ਪਹਿਲੇ ਗੁਰੂ ਦੀ ਚਰਨਛੋਹ ਪ੍ਰਾਪਤ ਖਾਨਪੁਰ

ਬਹਾਦਰ ਸਿੰਘ ਗੋਸਲ

ਪਿੰਡ ਖਾਨਪੁਰ ਦਾ ਮੁੱਖ ਗੇਟ ਪਿੰਡ ਖਾਨਪੁਰ ਦਾ ਮੁੱਖ ਗੇਟ

ਪਿੰਡ ਖਾਨਪੁਰ ਮੁਹਾਲੀ ਜ਼ਿਲ੍ਹੇ ਵਿੱਚ ਖਰੜ ਤੋਂ 2 ਕਿਲੋਮੀਟਰ ਪੱਛਮ ਵੱਲ ਵਸਿਆ ਹੋਇਆ ਹੈ। ਇਹ ਪਿੰਡ ਖਰੜ ਤੋਂ ਲੁਧਿਆਣਾ ਜਾਣ ਵਾਲੇ ਮੁੱਖ ਮਾਰਗ ਅਤੇ ਖਰੜ-ਰੂਪਨਗਰ ਮੁੱਖ ਮਾਰਗ ਦੇ ਵਿਚਾਲੇ ਪੈਂਦਾ ਹੈ। ਇਹ ਪਿੰਡ ਧਾਰਮਿਕ, ਰਾਜਨੀਤਿਕ ਤੇ ਵਿਦਿਅਕ ਗਤੀਵਿਧੀਆਂ ਕਰਕੇ ਅਗਾਂਹਵਧੂ ਰਿਹਾ ਹੈ। ਪਿੰਡ ਦੀ ਆਬਾਦੀ 17 ਹਜ਼ਾਰ ਅਤੇ ਵੋਟਰ 5500 ਹਨ। ਪਿੰਡ ਦਾ ਰਕਬਾ 1500 ਏਕੜ ਦੇ ਕਰੀਬ ਹੈ। ਇਤਿਹਾਸ ਅਨੁਸਾਰ ਤਿੰਨ ਵਿਅਕਤੀਆਂ ਸੋਧੇ ਖਾਹ, ਮੀਰ ਖਾਨ ਤੇ ਅਮੀਰ ਦਾਸ ਨੇ ਇਸ ਪਿੰਡ ਦੀ ਮੋੜ੍ਹੀ ਗੱਡੀ ਅਤੇ ਪਿੰਡ ਦਾ ਨਾਂ ਮੀਰ ਖਾਨ ਦੇ ਨਾਮ ’ਤੇ ਖਾਨਪੁਰ ਰੱਖ ਦਿੱਤਾ ਸੀ। ਮੀਰ ਖਾਨ ਦੇ ਪੁੱਤਰ ਗਨੀ, ਅਬਦੁੱਲਾ ਵਹਾਦ, ਨਸੀਰੋਦੀਨ ਤੇ ਭੂਰਾ ਹੋਏ। ਨਸੀਰੋਦੀਨ ਦੇ ਵਾਰਸ 1947 ਦੀ ਵੰਡ ਸਮੇਂ ਪਾਕਿਸਤਾਨ ਚਲੇ ਗਏ। ਇਸ ਖ਼ਾਨਦਾਨ ਵਿੱਚੋਂ ਸਰਾਜੋਦੀਨ ਅਜੇ ਵੀ ਪਿੰਡ ਵਿੱਚ ਵਸਦਾ ਹੈ। ਇਸ ਪਿੰਡ ਨੂੰ ਪਹਿਲੇ ਗੁਰੂ ਦੀ ਚਰਨਛੋਹ ਪ੍ਰਾਪਤ ਹੈ। ਡਾ. ਜਗਜੀਤ ਸਿੰਘ ਵੱਲੋਂ ਰਚਿਤ ਆਧੁਨਿਕ ਜਨਮ ਸਾਖੀ ਦੇ ਪੰਨਾ 90-91 ’ਤੇ ਇਸ ਗੱਲ ਦਾ ਵੇਰਵਾ ਮਿਲਦਾ ਹੈ ਕਿ ਸਤੰਬਰ 1515 ਵਿੱਚ ਗੁਰੂ ਨਾਨਕ ਦੇਵ ਜੀ ਨੇ ਅੰਬਾਲਾ, ਮਨੀਮਾਜਰਾ ਤੇ ਖਰੜ ਤੋਂ ਹੁੰਦੇ ਹੋਏ ਪਿੰਡ ਖਾਨਪੁਰ ’ਚ ਚਰਨ ਪਾਏ ਸਨ ਅਤੇ ਇੱਥੋਂ ਲੁਧਿਆਣਾ ਅਤੇ ਸੁਲਤਾਨਪੁਰ ਲੋਧੀ ਵੱਲ ਗਏ ਸਨ। ਹੁਣ ਇਹ ਪਿੰਡ ਖਰੜ ਮਿਉਂਸਿਪਲ ਕਾਰਪੋਰੇਸ਼ਨ ਅਧੀਨ ਆ ਗਿਆ ਹੈ ਅਤੇ ਨੌਜਵਾਨ ਸਮਾਜਸੇਵੀ ਸੁਨੀਲ ਕੁਮਾਰ ਇਸ ਇਲਾਕੇ ਤੋਂ ਮੈਂਬਰ ਹਨ। ਉਨ੍ਹਾਂ ਦੇ ਯਤਨਾਂ ਨਾਲ ਪਿੰਡ ਦੀਆਂ ਗਲੀਆਂ ਪੱਕੀਆਂ ਅਤੇ ਸਾਫ਼-ਸੁੱਥਰੀਆਂ ਹਨ। ਪਿੰਡ ਵਿੱਚ ਦੋ ਗੁਰਦੁਆਰੇ, ਗੁਰਦੁਆਰਾ ਸੱਚ-ਖੰਡ ਸਾਹਿਬ ਅਤੇ ਗੁਰਦੁਆਰਾ ਸੇਵਕਸਰ ਸਾਹਿਬ ਸੁਸ਼ੋਭਿਤ ਹਨ। ਇਸ ਤੋਂ ਇਲਾਵਾ ਦੋ ਮਸਜਿਦਾਂ, 3 ਮੰਦਿਰ, ਇੱਕ ਗੁੱਗਾ ਮਾੜੀ ਤੇ ਪਿੰਡ ਦਾ ਖੇੜਾ  ਹੈ। ਪਿੰਡ ਦੇ ਲਕਸ਼ਮੀ ਨਰਾਇਣ ਮੰਦਿਰ ਅਤੇ ਬਾਬਾ ਲਾਲਾ ਵਾਲਾ ਪੀਰ (ਬੇਰੀਆ) ਇਲਾਕੇ ਵਿੱਚ ਪ੍ਰਸਿੱਧ ਹਨ। ਪਿੰਡ ਵਿੱਚ ਦੋ ਧਰਮਸ਼ਾਲਾਵਾਂ ਤੇ 2 ਸਮਸ਼ਾਨਘਾਟ ਹਨ। ਇਨ੍ਹਾਂ ਸਮਸ਼ਾਨਘਾਟਾਂ ਵਿੱਚ ਸਸਕਾਰ ਲਈ ਗਰੀਬਾਂ ਨੂੰ ਲੱਕੜ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ। ਪਿੰਡ ਵਿੱਚ ਇੱਕ ਸਰਕਾਰੀ ਐਲੀਮੈਂਟਰੀ ਸਕੂਲ ਹੈ। ਇੱਥੇ 3 ਪੁਰਾਣੇ ਖੂਹ ਹਨ। ਪਿੰਡ ਦੀ ਫਿਰਨੀ ਪੱਕੀ ਹੈ ਅਤੇ ਵਾਟਰ ਸਪਲਾਈ ਤੇ ਸੀਵਰੇਜ ਸਿਸਟਮ ਦਰੁਸਤ ਹੈ। ਪਿੰਡ ਵਿੱਚ ਗਿੱਲ, ਸ਼ੇਰਗਿੱਲ, ਲਹਿਣ, ਦੇਹੜ, ਕਟਾਰੀਏ, ਅਗਨੀਹੋਤਰੀ, ਜੋਸ਼ੀ, ਭੌਰ, ਰਾਏ ਤੇ ਆਹਲੂਵਾਲੀਏ (ਕਲਾਲ) ਗੋਤਾਂ ਦੇ ਵਸਨੀਕ ਹਨ। ਇਸ  ਪਿੰਡ ਵਿੱਚ ਪਹਿਲਾਂ ਸਰਕਾਰੀ ਧਾਗਾ ਮਿਲ, ਘਿਓ ਫੈਕਟਰੀ ਤੇ ਇੱਕ ਗੱਤਾ ਫੈਕਟਰੀ ਹੁੰਦੀਆਂ ਸਨ ਜਿਨ੍ਹਾਂ ਵਿੱਚ ਪੁਆਧ ਦੇ ਹਜ਼ਾਰਾਂ ਲੋਕ ਕੰਮ ਕਰਦੇ ਸਨ ਪਰ ਇਨ੍ਹਾਂ ਦੇ ਬੰਦ ਹੋਣ ਕਾਰਨ ਕਈ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ। ਖਰੜ ਦੇ ਨਜ਼ਦੀਕ ਹੋਣ ਕਾਰਨ ਪਿੰਡ ਦੇ ਬੱਚਿਆਂ ਨੂੰ ਵਧੀਆ ਵਿਦਿਅਕ ਸਹੂਲਤਾਂ ਮਿਲੀਆਂ ਹਨ। ਇਸ ਕਰਕੇ ਪਿੰਡ ਨੇ ਚੰਗੇ ਡਾਕਟਰ, ਇੰਜਨੀਅਰ ਤੇ ਅਫ਼ਸਰ ਪੈਦਾ ਕੀਤੇ ਹਨ। ਇਨ੍ਹਾਂ ਵਿੱਚ ਰਾਮ ਸਰੂਪ ਦਾਸ (ਡਿਪਟੀ ਅਕਾਉਂਟੈਂਟ ਜਨਰਲ), ਐਮਡੀ ਸੁਮਨ ਬਾਲਾ, ਆਰਕੀਟੈਕਟ ਸੁਨੀਲ ਕੁਮਾਰ, ਕਾਨੂੰਗੋ ਅਜਮੇਰ ਸਿੰਘ, ਤਾਰਾ ਸਿੰਘ ਅਤੇ ਸੁਰਿੰਦਰ ਸਿੰਘ (ਤਹਿਸੀਲਦਾਰ) ਅਤੇ ਡਿਪਟੀ ਡੀਪੀਆਈ ਪੰਜਾਬ ਕੇ ਕੇ ਜੋਸ਼ੀ ਦੇ  ਨਾਮ ਸ਼ਾਮਲ ਹਨ। ਪਿੰਡ ਦੇ ਸਾਬਕਾ ਸਰਪੰਚ ਕਾਮਰੇਡ ਨਾਨਕ ਸਿੰਘ ਅਤੇ ਕਾਮਰੇਡ ਮੇਹਰ ਸਿੰਘ ਬਹੁਤ ਉੱਦਮੀ ਹਨ। ਇਸ ਪਿੰਡ ਦੇ ਲੋਕਾਂ ਦੀ ਮੁੱਖ ਮੰਗ ਹੈ ਕਿ ਸਿਵਲ ਡਿਸਪੈਂਸਰੀ ਬਣਾਈ  ਜਾਵੇ ਅਤੇ ਪਸ਼ੂਆਂ ਦਾ ਹਸਪਤਾਲ ਖੋਲ੍ਹਿਆ ਜਾਵੇ।

ਸੰਪਰਕ: 98764-52223

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All