ਪੰਜਾਬੀ ਸੂਬੇ ਦੀ ਸਿਰਜਣਾ ਦੀ ਕਹਾਣੀ

ਪੰਜਾਬੀ ਸੂਬੇ ਦੀ ਸਿਰਜਣਾ ਦੀ ਕਹਾਣੀ

ਕੇ.ਐੱਸ. ਚਾਵਲਾ ਸਮਕਾਲੀ ਇਤਿਹਾਸ

ਜਸਟਿਸ ਗੁਰਨਾਮ ਸਿੰਘ, ਸੰਤ ਫ਼ਤਹਿ ਸਿੰਘ, ਮਾਸਟਰ ਤਾਰਾ ਸਿੰਘ, ਕਪੂਰ ਸਿੰਘ ਆਈਸੀਐੱਸ ਜਸਟਿਸ ਗੁਰਨਾਮ ਸਿੰਘ, ਸੰਤ ਫ਼ਤਹਿ ਸਿੰਘ, ਮਾਸਟਰ ਤਾਰਾ ਸਿੰਘ, ਕਪੂਰ ਸਿੰਘ ਆਈਸੀਐੱਸ

ਮਾਸਟਰ ਤਾਰਾ ਸਿੰਘ ਪ੍ਰਤੀ ਵਫ਼ਾਦਾਰ ਸਿੱਖਾਂ ਦੇ ਇੱਕ ਗਰੁੱਪ ਨੇ 15 ਜੁਲਾਈ 1966 ਨੂੰ ਲੁਧਿਆਣਾ ਵਿੱਚ ਹਰੀ ਸਿੰਘ ਨਲਵਾ ਦਿਵਸ ਮਨਾਇਆ। ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਸਮੇਂ ਖ਼ਾਲਸਾ ਫ਼ੌਜ ਦਾ ਪ੍ਰਮੁੱਖ ਜਰਨੈਲ ਸੀ। ਇਸ ਸਮਾਗਮ ਦਾ ਮੁੱਖ ਮਨੋਰਥ ਸਿੱਖਾਂ ਦੀ ਮੁੱਖ ਮੰਗ ਨੂੰ ਉਭਾਰਨਾ ਸੀ ਕਿਉਂਕਿ ਉਸ ਵੇਲੇ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਅੰਦੋਲਨ ਨਿਘਾਰ ਵੱਲ ਜਾਂਦਾ ਜਾਪ ਰਿਹਾ ਸੀ। ਸਮਾਗਮ ਦੀ ਪ੍ਰਧਾਨਗੀ ਪਟਿਆਲਾ ਦੇ (ਮਰਹੂਮ) ਮਹਾਰਾਜਾ ਯਾਦਵਿੰਦਰ ਸਿੰਘ ਨੇ ਕੀਤੀ। ਇਸ ਵਿੱਚ ਸਰਦਾਰ ਵੱਲਭ ਭਾਈ ਪਟੇਲ ਦੇ ਭਰਾ ਵਿੱਠਲ ਭਾਈ ਪਟੇਲ, ਉਸ ਸਮੇਂ ਦੀ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਜਸਟਿਸ (ਰਿਟਾ.) ਗੁਰਨਾਮ ਸਿੰਘ, ਪੰਜਾਬ ਜਨ ਸੰਘ ਦੇ ਪ੍ਰਧਾਨ ਯੱਗਿਆ ਦੱਤ ਸ਼ਰਮਾ ਅਤੇ ਸਵਤੰਤਰ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਬਸੰਤ ਸਿੰਘ ਵੀ ਸ਼ਾਮਲ ਹੋਏ। ਸਵਤੰਤਰ ਪਾਰਟੀ ਉੱਘੇ ਆਜ਼ਾਦੀ ਘੁਲਾਟੀਏ ਤੇ ਆਜ਼ਾਦ ਭਾਰਤ ਦੇ ਪਹਿਲੇ ਭਾਰਤੀ ਗਵਰਨਰ ਜਨਰਲ ਸੀ. ਰਾਜਗੋਪਾਲਚਾਰੀ (ਰਾਜਾ ਜੀ) ਨੇ ਸਥਾਪਿਤ ਕੀਤੀ ਸੀ। ਮਹਾਰਾਜਾ ਯਾਦਵਿੰਦਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਪੰਜਾਬ ਦੇ ਦੋ ਮੁੱਖ ਫ਼ਿਰਕਿਆਂ  ਸਿੱਖਾਂ ਤੇ ਹਿੰਦੂਆਂ ਦਰਮਿਆਨ ਏਕਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪੰਜਾਬੀ ਸੂਬੇ ਦੀ ਮੰਗ ਦੀ ਵੀ ਹਮਾਇਤ ਕੀਤੀ। ਜਸਟਿਸ ਗੁਰਨਾਮ ਸਿੰਘ ਨੇ ਬਹੁਤ ਜੋਸ਼ੀਲਾ ਭਾਸ਼ਨ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਸਿੱਖਾਂ ਨੂੰ ਭਾਰਤ ਵਿੱਚ ਦੂਜੇ ਦਰਜੇ ਦੇ ਸ਼ਹਿਰੀ ਸਮਝਿਆ ਜਾਂਦਾ ਹੈ। ਇਹ, ਦਰਅਸਲ, ਬੜਾ ਕੁਸੈਲਾ ਭਾਸ਼ਨ ਸੀ। ਮੈਂ ਪਹਿਲੀ ਵਾਰ ਉਨ੍ਹਾਂ ਨੂੰ ਅਜਿਹਾ ਭਾਸ਼ਨ ਕਰਦਿਆਂ ਤੇ ਅਜਿਹੀ ਭਾਸ਼ਾ ਵਰਤਦਿਆਂ ਸੁਣਿਆ। 10407798cd _new doc 2018_07_04_1ਯੱਗਿਆ ਦੱਤ ਸ਼ਰਮਾ ਨੇ ਇਸ ਸਮਾਗਮ ਵਿੱਚ ਪੰਜਾਬ ਜਨ ਸੰਘ ਦੇ ਪ੍ਰਧਾਨ ਵਜੋਂ ਭਾਗ ਲਿਆ ਸੀ। ਉਨ੍ਹਾਂ ਨੇ ਸਰਦਾਰ ਹਰੀ ਸਿੰਘ ਨਲਵਾ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਕੋਈ ਵੀ ਵਿਵਾਦਿਤ ਬਿਆਨ ਦੇਣ ਤੋਂ ਪਰਹੇਜ਼ ਕੀਤਾ। ਉਨ੍ਹਾਂ ਵਾਂਗ ਵਿੱਠਲ ਭਾਈ ਪਟੇਲ ਅਤੇ ਬਸੰਤ ਸਿੰਘ ਨੇ ਵੀ ਖ਼ੁਦ ਨੂੰ ਹਰੀ ਸਿੰਘ ਨਲਵਾ ਦੇ ਫ਼ੌਜੀ ਕਾਰਨਾਮਿਆਂ ਨੂੰ ਅਕੀਦਤ ਭੇਟ ਕਰਨ ਤਕ ਸੀਮਤ ਰੱਖਿਆ। ਪਰ ਸਮਾਗਮ ਦਾ ਸਭ ਤੋਂ ਹੈਰਾਨੀਜਨਕ ਪੱਖ ਇੱਕ ਮਤੇ ਦੇ ਰੂਪ ਵਿੱਚ ਸਾਹਮਣੇ ਆਇਆ। ਇਹ ਮਤਾ ਸਿੱਖਾਂ ਲਈ ਹੋਮਲੈਂਡ ਦੀ ਮੰਗ ਦੇ ਰੂਪ ਵਿੱਚ ਸੀ। ਇਹ ਮਤਾ ਸਿਰਦਾਰ ਕਪੂਰ ਸਿੰਘ ਆਈਸੀਐੱਸ (ਰਿਟਾ.) ਅਤੇ ਪ੍ਰੋ. ਕਿਰਪਾਲ ਸਿੰਘ ਨਾਰੰਗ ਵੱਲੋਂ ਤਿਆਰ ਕੀਤਾ ਗਿਆ ਸੀ। ਨਾਰੰਗ ਬਾਅਦ ਵਿੱਚ ਦਸ ਸਾਲਾਂ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਵੀ ਰਹੇ। ਮੈਨੂੰ ਉਸ ਮਤੇ ਦੀਆਂ ਸਤਰਾਂ ਯਾਦ ਹਨ। ਉਹ ਇਸ ਤਰ੍ਹਾਂ ਸੀ: ‘‘ਸਿੱਖ ਭਾਰਤੀ ਸੰਘ ਦੇ ਅੰਦਰ ਆਪਣਾ ‘ਹੋਮਲੈਂਡ’ ਚਾਹੁੰਦੇ ਹਨ।’’ ਇਸ ਮਤੇ ਨੂੰ ਬਿਨਾਂ ਵਿਰੋਧ ਦੇ ਪਾਸ ਕਰ ਦਿੱਤਾ ਗਿਆ। ਪਰ ਉਸ ਸ਼ਾਮ ਯੱਗਿਆ ਦੱਤ ਸ਼ਰਮਾ ਮੇਰੇ ਘਰ ਇਹ ਸਪਸ਼ਟ ਕਰਨ ਆਏ ਕਿ ਉਹ ਸਰਦਾਰ ਹਰੀ ਸਿੰਘ ਨਲਵੇ ਨੂੰ ਸ਼ਰਧਾਂਜਲੀ ਭੇਟ ਕਰਨ ਉਸ ਸਮਾਗਮ ਵਿੱਚ ਆਏ ਸਨ ਜਿਸ ਨੇ ਸਿੱਖ ਰਾਜ ਨੂੰ ਅਫ਼ਗਾਨ ਹਮਲਾਵਰਾਂ ਤੋਂ ਬਚਾਉਣ ਲਈ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ। ਉਨ੍ਹਾਂ ਨੂੰ ਇਸ ਸਮਾਗਮ ਵਿੱਚ ‘ਸਿੱਖ ਹੋਮਲੈਂਡ’ ਬਾਰੇ ਸਿਆਸੀ ਮਤਾ ਪੇਸ਼ ਕੀਤੇ ਜਾਣ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਜਨ ਸੰਘ ਇਸ ਮੰਗ ਦੇ ਖ਼ਿਲਾਫ਼ ਸੀ। ਉਨ੍ਹਾਂ ਦੇ ਕਹਿਣ ’ਤੇ ਮੈਂ ਉਸੇ ਸ਼ਾਮ ਜਲੰਧਰ ਤੋਂ ਛਪਦੇ ਉਰਦੂ ਰੋਜ਼ਨਾਮੇ ‘ਪ੍ਰਤਾਪ’ ਲਈ ਉਨ੍ਹਾਂ ਦਾ ਸਪਸ਼ਟੀਕਰਨ ਵੀ ਭੇਜ ਦਿੱਤਾ ਜੋ ਅਗਲੇ ਦਿਨ ਦੇ ਅਖ਼ਬਾਰ ਵਿੱਚ ਛਪ ਗਿਆ। ਕਪੂਰ ਸਿੰਘ ਆਈਸੀਐੱਸ ਬਹੁਤ ਮੰਨੇ ਪ੍ਰਮੰਨੇ ਸਿੱਖ ਸਿਧਾਂਤਕਾਰ ਅਤੇ ਸਿੱਖ ਹੋਮਲੈਂਡ ਦੀ ਮੰਗ ਦੇ ਅਲੰਬਰਦਾਰਾਂ ਵਿੱਚੋਂ ਇੱਕ ਸਨ। ਉਹ 1962 ਵਿੱਚ ਅਕਾਲੀ ਦਲ ਦੇ ਉਮੀਦਵਾਰ ਵਜੋਂ ਲੁਧਿਆਣਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਵੀ ਚੁਣੇ ਜਾ ਚੁੱਕੇ ਸਨ। ਮਾਸਟਰ ਤਾਰਾ ਸਿੰਘ ਜੋ ਕਿ ਪੰਜਾਬੀ ਸੂਬਾ ਮੋਰਚੇ ਦੀ ਅਗਵਾਈ ਕਰਦੇ ਆਏ ਸਨ, ਉਨ੍ਹੀਂ ਦਿਨੀਂ ਸ਼ਿਮਲਾ ਦੀਆਂ ਪਹਾੜੀਆਂ ਵਿੱਚ ‘ਅਗਿਆਤਵਾਸ’ ਸਨ। 15 ਜੁਲਾਈ ਦੀ ਸ਼ਾਮ ਨੂੰ ਹਰੀ ਸਿੰਘ ਨਲਵਾ ਦਿਵਸ ਦੇ ਪ੍ਰਬੰਧਕਾਂ ਨੇ ਗੁਰਦੁਆਰਾ ਸਬਜ਼ੀ ਮੰਡੀ ਦੇ ਬਗ਼ੀਚੇ ਵਿੱਚ ਇੱਕ ਇਕੱਠ ਕੀਤਾ। ਇਸ ਇਕੱਠ ਵਿੱਚ ਮਾਸਟਰ ਤਾਰਾ ਸਿੰਘ ਅਚਾਨਕ ਹਾਜ਼ਰ ਹੋ ਗਏ ਅਤੇ ਜੁੜੇ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕੇਂਦਰ ਸਰਕਾਰ ਦੀ ਇਸ ਗੱਲੋਂ ਆਲੋਚਨਾ ਕੀਤੀ ਕਿ ਉਹ ਪੰਜਾਬੀ ਸੂਬੇ ਦੀ ਮੰਗ ਨਹੀਂ ਮੰਨੀ ਅਤੇ ਸਿੱਖਾਂ ਨਾਲ ਵਿਤਕਰਾ ਕਰ ਰਹੀ ਹੈ ਜਦੋਂਕਿ ਬਾਕੀ ਮੁਲਕ ਵਿੱਚ ਉਹ ਭਾਸ਼ਾਈ ਆਧਾਰ ’ਤੇ ਸੂਬਿਆਂ ਦਾ ਪੁਨਰਗਠਨ ਕਰ ਚੁੱਕੀ ਹੈ। ਇਹ ਸਮਾਗਮ ਸਮਾਪਤ ਹੋਣ ਤੋਂ ਬਾਅਦ ਮੈਂ ਆਪਣੇ ਇੱਕ ਸਾਥੀ ਪੱਤਰਕਾਰ ਕਰਮ ਸਿੰਘ ਮੁਸਾਫ਼ਿਰ ਨੂੰ ਨਾਲ ਲੈ ਕੇ ਮਾਸਟਰ ਤਾਰਾ ਸਿੰਘ ਨੂੰ ਵੱਖਰੇ ਤੌਰ ’ਤੇ ਮਿਲਿਆ। ਮੁਸਾਫ਼ਿਰ, ਮਾਸਟਰ ਜੀ ਨੂੰ ਜਾਣਦਾ ਸੀ। ਅਸੀਂ ਉਸ ਕਮਰੇ ਵਿੱਚ ਗਏ ਜਿੱਥੇ ਮਾਸਟਰ ਜੀ ਬੈਠੇ ਸਨ। ਸਾਡੀ ਵਾਰਤਾਲਾਪ ਪੰਦਰਾਂ ਕੁ ਮਿੰਟ ਚੱਲੀ। ਜਦੋਂ ਅਸੀਂ ਕਮਰੇ ਤੋਂ ਬਾਹਰ ਆਏ ਤਾਂ ਮੇਰੇ ਬੂਟ ਗਾਇਬ ਸਨ। ਇਹ ਨਵਾਂ ਜੋੜਾ ਸੀ ਜਿਸ ਦੇ ਮੈਂ ਅਜੇ ਪੈਸੇ ਵੀ ਅਦਾ ਨਹੀਂ ਸੀ ਕੀਤੇ। ਅਸੀਂ ਬੂਟ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਕਾਮਯਾਬੀ ਨਹੀਂ ਮਿਲੀ। ਮੈਂ ਨੰਗੇ ਪੈਰੀਂ ਰਿਕਸ਼ਾ ’ਤੇ ਬੈਠ ਕੇ ਘਰ ਆਇਆ।

ਕੇ.ਐੱਸ. ਚਾਵਲਾ ਕੇ.ਐੱਸ. ਚਾਵਲਾ

ਹਰੀ ਸਿੰਘ ਨਲਵਾ ਦਿਵਸ ਦਾ ਮਹੱਤਵ ਇਹ ਸੀ ਕਿ ਇਸ ਨੇ ਪੰਜਾਬੀ ਸੂਬੇ ਲਈ ਸੰਘਰਸ਼ ਨੂੰ ਉਭਾਰ ਕੇ ਪੇਸ਼ ਕੀਤਾ। ਇਸ ਵਿੱਚ ਦੇਸ਼ ਦੇ ਅਹਿਮ ਆਗੂਆਂ ਦੀ ਮੌਜੂਦਗੀ ਨੇ ਇਸ ਮੰਗ ਦੀ ਜ਼ਾਇਜ਼ਤਾ ਉੱਤੇ ਮੋਹਰ ਲਾਈ। ਸਿੱਖ ਹੋਮਲੈਂਡ ਦੀ ਮੰਗ ਕਰਨ ਵਾਲੇ ਸਿਆਸੀ ਮਤੇ ਤੋਂ ਬਹੁਤ ਵਿਵਾਦ ਹੋਇਆ ਅਤੇ ਇਸ ਤੋਂ ਬਾਅਦ ਇਹ ਮੰਗ ਕੌਮੀ ਪੱਧਰ ’ਤੇ ਬਹਿਸ ਦਾ ਗਰਮਾ ਗਰਮ ਵਿਸ਼ਾ ਬਣੀ ਰਹੀ। 1966 ਵਿੱਚ ਪੰਜਾਬੀ ਸੂਬੇ ਦਾ ਜਨਮ ਨਵੰਬਰ 1966 ਵਿੱਚ ਇੰਦਰਾ ਗਾਂਧੀ ਨੇ ਭਾਸ਼ਾਈ ਆਧਾਰ ਉੱਤੇ ਪੰਜਾਬੀ ਸੂਬੇ ਦੇ ਗਠਨ ਦਾ ਐਲਾਨ ਕਰ ਦਿੱਤਾ। ਇਸ ਨੂੰ ਤੋੜ ਕੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵੀ ਸੂਬੇ ਬਣਾ ਦਿੱਤੇ ਗਏ। ਪੰਜਾਬੀ ਬੋਲਦੇ ਸੂਬੇ ਦੀ ਹੱਦਬੰਦੀ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਨਾਲ ਨਿਆਂ ਨਹੀਂ ਕੀਤਾ। ਗੁਲਜ਼ਾਰੀ ਲਾਲ ਨੰਦਾ, ਜੋ ਉਸ ਵੇਲੇ ਮੁਲਕ ਦੇ ਗ੍ਰਹਿ ਮੰਤਰੀ ਸਨ, ਆਰੀਆ ਸਮਾਜੀ ਪਿਛੋਕੜ ਵਾਲੇ ਜਾਣੇ ਪਛਾਣੇ ਤੁਅੱਸਬੀ ਸ਼ਖ਼ਸ ਸਨ। ਉਨ੍ਹਾਂ ਨੇ ਪੰਜਾਬੀ ਬੋਲਦੇ ਕਈ ਇਲਾਕੇ ਪੰਜਾਬ ਤੋਂ ਬਾਹਰ ਰੱਖਣ ਲਈ ਦਾਅ-ਪੇਚ ਖੇਡੇ। ਉਨ੍ਹਾਂ ਨੇ ਤਾਂ ਇਸ ਲਈ ਵੀ ਪੂਰਾ ਜ਼ੋਰ ਲਾਇਆ ਕਿ ਅਬੋਹਰ ਅਤੇ ਫਾਜ਼ਿਲਕਾ ਵੀ ਪੰਜਾਬੀ ਸੂਬੇ ਨੂੰ ਨਾ ਮਿਲ ਸਕਣ। ਚੰਡੀਗੜ੍ਹ, ਜੋ ਪੰਜਾਬ ਦੀ ਰਾਜਧਾਨੀ ਸੀ ਅਤੇ ਦੇਸ਼ਵੰਡ ਮਗਰੋਂ ਪੰਜਾਬੀਆਂ ਦੇ ਮੁੜਵਸੇਬੇ ਲਈ ਉਸਾਰੀ ਗਈ ਸੀ, ਨੂੰ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਬਣਾ ਦਿੱਤਾ ਗਿਆ। ਇਸ ਤੋਂ ਸਿੱਖ ਰੋਹ ਵਿੱਚ ਆ ਗਏ ਅਤੇ ਸੰਤ ਫ਼ਤਹਿ ਸਿੰਘ ਇਸ ਕਾਰਨ ਅਕਾਲ ਤਖ਼ਤ ਵਿਖੇ ਮਰਨ ਵਰਤ ’ਤੇ ਬੈਠ ਗਏ। ਸੰਤ ਫ਼ਤਹਿ ਸਿੰਘ ਨੇ ਤਾਂ ਇੰਦਰਾ ਗਾਂਧੀ ਨੂੰ ਚਿਤਾਵਨੀ ਵੀ ਦੇ ਦਿੱਤੀ ਕਿ ਜੇਕਰ ਪੰਜਾਬ ਨੂੰ ਚੰਡੀਗੜ੍ਹ ਨਾ ਦਿੱਤਾ ਗਿਆ ਤਾਂ ਉਹ ਪੰਜ ਹੋਰ ਸਿੱਖ ਆਗੂਆਂ ਸਮੇਤ ਆਤਮਦਾਹ ਕਰ ਲੈਣਗੇ। ਇਸ ਮੰਤਵ ਲਈ ਵੱਡ-ਆਕਾਰੀ ਅਗਨਕੁੰਡ ਬਣਾਏ ਗਏ ਸਨ। ਆਖ਼ਰਕਾਰ ਕੇਂਦਰ ਸਰਕਾਰ (ਇੰਦਰਾ ਗਾਂਧੀ) ਨੇ ਪੰਜ ਸਾਲਾਂ ਦੇ ਵਕਫ਼ੇ ਅੰਦਰ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਵਾਅਦਾ ਕੀਤਾ। ਇਸ ਗੱਲ ਨੂੰ ਚਾਲੀ ਸਾਲ ਤੋਂ ਵੀ ਵਧੇਰੇ ਸਮਾਂ ਬੀਤਣ ਦੇ ਬਾਵਜੂਦ ਅਜਿਹਾ ਨਹੀਂ ਹੋਇਆ। ਪੰਜਾਬ ਅਤੇ ਹਰਿਆਣਾ ਦੀਆਂ ਹੱਦਾਂ ਮੁੜ ਮਿੱਥਣ ਅਤੇ ਪੰਜਾਬੀ ਬੋਲਦੇ ਇਲਾਕੇ ਨਵੇਂ ਪੰਜਾਬ ਵਿੱਚ ਸ਼ਾਮਲ ਕਰਨ ਲਈ ਕਈ ਕਮਿਸ਼ਨ ਬਣਾਏ ਗਏ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਕਮਿਸ਼ਨ ਬਿਠਾਉਣ ਤੋਂ ਇਲਾਵਾ, ਅਕਾਲੀ ਆਗੂਆਂ ਅਤੇ ਕੇਂਦਰ ਸਰਕਾਰ ਦਰਮਿਆਨ ਵਾਰਤਾਵਾਂ ਦੇ ਕਈ ਦੌਰ ਚੱਲੇ, ਪਰ ਕੁਝ ਵਿਅਕਤੀਆਂ ਦੇ ਸੌੜੇ ਹਿੱਤਾਂ ਨੇ ਗੱਲ ਕਿਸੇ ਤਣ ਪੱਤਣ ਨਹੀਂ ਲੱਗਣ ਦਿੱਤੀ ਅਤੇ ਸਿੱਖਾਂ ਦੇ ਮਨਾਂ ਵਿੱਚ ਇਹ ਧਾਰਨਾ ਬਣ ਗਈ ਕਿ ਕੇਂਦਰ ਦੀਆਂ ਕਾਂਗਰਸ ਸਰਕਾਰਾਂ ਸਿੱਖ-ਵਿਰੋਧੀ ਸਨ ਅਤੇ ਪੰਜਾਬ ਨਾਲ ਨਿਆਂ ਨਹੀਂ ਕੀਤਾ ਜਾਵੇਗਾ ਕਿਉਂਕਿ ਉੱਥੇ ਸਿੱਖ ਵੱਸਦੇ ਹਨ। ਜਦੋਂ ਪੰਜਾਬੀ ਸੂਬਾ ਬਣਾਉਣ ਦਾ ਐਲਾਨ ਕੀਤਾ ਗਿਆ, ਪੰਜਾਬ ਵਿੱਚ ਜਨ ਸੰਘ ਨੇ ਇਸ ਵਿਰੋਧ ਕੀਤਾ। ਕੁਝ ਦਿਨ ਜ਼ਿਲ੍ਹਾ ਹੈੱਡਕੁਆਰਟਰਾਂ ਉੱਤੇ ਰੋਸ ਪ੍ਰਦਰਸ਼ਨ ਹੁੰਦੇ ਰਹੇ। ਬਾਅਦ ਵਿੱਚ ਇਹ ਵਿਰੋਧ ਪ੍ਰਦਰਸ਼ਨ ਬੰਦ ਹੋ ਗਏ। ਸੰਤ ਫ਼ਤਹਿ ਸਿੰਘ ਨੇ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਮੰਗ ਲੈ ਕੇ ਅਕਾਲ ਤਖ਼ਤ ਵਿਖੇ ਮਰਨ ਵਰਤ ਰੱਖਿਆ। ਦੂਜੇ ਪਾਸੇ, ਪੰਜਾਬ ਜਨ ਸੰਘ ਦੇ ਮੁਖੀ ਯੱਗਿਆ ਦੱਤ ਸ਼ਰਮਾ ਚੰਡੀਗੜ੍ਹ ਪੰਜਾਬ ਨੂੰ ਦਿੱਤੇ ਜਾਣ ਦੇ ਵਿਰੋਧ ਵਿੱਚ ਅੰਮ੍ਰਿਤਸਰ ਵਿੱਚ ਵਰਤ ਰੱਖਿਆ। ਮੈਂ ਸੰਤ ਫ਼ਤਹਿ ਸਿੰਘ ਨੂੰ ਉਦੋਂ ਮਿਲਿਆ ਜਦੋਂ ਉਨ੍ਹਾਂ ਨੇ ਵਰਤ ਖੋਲ੍ਹ ਦਿੱਤਾ ਸੀ ਅਤੇ ਹਾਲੇ ਅਕਾਲ ਤਖ਼ਤ ਦੀ ਤੀਜੀ ਮੰਜ਼ਿਲ ਉੱਤੇ ਹੀ ਰਹਿ ਰਹੇ ਸਨ। ਇੰਦਰਾ ਗਾਂਧੀ ਵੱਲੋਂ ਮੰਗ ਮੰਨੇ ਜਾਣ ਦਾ ਭਰੋਸਾ ਦਿਵਾਏ ਜਾਣ ਮਗਰੋਂ ਵਰਤ ਖੋਲ੍ਹਣ ’ਤੇ ਉਨ੍ਹਾਂ ਨੂੰ ਮਿਲਣ ਵਾਲਾ ਮੈਂ ਪਹਿਲਾ ਪੱਤਰਕਾਰ ਸਾਂ। ਸੰਤ ਫ਼ਤਹਿ ਸਿੰਘ ਨਾਲ 40 ਮਿੰਟ ਦੀ ਉਸ ਮੁਲਾਕਾਤ ਦੌਰਾਨ ਮੈਂ ਉਨ੍ਹਾਂ ਨਾਲ ਪੰਜਾਬੀ ਸੂਬੇ ਦੀ ਆਰਥਿਕ ਵਿਹਾਰਕਤਾ ਅਤੇ ਹਿੰਦੂਆਂ ਸਿੱਖਾਂ ਦੇ ਰਿਸ਼ਤਿਆਂ ਸਬੰਧੀ ਚਰਚਾ ਕੀਤੀ। ਸੰਤ ਫ਼ਤਹਿ ਸਿੰਘ ਸੂਬੇ ਦੀ ਆਰਥਿਕਤਾ ਬਾਰੇ ਤਾਂ ਬਹੁਤਾ ਕੁਝ ਨਹੀਂ ਜਾਣਦੇ ਸਨ, ਪਰ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਨਵਾਂ ਬਣਿਆ ਪੰਜਾਬੀ ਸੂਬਾ ਆਰਥਿਕ ਤੌਰ ’ਤੇ ਸਮਰੱਥ ਹੋਵੇਗਾ। ਉਨ੍ਹਾਂ ਨੂੰ ਇਹ ਵੀ ਵਿਸ਼ਵਾਸ ਸੀ ਕਿ ਦੋ ਮੁੱਖ ਭਾਈਚਾਰਿਆਂ ਦੌਰਾਨ ਸਬੰਧ ਸੁਖਾਵੇਂ ਅਤੇ ਸ਼ਾਂਤੀਪੂਰਨ ਰਹਿਣਗੇ। ਤੁਲਸੀਦਾਸ ਜੈਤਵਾਨੀ, ਜੋ ਪੰਜਾਬ ਵਿਉਪਾਰ ਮੰਡਲ ਦਾ ਪ੍ਰਧਾਨ ਸੀ, ਵੀ ਮੇਰੇ ਨਾਲ ਅੰਮ੍ਰਿਤਸਰ ਗਿਆ ਅਤੇ ਸੰਤ ਫ਼ਤਹਿ ਸਿੰਘ ਨਾਲ ਮੇਰੀ ਮੁਲਾਕਾਤ ਸਮੇਂ ਉੱਥੇ ਹਾਜ਼ਰ ਸੀ। ਜੈਤਵਾਨੀ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਹ ਯਕੀਨ ਦਿਵਾਉਣ ਲਈ ਕਿਹਾ ਕਿ ਕਾਰੋਬਾਰੀ ਭਾਈਚਾਰੇ ਨੂੰ ਬਿਲਕੁਲ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਯੱਗਿਆ ਦੱਤ ਸ਼ਰਮਾ ਨੇ ਵੀ ਵਰਤ ਖੋਲ੍ਹ ਦਿੱਤਾ ਸੀ ਅਤੇ ਹਾਲੇ ਅੰਮ੍ਰਿਤਸਰ ਵਿੱਚ ਹੀ ਸੀ। ਸੰਤ ਫ਼ਤਹਿ ਸਿੰਘ ਨਾਲ ਮੁਲਾਕਾਤ ਕਰਨ ਮਗਰੋਂ ਮੈਂ ਉਨ੍ਹਾਂ ਨੂੰ ਮਿਲਣ ਗਿਆ। ਯੱਗਿਆ ਦੱਤ ਇੱਕ ਸ਼ਾਨਦਾਰ ਇਲਾਕੇ ਵਿੱਚ ਆਪਣੇ ਕਿਸੇ ਦੋਸਤ ਦੇ ਘਰ ਰਹਿ ਰਹੇ ਸਨ। ਯੱਗਿਆ ਦੱਤ ਨੇ ਵੀ ਸੰਤ ਫ਼ਤਹਿ ਸਿੰਘ ਵਾਲੀ ਭਾਸ਼ਾ ਵਿੱਚ ਗੱਲ ਕੀਤੀ ਅਤੇ ਪੰਜਾਬ ਵਿੱਚ ਮੁਕੰਮਲ ਫ਼ਿਰਕੂ ਸਦਭਾਵਨਾ ਮੰਗੀ। ਦੋਵਾਂ ਆਗੂਆਂ ਨਾਲ ਮੇਰੀ ਇੰਟਰਵਿਊ ‘ਟ੍ਰਿਬਿਊਨ’ ਸਮੇਤ ਕਈ ਅਖ਼ਬਾਰਾਂ ਵਿੱਚ ਛਪੀ। ‘ਪ੍ਰਤਾਪ’ ਨੇ ਪ੍ਰਸ਼ਨ-ਉੱਤਰ ਦੇ ਰੂਪ ਵਿੱਚ ਵਿਸਥਾਰ ਸਹਿਤ ਇੰਟਰਵਿਊ ਛਾਪੀ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਨੇ ਨੇਤਾ ਜਸਟਿਸ ਗੁਰਨਾਮ ਸਿੰਘ ਨੇ ਵੀ ਰੋਜ਼ਾਨਾ ਪ੍ਰਤਾਪ ਵਿਚਲੀ ਉਹ ਇੰਟਰਵਿਊ ਪੜ੍ਹੀ। ਜਦੋਂ ਚੰਡੀਗੜ੍ਹ ਵਿਧਾਨ ਸਭਾ ਵਿੱਚ ਉਹ ਮੈਨੂੰ ਮਿਲੇ ਤਾਂ ਬੋਲੇ, ‘‘ਚਾਵਲਾ, ਅਗਰ ਤੇਰੇ ਵਾਂਗ ਸਾਰੇ ਪੱਤਰਕਾਰ ਹੋ ਜਾਣ ਤਾਂ ਪੰਜਾਬ ਵਿੱਚ ਕਦੇ ਫ਼ਿਰਕੂ ਫਸਾਦ ਨਾ ਹੋਣ।’’ ਦਰਅਸਲ, ਮੈਂ 1965 ਤੋਂ 1967 ਦੌਰਾਨ ਪੰਜਾਬ ਵਿਧਾਨ ਸਭਾ ਦੀ ਰਿਪੋਰਟਿੰਗ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਮੁੱਖ ਖ਼ਬਰਾਂ

ਪੰਜਾਬ ਵਿੱਚ ਹੁਣ ਫ਼ਰਦਾਂ ਦੀ ਹੋਵੇਗੀ ਹੋਮ ਡਲਿਵਰੀ

ਪੰਜਾਬ ਵਿੱਚ ਹੁਣ ਫ਼ਰਦਾਂ ਦੀ ਹੋਵੇਗੀ ਹੋਮ ਡਲਿਵਰੀ

ਮੁੱਖ ਮੰਤਰੀ ਵੱਲੋਂ ਮਾਲ ਵਿਭਾਗ ’ਚ ਨਵੇਂ ਸੁਧਾਰਾਂ ਨੂੰ ਫੌਰੀ ਲਾਗੂ ਕਰਨ...

ਓਮ ਪ੍ਰਕਾਸ਼ ਚੌਟਾਲਾ ਨੂੰ ਚਾਰ ਸਾਲ ਦੀ ਕੈਦ ਤੇ 50 ਲੱਖ ਜੁਰਮਾਨਾ

ਓਮ ਪ੍ਰਕਾਸ਼ ਚੌਟਾਲਾ ਨੂੰ ਚਾਰ ਸਾਲ ਦੀ ਕੈਦ ਤੇ 50 ਲੱਖ ਜੁਰਮਾਨਾ

ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ

ਸ਼ਹਿਰ

View All