ਪਰਾਲੀ ਨੂੰ ਸਾਂਭਣਾ ਨਹੀਂ ‘ਖ਼ਾਲਾ ਜੀ ਦਾ ਵਾੜਾ’

ਪਿੰਡ ਸਿੰਘਾਂਵਾਲਾ ’ਚ ਇਤਾਲਵੀ ਬੇਲਰ ਦਾ ਨਿਰੀਖਣ ਕਰਦੇ ਹੋਏ ਡਾ. ਜਸਵਿੰਦਰ ਸਿੰਘ ਬਰਾੜ।

ਮਹਿੰਦਰ ਸਿੰਘ ਰੱਤੀਆਂ ਮੋਗਾ, 12 ਅਕਤੂਬਰ ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਸਖ਼ਤ ਹਦਾਇਤਾਂ ਕਾਰਨ ਜਿਥੇ ਸੂਬੇ ’ਚ ਕਿਸਾਨ ਪਰਾਲੀ ਦਾ ਨਿਪਟਾਰਾ ਕਰਨ ਨੂੰ ਲੈ ਕੇ ਪਰੇਸ਼ਾਨ ਹਨ ਉਥੇ ਮੋਗਾ ’ਚ ਅਗਾਂਹਵਧੂ ਕਿਸਾਨਾਂ ਨੇ ਇਸ ਸਮੱਸਿਆ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ। ਇਥੇ ਬਹੁਤੇ ਕਿਸਾਨਾਂ ਨੇ ਪਰਾਲੀ ਦੀਆਂ ਗੱਠਾਂ ਬਣਾ ਕੇ ਵੇਚਣ ਦੀ ਯੋਜਨਾ ਬਣਾਈ ਹੈ। ਪਿੰਡ ਗਿੱਲ ਦੇ ਕਿਸਾਨ ਬਲਕਰਨ ਸਿੰਘ ਨੇ ਦੱਸਿਆ ਕਿ ਉਸ ਨੇ ਆਧੁਨਿਕ ਤਕਨੀਕ ਦਾ ਇਹ ਬੇਲਰ 26 ਲੱਖ ਰੁਪਏ ਦੀ ਕੀਮਤ ਨਾਲ ਇਟਲੀ ਤੋਂ ਖਰੀਦਿਆ ਹੈ। ਇਹ ਇੱਕ ਦਿਨ ’ਚ 30 ਏਕੜ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾ ਦਿੰਦਾ ਹੈ। ਉਸ ਨੇ ਦੱਸਿਆ ਕਿ ਉਸ ਕੋਲ ਤਕਰੀਬਨ ਇੱਕ ਹਜ਼ਾਰ ਏਕੜ ਦੀ ਬੁਕਿੰਗ ਹੋ ਗਈ ਹੈ ਅਤੇ ਉਹ ਪ੍ਰਤੀ ਏਕੜ 1500 ਰੁਪਏ ਕਿਰਾਇਆ ਵਸੂਲ ਕਰ ਰਿਹਾ ਹੈ। ਪਿੰਡ ਸੱਦਾ ਸਿੰਘ ਵਾਲਾ ਦਾ ਕਿਸਾਨ ਜੈਦੀਪ ਸਿੰਘ ਜ਼ਿਲ੍ਹੇ ਦਾ ਪਹਿਲਾ ਅਜਿਹਾ ਕਿਸਾਨ ਹੋਵੇਗਾ ਜਿਸ ਨੇ ਸਾਲ 2006 ਤੋਂ ਝੋਨੇ ਦੀ ਰਹਿੰਦ ਖੂੰਹਦ ਨੂੰ ਖੇਤ ਵਿੱਚ ਹੀ ਵਾਹ ਕੇ ਇਸ ਦੇ ਪ੍ਰਬੰਧਨ ਕਰਨ ਦਾ ਸਫ਼ਲ ਤਜਰਬਾ ਕੀਤਾ। ਉਸ ਨੇ ਦੱਸਿਆ ਕਿ ਉਹ 40 ਏਕੜ ਤੋਂ ਵੱਧ ਰਕਬੇ ਵਿੱਚ ਝੋਨੇ ਅਤੇ ਕਣਕ ਦੀ ਕਾਸ਼ਤ ਕਰਦਾ ਹੈ ਅਤੇ 13 ਸਾਲ ਤੋਂ ਰਹਿੰਦ ਖੂੰਹਦ ਖੇਤ ’ਚ ਵਾਹ ਕੇ ਰਵਾਇਤੀ ਫ਼ਸਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ। ਪਿੰਡ ਸਿੰਘਾਂਵਾਲਾ ਦੇ ਕਿਸਾਨ ਰਾਜਾ ਸਿੰਘ ਨੇ ਦੱਸਿਆ ਕਿ ਉਸ ਨੇ ਪਰਾਲੀ ਨੂੰ ਕਦੇ ਵੀ ਅੱਗ ਨਹੀਂ ਲਾਈ ਉਹ ਕਈ ਸਾਲਾਂ ਤੋਂ ਬੇਲਰ ਨਾਲ ਗੱਠਾਂ ਬਣਾ ਕੇ ਵੇਚ ਰਿਹਾ ਹੈ। ਹੁਣ ਉਸ ਨੂੰ ਦੇਖ ਹੋਰ ਕਿਸਾਨ ਵੀ ਉਸ ਦੇ ਰਾਹ ’ਤੇ ਤੁਰ ਪਏ ਹਨ। ਪਰਾਲੀ ਦੇ ਖ਼ਾਤਮੇ ਲਈ ਜੋ ਮਸ਼ੀਨਰੀ ਤਿਆਰ ਕੀਤੀ ਗਈ ਹੈ ਉਹ ਮਹਿੰਗੀ ਹੈ, ਇਸ ਲਈ ਸਰਕਾਰ ਨੂੰ ਕਿਸਾਨਾਂ ਦੀ ਸਬਸਿਡੀ ਨਾਲ ਇਹ ਬੇਲਰ ਖਰੀਦਣ ’ਚ ਮਦਦ ਕਰਨੀ ਚਾਹੀਦੀ ਹੈ। ਕਿਸਾਨ ਗੁਰਦੇਵ ਸਿੰਘ ਪਿੰਡ ਜੈ ਸਿੰਘ ਵਾਲਾ ਨੇ ਕਿਸਾਨ ਆਗੂ ਅਜਮੇਰ ਸਿੰਘ ਲੱਖੋਵਾਲ ਵੱਲੋਂ ਪਰਾਲੀ ਸਾੜਨ ਦੇ ਮੁੱਦੇ ਉੱਤੇ ਦਿੱਤੇ ਬਿਆਨ ਦੀ ਨਿਖੇਧੀ ਕਰਦੇ ਕਿਹਾ ਕਿ ਵਾਤਾਵਰਨ ਨੂੰ ਬਚਾਉਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਅਤੇ ਖੇਤੀ ਮਾਹਿਰ ਰਾਜ ਪੁਰਸਕਾਰ ਵਿਜੇਤਾ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਹੈਪੀ ਸੀਡਰ, ਜ਼ੀਰੋ ਡਰਿੱਲ, ਉਲਟਾਵੇਂ ਹਲ, ਚੌਪਰ, ਮਲਚਰ, ਪਰਾਲੀ ਨੂੰ ਨਸ਼ਟ ਕਰਨ ਵਾਲੇ ਯੰਤਰ ਯੁਕਤ ਕੰਬਾਈਨ ਆਦਿ ਮਸ਼ੀਨਰੀ ਉੱਤੇ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All