ਪੱਛਮੀ ਬੰਗਾਲ ਵਿੱਚ ਹਿੰਸਾ ਦਾ ਦੌਰ ਜਾਰੀ, ਦੋ ਮੌਤਾਂ

ਬਰਾਕਪੋਰੇ, 11 ਜੂਨ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਕੰੰਨਕਿਨਾਰਾ ਖੇਤਰ ਵਿੱਚ ਸੋਮਵਾਰ ਰਾਤ ਨੂੰ ਪੈਟਰੋਲ ਬੰਬ ਹਮਲੇ ਵਿੱਚ ਦੋ ਜਣੇ ਹਲਾਕ ਤੇ ਤਿੰਨ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਮਾਰੇ ਗਏ ਵਿਅਕਤੀਆਂ ਦੀ ਸ਼ਨਾਖਤ ਮੁਹੰਮਦ ਮੁਖ਼ਤਾਰ ਤੇ ਮੁਹੰਮਦ ਹਾਲਿਮ ਵਜੋਂ ਹੋਈ ਹੈ। ਪੁਲੀਸ ਨੇ ਇਸ ਘਟਨਾ ਵਿੱਚ ਕਥਿਤ ਸ਼ਮੂਲੀਅਤ ਲਈ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਹਤਿਆਤ ਵਜੋਂ ਰੈਪਿਡ ਐਕਸ਼ਨ ਫੋਰਸ ਦੇ ਅਮਲੇ ਸਮੇਤ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਖੇਤਰ ਵਿੱਚ ਤਾਇਨਾਤ ਕਰ ਦਿੱਤੇ ਹਨ। ਇਸ ਦੌਰਾਨ ਤ੍ਰਿਣਮੂਲ ਕਾਂਗਰਸ ਨੇ ਦਾਅਵਾ ਕੀਤਾ ਕਿ ਹਮਲੇ ਦੇ ਪੀੜਤ ਉਨ੍ਹਾਂ ਦੀ ਪਾਰਟੀ ਦੇ ਸਮਰਥਕ ਹਨ ਤੇ ਬੰਬ ਸੁੱਟਣ ਵਾਲੇ ਸ਼ਰਾਰਤੀ ਅਨਸਰ ਭਾਜਪਾ ਨਾਲ ਸਬੰਧਤ ਹਨ। ਉਧਰ ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਬੰਬ ਸੁੱਟੇ ਜਾਣ ਦੀ ਇਹ ਘਟਨਾ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਤੜਕੇ ਇਕ ਵਜੇ ਦੇ ਕਰੀਬ ਬਰਾਕਪੋਰੇ ਸੰਸਦੀ ਹਲਕੇ ਅਧੀਨ ਆਉਂਦੇ ਬਰੂਈਪਾੜਾ ਵਿੱਚ ਵਾਪਰੀ। ਜਦੋਂ ਬੰਬ ਸੁੱਟੇ ਗਏ ਉਸ ਵੇਲੇ ਮੁਖਤਾਰ ਦੇ ਪਰਿਵਾਰਕ ਮੈਂਬਰ ਆਪਣੇ ਘਰ ਦੇ ਬਾਹਰ ਬੈਠੇ ਸਨ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘ਹਾਲਿਮ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਜਦੋਂਕਿ ਮੁਖ਼ਤਾਰ ਦੀ ਹਸਪਤਾਲ ਪਹੁੰਚ ਕੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ। ਗੰਭੀਰ ਜ਼ਖ਼ਮੀ ਮੁਖ਼ਤਾਰ ਦੀ ਪਤਨੀ ਦੋ ਹੋਰਨਾਂ ਨਾਲ ਨੇੜਲੇ ਹਸਪਤਾਲ ’ਚ ਇਲਾਜ ਅਧੀਨ ਹੈ।’ ਸੰਪਰਕ ਕਰਨ ’ਤੇ ਏਡੀਜੀ (ਕਾਨੂੰਨ ਤੇ ਵਿਵਸਥਾ) ਗਿਆਨਵੰਤ ਸਿੰਘ ਨੇ ਕਿਹਾ ਕਿ ਉਹ ਇਸ ਘਟਨਾ ਬਾਰੇ ਤਫ਼ਸੀਲ ’ਚ ਜਾਣਕਾਰੀ ਇਕੱਤਰ ਕਰ ਰਹੇ ਹਨ। ਰਾਜ ਨਾਲ ਸਬੰਧਤ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜਿਓਤੀਪ੍ਰਿਆ ਮਲਿਕ ਨੇ ਕਿਹਾ ਕਿ ਭਾਜਪਾ ਵੱਲੋਂ ਕਥਿਤ ਕਿਰਾਏ ’ਤੇ ਲਏ ਸ਼ਰਾਰਤੀ ਅਨਸਰਾਂ ਨੇ ਪੀੜਤਾਂ ਨੂੰ ਨਿਸ਼ਾਨਾ ਬਣਾਇਆ ਕਿਉਂਕਿ ਉਨ੍ਹਾਂ ਹਾਲੀਆ ਸੰਪੰਨ ਲੋਕ ਸਭਾ ਚੋਣਾਂ ਵਿੱਚ ਸੂਬੇ ਦੀ ਸੱਤਾਧਾਰੀ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਈਆਂ ਸਨ। ਬਰਾਕਪੋਰੇ ਸੰਸਦੀ ਸੀਟ ਤੋਂ ਭਾਜਪਾ ਐਮਪੀ ਅਰਜੁਨ ਸਿੰਘ ਨੇ ਦੋਸ਼ਾਂ ਨੂੰ ਫ਼ਜ਼ੂਲ ਕਰਾਰ ਦਿੰਦਿਆਂ ਕਿਹਾ ਕਿ ਉਪਰੋਕਤ ਘਟਨਾ ਪਰਿਵਾਰਕ ਰੰਜਿਸ਼ ਦਾ ਨਤੀਜਾ ਹੈ ਤੇ ਇਸ ਦਾ ਸਿਆਸਤ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਇਸ ਦੌਰਾਨ ਭਾਜਪਾ ਨੇ ਦਾਅਵਾ ਕੀਤਾ ਹੈ ਕਿ ਰਾਜ ਦੇ ਹਾਵੜਾ ਜ਼ਿਲ੍ਹੇ ਵਿੱਚ ‘ਜੈ ਸ੍ਰੀ ਰਾਮ’ ਦਾ ਨਾਅਰਾ ਲਾਉਣ ਕਰਕੇ ਉਹਦੇ ਇਕ ਪਾਰਟੀ ਵਰਕਰ ਨੂੰ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਕਥਿਤ ਗਲਾ ਘੋਟ ਕੇ ਮਾਰ ਦਿੱਤਾ। ਪੁਲੀਸ ਨੇ ਆਮਟਾ ਪੁਲੀਸ ਸਟੇਸ਼ਨ ਅਧੀਨ ਆਉਂਦੇ ਸਰਪੋਤਾ ਪਿੰਡ ਦੇ ਖੇਤਾਂ ’ਚੋਂ 43 ਸਾਲਾ ਸਮਾਤੁਲ ਦੋਲੋਈ ਦੀ ਲਾਸ਼ ਮਿਲਣ ਦੀ ਪੁਸ਼ਟੀ ਕੀਤੀ ਹੈ। -ਪੀਟੀਆਈ

ਮਮਤਾ ਦੀਆਂ ਤਕਰੀਰਾਂ ਨੇ ਝੜਪਾਂ ਨੂੰ ਹਵਾ ਦਿੱਤੀ: ਭਾਜਪਾ ਸੰਦੇਸ਼ਖਲੀ(ਪੱੱਛਮੀ ਬੰਗਾਲ): ਭਾਜਪਾ ਆਗੂ ਮੁਕੁਲ ਰੌਇ ਨੇ ਸ਼ਨਿਚਰਵਾਰ ਨੂੰ ਸੰਦੇਸ਼ਖਲੀ ਵਿੱਚ ਹੋਈ ਹਿੰਸਾ, ਜਿਸ ਵਿੱਚ ਤਿੰਨ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ, ਲਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਜ਼ਿੰਮੇਵਾਰ ਦੱਸਿਆ ਹੈ। ਰੌਇ ਨੇ ਕਿਹਾ ਕਿ ਮੁੱਖ ਮੰਤਰੀ ਦੀਆਂ ਤਕਰੀਰਾਂ ਨੇ ਭਾਜਪਾ ਵਰਕਰਾਂ ’ਤੇ ਹਮਲਿਆਂ ਨੂੰ ਹਵਾ ਦਿੱਤੀ। ਰੌਇ ਨੇ ਕਿਹਾ ਕਿ ਪੁਲੀਸ ਨੇ ਝੜਪਾਂ ਰੋਕਣ ਲਈ ਕਥਿਤ ਕੁਝ ਨਹੀਂ ਕੀਤਾ ਤੇ ਹੁਣ ਤਕ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਹਿੰਸਾ ਦੌਰਾਨ ਮਾਰੇ ਗਏ ਭਾਜਪਾ ਵਰਕਰਾਂ ਪ੍ਰਦੀਪ ਮੰਡਲ ਤੇ ਸੁਕਾਂਤਾ ਮੰਡਲ ਦੇ ਪਰਿਵਾਰਾਂ ਨੂੰ ਮਿਲਣ ਲਈ ਭਾਂਗੀਪਾੜਾ ਪਿੰਡ ਆਏ ਰੌਇ ਨੇ ਕਿਹਾ ਕਿ ਉਹ ਪੀੜਤ ਪਰਿਵਾਰਾਂ ਦੀ ਇਮਦਾਦ ਲਈ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਅਪੀਲ ਕਰਨਗੇ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All