ਪੰਜਾਬੀ ਦਾ ਕੰਪਿਊਟਰੀਕਰਨ

ਅੱਜ ਦੁਨੀਆਂ ਦਾ ਸਭ ਤੋਂ ਵਿਸ਼ਾਲ ਵਿਸ਼ਵਕੋਸ਼ ਵਿਕੀਪੀਡੀਆ ਹੈ, ਐਨਸਾਈਕਲੋਪੀਡੀਆ ਬਰਿਟੈਨਿਕਾ ਨਹੀਂ, ਜਿਸ ਨੂੰ ਕਈ ਸਦੀਆਂ ਤੱਕ ਇਹ ਸਥਾਨ ਪ੍ਰਾਪਤ ਸੀ। ਵਿਕੀਪੀਡੀਆ ਕਈ ਬੋਲੀਆਂ ਵਿੱਚ ਹੈ। ਇਸ ਵਿੱਚ ਅੰਗਰੇਜ਼ੀ ਦੇ 35 ਲੱਖ ਲੇਖ ਹਨ। ਪੰਜਾਬੀ ਵਿੱਚ ਲੇਖਾਂ ਦੀ ਗਿਣਤੀ ਦੋ ਹਜ਼ਾਰ ਤੋਂ ਵੀ ਘੱਟ ਹੈ। ਸਿਰਫ਼ 27 ਵਿਅਕਤੀ ਹੀ ਪੰਜਾਬੀ ਵਿੱਚ ਲੇਖ ਲਿਖ ਕੇ ਆਪਣਾ ਯੋਗਦਾਨ ਪਾ ਰਹੇ ਹਨ। ਇੰਟਰਨੈੱਟ ਦੀ ਦੁਨੀਆਂ ਵਿੱਚ ਪੰਜਾਬੀ ਦੀ ਥਾਂ ਨਾਂ-ਮਾਤਰ ਜਾਪਦੀ ਹੈ। ਅਜੋਕਾ ਯੁੱਗ ਕੰਪਿਊਟਰ ਦਾ ਯੁੱਗ ਹੈ। ਜੇ ਕਿਸੇ ਬੋਲੀ ਦਾ ਕੰਪਿਊਟਰੀਕਰਨ ਨਾ ਹੋਇਆ ਹੋਵੇ ਤਾਂ ਇਉਂ ਲੱਗਦਾ ਹੈ ਕਿ ਇਸ ਦੇ ਵਿਕਾਸ ਵਿੱਚ ਰੁਕਾਵਟ ਪੈ ਜਾਵੇਗੀ। ਗੁਰਮੁਖੀ ਲਿਪੀ ਦਾ ਕੰਪਿਊਟਰੀਕਰਨ ਬਹੁਤ ਮੁਸ਼ਕਿਲਾਂ ਮਗਰੋਂ ਹੋਇਆ ਹੈ। ਕੰਪਿਊਟਰ ਉੱਤੇ  ਪੰਜਾਬੀ ਦੀ ਟਾਈਪ ਕਰਨ ਸਮੇਂ ਵਿਅਕਤੀ ਨੂੰ ਕਈ ਕਿਸਮ ਦੇ Keyboards ਅਤੇ ਫੌਂਟਾਂ ਨਾਲ ਜੂਝਣਾ ਪੈਂਦਾ ਹੈ। ਅੱਖਰ ਸਾਫਟਵੇਅਰ ਨੇ ਪੰਜਾਬੀ ਟਾਈਪ ਅਤੇ ਗ਼ਲਤੀਆਂ ਨੂੰ ਸੁਧਾਰਨ ਦਾ ਕੰਮ ਕਾਫ਼ੀ ਸੁਖਾਲਾ ਕਰ ਦਿੱਤਾ ਹੈ। ਡਾ. ਗੁਰਪ੍ਰੀਤ ਲਹਿਲ ਦਾ ਬਣਾਇਆ ਇਹ ਸਾਫਟਵੇਅਰ ਕਈ ਮੁਸ਼ਕਿਲਾਂ ਸੁਲਝਾ ਦਿੰਦਾ ਹੈ। ਮੈਂ ਇਹ ਸਾਫਟਵੇਅਰ ਕਈ ਸਾਲਾਂ ਤੋਂ ਵਰਤ ਰਿਹਾ ਹਾਂ। ਇਸ ਵਿਚਲੇ ਸ਼ਬਦਕੋਸ਼ ਵੀ ਬਹੁਤ ਲਾਹੇਵੰਦ ਹਨ। ਇਸ ਵਿੱਚ ਪੰਜਾਬੀ ਟਾਈਪ ਕਰਨ ਲਈ ਕੋਈ ਵੀ ਫੌਂਟ ਵਰਤਿਆ ਜਾ ਸਕਦਾ ਹੈ ਕਿਉਂਕਿ Output ਯੂਨੀਕੋਡ ਵਿੱਚ ਮਿਲਦੀ ਹੈ। ਅਜਿਹੀਆਂ ਗੇਲੀਆਂ (6iles) ਕੰਪਿਊਟਰ ਵਿੱਚ ਅੰਗਰੇਜ਼ੀ ਫਾਈਲਾਂ ਵਾਂਗ ਹੀ ਖੁੱਲ੍ਹਦੀਆਂ ਹਨ। ਇਸ ਲਈ ਕਿਸੇ ਕਿਸਮ ਦਾ ਫੌਂਟ ਨਹੀਂ ਪਾਉਣਾ ਪੈਂਦਾ। ਮਾਈਕਰੋਸਾਫਟ ਵਿੰਡੋਜ਼ ਅਤੇ ਐਪਲ ਦੇ ਆਪਰੇਟਿੰਗ ਸਿਸਟਮ ਵਾਲੇ ਕੰਪਿਊਟਰਾਂ ਵਿੱਚ ਯੂਨੀਕੋਡ ਫੌਂਟ ਖੁਦ-ਬ-ਖੁਦ ਖੁੱਲ੍ਹ ਜਾਂਦਾ ਹੈ।

ਵਿਕੀਪੀਡੀਆ ਵਿੱਚ ਸਾਰੇ ਲੇਖ ਵਾਲੰਟੀਅਰਾਂ ਵੱਲੋਂ ਲਿਖੇ ਗਏ ਹਨ। ਹੋਰ ਵਾਲੰਟੀਅਰ ਇਨ੍ਹਾਂ ਦਾ ਮੁੱਲਾਂਕਣ ਅਤੇ ਸੋਧਾਂ ਕਰਦੇ ਹਨ। ਇਸ ਵਿੱਚ ਪੰਜਾਬੀ ਭਾਸ਼ਾ ਦੇ ਲੇਖ ਸੰਨ 2003 ਤੋਂ ਪਾਉਣੇ ਸ਼ੁਰੂ ਕੀਤੇ ਗਏ ਪਰ ਉਨ੍ਹਾਂ ਦੀ ਗਿਣਤੀ ਨਹੀਂ ਵਧੀ। ਦੂਜੇ ਪਾਸੇ ਹਿੰਦੀ ਵਿੱਚ ਤਕਰੀਬਨ 70,000 ਲੇਖ ਹਨ। ਇੱਥੋਂ ਤੱਕ ਕਿ ਸੰਸਕ੍ਰਿਤ ਜਿਹੀ ਭਾਸ਼ਾ ਵਿੱਚ ਵੀ 1500 ਤੋਂ ਵੱਧ ਲੇਖ ਹਨ। ਜਦੋਂ ਵੀ ਮੈਂ ਕਿਸੇ ਯੂਨੀਵਰਸਿਟੀ ਜਾਂ ਕਾਲਜ ਵਿੱਚ ਜਾਂਦਾ ਹਾਂ ਤਾਂ ਵਿਦਿਆਰਥੀ ਕੌਮਾਂਤਰੀ ਪੱਧਰ ਉਤੇ ਵਿਚਰਨ ਅਤੇ ਨਾਂ ਕਮਾਉਣ ਦਾ ਤਰੀਕਾ ਪੁੱਛਦੇ ਹਨ। ਮੈਂ ਇਸ ਦਾ ਇੱਕੋ ਜਵਾਬ ਦਿੰਦਾ ਹਾਂ,‘‘ਇੰਟਰਨੈੱਟ ਰਾਹੀਂ।’’ ਆਪਣੀ ਮਾਂ ਬੋਲੀ ਵਿੱਚ ਦੁਨੀਆਂ ਨੂੰ ਆਪਣੇ ਬਾਰੇ ਕੁਝ ਦੱਸਣ, ਵਿਚਾਰ ਸਾਂਝੇ ਕਰਨ ਅਤੇ ਹੋਰਾਂ ਨੂੰ ਆਪਣੀ ਵਿਚਾਰਧਾਰਾ ਨਾਲ ਜੋੜਨ ਲਈ ਸਾਨੂੰ ਇੰਟਰਨੈੱਟ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਪੰਜਾਬੀ ਉਨ੍ਹਾਂ ਖੁਸ਼ਕਿਸਮਤ ਬੋਲੀਆਂ ਵਿੱਚੋਂ ਇੱਕ ਹੈ ਜਿਸ ਦੀ ਸੇਵਾ ਲਈ ਇੱਕ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ। ਅੱਜ ਸਾਡੇ ਕੋਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ-ਨਾਲ ਭਾਈ ਕਾਨ੍ਹ ਸਿੰਘ ਜੀ ਨਾਭਾ ਦਾ ਗੁਰਸ਼ਬਦ ਰਤਨਾਗਰ ਮਹਾਨਕੋਸ਼ ਵੀ ਹੈ। ਭਾਈ ਕਾਨ੍ਹ ਸਿੰਘ ਜੀ ਨੇ ਸੰਨ 1930 ਵਿੱਚ ਇਹ ਮਹਾਨਕੋਸ਼ ਛਾਪ ਕੇ ਪੰਜਾਬੀਆਂ ਨੂੰ ਅਨਮੋਲ ਤੋਹਫ਼ਾ ਦਿੱਤਾ। ਕਿਸੇ ਹੋਰ ਭਾਸ਼ਾ ਵਿੱਚ ਮਹਾਨਕੋਸ਼ ਦੇ ਮੁਕਾਬਲੇ ਦੀ ਸ਼ਾਇਦ ਹੀ ਕੋਈ ਹੋਰ ਪੁਸਤਕ ਹੋਵੇ। ਪੰਜਾਬੀ ਜੀਵਨ, ਸੱਭਿਆਚਾਰ, ਸਿੱਖ ਧਰਮ, ਇਤਿਹਾਸ ਅਤੇ ਸਿੱਖ ਜਗਤ ਨਾਲ ਸਬੰਧਤ ਹੋਰ ਚੀਜ਼ਾਂ ਬਾਰੇ ਜਾਣਕਾਰੀ ਲਈ ਅੱਜ ਵੀ ਇਸ ਨੂੰ ਸਭ ਤੋਂ ਠੋਸ ਹਵਾਲਾ ਪੁਸਤਕ ਮੰਨਿਆ ਜਾਂਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕਈ ਵਿਦਵਾਨ ਹਨ ਜੋ ਛੋਟੇ-ਛੋਟੇ ਲੇਖ ਦੇ ਕੇ ਦੁਨੀਆਂ ਨੂੰ ਸਾਡੀ ਬੋਲੀ, ਸੱਭਿਅਤਾ ਅਤੇ ਧਰਮ ਬਾਰੇ ਜਾਗਰੂਕ ਕਰ ਸਕਦੇ ਹਨ। ਯੂਨੀਵਰਸਿਟੀ ਵੱਲੋਂ ਆਪਣੇ ਵਿਦਵਾਨਾਂ ਤੋਂ ਲੇਖ ਲਿਖਾ ਕੇ ਇੰਟਰਨੈੱਟ ਰਾਹੀਂ ਉਨ੍ਹਾਂ ਨੂੰ ਦੁਨੀਆਂ ਸਾਹਮਣੇ ਪੇਸ਼ ਕਰਨਾ ਪੂਰੀ ਤਰ੍ਹਾਂ ਉਚਿਤ ਹੋਵੇਗਾ। ਇਹ ਸਬੱਬ ਹੈ ਕਿ ਜਿਹੜੀ ਯੂਨੀਵਰਸਿਟੀ ਵਿੱਚ ਐਸੇ ਵਿਦਵਾਨ ਹਨ, ਉਸੇ ਯੂਨੀਵਰਸਿਟੀ ਦੇ ਕੰਪਿਊਟਰ ਵਿਭਾਗ ਨੇ ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਸ ਵਿਭਾਗ ਦੀ ਵੈੱਬਸਾਈਟ ਰਾਹੀਂ ਪੰਜਾਬੀ ਪੜ੍ਹਾਉਣ ਲਈ ਕਈ ਨਵੀਂ ਕਿਸਮ ਦੇ ਉਪਰਾਲੇ ਕੀਤੇ ਗਏ ਹਨ। ਹੁਣ ਇਸ ਨੂੰ ਵਿਕੀਪੀਡੀਆ ਦੇ ਲੇਖਾਂ ਲਈ ਵੀ ਜ਼ੋਰ ਲਗਾਉਣਾ ਚਾਹੀਦਾ ਹੈ। ਪਟਿਆਲੇ ਅਤੇ ਪੰਜਾਬੀ ਦਾ ਗੂੜ੍ਹਾ ਸਬੰਧਤ ਹੈ। ਪਟਿਆਲਾ ਪਹਿਲੀ ਅਜਿਹੀ ਰਿਆਸਤ ਸੀ ਜਿੱਥੇ ਸਾਰਾ ਦਫ਼ਤਰੀ ਕੰਮ-ਕਾਜ ਪੰਜਾਬੀ ਵਿੱਚ ਹੁੰਦਾ ਸੀ। ਪ੍ਰਿੰਸੀਪਲ ਤੇਜਾ ਸਿੰਘ ਨੇ ਪੰਜਾਬੀ ਦਾ ਪਹਿਲਾ ਸ਼ਬਦਕੋਸ਼ ਇੱਥੇ ਹੀ ਤਿਆਰ ਕੀਤਾ ਸੀ। ਐਮ.ਏ. ਪੰਜਾਬੀ ਵੀ ਇੱਥੋਂ ਹੀ ਸ਼ੁਰੂ ਹੋਈ। ਮਹਾਰਾਜਾ ਭੁਪਿੰਦਰ ਸਿੰਘ ਦੇ ਹੁਕਮ ਉਤੇ ਰਮਿੰਗਟਨ ਟਾਈਪਰਾਈਟਰ ਕੰਪਨੀ ਨੇ ਪੰਜਾਬੀ ਦਾ ਪਹਿਲਾ ਟਾਈਪਰਾਈਟਰ ਬਣਾਇਆ। ਇਸ ਤਰ੍ਹਾਂ ਪਟਿਆਲੇ ਤੋਂ ਪੰਜਾਬੀ ਸਟੈਨੋਗਰਾਫ਼ੀ ਦਾ ਆਗਾਜ਼ ਹੋਇਆ। ਪੰਜਾਬੀ ਭਾਸ਼ਾ ਦਾ ਪਹਿਲਾ ਵਿਭਾਗ ਵੀ ਇੱਥੇ ਹੀ ਬਣਿਆ ਜਿਸ ਨੂੰ ਭਾਸ਼ਾ ਵਿਭਾਗ ਪੰਜਾਬ ਕਿਹਾ ਜਾਂਦਾ ਹੈ। ਕੰਪਿਊਟਰ ਦੇ ਨੁਕਤਾ ਨਿਗਾਹ ਤੋਂ ਗੁਰਮੁਖੀ ਟਾਈਪ ਕਰਨ ਵਿੱਚ ਸਭ ਤੋਂ ਵੱਡੀ ਮੁਸ਼ਕਿਲ ਇਹ ਸੀ ਕਿ ਇਸ ਵਿੱਚ ਕਿਸੇ ਕਿਸਮ ਦਾ ਮਿਆਰੀਕਰਨ ਨਹੀਂ ਸੀ। ਇਸ ਕਰਕੇ ਕਈ ਵਾਰ ਇੰਜ ਲੱਗਦਾ ਸੀ ਕਿ ਨਵਾਂ ਫੌਂਟ ਬਣਾਉਣ ਵਾਲੇ ਵਿਅਕਤੀ ਨੇ ਆਪਣੀ ਕਿਸਮ ਦਾ Keyboard ਵੀ ਬਣਾ ਲਿਆ ਹੋਵੇਗਾ। ਇਹ ਸਾਰੇ ਵੱਖ-ਵੱਖ ਫੌਂਟਾਂ ਦੇ Keyboard ਇੱਕ-ਦੂਜੇ ਨਾਲ ਨਹੀਂ ਚੱਲ ਸਕਦੇ ਸੀ। ਇਸ ਕਰਕੇ ਗੁਰਮੁਖੀ ਦੇ ਕੰਪਿਊਟਰੀਕਰਨ ਵਿੱਚ ਕਈ ਮੁਸ਼ਕਿਲਾਂ ਆਉਂਦੀਆਂ ਸਨ। ਯੂਨੀਕੋਡ ਅਪਣਾਉਣ ਮਗਰੋਂ ਗੁਰਮੁਖੀ ਦੀ ਟਾਈਪਿੰਗ ਵਿੱਚ ਇਕਸਾਰਤਾ ਆ ਗਈ ਹੈ। ਪਰ ਅਫ਼ਸੋਸ ਇਹ ਹੈ ਕਿ ਹਾਲੇ ਤੱਕ ਯੂਨੀਕੋਡ ਪੂਰੀ ਤਰ੍ਹਾਂ ਨਹੀਂ ਅਪਣਾਇਆ ਗਿਆ। ਇਸ ਕਰਕੇ ਸਮੇਂ-ਸਮੇਂ ’ਤੇ ਮੁਸ਼ਕਿਲਾਂ ਆਉਂਦੀਆਂ ਹਨ। ਉਹ ਦਿਨ ਦੂਰ ਨਹੀਂ ਜਦੋਂ ਸਾਰੇ ਯੂਨੀਕੋਡ ਨੂੰ ਅਪਣਾ ਲੈਣਗੇ। ਇਸ ਵਿੱਚ ਸੋਹਣੇ ਫੌਂਟ ਵੀ ਆ ਜਾਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਸ਼ਹਿਰ

View All