਰੀ ਕੀਤੀ। ਉਸਨੂੰ ਅਲਵਿਦਾ ਕਹਿਣ ਸਮੇਂ ਮੈਂ ਮੁੜ ਜਜ਼ਬਾਤੀ ਹੋ ਗਿਆ, ਜੱਲ੍ਹਿਆਂ ਵਾਲੇ ਬਾਗ਼ ਦਾ ਇਤਿਹਾਸ ਮੇਰੀ ਕਲਪਨਾ ਵਿਚ ਘੁੰਮਣ ਲੱਗਾ ਅਤੇ ਮੈਂ ਫਿਰ ਫੁੱਟ-ਫੁੱਟ ਕੇ ਰੋਣ ਲੱਗਾ। ਮੁਖਰਜੀ ਨੇ ਮੇਰੀ ਮਾਨਸਿਕ ਸਥਿਤੀ ਵੇਖ ਕੇ ਕੋਈ ਹੈਰਾਨੀ ਨਹੀਂ ਪ੍ਰਗਟਾਈ।

ਤੁਸ਼ਾਰ ਗਾਂਧੀ

ਇਹ ਸ਼ਾਇਦ ਅੰਗਰੇਜ਼ਾਂ ਅਤੇ ਭਾਰਤੀਆਂ ਦਾ ਸਾਂਝਾ ਗੁਣ ਹੈ ਕਿ ਜੱਲ੍ਹਿਆਂ ਵਾਲਾ ਬਾਗ਼ ਵਿਚ ਆਉਣ ਸਮੇਂ ਦੋਵੇਂ ਹੀ ਭਾਵੁਕ ਹੋ ਜਾਂਦੇ ਹਨ, ਪਰ ਮੇਰੀ ਭਾਵੁਕਤਾ ਦਾ ਇਕ ਕਾਰਨ ਇਹ ਵੀ ਸੀ ਕਿ ਮੈਂ ਆਪਣੇ ਆਪ ਨੂੰ ਬਹੁਤ ਸ਼ਰਮਿੰਦਾ ਅਤੇ ਨਿਮਰ ਸਮਝ ਰਿਹਾ ਸਾਂ। ਇਸ ਦਾ ਕਾਰਨ ਇਹ ਸੀ ਕਿ ਜੱਲ੍ਹਿਆਂ ਵਾਲੇ ਬਾਗ਼ ਵਿਚ ਜਿਹੜੇ ਨਿਰਦੋਸ਼ ਭਾਰਤੀ ਬਰਤਾਨਵੀ ਸਰਕਾਰ ਦੇ ਫ਼ੌਜੀਆਂ ਹੱਥੋਂ ਮਾਰੇ ਗਏ ਸਨ, ਉਹ ਸਿਰਫ਼ ਉਸ ਕਾਲੇ ਕਾਨੂੰਨ ਦੀ ਵਿਰੋਧਤਾ ਕਰਨ ਲਈ ਇੱਥੇ ਇਕੱਠੇ ਹੋਏ ਸਨ। ਉਹ ਕਾਨੂੰਨ ਜਿਹੜਾ ਮੇਰੇ ਪੜਦਾਦੇ ਦੇ ਨਾਮ ਨਾਲ ਜੁੜਿਆ ਹੋਇਆ ਸੀ। ਮੇਰਾ ਭਾਵ ਬਦਨਾਮ ਹੋਏ ਕਾਨੂੰਨ ਰੌਲਟ ਐਕਟ ਤੋਂ ਹੈ। ਇਹ ਉਹੋ ਕਾਨੂੰਨ ਸੀ ਜਿਸਨੂੰ ਗਾਂਧੀ ਨੇ ‘ਕਾਲਾ ਕਾਨੂੰਨ’ ਕਿਹਾ ਸੀ ਅਤੇ ਜਿਸ ਕਾਰਨ 13 ਅਪਰੈਲ 1919 ਨੂੰ ਅੰਮ੍ਰਿਤਸਰ ਵਿਚ ਖ਼ੂਨੀ ਸਾਕਾ ਵਾਪਰਿਆ। ਅਸਲ ਵਿਚ ਇਹ ਅੱਤਿਆਚਾਰੀ ਕਾਨੂੰਨ ਸੀ। ਕਾਨੂੰਨੀ ਤੌਰ ’ਤੇ ਹਰ ਭਾਰਤੀ ਦੀ ਬੁਨਿਆਦੀ ਆਜ਼ਾਦੀ ਖ਼ਤਮ ਕਰ ਦਿੱਤੀ ਗਈ ਸੀ। ਉਹ ਉੱਥੇ ਇਸ ਕਾਨੂੰਨ ਵਿਰੁੱਧ ਆਪਣਾ ਰੋਸ ਪ੍ਰਗਟ ਕਰਨ ਲਈ ਆਏ ਸਨ ਜਿਹੜਾ ਕਾਨੂੰਨ ਮੇਰੇ ਪੜਦਾਦੇ ਨੇ ਆਪਣੇ ਨਾਮ ਸਿਡਨੀ ਰੌਲਟ ਐਕਟ ਹੇਠ ਘੜਿਆ ਸੀ। ਇਸ ਭਿਆਨਕ ਘਟਨਾ ਦਾ ਅਸਰ ਮੇਰੇ ਮਨ ਦੀ ਡੂੰਘਾਈ ਤਕ ਪਹੁੰਚ ਗਿਆ ਜਦੋਂ ਮੈਂ ਆਪਣੀ ਪਤਨੀ ਅਤੇ ਚਾਰ ਬੱਚਿਆਂ ਸਮੇਤ ਫਰਵਰੀ 2015 ਵਿਚ ਭਾਰਤ ਰਹਿਣ ਲਈ ਆਇਆ ਸਾਂ। ਮੈਨੂੰ ਚਿੰਤਾ ਸੀ ਕਿ ਮੇਰੇ ਪਰਿਵਾਰ ਦਾ ਕੋਈ ਮੈਂਬਰ ਕਿਸੇ ਭਾਰਤੀ ਦੇ ਗੁੱਸੇ ਦਾ ਨਿਸ਼ਾਨਾ ਨਾ ਬਣ ਜਾਵੇ। ਮੈਨੂੰ ਆਪਣੇ ਕੰਮ ਵਿਚ ਵੀ ਰੁਕਾਵਟ ਮਹਿਸੂਸ ਹੋਣ ਲੱਗੀ। ਬੀਬੀਸੀ ਦੱਖਣੀ ਏਸ਼ੀਆ ਦਾ ਪੱਤਰਕਾਰ ਹੋਣ ਨਾਤੇ ਕਿਤੇ ਸ਼ਾਹੀ ਰਾਜ ਵੱਲੋਂ ਕੀਤੀ ਬੁਰਾਈ ਮੇਰੇ ਲਈ ਮੁਸੀਬਤ ਨਾ ਬਣ ਜਾਵੇ। ਇਕ ਸਦੀ ਮਗਰੋਂ ਹੁਣ ਇਹ ਯਾਦ ਕਰ ਰਿਹਾ ਹਾਂ ਕਿ ਅੰਮ੍ਰਿਤਸਰ ਵਿਚ ਕਿੰਨਾ ਭਿਆਨਕ ਘਟਨਾਕ੍ਰਮ ਵਾਪਰਿਆ ਸੀ। ਐੱਸ.ਕੇ. ਮੁਖਰਜੀ ਮੈਨੂੰ ਉਸੇ ਰਾਹ ਤੋਰ ਕੇ ਲੈ ਗਏ ਸੀ ਜਿਸ ਰਾਹ ਤੋਂ ਅੰਗਰੇਜ਼ੀ ਫ਼ੌਜਾਂ ਦਾ ਕਮਾਂਡਰ, ਬ੍ਰਿਗੇਡੀਅਰ ਜਨਰਲ ਡਾਇਰ, ਆਪਣੇ 90 ਫ਼ੌਜੀਆਂ ਸਮੇਤ ਗਿਆ ਸੀ। ਮੇਰੇ ਵਾਂਗ ਉਨ੍ਹਾਂ ਘਟਨਾਵਾਂ ਨਾਲ ਮੁਖਰਜੀ ਦਾ ਵੀ ਸਿੱਧਾ ਪਰਿਵਾਰਕ ਰਿਸ਼ਤਾ ਹੈ। ਉਸਦੇ ਦਾਦਾ ਜੀ ਸਸ਼ਟੀ ਚਰਨ ਮੁਖਰਜੀ, ਉਸ ਕਤਲੇਆਮ ਵਾਲੇ ਦਿਨ ਜਲ੍ਹਿਆਂਵਾਲਾ ਬਾਗ਼ ਵਿਚ ਹਾਜ਼ਰ ਸਨ। ਉਸਨੇ ਆਪਣੇ ਪੋਤਰੇ ਨੂੰ ਦੱਸਿਆ ਸੀ ਕਿ ਉਸਨੇ ਫ਼ੌਜੀਆਂ ਨੂੰ ਆਪਣੇ ਮੋਢਿਆਂ ’ਤੇ ਬੰਦੂਕਾਂ ਟਿਕਾਈ ਅਤੇ ਲੋਕਾਂ ’ਤੇ ਨਿਸ਼ਾਨਾ ਸੇਧਦੇ ਦੇਖਿਆ ਸੀ। ਸਸ਼ਟੀ ਇਕ ਮੰਚ ਦੇ ਪਿੱਛੇ ਗੋਲੀਆਂ ਦੀ ਬੁਛਾੜ ਤੋਂ ਬਚਣ ਲਈ ਲੁਕ ਗਿਆ। ਉਹ ਨਿਰੰਤਰ ਦਸ ਮਿੰਟ ਤਕ ਗੋਲੀਆਂ ਵਰ੍ਹਾਉਂਦੇ ਰਹੇ। ਸ਼ਾਹੀ ਦਸਤਾਵੇਜ਼ਾਂ ਅਨੁਸਾਰ ਉਨ੍ਹਾਂ ਨੇ 1650 ਗੋਲੀਆਂ ਚਲਾਈਆਂ ਅਤੇ 379 ਬੰਦਿਆਂ ਨੂੰ ਮਾਰਿਆ। ਘੱਟੋ ਘੱਟ 1137 ਬੰਦੇ ਜ਼ਖਮੀ ਹੋਏ। ਭਾਰਤੀ ਸਰੋਤ ਇਸ ਗਿਣਤੀ ਨੂੰ ਕਿਤੇ ਵਧੀਕ ਦੱਸਦੇ ਹਨ। ਐੱਸ. ਕੇ. ਨੇ ਮੈਨੂੰ ਉਹ ਖੂਹ ਦਿਖਾਇਆ ਜਿਸ ਵਿਚ ਡਰੇ ਹੋਏ ਲੋਕਾਂ ਨੇ ਆਪਣਾ ਬਚਾਅ ਕਰਨ ਲਈ ਛਾਲਾਂ ਮਾਰੀਆਂ ਸਨ। ਇਸ ਵਿਚੋਂ 120 ਲਾਸ਼ਾਂ ਕੱਢੀਆਂ ਗਈਆਂ ਸਨ। ਜਦੋਂ ਮੈਂ ਇਹ ਸਭ ਦੇਖ ਕੇ ਆਪਣੇ ਹੰਝੂ ਪੂੰਝ ਲਏ ਅਤੇ ਸਹਿਜ ਅਵਸਥਾ ਵਿਚ ਆ ਗਿਆ ਤਾਂ ਐੱਸ.ਕੇ. ਅਤੇ ਮੈਂ ਜਲ੍ਹਿਆਂਵਾਲਾ ਬਾਗ਼ ਦੇਖਣ ਆਏ ਭਾਰਤੀ ਸਕੂਲੀ ਬੱਚਿਆਂ ਦੀ ਭੀੜ ਵਿਚੋਂ ਵਾਪਸ ਮੁੜੇ। ਮੈਂ ਉਸਨੂੰ ਆਪਣੀ ਹੈਰਾਨੀ ਦੱਸੀ ਕਿ ਮੈਨੂੰ ਇਉਂ ਲੱਗ ਰਿਹਾ ਹੈ ਜਿਵੇਂ ਇੱਥੇ ਕੋਈ ਵੀ ਮੇਰੇ ਰੌਲਟ ਪਰਿਵਾਰ ਨਾਲ ਸਬੰਧਿਤ ਹੋਣ ਕਾਰਨ ਮੇਰੇ ਵਿਰੁੱਧ ਦੁਸ਼ਮਣੀ ਪ੍ਰਗਟ ਨਹੀਂ ਸੀ ਕਰ ਰਿਹਾ। ‘ਤੁਸੀਂ ਆਪ ਹੀ ਸ਼ਰਮ ਮਹਿਸੂਸ ਕਰ ਰਹੇ ਹੋ ਇਸ ਲਈ ਮੈਨੂੰ ਵੀ ਹੁਣ ਤੁਹਾਡੇ ਪ੍ਰਤੀ ਕੋਈ ਗੁੱਸਾ ਨਹੀਂ ਹੈ।’ ਉਸਨੇ ਕਿਹਾ। ਮੈਂ ਹੌਲੀ-ਹੌਲੀ ਤੁਰਦਾ, ਭੀੜ ਭਰੀਆਂ ਸੜਕਾਂ ’ਚੋਂ ਲੰਘਦਾ ਆਪਣੇ ਹੋਟਲ ਪੁੱਜ ਗਿਆ ਅਤੇ ਇਹ ਸੋਚੀ ਗਿਆ ਕਿ ਜੋ ਕੁਝ ਵੀ ਮੈਂ ਜਲ੍ਹਿਆਂਵਾਲੇ ਬਾਗ਼ ਵਿਚ ਦੇਖਿਆ, ਉਸ ਬਾਰੇ ਮੇਰਾ ਨਿੱਜੀ ਅਨੁਭਵ ਅਤੇ ਸੋਚ ਕੀ ਹੈ?

ਜਸਟਿਨ ਰੌਲਟ ਆਪਣੇ ਪੜਦਾਦੇ ਸਿਡਨੀ ਰੌਲਟ ਦੀ ਤਸਵੀਰ ਨਾਲ।

ਮੈਂ ਸੋਚਿਆ ਕਿ ਮੈਂ ਇਹ ਭਿਆਨਕ ਸਾਕਾ ਕਰਨ ਵਾਲਿਆਂ ਦਾ ਨਜ਼ਦੀਕੀ ਰਿਸ਼ਤੇਦਾਰ ਹੋਣ ਕਰਕੇ ਬਹੁਤ ਸ਼ਰਮਸਾਰ ਹਾਂ। ਮੇਰੇ ਜਨਮ ਤੋਂ ਬਹੁਤ ਪਹਿਲਾਂ ਸਿਡਨੀ ਰੌਲਟ ਦਾ ਦੇਹਾਂਤ ਹੋ ਚੁੱਕਾ ਸੀ। ਮੇਰੇ ਕੋਲ ਉਸਦੀ ਇਕ ਭੂਰੀ ਜਿਹੀ ਤਸਵੀਰ ਹੈ। ਉਹ ਕਿਸੇ ਹੋਰ ਯੁੱਗ ਦਾ ਵਿਅਕਤੀ ਹੀ ਲੱਗਦਾ ਹੈ, ਵਡੇਰੀ ਉਮਰ ਦਾ ਅਤੇ ਆਵਾਰਾ ਜਿਹਾ, ਐਡਵਰਡ ਦੇ ਸਮੇਂ ਦਾ ਮਨੁੱਖ। ਉਹ ਭਾਰਤੀ ਇਤਿਹਾਸ ਵਿਚ ਆਪਣੀ ਅਣਇੱਛੁਕ ਭੂਮਿਕਾ ਨਿਭਾਉਣ ਕਿਵੇਂ ਆ ਗਿਆ? ਇਸਦਾ ਜ਼ਿਕਰ ਪੈਟਰਿਕ ਫਰੈਂਚ ਦੀ ਲਿਖੀ ਕਿਤਾਬ ‘ਆਜ਼ਾਦੀ ਜਾਂ ਮੌਤ’ ਵਿਚ ਹੈ। ਮਿ. ਫਰੈਂਚ ਸਪੱਸ਼ਟ ਲਿਖਦਾ ਹੈ ਕਿ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿਚ ‘ਸਰ ਸਿਡਨੀ ਰੌਲਟ ਭੁੱਲੇ ਵਿਸਰੇ ਖ਼ਲਨਾਇਕਾਂ ਵਿਚੋਂ ਇਕ ਹੈ। ਉਹ ਇਕ ਸਾਧਾਰਨ ਜਿਹਾ ਜੱਜ ਸੀ, ਜਿਸਦੀ ਡਿਊਟੀ ਆਰਥਿਕ ਵਿਸ਼ਿਆਂ ਬਾਰੇ ਹੀ ਸੀ ਅਤੇ ਜਿਸਦੀ ਭਾਰਤ ਵਿਚ ਨਿਯੁਕਤੀ ਅਚਾਨਕ ਹੋਈ ਸੀ। ਉਸ ਬਾਰੇ ਹੋਰ ਹਵਾਲੇ ‘ਡਿਕਸ਼ਨਰੀ ਆਫ ਨੈਸ਼ਨਲ ਬਾਇਓਗ੍ਰਾਫੀ’ ਵਿਚ ਦਿੱਤੇ ਹਨ। ਇਸ ਤੋਂ ਸਿਡਨੀ ਦੇ ਕਲਾਸੀਕਲ ਗਿਆਨ ਸਬੰਧੀ ਪਤਾ ਲੱਗਦਾ ਹੈ । ਭਾਵੇਂ ਉਹ ਬਹੁਤ ਸਾਦੀ ਸ਼ੈਲੀ ਵਿਚ ਲਿਖਦਾ ਸੀ, ਪਰ ਜੇ ਮੌਕਾ ਮਿਲੇ ਤਾਂ ਉਹ ਵਧੀਆ ਅਤੇ ਪ੍ਰਭਾਵੀ ਲਾਤੀਨੀ ਕਵਿਤਾ ਵੀ ਲਿਖ ਸਕਦਾ ਸੀ।’ ਤਾਂ ਫਿਰ ਮੇਰਾ ਕਲਾਸੀਕਲ ਸ਼ੌਕ ਰੱਖਣ ਵਾਲਾ ਪੜਦਾਦਾ ਭਾਰਤ ਵਿਚ ਕਿਵੇਂ ਆ ਗਿਆ? ਜਿਵੇਂ ਪੈਟਰਿਕ ਫਰੈਂਚ ਕਹਿੰਦਾ ਹੈ ਕਿ ਉਹ ਇਕ ਜੱਜ ਸੀ। ਉਸਨੇ ਆਪਣਾ ਕਰੀਅਰ ਲੰਡਨ ਵਿਚ ਬਣਾਇਆ ਸੀ। ਉਹ ਭਾਰਤ ਕਦੇ ਨਹੀਂ ਆਇਆ ਸੀ, ਪਰ ਪਹਿਲੇ ਵਿਸ਼ਵ ਯੁੱਧ ਦੇ ਅੰਤ ਵਿਚ ਉਸਨੂੰ ਇਕ ਕਮੇਟੀ ਦਾ ਮੁਖੀ ਬਣਾਇਆ ਗਿਆ, ਜਿਸਨੇ ਬ੍ਰਿਟਿਸ਼ ਭਾਰਤੀ ਬਸਤੀਆਂ ਦੀਆਂ ਇਨਕਲਾਬੀ ਹਰਕਤਾਂ ਦੀ ਛਾਣਬੀਣ ਕਰਨੀ ਸੀ। ਇਸ ਬੇਚੈਨੀ ਦਾ ਆਰੰਭ 19ਵੀਂ ਸਦੀ ਦੇ ਅੰਤ ਵਿਚ ਹੋਇਆ ਸੀ ਜਦੋਂ ਉਸ ਵੇਲੇ ਦੇ ਵਾਇਸਰਾਏ ਲਾਰਡ ਹਾਰਡਿੰਗ ’ਤੇ ਹਮਲਾ ਹੋਇਆ। ਇਹ 1912 ਦੀ ਕ੍ਰਿਸਮਸ ਤੋਂ ਰਤਾ ਪਹਿਲਾਂ ਦੀ ਗੱਲ ਹੈ। ਬ੍ਰਿਟਿਸ਼ ਹਕੂਮਤ ਨੂੰ ਡਰ ਮਹਿਸੂਸ ਹੋ ਰਿਹਾ ਸੀ ਕਿ ਬ੍ਰਿਟੇਨ ਦੇ ਦੁਸ਼ਮਣ ਗੜਬੜ ਪੈਦਾ ਕਰਨ ਵਿਚ ਆਜ਼ਾਦੀ ਸੰਗਰਾਮੀਆਂ ਦੀ ਮਦਦ ਕਰ ਰਹੇ ਸਨ। ਜਰਮਨੀ ਭਾਰਤੀ ਆਜ਼ਾਦੀ ਸੰਘਰਸ਼ ਦੀ ਅਤੇ ਹੋਰ ਵਿਰੋਧੀ ਅਤੇ ਬਾਗ਼ੀ ਧਿਰਾਂ ਦੀ ਮਾਲੀ ਮਦਦ ਕਰ ਰਿਹਾ ਸੀ। ਇਹ ਯਤਨ ਅਫ਼ਗਾਨਿਸਤਾਨ ਤਕ ਵੀ ਪੁੱਜ ਗਏ ਸਨ ਜਿੱਥੇ 1915 ਵਿਚ ਜਰਮਨ ਡਿਪਲੋਮੈਟਿਕ ਮਿਸ਼ਨ ਨੇ ਉਥੋਂ ਦੇ ਮੁਖੀ ਨੂੰ ਪ੍ਰੇਰਿਆ ਸੀ ਕਿ ਉਹ ਬਰਤਾਨੀਆ ਤੋਂ ਪੂਰੀ ਆਜ਼ਾਦੀ ਦਾ ਐਲਾਨ ਕਰ ਦੇਵੇ ਅਤੇ ਆਲਮੀ ਜੰਗ ਵਿਚ ਸ਼ਾਮਲ ਹੋ ਜਾਵੇ। ਕੇਂਦਰੀ ਸ਼ਕਤੀਆਂ ਨਾਲ ਰਲ ਜਾਵੇ ਤੇ ਭਾਰਤ ’ਤੇ ਹਮਲਾ ਕਰੇ। ਇਹ ਵੀ ਸ਼ੱਕ ਕੀਤਾ ਜਾ ਰਿਹਾ ਸੀ ਕਿ ਬੋਲਸ਼ਿਵੇਕ ਰੋਸ ਲਹਿਰ ਨੂੰ ਚਲਾਉਣ ਵਾਲੇ ਵੀ ਬੇਭਰੋਸਗੀ ਦੀ ਜ਼ਹਿਰ ਫੈਲਾ ਰਹੇ ਸਨ ਅਤੇ ਨਕਦੀ ਵੀ ਦੇ ਰਹੇ ਸਨ। 1916 ਵਿਚ ਹੋਏ ਈਸਟਰ ਵਿਦਰੋਹ ਨੇ ਬਰਤਾਨੀਆ ਦੀ ਚਿੰਤਾ ਹੋਰ ਵਧਾ ਦਿੱਤੀ। 1917 ਵਿਚ ਰੂਸੀ ਇਨਕਲਾਬ ਹੋਇਆ। ਇਹੀ ਸਮਾਂ ਸੀ ਜਦੋਂ ਮੇਰੇ ਪੜਦਾਦਾ ਜੀ ਚਰਚਾ ਦਾ ਕੇਂਦਰ ਬਣੇ। ਬਰਤਾਨੀਆ ਸਰਕਾਰ ਸੋਚਦੀ ਸੀ ਕਿ ਭਾਰਤ ਵਿਚ ਜੋ ਕੁਝ ਵਾਪਰ ਰਿਹਾ ਹੈ ਉਸਨੂੰ ਖ਼ਤਮ ਕਰਨ ਲਈ ਕੀ ਕੀਤਾ ਜਾਵੇ? ਇਕ ਸੈਡੀਸ਼ਨ ਕਮੇਟੀ ਬਣਾਈ ਗਈ ਜਿਸਦੇ ਮੁਖੀ ਸਿਡਨੀ ਰੌਲਟ ਸਨ ਅਤੇ ਨਵੰਬਰ 1917 ਦੇ ਅੰਤ ਵਿਚ ਉਹ ਪਲਾਈਮਊਥ ਤੋਂ ਜਹਾਜ਼ ਵਿਚ ਬੈਠ ਕੇ ਬੰਬਈ ਆ ਗਏ ਤੇ ਨਾਲ ਹੀ ਅੱਧੀ ਦਰਜਨ ਜੰਗੀ ਜਹਾਜ਼ਾਂ ਦਾ ਬੇੜਾ ਵੀ ਉਸਦੀ ਰਾਖੀ ਲਈ ਨਾਲ ਆਇਆ। ਮੇਰੇ ਚਾਚਾ, ਰਿਚਰਡ ਨੇ ਉਹ ਚਿੱਠੀਆਂ ਇਕੱਠੀਆਂ ਕੀਤੀਆਂ ਹਨ ਜਿਹੜੀਆਂ ਸਰ ਸਿਡਨੀ ਨੇ ਭਾਰਤ ਰਹਿਣ ਸਮੇਂ ਆਪਣੀ ਪਤਨੀ ਨੂੰ ਲਿਖੀਆਂ ਸਨ। ਅਪਰੈਲ 1918 ਦੇ ਸ਼ੁਰੂ ਦੀ ਗੱਲ ਹੈ ਜਦੋਂ ਮੇਰਾ ਪੜਦਾਦਾ ਅਜੇ ਦਿੱਲੀ ਪੁੱਜਿਆ ਹੀ ਸੀ। ਨਵੇਂ ਨਗਰ ਦਾ ਅਜੇ ਨਿਰਮਾਣ ਨਹੀਂ ਸੀ ਹੋਇਆ। 1911 ਨੂੰ ਦਿੱਲੀ ਦਰਬਾਰ ਵਿਚ ਜਾਰਜ ਪੰਜਵੇਂ ਨੇ ਐਲਾਨ ਕੀਤਾ ਕਿ ਬਰਤਾਨੀਆ ਸਰਕਾਰ ਰਾਜਧਾਨੀ ਨੂੰ ਕਲਕੱਤੇ ਤੋਂ ਦਿੱਲੀ ਲਿਆਉਣਾ ਚਾਹੁੰਦੀ ਹੈ। ਇਸ ਲਈ ਨਵੇਂ ਨਗਰ ਨਵੀਂ ਦਿੱਲੀ ਦਾ ਨੀਂਹ ਪੱਥਰ ਰੱਖਿਆ ਸੀ। ਮੇਰਾ ਪੜਦਾਦਾ ਚਿੱਠੀ ਵਿਚ ਲਿਖਦਾ ਹੈ ‘ਅਸੀਂ ਨਵੀਂ ਦਿੱਲੀ ਦੇਖਣ ਲਈ ਮੋਟਰ ਵਿਚ ਬੈਠ ਕੇ ਗਏ ਜਿੱਥੇ ਬਹੁਤ ਵੱਡੇ ਸ਼ਹਿਰ ਦਾ ਵਿਕਾਸ ਹੋਣਾ ਸੀ ਅਤੇ ਬਣਨ ਵਾਲੇ ਵਾਇਸਰਾਏ ਦੀ ਰਿਹਾਇਸ਼ ਸਾਹਮਣੇ ਬਕਿੰਘਮ ਪੈਲੇਸ ਤਾਂ ਇਕ ਝੌਂਪੜੀ ਹੀ ਲੱਗੇਗੀ। ਰਿਹਾਇਸ਼ੀ ਘਰ ਹੋਣਗੇ ਅਤੇ ਸਰਕਾਰੀ ਦਫ਼ਤਰ ਹੋਣਗੇ, ਭਾਰਤੀ ਰਾਜਿਆਂ ਦੇ ਘਰ ਹੋਣਗੇ ਆਦਿ। ਇਹ ਘੱਟੋ-ਘੱਟ ਇਕ ਜਾਂ ਦੋ ਮੁਰੱਬਾ ਮੀਲ ਵਿਚ ਫੈਲਿਆ ਹੋਇਆ ਸੀ ਅਤੇ ਇਸ ਵਿਚ ਇਕ ਐਨੀ ਲੰਬੀ ਸੜਕ ਹੈ ਜਿੰਨੀ ਵਿੰਡਸਰ ਵਿਚ ‘ਲਾਂਗਵਾਕ’ ਹੈ। ਦਿੱਲੀ ਦੇ ਸੱਤ ਨਗਰ ਬਣ ਚੁੱਕੇ ਸਨ, ਪਰ ਉਹ ਸਾਰੇ ਹੀ ਬਣਾਉਣ ਵਾਲਿਆਂ ਸਮੇਤ ਢਹਿ-ਢੇਰੀ ਹੋ ਚੁੱਕੇ ਹਨ, ਖੰਡਰ ਅਜੇ ਪਏ ਹਨ। ਹੁਣ ਅਸੀਂ ਨਵੀਂ ਦਿੱਲੀ ਬਣਾਉਣ ਜਾ ਰਹੇ ਹਾਂ। ਨਿਰਸੰਦੇਹ ਇਹ ਬਹੁਤ ਹੀ ਰਮਣੀਕ ਦੁਪਹਿਰ ਸੀ।’ ਮੇਰੇ ਕੋਲ ਉਸ ਹੈਰਾਨਕੁੰਨ ਰਿਪੋਰਟ ਦੀ ਫਟੀ ਪੁਰਾਣੀ ਕਾਪੀ ਮੌਜੂਦ ਹੈ ਜੋ ਮੇਰੇ ਪੜਦਾਦਾ ਦੀ ਕਮੇਟੀ ਨੇ ਪੇਸ਼ ਕੀਤੀ ਸੀ। ਇਸ ਰਿਪੋਰਟ ਵਿਚ ਸਾਰੀਆਂ ਬਾਗ਼ੀ ਗਤੀਵਿਧੀਆਂ ਦਾ ਜ਼ਿਕਰ ਹੈ, ਕਤਲਾਂ, ਗੋਲਾਬਾਰੀ, ਬੰਬ ਸੁੱਟਣ ਅਤੇ ਸੈਂਕੜੇ ਹੀ ਅਜਿਹੇ ਹੋਰ ਦੋਸ਼, ਪਰ ਅਦਾਲਤਾਂ ਵਾਸਤੇ ਇਨ੍ਹਾਂ ਮਾਮਲਿਆਂ ਨੂੰ ਨਜਿੱਠਣਾ ਕਿੰਨਾ ਮੁਸ਼ਕਿਲ ਸੀ। ਗਵਾਹਾਂ ਨੂੰ ਡਰਾਇਆ ਧਮਕਾਇਆ ਜਾਂਦਾ ਸੀ। ਜੱਜਾਂ ਅਤੇ ਵਕੀਲਾਂ ’ਤੇ ਹਮਲਾ ਕੀਤਾ ਜਾਂਦਾ ਸੀ, ਕਤਲ ਕੀਤੇ ਜਾਂਦੇ ਸਨ। ਪਰ ਇਕ ਅਹਿਮ ਗੱਲ ਲਿਖਣੋਂ ਰਹਿ ਗਈ। ਰੋਸ ਪ੍ਰਗਟਾਉਣ ਵਾਲਿਆਂ ਦਾ ਮੁੱਖ ਮੰਤਵ ਕੀ ਸੀ? ਇਸ ਵਿਸ਼ੇ ’ਤੇ ਕੋਈ ਵਿਚਾਰ ਵਟਾਂਦਰਾ ਨਹੀਂ ਹੋਇਆ ਕਿ ਕੀ ਠੀਕ ਸੀ ਅਤੇ ਕੀ ਗ਼ਲਤ? ਕਿਸ ਕਰਕੇ ਰੋਸ ਪ੍ਰਗਟਾਵਾ ਹੋ ਰਿਹਾ ਹੈ ? ਠੀਕ ਨਜ਼ਰੀਏ ਤੋਂ ਸੋਚੀਏ ਤਾਂ ਭਾਰਤੀਆਂ ਵੱਲੋਂ ਇਹ ਹੱਕੀ ਮੰਗ ਸੀ ਕਿ ਉਨ੍ਹਾਂ ਨੂੰ ਆਪਣਾ ਰਾਜ ਅਤੇ ਆਜ਼ਾਦੀ ਦਿੱਤੀ ਜਾਵੇ। ਇਸ ਵਿਸ਼ੇ ਬਾਰੇ ਸੋਚਦਾ ਹਾਂ ਤਾਂ ਮੈਨੂੰ ਗਹਿਰਾ ਦੁੱਖ ਹੁੰਦਾ ਹੈ। ਸਰ ਸਿਡਨੀ ਨੂੰ ਸਪੱਸ਼ਟ ਪਤਾ ਸੀ ਕਿ ਬਰਤਾਨੀਆ ਲਈ ਭਾਰਤ ਵਿਚ ਖੇਡ ਖ਼ਤਮ ਹੋ ਚੁੱਕੀ ਹੈ ਅਤੇ ਸਰਕਾਰ ਨੂੰ ਕੁਝ ਪਤਾ ਨਹੀਂ ਕਿ ਬੇਅਮਨੀ ਨੂੰ ਕਿਵੇਂ ਨੱਥ ਪਾਉਣੀ ਹੈ ਸਿਵਾਏ ਦਮਨਕਾਰੀ ਢੰਗ ਦੇ। ਉਸਨੂੰ ਇਸ ਗੱਲ ਦਾ ਤਾਂ ਪਤਾ ਹੀ ਹੋਵੇਗਾ ਕਿ ਭਾਰਤੀਆਂ ਦਾ ਸੰਯੁਕਤ ਸੈਨਾਵਾਂ ਨਾਲ ਸੰਸਾਰ ਯੁੱਧ ਵਿਚ ਕਿੰਨਾ ਵੱਡਾ ਯੋਗਦਾਨ ਹੈ। ਬਰਤਾਨੀਆ ਵਾਸਤੇ 1.3 ਮਿਲੀਅਨ ਭਾਰਤੀਆਂ ਨੇ ਲੜਾਈ ਵਿਚ ਹਿੱਸਾ ਲਿਆ ਸੀ ਜਿਨ੍ਹਾਂ ਵਿਚੋਂ 74,000 ਮਾਰੇ ਗਏ ਸਨ। ਉਸਨੂੰ ਇਹ ਵੀ ਜ਼ਰੂਰ ਪਤਾ ਹੋਵੇਗਾ ਕਿ ਇਸ ਕੁਰਬਾਨੀ ਦੇ ਬਾਵਜੂਦ ਵੀ ਭਾਰਤੀਆਂ ਵੱਲੋਂ ਸਵੈ-ਸਰਕਾਰ ਵੱਲ ਬਹੁਤ ਘੱਟ ਧਿਆਨ ਦਿੱਤਾ ਗਿਆ ਸੀ। ਮੇਰਾ ਅੰਦਾਜ਼ਾ ਹੈ ਕਿ ਸਰ ਸਿਡਨੀ ਸੰਵਿਧਾਨਕ ਤਬਦੀਲੀਆਂ ਕਰਨ ਨੂੰ ਆਪਣੇ ਅਧਿਕਾਰ ਖੇਤਰ ਵਿਚ ਨਹੀਂ ਸੀ ਸਮਝਦਾ। ਉਸਦੀ ਅਸਫਲਤਾ ਅਤੇ ਲੰਡਨ ਵਿਚ ਹੋਰ ਅਧਿਕਾਰੀਆਂ ਦੀ ਅਸਫਲਤਾ ਨੂੰ ਪਰਖਣ ਲਈ ਸ਼ਾਇਦ ਕਾਨੂੰਨ ਬਣਾਉਣ ਦੀ ਲੋੜ ਹੋਵੇਗੀ। ਬ੍ਰਿਟਿਸ਼ ਇੰਡੀਆ ਵਿਚ ਮੇਰੇ ਪੜਦਾਦਾ ਜੀ ਦੀ ਅਸਲਫਤਾ ਦਾ ਇਹੀ ਮੁੱਖ ਕਾਰਨ ਸੀ। ਉਸ ਦੀਆਂ ਚਿੱਠੀਆਂ ਵਿਚੋਂ ਸੰਕੇਤ ਮਿਲਦਾ ਹੈ ਕਿ ਉਸਦੀਆਂ ਕੀਤੀਆਂ ਸਿਫਾਰਸ਼ਾਂ ਸਾਡੇ ਲਈ ਕਿੰਨੀਆਂ ਜ਼ਹਿਰੀਲੀਆਂ ਸਿੱਧ ਹੋ ਸਕਦੀਆਂ ਸਨ। 1918 ਦੀ ਜਨਵਰੀ ਵਿਚ ਸਰ ਸਿਡਨੀ ਬੰਬਈ ਤੋਂ ਕਲਕੱਤਾ ਜਾਂਦੀ ਗੱਡੀ ਵਿਚ ਸ਼ਾਹੀਠਾਠ ਨਾਲ ਸਫ਼ਰ ਕਰ ਰਿਹਾ ਸੀ। ਉਹ ਮੁੰਡਿਆਂ ਵਾਂਗ ਜੋਸ਼ ਵਿਚ ਆ ਗਿਆ ਕਿ ਗੱਡੀ ਵਿਚ ਸਫ਼ਰ ਕਰਨ ਲਈ ਉਸਦੇ ਕੋਲ ਪੂਰੇ ਦਾ ਪੂਰਾ ਸੈਲੂਨ ਹੈ, ਲੱਤਾਂ ਪਸਾਰਨ ਜੋਗਾ ਵੱਖਰਾ ਥਾਂ ਜਿਸ ਵਿਚ ਬੜਾ ਆਰਾਮ ਦੇਹ ਕਾਊਚ ਵਿਛਿਆ ਹੋਇਆ ਹੈ। ਆਪਣੀ ਉੱਚ ਸਥਿਤੀ ਨੂੰ ਦਰਸਾਉਣ ਲਈ ਉਹ ਲਿਖਦਾ ਹੈ, ‘ਗਵਰਨਰ ਦਾ ਇਕ ਅਫ਼ਸਰ ਜਿਸਦੀ ਖਾਕੀ ਅਤੇ ਲਾਲ ਵਰਦੀ, ਲਾਲ ਪਗੜੀ ਅਤੇ ਮੋਨੋਗ੍ਰਾਮ ਅਤੇ ਉਸਦੀ ਪੁਸ਼ਾਕ ’ਤੇ ਗਵਰਨਰ ਦੇ ਤਾਜ ਦੀ ਕਸ਼ੀਦਾਕਾਰੀ ਕੀਤੀ ਹੋਈ ਸੀ ਅਤੇ ਉਹ ਨਾਲ ਦੇ ਡੱਬੇ ਵਿਚ ਮੇਰੇ ਨਾਲ ਮੇਰੀ ਸਹਾਇਤਾ ਲਈ ਕਲਕੱਤੇ ਤਕ ਜਾ ਰਿਹਾ ਸੀ।’ ਉਦੋਂ ਉਸਨੂੰ ਇਹ ਨਹੀਂ ਸੀ ਪਤਾ ਕਿ ਜਦੋਂ ਉਹ ਭਾਰਤ ਛੱਡ ਕੇ ਵਾਪਸ ਜਾਏਗਾ ਤਾਂ ਭਾਰਤੀਆਂ ਵੱਲੋਂ ਗਾਲ੍ਹਾਂ ਦੀ ਬੁਛਾੜ ਵੀ ਉਸਨੇ ਹੀ ਝੱਲਣੀ ਹੈ। ਇਸ ਗੱਲ ਦਾ ਪੁਖ਼ਤਾ ਸਬੂਤ ਹੈ ਕਿ ਮੇਰੇ ਪੜਦਾਦਾ ਨੂੰ ਆਪਣੀ ਰਿਪੋਰਟ ਦੇ ਸਿੱਟੇ ਬਾਰੇ ਪੂਰਾ ਪਤਾ ਸੀ ਕਿ ਕਿਸ ਪ੍ਰਕਾਰ ਇਸਦਾ ਵਿਰੋਧ ਹੋਵੇਗਾ। ਉਸਦੀ ਰਿਪੋਰਟ ਅਤੇ ਕਾਨੂੰਨ ਜੋ ਉਸਨੇ ਪਾਸ ਕੀਤਾ ਸੀ ਉਹੀ ਭਾਰਤ ਵਿਚ ਹੋਏ ਹੰਗਾਮੇ ਅਤੇ ਬਸਤੀਵਾਦੀ ਰਾਜ ਦਾ ਜਨਤਾ ਵੱਲੋਂ ਵੱਡੇ ਪੱਧਰ ’ਤੇ ਹੋਏ ਵਿਰੋਧ ਦਾ ਕਾਰਨ ਸੀ। ਇਸ ਪ੍ਰਤੀਕਰਮ ਦੀ ਪਹਿਲੀ ਝਲਕ ਸੈਂਟਰਲ ਲੈਜਿਸਲੇਟਿਵ ਕੌਂਸਲ ਵਿਚ ਹੋਈ ਜਦੋਂ ਵਾਇਸਰਾਏ ਲਾਰਡ ਚੈਮਸਫੋਡ ਨੇ ਕੋਸ਼ਿਸ਼ ਕੀਤੀ ਕਿ ਸੈਡੀਸ਼ਨ ਬਿਲ ਪਾਸ ਹੋ ਜਾਵੇ। ਇਹ ਦਮਨਕਾਰੀ ਕਾਨੂੰਨ ’ਤੇ ਆਧਾਰਿਤ ਸੀ ਜੋ ਦੇਸ਼ ਵਿਚ ਵਿਰੋਧੀਆਂ ਦੀਆਂ ਕਾਰਗੁਜ਼ਾਰੀਆਂ ’ਤੇ ਕਾਬੂ ਪਾਉਣ ਲਈ ਪਾਸ ਕੀਤਾ ਗਿਆ ਸੀ। ਜਦੋਂ ਇਹ ਵਿਸ਼ਾ ਕੌਂਸਲ ਦੇ ਸਾਹਮਣੇ 1915 ਵਿਚ ਲਿਆਂਦਾ ਗਿਆ ਤਾਂ 22 ਚੁਣੇ ਹੋਏ ਭਾਰਤੀ ਮੈਂਬਰਾਂ ਨੇ ਇਸਦੇ ਪਾਸ ਹੋਣ ਲਈ ਸਮਰਥਨ ਕੀਤਾ ਸੀ, ਪਰ ਜੋ ਜੰਗ ਦੇ ਦਿਨਾਂ ਵਿਚ ਕੀਤਾ ਗਿਆ ਸੀ ਉਹ ਅੱਜ ਅਮਨ ਦੇ ਸਮੇਂ ਵਿਚ ਨਹੀਂ ਹੋ ਸਕਿਆ ਅਤੇ ਜਦੋਂ ਉਹ ਰੌਲਟ ਬਿਲ ਕੌਂਸਲ ਦੇ ਸਾਹਮਣੇ 1919 ਵਿਚ ਪੇਸ਼ ਹੋਇਆ ਤਾਂ ਇਸਦੇ ਵਿਰੁੱਧ ਬਗ਼ਾਵਤ ਹੋ ਗਈ। ਹਰ ਇਕ ਭਾਰਤੀ ਮੈਂਬਰ ਨੇ ਇਸਦਾ ਵਿਰੋਧ ਕੀਤਾ। ਇਹ ਕਾਨੂੰਨ ਅੰਗਰੇਜ਼ਾਂ ਵੱਲੋਂ ਨਿਯੁਕਤ ਕੀਤੇ ਮੈਂਬਰਾਂ ਅਤੇ ਹੋਰ ਨਾਮਜ਼ਦ ਮੈਂਬਰਾਂ ਦੀ ਮਦਦ ਨਾਲ ਪਾਸ ਹੋਇਆ, ਜਿਨ੍ਹਾਂ ਦਾ ਇਹ ਕੰਮ ਸੀ ਕਿ ਜੋ ਕੁਝ ਲੰਡਨ ਚਾਹੁੰਦਾ ਹੈ ਉਸਦੀ ਪਾਲਣਾ ਹੋਵੇ। ਮੁਸਲੀਮ ਲੀਗ ਦੇ ਨੇਤਾ ਮੁਹੰਮਦ ਅਲੀ ਜਿਨਾਹ ਨੇ ਦੇਸ਼ ਦੀ ਵੰਡ ਦਾ ਮੋਹਰੀ ਆਗੂ ਬਣਨਾ ਸੀ, ਉਸਨੇ ਭਾਰਤੀ ਮੈਂਬਰਾਂ ਦੇ ਗੁੱਸੇ ਦਾ ਧੜੱਲੇ ਨਾਲ ਸਾਥ ਦਿੱਤਾ। ਜਿਨਹਾ ਨੇ ਕਿਹਾ, ‘ਕਿਸੇ ਵੀ ਸੱਭਿਅਕ ਦੇਸ਼ ਦੇ ਕਾਨੂੰਨੀ ਇਤਿਹਾਸ ਵਿਚ ਅਜਿਹਾ ਕਦੇ ਵੀ ਨਹੀਂ ਹੋਇਆ ਜੋ ਇੱਥੇ ਹੋ ਰਿਹਾ ਹੈ।’ ਜਦੋਂ ਮਾਰਚ 1919 ਵਿਚ ਬਿਲ ਪਾਸ ਹੋ ਕੇ ਕਾਨੂੰਨ ਬਣ ਗਿਆ ਤਾਂ ਉਸਨੇ ਕੌਂਸਲ ਤੋਂ ਅਸਤੀਫ਼ਾ ਦੇ ਦਿੱਤਾ। ਇਸ ਆਧਾਰ ’ਤੇ ਕਿ ਲੋਕਾਂ ਦੇ ਸੰਵਿਧਾਨਕ ਹੱਕ ਬਰਤਾਨੀਆ ਨੇ ਪੈਰਾਂ ਹੇਠ ਕੁਚਲ ਦਿੱਤੇ ਹਨ ਜਿਨ੍ਹਾਂ ਲਈ ਬਰਤਾਨੀਆ ਨੇ ਆਪ ਹੀ ਜੰਗ ਲੜੀ ਸੀ। ਜਦੋਂ ਮੈਂ ਦਿੱਲੀ ਦੇ ਬੀ.ਬੀ.ਸੀ. ਬਿਊਰੋ ਵਿਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਰੌਲਟ ਐਕਟ ਅਤੇ ਇਸ ਦੇ ਪ੍ਰਤੀਕਰਮ ਦਾ ਡਰ ਮੇਰੇ ਮਨ ਵਿਚ ਨਿਰੰਤਰ ਘੁੰਮਦਾ ਰਿਹਾ। ਜੇਕਰ ਇੱਥੋਂ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਮੈਂ ਸਿਡਨੀ ਰੌਲਟ ਦਾ ਪੜਪੋਤਾ ਹਾਂ ਤਾਂ ਮੇਰੇ ਬਾਰੇ ਇਹ ਕੀ ਸੋਚਣਗੇ? ਪਰ ਇਸ ਸਾਰੇ ਕੁਝ ਵਿਚ ਮੇਰੀ ਕੀ ਜ਼ਿੰਮੇਵਾਰੀ ਹੈ? ਜੇ ਕੋਈ ਘਿਣਾਉਣੀ ਕਾਰਵਾਈ ਮੇਰੇ ਕਿਸੇ ਬਜ਼ੁਰਗ ਨੇ ਤਿੰਨ ਪੀੜ੍ਹੀਆਂ ਪਹਿਲਾਂ ਕੀਤੀ ਹੈ ਤਾਂ ਇਸ ਵਿਚ ਮੇਰਾ ਕੀ ਦੋਸ਼ ਹੈ? ਮੈਂ ਡਰਦਾ ਸਾਂ ਕਿ ਮੇਰੀ ਹਰ ਗੱਲ ਨਾਲ ਭਾਰਤੀ ਅਸਹਿਮਤੀ ਪ੍ਰਗਟ ਕਰਨਗੇ, ਪਰ ਅਜਿਹਾ ਕੁਝ ਵੀ ਨਹੀਂ ਵਾਪਰਿਆ। ਮੈਨੂੰ ਅਕਸਰ ਮੇਰੇ ਪਰਿਵਾਰ ਦੇ ਇਤਿਹਾਸ ਬਾਰੇ ਗੱਲ ਕਰਕੇ ਛੇੜਿਆ ਜਾਂਦਾ ਸੀ, ਪਰ ਮੈਂ ਕਦੇ ਗੁੱਸਾ ਨਹੀਂ ਸੀ ਕੀਤਾ। ਨਾ ਹੀ ਅਸਹਿਮਤੀ ਪ੍ਰਗਟਾਉਂਦਾ। ਅਸਲ ਵਿਚ ਭਾਰਤੀ ਲੋਕਾਂ ਵਿਚ ਮੇਰੇ ਲਈ ਸਦਭਾਵਨਾ ਸੀ ਕਿਉਂਕਿ ਮੇਰਾ ਉਨ੍ਹਾਂ ਦੇ ਦੇਸ਼ ਨਾਲ ਸਬੰਧ ਸੀ। ਮੈਂ ਅਕਸਰ ਹੈਰਾਨ ਹੁੰਦਾ ਸੀ ਕਿ ਅਜਿਹਾ ਕਿਉਂ ਹੈ? ਆਖ਼ਿਰ ਮਹਾਤਮਾ ਗਾਂਧੀ ਦੇ ਪੋਤਰੇ ਤੁਸ਼ਾਰ ਗਾਂਧੀ ਨਾਲ ਬੜੀ ਉਤਸ਼ਾਹਜਨਕ ਗੱਲ ਹੋਈ। ਜਦੋਂ ਅਸੀਂ ਨਵੀਂ ਦਿੱਲੀ ਦੇ ਇਕ ਮਹਿਲ ਵਿਚ ਮਿਲੇ ਤਾਂ ਮੈਨੂੰ ਉਸ ਕੋਲੋਂ ਆਪਣੇ ਵਿਰੁੱਧ ਨਾਰਾਜ਼ਗੀ ਦੀ ਸੰਭਾਵਨਾ ਲੱਗਦੀ ਸੀ। ਮੇਰੇ ਡਰ ਦੇ ਉਲਟ ਉਸਨੇ ਮੇਰੇ ਪੜਦਾਦੇ ਦੀ ਪ੍ਰਸੰਸਾ ਕਰਦਿਆਂ ਮੇਰਾ ਸ਼ੁਕਰਾਨਾ ਕੀਤਾ। ‘ਮੈਂ ਤੁਹਾਡੇ ਪੜਦਾਦੇ ਦੀ ਪ੍ਰਸੰਸਾ ਕਰਦਾ ਹਾਂ ਜਿਸਨੇ ਬਰਤਾਨੀਆ ਦੀ ਸ਼ਹਿਨਸ਼ਾਹੀਅਤ ਦੇ ਕਫ਼ਨ ਵਿਚ ਪਹਿਲਾ ਕਿੱਲ ਠੋਕਿਆ।’ ਤੁਸ਼ਾਰ ਨੇ ਹੱਸ ਕੇ ਕਿਹਾ। ਉਸਨੇ ਦੱਸਿਆ ਕਿ ਜਿਹੜਾ ਐਕਟ ਮੇਰੇ ਪੜਦਾਦੇ ਦੇ ਨਾਮ ਨਾਲ ਜੁੜਿਆ ਹੋਇਆ ਹੈ, ਮਹਾਤਮਾ ਗਾਂਧੀ ਲਈ ਉਹ ਕਿਉਂ ਮਹਤੱਵਪੂਰਨ ਸੀ? ‘ਰੌਲਟ ਐਕਟ ਦੀ ਵਿਸ਼ੇਸ਼ਤਾ ਇਹ ਸੀ ਕਿ ਉਸਨੂੰ ਲੋਕਾਂ ਨੂੰ ਸਮਝਾਉਣ ਲਈ ਕਿ ਇਹ ਕਿੰਨਾ ਗ਼ੈਰਵਾਜਿਬ ਹੈ, ਪ੍ਰਚਾਰ ਸਾਧਨ ਨਹੀਂ ਬਣਨਾ ਪਿਆ।’ ਉਸਨੇ ਅੱਗੇ ਕਿਹਾ, ‘ਇਹ ਬਿਲਕੁਲ ਸਪੱਸ਼ਟ ਤੇ ਮੰਤਵ ਭਰਪੂਰ ਸੀ ਕਿ ਉਹ ਇਸ ਨੂੰ ਲੋਕਾਂ ਵਿਚ ਗੁੱਸਾ ਫੈਲਾਉਣ ਲਈ ਵਰਤ ਸਕਦਾ ਸੀ, ਰੋਸ ਦੀ ਲਹਿਰ ਚਲਾ ਸਕਦਾ ਸੀ, ਪਰ ਉਹ ਤਾਂ ਸ਼ਾਂਤੀਪੂਰਨ ਰੋਸ ਸੰਘਰਸ਼ ਕਰਨਾ ਚਾਹੁੰਦਾ ਸੀ।’ ਤੁਸ਼ਾਰ ਦਾ ਵਿਸ਼ਵਾਸ ਹੈ ਕਿ ਭਾਰਤੀਆਂ ਦੀ ਬਰਤਾਨੀਆ ਪ੍ਰਤੀ ਵਿਰੋਧਤਾ ਅਹਿੰਸਕ ਸੀ ਅਤੇ ਸਮਝਣ ਵਾਲੀ ਇਹੀ ਵੱਡੀ ਗੱਲ ਹੈ ਕਿ ਦੋਵੇਂ ਕੌਮਾਂ ਵਿਚਕਾਰ ਗੁੱਸਾ ਕਿਉਂ ਨਹੀਂ ਸੀ, ਵਿਰੋਧ ਕਿਉਂ ਨਹੀਂ ਸੀ। ਉਸਨੇ ਕਿਹਾ, ‘ਇਸਨੇ ਸਾਨੂੰ ਇਹ ਯਕੀਨ ਕਰਨ ਵਿਚ ਮਦਦ ਕੀਤੀ ਕਿ ਅਸੀਂ ਆਜ਼ਾਦੀ ਪ੍ਰਾਪਤ ਕਰ ਲਈ ਸੀ।’ ਹੁਣ ਬਰਤਾਨੀਆ ਦੇ ਲੋਕ ਇਹ ਪ੍ਰਚਾਰ ਕਰਕੇ ਆਪਣੇ ਆਪ ਨੂੰ ਤਸੱਲੀ ਦੇ ਲੈਣ, ‘ਅਸੀਂ ਬੜੀ ਫ਼ਰਾਖਦਿਲੀ ਨਾਲ ਤੁਹਾਨੂੰ ਆਜ਼ਾਦੀ ਪ੍ਰਦਾਨ ਕੀਤੀ ਹੈ।’ ਸਰ ਸਿਡਨੀ ਰੌਲਟ ਦੇ ਇਸ ਰਿਸ਼ਤੇਦਾਰ ਵਾਸਤੇ ਇਹ ਇਕ ਮਾਣ ਵਾਲੀ ਦਲੀਲ ਹੈ, ਪਰ ਐਨਾ ਕੁਝ ਕਹਿ ਕੇ ਵੀ ਮੇਰੀ ਸ਼ਰਮਿੰਦਗੀ ਖ਼ਤਮ ਨਹੀਂ ਹੋ ਜਾਂਦੀ। ਮੇਰਾ ਅਜੇ ਵੀ ਦ੍ਰਿੜ ਵਿਸ਼ਵਾਸ ਹੈ ਕਿ ਮੇਰੇ ਪੜਦਾਦੇ ਦੀ ਕਮੇਟੀ ਨੇ ਜੋ ਸਿਫਾਰਿਸ਼ ਕੀਤੀ ਸੀ ਉਹ ਨਾਵਾਜਿਬ ਅਤੇ ਰਾਹ ਤੋਂ ਖਦੇੜਨ ਵਾਲੀ ਸੀ। ਹੁਣ ਵੀ ਮੈਂ ਦੇਖਦਾ ਹਾਂ ਕਿ ਆਜ਼ਾਦੀ ਲਈ ਸੰਘਰਸ਼ ਅਤੇ ਇਨਸਾਫ਼ ਲਈ ਕੀਤੀ ਜਦੋ-ਜਹਿਦ ਦਾ ਵਰਨਣ ਹੀ ਨਾ ਕਰਨਾ ਬਿਲਕੁਲ ਬੇਇਨਸਾਫ਼ੀ ਹੈ। ਮੇਰੇ ਆਤਮਿਕ ਅਤੇ ਮਾਨਸਿਕ ਹਾਜ਼ਮੇ ਨੂੰ ਇਹ ਬਿਲਕੁਲ ਨਹੀਂ ਪਚਦਾ ਕਿ ਮੇਰੇ ਪੜਦਾਦੇ ਨੂੰ ਸੈਡੀਸ਼ਨ ਕਮੇਟੀ ਵਿਚ ਕੰਮ ਕਰਨ ਲਈ ਸਰ ਦਾ ਖ਼ਿਤਾਬ ਦਿੱਤਾ ਗਿਆ ਸੀ। ਇਕ ਸਦੀ ਪਹਿਲਾਂ ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ਼ ਵਿਚ ਕੀਤੇ ਜ਼ੁਲਮ ਰਾਹੀਂ ਕੁਰਬਾਨ ਹੋਈਆਂ ਅਨੇਕਾਂ ਨਿਰਦੋਸ਼ ਜਾਨਾਂ ਦਾ ਪ੍ਰਤੀਕਰਮ ਹੀ ਅੰਤ ਵਿਚ ਭਾਰਤ ਦੀ ਆਜ਼ਾਦੀ ਵਿਚ ਬਦਲਿਆ।

-ਨਵਦੀਪ ਸੂਰੀ ਵੱਲੋਂ ਸੰਪਾਦਿਤ ਕਿਤਾਬ ‘ਖੂਨੀ ਵਿਸਾਖੀ’ ਜਿਸਨੂੰ ਲੋਕ ਸਾਹਿਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ, ਵਿਚੋਂ ਧੰਨਵਾਦ ਸਹਿਤ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਮੁੱਖ ਖ਼ਬਰਾਂ

ਪੰਜਾਬ ਵਿੱਚ ਹੁਣ ਫ਼ਰਦਾਂ ਦੀ ਹੋਵੇਗੀ ਹੋਮ ਡਲਿਵਰੀ

ਪੰਜਾਬ ਵਿੱਚ ਹੁਣ ਫ਼ਰਦਾਂ ਦੀ ਹੋਵੇਗੀ ਹੋਮ ਡਲਿਵਰੀ

ਮੁੱਖ ਮੰਤਰੀ ਵੱਲੋਂ ਮਾਲ ਵਿਭਾਗ ’ਚ ਨਵੇਂ ਸੁਧਾਰਾਂ ਨੂੰ ਫੌਰੀ ਲਾਗੂ ਕਰਨ...

ਓਮ ਪ੍ਰਕਾਸ਼ ਚੌਟਾਲਾ ਨੂੰ ਚਾਰ ਸਾਲ ਦੀ ਕੈਦ ਤੇ 50 ਲੱਖ ਜੁਰਮਾਨਾ

ਓਮ ਪ੍ਰਕਾਸ਼ ਚੌਟਾਲਾ ਨੂੰ ਚਾਰ ਸਾਲ ਦੀ ਕੈਦ ਤੇ 50 ਲੱਖ ਜੁਰਮਾਨਾ

ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ