ਪੰਜਾਬ ਕੇਸਰੀ ਲਾਲਾ ਲਾਜਪਤ ਰਾਏ : The Tribune India

ਪੰਜਾਬ ਕੇਸਰੀ ਲਾਲਾ ਲਾਜਪਤ ਰਾਏ

ਪੰਜਾਬ ਕੇਸਰੀ ਲਾਲਾ ਲਾਜਪਤ ਰਾਏ

ਲਾਲਾ ਲਾਜਪਤ ਰਾਏ ਦਾ ਜਨਮ ਪਿੰਡ ਢੁਡੀਕੇ, ਜ਼ਿਲ੍ਹਾ ਫ਼ਿਰੋਜ਼ਪੁਰ (ਹੁਣ ਜ਼ਿਲ੍ਹਾ ਮੋਗਾ) ਵਿਚ 28 ਜਨਵਰੀ 1865 ਨੂੰ ਮੁਨਸ਼ੀ ਰਾਧਾ ਕ੍ਰਿਸ਼ਨ ਅਤੇ ਮਾਤਾ ਗੁਲਾਬ ਦੇਵੀ ਦੇ ਘਰ ਹੋਇਆ। ਉਨ੍ਹਾਂ ਨੇ ਮੁੱਢਲੀ ਵਿੱਦਿਆ ਆਪਣੇ ਪਿਤਾ ਤੋਂ ਹੀ ਹਾਸਲ ਕੀਤੀ। ਪ੍ਰਾਇਮਰੀ ਤੱਕ ਦੀ ਪੜ੍ਹਾਈ ਲਾਲਾ ਜੀ ਨੇ ਰੋਪੜ ਦੇ ਸਰਕਾਰੀ ਮਿਡਲ ਸਕੂਲ ਅਤੇ ਅੱਠਵੀਂ ਦੀ ਪ੍ਰੀਖਿਆ ਜਗਰਾਉਂ ਸਕੂਲ ਤੋਂ ਪ੍ਰਾਪਤ ਕੀਤੀ। ਨਵੰਬਰ 1880 ਵਿਚ ਉਚੇਰੀ ਸਿੱਖਿਆ ਲਈ ਲਾਹੌਰ ਚਲੇ ਗਏ। ਦਸੰਬਰ 1882 ਵਿਚ ਲਾਲਾ ਸਾਂਈ ਦਾਸ ਦੀ ਪ੍ਰੇਰਣਾ ਨਾਲ ਲਾਜਪਤ ਰਾਏ ਨੇ ਆਰੀਆ ਸਮਾਜ ਵਿੱਚ ਪ੍ਰਵੇਸ਼ ਕੀਤਾ। ਸੁਆਮੀ ਦਯਾਨੰਦ ਸਰਸਵਤੀ ਨੇ 10 ਅਪਰੈਲ 1875 ਨੂੰ ਬੰਬਈ ਵਿਚ ਆਰੀਆ ਸਮਾਜ ਦੀ ਨੀਂਹ ਰੱਖੀ। ਇੱਥੇ ਲਾਜਪਤ ਰਾਏ ਵੱਲੋਂ ਬਿਤਾਏ 2 ਸਾਲ ਉਨ੍ਹਾਂ ਦੇ ਭਵਿੱਖ ਲਈ ਬੜੇ ਮਹੱਤਵਪੂਰਨ ਸਿੱਧ ਹੋਏ। ਉਨ੍ਹਾਂ ਨੇ ਦੇਸ਼ ਪਿਆਰ ਅਤੇ ਸਮਾਜ ਸੁਧਾਰ ਦਾ ਪਹਿਲਾ ਪਾਠ ਇੱਥੇ ਹੀ ਪੜ੍ਹਿਆ। ਸੰਨ 1886 ਵਿਚ ਪ੍ਰੈਕਟਿਸ ਕਰਨ ਲਈ ਰੋਹਤਕ ਛੱਡ ਕੇ ਹਿਸਾਰ ਆ ਗਏ। ਇੱਥੇ ਲਾਲਾ ਜੀ ਨੇ 6 ਸਾਲ (1886-1892) ਕੰਮ ਕੀਤਾ। ਇੱਥੇ ਹੀ ਉਨ੍ਹਾਂ ਨੂੰ ਨਗਰ ਪਾਲਿਕਾ ਦੇ ਨਿਰਵਿਰੋਧ ਮੈਂਬਰ ਚੁਣ ਲਿਆ ਗਿਆ ਅਤੇ ਲਾਲਾ ਚੰਦੂ ਲਾਲ ਨਾਲ ਮਿਲ ਕੇ ਹਿਸਾਰ ਆਰੀਆ ਸਮਾਜ ਦੀ ਨੀਂਹ ਰੱਖੀ। 1892 ਵਿਚ ਲਾਲਾ ਜੀ ਹਿਸਾਰ ਛੱਡ ਕੇ ਲਾਹੌਰ ਆ ਗਏ। ਉਨ੍ਹਾਂ ਦੇ ਸਿਆਸੀ ਜੀਵਨ ਦੀ ਸ਼ੁਰੂਆਤ 1888 ਵਿਚ ਕਾਂਗਰਸ ਦੇ ਅਲਾਹਬਾਦ ਦੇ ਚੌਥੇ ਸਾਲਾਨਾ ਅਜਲਾਸ ਤੋਂ ਸ਼ੁਰੂ ਹੋਈ। ਇਸ ਵਿਚ ਲਾਲਾ ਜੀ ਨੇ ਪੰਜਾਬ ’ਚੋਂ ਚੁਣੇ ਗਏ ਡੈਲੀਗੇਟ ਵਜੋਂ ਪਹਿਲੀ ਵਾਰ 6 ਸਾਥੀਆਂ ਸਮੇਤ ਹਿੱਸਾ ਲਿਆ ਤੇ ਉਰਦੂ ਵਿਚ ਭਾਸ਼ਣ ਦਿੱਤਾ। ਅਲਾਹਬਾਦ ਤੋਂ ਬਆਦ ਕਾਂਗਰਸ ਦਾ ਅਗਲਾ ਅਜਲਾਸ ਬੰਬਈ ਵਿਚ ਹੋਇਆ, ਜਿੱਥੇ ਉਨ੍ਹਾਂ ਦੀ ਮੁਲਾਕਾਤ ਮਿਸਟਰ ਹਿਊਮ ਅਤੇ ਬ੍ਰੈਡਲਾ ਨਾਲ ਹੋਈ। ਇੱਥੇ ਹੀ ਉਹ ਗਰਮ ਦਲ ਦੇ ਬਿਪਿਨ ਚੰਦਰ ਪਾਲ ਅਤੇ ਬਾਲ ਗੰਗਾਧਰ ਤਿਲਕ ਦੇ ਸੰਪਰਕ ਵਿਚ ਆਏ। 1895 ਵਿਚ ਰਾਏ ਮੂਲ ਰਾਜ, ਟ੍ਰਿਬਿਊਨ ਅਖ਼ਬਾਰ ਦੇ ਬਾਨੀ ਦਿਆਲ ਸਿੰਘ ਮਜੀਠੀਆ ਅਤੇ ਲਾਲਾ ਚੰਦ ਦੇ ਸਹਿਯੋਗ ਨਾਲ ਲਾਹੌਰ ਵਿਚ ਪੰਜਾਬ ਨੈਸ਼ਨਲ ਬੈਂਕ ਸਥਾਪਿਤ ਕੀਤਾ। 1895 ਤੋਂ 1900 ਤੱਕ ਦੇ ਪੰਜ ਸਾਲਾਂ ਦੌਰਾਨ ਪੰਜ ਮਹਾਂਪੁਰਸ਼ਾਂ– ਸ਼ਿਵਾ ਜੀ, ਗੈਰੀ ਬਾਲਡੀ, ਸੁਆਮੀ ਦਯਾ ਨੰਦ, ਸ੍ਰੀ ਕ੍ਰਿਸ਼ਨ ਅਤੇ ਮੈਜ਼ਨੀ ਦੀਆਂ ਜੀਵਨੀਆਂ ਲਿਖੀਆਂ। ਅਕਤੂਬਰ 1904 ਵਿਚ ਲਾਲਾ ਜੀ ਦੀ ਪ੍ਰੇਰਣਾ ਸਦਕਾ ‘ਦਿ ਪੰਜਾਬੀ’ ਨਾਂ ਦਾ ਨਵਾਂ ਸਪਤਾਹਿਕ ਅਖ਼ਬਾਰ ਸ਼ੁਰੂ ਕੀਤਾ ਗਿਆ।

ਹਰਦੀਪ ਸਿੰਘ ਝੱਜ

1907 ਵਿਚ ਲਾਲਾ ਲਾਜਪਤ ਰਾਏ ਨੇ ਅਜੀਤ ਸਿੰਘ ਨਾਲ ਮਿਲ ਕੇ ‘ਭਾਰਤ ਮਾਤਾ’ ਨਾਂ ਦੀ ਜਥੇਬੰਦੀ ਸਥਾਪਿਤ ਕਰਕੇ ਕਿਸਾਨ ਅੰਦੋਲਨ ਸ਼ੁਰੂ ਕੀਤਾ। ਇਸ ਦਾ ਮੁੱਖ ਉਦੇਸ਼ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਨਹਿਰੀ ਨੌ-ਆਬਾਦੀਆਂ ਦੇ ਕਾਨੂੰਨ ਦਾ ਵਿਰੋਧ ਕਰਨਾ ਅਤੇ ਕਿਸਾਨਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਸੀ। ਇਸ ਅੰਦੋਲਨ ਵਿੱਚ ਭੜਕਾਊ ਭਾਸ਼ਣ ਦੇਣ ਦੇ ਜ਼ੁਰਮ ਵਿਚ ਲਾਲਾ ਜੀ ਨੂੰ 9 ਮਈ 1907 ਨੂੰ ਗ੍ਰਿਫ਼ਤਾਰ ਕਰ ਕੇ 6 ਮਹੀਨੇ ਲਈ ਮਾਂਡਲੇ ਜੇਲ੍ਹ (ਬਰਮਾ) ਭੇਜ ਦਿੱਤਾ ਗਿਆ। 11 ਨਵੰਬਰ 1907 ਨੂੰ ਰਿਹਾਅ ਹੋਣ ਮਗਰੋਂ ਉਹ ਲਾਹੌਰ ਪਹੁੰਚੇ, ਜਿੱਥੇ ਉਨ੍ਹਾਂ ਦੇ ਸਨਮਾਨ ਵਿਚ ਕਈ ਥਾਵਾਂ ’ਤੇ ਸਮਾਗਮ ਕੀਤੇ ਗਏ। 22 ਅਕਤੂਬਰ 1917 ਨੂੰ ਇੰਡੀਅਨ ਹੋਮ ਰੂਲ ਲੀਗ਼ ਆਫ਼ ਅਮਰੀਕਾ ਦੀ ਸਥਾਪਨਾ ਕੀਤੀ, ਜਿਸ ਦੇ ਉਹ ਪਹਿਲੇ ਪ੍ਰਧਾਨ ਅਤੇ ਡਾ. ਐਨ. ਐਮ. ਹਰਦੀਕਾਰ ਜਨਰਲ ਸਕੱਤਰ ਨਿਯੁਕਤ ਹੋਏ। 1918 ਵਿਚ ਉਨ੍ਹਾਂ ਨੇ ‘ਯੰਗ ਇੰਡੀਆ’ ਨਾਂ ਦੀ ਪੁਸਤਕ ਲਿਖੀ। 1920 ਵਿਚ ਲਾਹੌਰ ਤੋਂ ‘ਬੰਦੇ ਮਾਤਰਮ’ ਨਾਂ ਦਾ ਉਰਦੂ ਪਰਚਾ ਜਾਰੀ ਕੀਤਾ। 3 ਦਸੰਬਰ 1921 ਨੂੰ ਲਾਲਾ ਜੀ ਨੂੰ ਅਸਹਿਯੋਗ ਅੰਦੋਲਨ ਵਿਚ ਹਿੱਸਾ ਲੈਣ ਅਤੇ ਪ੍ਰਿੰਸ ਆਫ਼ ਵੇਲਜ਼ ਦੀ ਭਾਰਤ ਫੇਰੀ ਦਾ ਬਾਈਕਾਟ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ। ਮਗਰੋਂ 16 ਅਗਸਤ 1923 ਨੂੰ ਲਾਹੌਰ ਦੀ ਕੇਂਦਰੀ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ। 25 ਜਨਵਰੀ 1926 ਨੂੰ ਸਵਰਾਜ ਪਾਰਟੀ ਦੇ ਮੈਂਬਰ ਚੁਣੇ ਗਏ ਅਤੇ ਵਿਧਾਨ ਸਭਾ ਦੀ ਖ਼ਾਲੀ ਹੋਈ ਸੀਟ ਤੋਂ ਉਪ ਚੋਣ ਲਕੇ ਭਾਰੀ ਬਹੁਮੱਤ ਨਾਲ ਜਿੱਤ ਹਾਸਲ ਕੀਤੀ। 30 ਅਕਤੂਬਰ 1928 ਨੂੰ ਸਾਈਮਨ ਕਮਿਸ਼ਨ ਵਿਰੁੱਧ ਹੋਏ ਇਕੱਠ ਵਿਚ ਪੁਲਿਸ ਦਸਤੇ ਨੇ ਲਾਹੌਰ ਦੇ ਸਹਾਇਕ ਪੁਲੀਸ ਸੁਪਰਡੈਂਟ ਜੇ. ਪੀ. ਸਾਂਡਰਸ ਦੀ ਅਗਵਾਈ ਹੇਠ ਮੁਜ਼ਾਹਰਾਕਾਰਾਂ ਨੂੰ ਕੋਈ ਚੇਤਾਵਨੀ ਦਿੱਤੇ ਬਿਨਾਂ ਹੀ ਉਨ੍ਹਾਂ ’ਤੇ ਲਾਠੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਲਾਠੀ ਚਾਰਜ ਦੌਰਾਨ ਲਾਲਾ ਜੀ ਨੂੰ ਛਾਤੀ ਵਿਚ ਲਾਠੀਆਂ ਲੱਗੀਆਂ ਤੇ ਗੰਭੀਰ ਜ਼ਖ਼ਮੀ ਹੋ ਗਏ। ਆਖ਼ਰ ਇਨ੍ਹਾਂ ਸੱਟਾਂ ਕਾਰਨ ਸੁਤੰਤਰਤਾ ਸੰਗ੍ਰਾਮ ਦਾ ਇਹ ਸੂਰਮਾ 17 ਨਵੰਬਰ 1928 ਦੀ ਸਵੇਰ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਸੰਪਰਕ: 94633-64992

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ