ਬਹੁਪੱਖੀ ਜਾਣਕਾਰੀ ਵਾਲਾ ਸਫ਼ਰਨਾਮਾ

ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ

ਪੁਸਤਕ ‘ਰਾਹਾਂ ਦੇ ਰੂ-ਬ-ਰੂ’ (ਕੀਮਤ: 275 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਲੇਖਕ ਨਵਤੇਜ ਸ਼ਰਮਾ ਦੀਆਂ ਵੱਖ ਵੱਖ ਯਾਤਰਾਵਾਂ ਦਾ ਸੰਗ੍ਰਹਿ ਹੈ। ਇਸ ਵਿਚ ਲੇਖਕ ਨੇ ਤਿੰਨ ਦੱਖਣੀ ਸੂਬਿਆਂ ਦੀਆਂ ਯਾਤਰਾਵਾਂ ਦਾ ਬਿਰਤਾਂਤ ਪੇਸ਼ ਕੀਤਾ ਹੈ। ਉਸ ਨੇ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਤੋਂ ਆਪਣੀ ਗੱਲ ਸ਼ੁਰੂ ਕੀਤੀ ਹੈ। ਗੁਰੂ ਸਾਹਿਬ ਦੀਆਂ ਉਦਾਸੀਆਂ ਨਾਲ ਬਚਪਨ ਤੋਂ ਜੁੜੇ ਹੋਣ ਦੀ ਗੱਲ ਲਿਖੀ ਹੈ। ਅਸਲ ਵਿਚ ਲੇਖਕ ਨੂੰ ਬਚਪਨ ਵਿਚ ਆਪਣੇ ਮਾਮਾ ਜੀ ਤੋਂ ਸਫ਼ਰ ਦੀ ਲਗਨ ਲੱਗੀ ਕਿਉਂਕਿ ਉਸ ਦੇ ਮਾਮਾ ਜੀ ਆਪਣੇ ਕਾਰੋਬਾਰ ਦੇ ਸਬੰਧ ਵਿਚ ਭਾਰਤ ਦੇ ਵੱਖ ਵੱਖ ਸੂਬਿਆਂ ਵਿਚ ਦੂਰ-ਦੁਰਾਡੇ ਜਾਇਆ ਕਰਦੇ ਸਨ ਤੇ ਉਨ੍ਹਾਂ ਥਾਵਾਂ ’ਤੇ ਜਾ ਕੇ ਲੇਖਕ ਨੂੰ ਸਾਰੀ ਯਾਤਰਾ ਦਾ ਪ੍ਰਸੰਗ ਖ਼ਤਾਂ ਵਿਚ ਲਿਖ ਕੇ ਭੇਜਿਆ ਕਰਦੇ। ਇਸ ਕਰਕੇ ਬਚਪਨ ਤੋਂ ਹੀ ਇਨ੍ਹਾਂ ਥਾਵਾਂ ਨੂੰ ਵੇਖਣ ਦੀ ਤਾਂਘ ਉਸ ਦੀਆਂ ਸਿਮਰਤੀਆਂ ਵਿਚ ਇਕੱਠੀ ਹੁੰਦੀ ਗਈ। ਲੇਖਕ ਭੂਗੋਲ ਦਾ ਵਿਦਿਆਰਥੀ ਰਿਹਾ ਹੈ ਤੇ ਅਧਿਆਪਨ ਸਮੇਂ ਵੀ ਉਸ ਨੂੰ ਭੂਗੋਲ ਨਾਲ ਲਗਾਅ ਰਿਹਾ। ਸਕੂਲ ਦੇ ਵਿਦਿਆਰਥੀਆਂ ਨਾਲ ਲੰਮੇ ਟੂਰਾਂ ’ਤੇ ਜਾਣ ਦਾ ਸਬੱਬ ਹਾਸਲ ਹੁੰਦਾ ਰਿਹਾ ਤੇ ਇਹ ਸਫ਼ਰਨਾਮਾ ਹੋਂਦ ਵਿਚ ਆਇਆ। ਸਾਹਿਤਕਾਰ ਸੁਖਜੀਤ ਨੇ ਆਰੰਭ ਵਿਚ ਲੇਖਕ ਦੀਆਂ ਘੁਮੱਕੜੀ ਰੁਚੀਆਂ ਦਾ ਜ਼ਿਕਰ ਕੀਤਾ ਹੈ। ਅਲਾਹਾਬਾਦ ਤੇ ਜਗਨਨਾਥ ਪੁਰੀ ਦੀ ਯਾਤਰਾ ਲੇਖਕ ਨੇ ਆਪਣੇ ਮਾਤਾ ਪਿਤਾ ਨਾਲ ਧਾਰਮਿਕ ਸ਼ਰਧਾ ਹੇਠ ਕੀਤੀ ਹੈ। ਇਸ ਵਿਚ ਤੇ ਹੋਰ ਯਾਤਰਾਵਾਂ ਵਿਚ ਧਾਰਮਿਕ ਸਥਾਨਾਂ ਦਾ ਖੋਜ ਭਰਪੂਰ ਜ਼ਿਕਰ ਕੀਤਾ ਹੈ। ਦੱਖਣੀ ਸੂਬਿਆਂ ਦੀ ਪਹਿਲੀ ਯਾਤਰਾ ਲੇਖਕ ਨੇ 20 ਜੂਨ 1994 ਨੂੰ ਕੀਤੀ ਸੀ। ਇਸ ਯਾਤਰਾ ਵਿਚ ਹਜ਼ੂਰ ਸਾਹਿਬ, ਬੰਗਲੌਰ, ਟੀਪੂ ਸੁਲਤਾਨ ਦਾ ਕਿਲ੍ਹਾ, ਮੈਸੂਰ ਦੇ ਇਤਿਹਾਸ ਦਾ ਵਰਣਨ ਹੈ। ਲੇਖਕ ਕੁਦਰਤੀ ਨਜ਼ਾਰਿਆਂ ਦਾ ਨਿੱਕਾ ਨਿੱਕਾ ਵੇਰਵਾ ਦੇ ਕੇ ਸਫ਼ਰ ਨੂੰ ਰੌਚਕ ਰੂਪ ਦਿੰਦਾ ਹੈ। ਦਾਰਜੀਲਿੰਗ ਦੀ ਯਾਤਰਾ ਵਿਚ ਲੇਖਕ ਨਾਲ ਸਕੂਲ ਦੇ ਪਚਵੰਜਾ ਵਿਦਿਆਰਥੀ ਤੇ ਸਾਥੀ ਅਧਿਆਪਕ ਜਾਂਦੇ ਹਨ। ਅਲੀਗੜ੍ਹ, ਕਾਨਪੁਰ, ਸਿਲੀਗੁੜੀ, ਮਾਊਂਟ ਐਵਰੈਸਟ, ਬੋਧੀਆਂ ਦੇ ਮੱਠ, ਮੁਗ਼ਲ ਬਾਦਸ਼ਾਹ ਜਹਾਂਗੀਰ ਤੇ ਔਰੰਗਜ਼ੇਬ ਨਾਲ ਜੁੜੀਆਂ ਇਤਿਹਾਸਕ ਇਮਾਰਤਾਂ, ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਦਾ ਨਿੱਜੀ ਘਰ, ਸਕੂਲ, ਅਜੰਤਾ ਐਲੋਰਾ ਦੀਆਂ ਗੁਫ਼ਾਵਾਂ, ਕਲਕੱਤੇ ਦਾ ਇਤਿਹਾਸਕ ਪੱਖ, ਸਵਾਮੀ ਵਿਵੇਕਾਨੰਦ ਤੇ ਰਾਮ ਕਿਸ਼ਨ ਪਰਮਹੰਸ ਨਾਲ ਜੁੜੀਆਂ ਯਾਦਗਾਰਾਂ ਆਦਿ ਬਾਰੇ ਵਡਮੁੱਲੀ ਜਾਣਕਾਰੀ ਪੁਸਤਕ ਵਿਚ ਹੈ। ਉਸ ਨੇ 32 ਰੰਗਦਾਰ ਤਸਵੀਰਾਂ ਨਾਲ ਪੁਸਤਕ ਨੂੰ ਸ਼ਿੰਗਾਰਿਆ ਹੈ। ਸਫ਼ਰ ਪ੍ਰੇਮੀਆਂ ਤੇ ਦੇਸ਼ ਦੀ ਵਿਸਤਰਿਤ ਜਾਣਕਾਰੀ ਲਈ ਪੁਸਤਕ ਇਕ ਰੌਚਿਕ ਸੌਗਾਤ ਹੈ।

ਸੰਪਰਕ: 098148-56160

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All