ਬਰਤਾਨੀਆ ਦੇ ਖਜ਼ਾਨਾ ਮੰਤਰੀ ਲਾਅਜ਼ ਨੇ ਦਿੱਤਾ ਅਸਤੀਫਾ

ਕੈਮਰੌਨ ਨੂੰ ਦੂਹਰਾ ਝਟਕਾ

ਜੇ.ਸੀ.ਬੀ. ਦੇ ਚੇਅਰਮੈਨ ਨੂੰ ਲਾਰਡ ਬਣਨ ਤੋਂ ਰੋਕਿਆ

ਲੰਡਨ, 30 ਮਈ ਬਰਤਾਨੀਆ ਵਿੱਚ ਖਜ਼ਾਨਾ ਮੰਤਰੀ ਡੇਵਿਸ ਲਾਅਜ਼ ਵੱਲੋਂ ਖਰਚ ਸਕੈਂਡਲ ਕਰਕੇ ਅਸਤੀਫਾ ਦੇਣ ਮਗਰੋਂ ਕਨਜ਼ਰਵੇਟਿਵ ਪਾਰਟੀ ਦੀ ਅਗਵਾਈ ਵਾਲੀ ਕੁਲੀਸ਼ਨ ਸਰਕਾਰ ਡਿਕ-ਡੋਲੇ ਖਾਣ ਲੱਗ ਪਈ ਹੈ। ਸਰਕਾਰੀ ਖਰਚ ਘਟਾਉਣ ਦੇ ਮਾਮਲਿਆਂ ਦੇ ਇੰਚਾਰਜ ਖਜ਼ਾਨਾ ਮੰਤਰੀ ਲਾਅਜ਼ ਨੇ ਲੰਘੀ ਰਾਤੀਂ ਅਸਤੀਫਾ ਦੇ ਦਿੱਤਾ ਜਦੋਂ ਇਹ ਖੁਲਾਸਾ ਹੋਇਆ ਕਿ ਉਸ ਨੇ ਆਪਣੇ ਇਕ ਗੁਪਤ ਸਮਲਿੰਗੀ ਪ੍ਰੇਮੀ ਨੂੰ ਸਰਕਾਰੀ ਖਜ਼ਾਨੇ ’ਚੋਂ 40000 ਪੌਂਡ ਤੋਂ ਵੱਧ ਰਕਮ ਅਦਾ ਕਰਨ ਦੇ ਨਿਰਦੇਸ਼ ਦਿੱਤੇ ਸਨ। ਹਾਲਾਂਕਿ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਨਿੱਜੀ ਤੌਰ ’ਤੇ ਇਹ ਸਪਸ਼ਟ ਕੀਤਾ ਸੀ ਕਿ ਉਸ ਦਾ ਅਹੁਦਾ ਫਿਲਹਾਲ ਸਲਾਮਤ ਹੈ, ਪਰ ਆਪਣੇ ਲਿੰਗਕ ਸਬੰਧਾਂ ਅਤੇ ਵਿੱਤੀ ਸਾਫਗੋਈ ਬਾਰੇ ਹੋਏ ਖੁਲਾਸਿਆਂ ਦੇ ਬੱਝਵੇਂ ਅਸਰ ਹੇਠ ਕਰੋੜਪਤੀ ਲਾਅਜ਼ ਨੂੰ ਅਸਤੀਫਾ ਦੇਣਾ ਹੀ ਪਿਆ। ਕੈਬਨਿਟ ਤੋਂ ਮੁਸਤਫੀ ਹੋਣ ਦਾ ਐਲਾਨ ਕਰਦਿਆਂ ਲਿਬਰਲ ਡੈਮੋਕਰੈਟ ਐਮ.ਪੀ. ਨੇ ਕਿਹਾ, ‘‘ਹਾਲੀਆ ਖੁਲਾਸਿਆਂ ਦੇ ਜ਼ਾਤੀ ਅਤੇ ਜਨਤਕ ਅਸਰ ਨਾਲ ਸਿਝਦਿਆਂ ਮੈਨੂੰ ਨਹੀਂ ਲਗਦਾ ਕਿ ਮੈਂ ਬਜਟ ਅਤੇ ਖਰਚ ਦੀ ਸਮੀਖਿਆ ਦਾ ਅਹਿਮ ਚਾਰਜ ਨਿਭਾ ਸਕਾਂਗਾ।’’ ਲਿਬਰਲ ਡੈਮਕਰੈਟ ਸਕਾਟਿਸ਼ ਮੰਤਰੀ ਡੈਨੀ ਅਲੈਗਜ਼ੈਂਡਰ ਖਜ਼ਾਨਾ ਮਹਿਕਮਾ ਸੰਭਾਲਣਗੇ, ਜਦਕਿ ਉਨ੍ਹਾਂ ਦੀ ਥਾਂ ਲਿਬ ਡੈਮ ਮਾਈਕਲ ਮੂਰ ਨੂੰ ਸਕਾਟਿਸ ਮਾਮਲਿਆਂ ਦਾ ਮਹਿਕਮਾ ਸੌਂਪਿਆਂ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੂੰ ਭੇਜੇ ਅਸਤੀਫੇ ਵਿੱਚ ਲਾਅਜ਼ ਨੇ ਲਿਖਿਆ, ‘‘ਤੁਹਾਥੋਂ ਮਿਲੀ ਹਮਾਇਤ ਬੇਹੱਦ ਅਹਿਮ ਹੈ, ਪਰ ਮੈਂ ਖਜ਼ਾਨਾ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਿੱਚ ਹੀ ਭਲਾ ਸਮਝਦਾ ਹਾਂ।’’ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਲਾਅਜ਼ ਨੂੰ ਭਲਾਮਾਣਸ ਆਖਿਆ ਹੈ। ਵਿੱਤ ਮੰਤਰੀ (ਚਾਂਸਲਰ) ਜਾਰਜ ਓਸਬਾਰਨ ਨੇ ਵੀ ਲਾਅਜ਼ ਦੇ ਅਸਤੀਫੇ ਉਤੇ ਅਫਸੋਸ ਪ੍ਰਗਟ ਕੀਤਾ, ਜਦਕਿ ਲਿਬਰਲ ਡੈਮੋਕਰੈਟ ਨੇਤਾ ਨਿਕ ਕਲੈਗ ਨੇ ਇਸ ਨੂੰ ‘ਬਹੁਤ ਤਕਲੀਫਦੇਹ ਫੈਸਲਾ’ ਕਰਾਰ ਦਿੱਤਾ ਹੈ। ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੂੰ ਇਕ ਹੋਰ ਝਟਕਾ ਵੱਜਿਆ ਜਦੋਂ ਹਾਊਸ ਆਫ ਲਾਰਡਜ਼ ਨੇ ਉਸਾਰੀ ਉਪਕਰਨ ਫਰਮ ਜੇ.ਸੀ.ਬੀ. ਦੇ ਚੇਅਰਮੈਨ ਐਂਥਨੀ ਬੈਗਫਰਡ ਨੂੰ ਪੀਅਰ (ਲਾਰਡ) ਬਣਨ ਤੋਂ ਰੋਕ ਦਿੱਤਾ। ਬੈਗਫਰਡ ਦੇ ਟੈਕਸ ਮਾਮਲਿਆਂ ਬਾਰੇ ਕਈ ਤਰ੍ਹਾਂ ਦੇ ਸ਼ੰਕੇ ਸਨ। ਬੈਗਫਰਡ ਦੇ ਭਾਰਤ ਵਿਚ ਕਾਫੀ ਜ਼ਿਆਦਾ ਕਾਰੋਬਾਰੀ ਹਿੱਤ ਹਨ। ਹਾਊਸ ਆਫ ਲਾਰਡਜ਼ ਦੇ ਨਿਯੁਕਤੀ ਕਮਿਸ਼ਨ ਨੇ ਉਸ ਦੀ ਨਾਮਜ਼ਦਗੀ ਰੱਦ ਕਰ ਦਿੱਤੀ। ਪ੍ਰਧਾਨ ਮੰਤਰੀ ਕੈਮਰੌਨ ਨੇ ਨਿੱਜੀ ਤੌਰ ’ਤੇ ਬੈਗਫਰਡ ਦੇ ਨਾਂ ਦੀ ਸਿਫਾਰਸ਼ ਕੀਤੀ ਸੀ, ਪਰ ਟੈਕਸ ਅਧਿਕਾਰੀਆਂ ਤੋਂ ਉਸ ਨੂੰ ਹਰੀ ਝੰਡੀ ਨਾ ਮਿਲ ਸਕੀ। ਇਸ ਮੁੱਦੇ ਨਾਲ ਸਿਆਸੀ ਪਾਰਟੀਆਂ ਨੂੰ ਚੰਦਾ ਦੇਣ ਅਤੇ ਮੋੜਵੇਂ ਰੂਪ ਵਿਚ ਦਾਨੀਆਂ ਨੂੰ ਖ਼ਿਤਾਬਾਂ ਨਾਲ ਨਿਵਾਜਣ ਬਾਰੇ ਹੋਰ ਸੁਆਲ ਖੜੇ ਹੋਣਗੇ।     -ਪੀ.ਟੀ.ਆਈ.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All