ਦਲਿਤ ਗ਼ਦਰੀ ਆਗੂ ਬਾਬੂ ਮੰਗੂ ਰਾਮ ਮੂਗੋਵਾਲੀਆ

ਕੁਲਦੀਪ ਚੰਦ

ਸਾਡੇ ਦੇਸ਼ ਵਿੱਚ ਵਰਣ ਵਿਵਸਥਾ ਤੇ ਜਾਤ ਪ੍ਰਥਾ ਪ੍ਰਭਾਵੀ ਹੋਣ ਕਾਰਨ ਸਮਾਜ ਦੇ ਕਥਿਤ ਹੇਠਲੇ ਵਰਗ ਦੇ ਲੋਕਾਂ ਦੀ ਜ਼ਿੰਦਗੀ ਸਦੀਆਂ ਤਕ ਤਰਸਯੋਗ ਰਹੀ ਹੈ। ਦੇਸ਼ ਵਿੱਚ ਫੈਲੇ ਛੂਆ-ਛਾਤ ਕਾਰਨ ਇਸ ਵਰਗ ਦੇ ਲੋਕਾਂ ਨਾਲ ਕਈ ਵਾਰ ਜਾਨਵਰਾਂ ਤੋਂ ਵੀ ਮਾੜਾ ਵਤੀਰਾ ਕੀਤਾ ਜਾਂਦਾ ਸੀ। ਸਮੇਂ ਸਮੇਂ ’ਤੇ ਸਮਾਜ ਦੇ ਲਿਤਾੜੇ ਵਰਗਾਂ ਦੀ ਭਲਾਈ ਲਈ ਕਈ ਮਹਾਂਪੁਰਖਾਂ ਨੇ ਕੰਮ ਕੀਤਾ। ਇਨ੍ਹਾਂ ਵਿੱਚ ਬਾਬੂ ਮੰਗੂ ਰਾਮ ਮੂਗੋਵਾਲੀਆ ਦਾ ਨਾਂ ਵੀ ਸ਼ਾਮਲ ਹੈ। ਉਨ੍ਹਾਂ ਨੇ ਪੰਜਾਬ ਦੀ ਧਰਤੀ ’ਤੇ ਜਨਮ ਲੈ ਕੇ ਸੰਘਰਸ਼ ਕੀਤਾ ਤੇ ਲਿਤਾੜੇ ਵਰਗਾਂ ਦੇ ਵਿਕਾਸ ਲਈ ਕੰਮ ਕੀਤਾ। ਬਾਬੂ ਮੰਗੂ ਰਾਮ ਮੂਗੋਵਾਲੀਆ ਦਾ ਜਨਮ 14 ਜਨਵਰੀ, 1886 ਨੂੰ ਪਿੰਡ ਮੂਗੋਵਾਲ ਤਹਿਸੀਲ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਇੱਕ ਅਖੌਤੀ ਅਛੂਤ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਮਾਤਾ ਦਾ ਨਾਂ ਅਤਰੀ ਤੇ ਪਿਤਾ ਹਰਨਾਮ ਦਾਸ ਸੀ। ਉਨ੍ਹਾਂ ਦਾ ਪਰਿਵਾਰ ਚਮੜੇ ਦੇ ਧੰਦੇ ਨਾਲ ਜੁੜਿਆ ਹੋਇਆ ਸੀ। ਸਮਾਜ ਦੀ ਅਖੌਤੀ ਵਰਣ ਵਿਵਸਥਾ ਕਾਰਨ ਬਾਬੂ ਮੰਗੂ ਰਾਮ ਦੇ ਪਰਿਵਾਰ ਨੂੰ ਵੀ ਉੱਚ ਵਰਗ ਦੇ ਲੋਕਾਂ ਦੀ ਘ੍ਰਿਣਾ ਦਾ ਸ਼ਿਕਾਰ ਹੋਣਾ ਪੈਂਦਾ ਸੀ। ਬਾਬੂ ਜੀ ਲਗਪਗ ਤਿੰਨ ਸਾਲ ਦੇ ਸਨ, ਜਦੋਂ ਉਨ੍ਹਾਂ ਦੀ ਮਾਤਾ ਦੀ ਮੌਤ ਹੋ ਗਈ। ਉਨ੍ਹਾਂ ਨੇ ਪੰਜਾਬੀ ਦੀ ਸਿੱਖਿਆ ਆਪਣੇ ਪਿੰਡ ਵਿੱਚ ਹੀ ਇੱਕ ਡੇਰੇ ਦੇ ਸਾਧੂ ਤੋਂ ਪ੍ਰਾਪਤ ਕੀਤੀ ਤੇ ਆਪਣੇ ਪਿਤਾ ਨਾਲ ਵਪਾਰ ਵਿੱਚ ਹੱਥ ਵਟਾਉਣ ਲਈ ਅੰਗਰੇਜ਼ੀ ਵੀ ਸਿੱਖੀ। 23 ਸਾਲ ਦੀ ਉਮਰ ਵਿੱਚ 1909 ਵਿੱਚ ਬਾਬੂ ਮੰਗੂ ਰਾਮ ਅਮਰੀਕਾ ਚਲੇ ਗਏ। ਇੱਥੇ ਉਨ੍ਹਾਂ ਨੇ ਕੁਝ ਸਾਲ ਫਰੈਜ਼ਨੋ ਤੇ ਕੈਲੇਫੋਰਨੀਆ ਨਾਲ ਲੱਗਦੇ ਇਲਾਕਿਆਂ ਵਿੱਚ ਖੇਤਾਂ ਵਿੱਚ ਕੰਮ ਕੀਤਾ। ਇਸ ਸਮੇਂ ਸਾਨ ਫਰਾਂਸਿਸਕੋ ਵਿੱਚ ਗ਼ਦਰ ਲਹਿਰ ਸ਼ੁਰੂ ਹੋ ਗਈ ਸੀ। ਬਾਬੂ ਮੰਗੂ ਰਾਮ ਗ਼ਦਰ ਲਹਿਰ ਦੇ ਆਗੂਆਂ ਲਾਲਾ ਹਰਦਿਆਲ ਤੇ ਸੋਹਣ ਸਿੰਘ ਭਕਨਾ ਦੇ ਸੰਪਰਕ ਵਿੱਚ ਆ ਗਏ ਅਤੇ 1 ਨਵੰਬਰ, 1913 ਨੂੰ ਸਥਾਪਿਤ ਕੀਤੀ ਗ਼ਦਰ ਲਹਿਰ ਲਈ ਕੰਮ ਸ਼ੁਰੂ ਕਰ ਦਿੱਤਾ। ਇਸ ਦੌਰਾਨ ਗ਼ਦਰੀਆਂ ਨੇ ਇੱਕ ਮਿਸ਼ਨ ਉਲੀਕਿਆ, ਜਿਸ ਅਨੁਸਾਰ ਹਥਿਆਰਾਂ ਦਾ ਇੱਕ ਜਹਾਜ਼ ਸਮੁੰਦਰ ਰਸਤੇ ਭਾਰਤ ਲਿਜਾਣਾ ਸੀ। ਇਸ ਮਿਸ਼ਨ ਦੀ ਜ਼ਿੰਮੇਵਾਰੀ ਬਾਬੂ ਜੀ ਨੂੰ ਦਿੱਤੀ ਗਈ। ਇਸ ਮਿਸ਼ਨ ਦੀ ਭਿਣਕ ਪਹਿਲਾਂ ਹੀ ਬਰਤਾਨੀਆ ਸਰਕਾਰ ਨੂੰ ਲੱਗ ਗਈ ਤੇ ਸਰਕਾਰ ਨੇ ਇਸ ਜਹਾਜ਼ ਨੂੰ ਸਮੁੰਦਰ ਵਿੱਚ ਤੋਪਾਂ ਨਾਲ ਉਡਾ ਦਿੱਤਾ। ਬਾਬੂ ਮੰਗੂ ਰਾਮ ਕਿਸੇ ਤਰੀਕੇ ਨਾਲ ਬਚ ਗਏ ਤੇ ਫਿਲਪੀਨਜ਼ (ਮਨੀਲਾ) ਪਹੁੰਚ ਗਏ। ਉੱਥੇ ਉਨ੍ਹਾਂ ਨੇ ਕੁਝ ਦੇਰ ਅਮਰੀਕੀ ਕੰਪਨੀ ਵਿੱਚ ਕੰਮ ਕੀਤਾ ਤੇ ਫਿਰ ਉਥੋਂ ਸ੍ਰੀਲੰਕਾ ਆ ਗਏ। 1925 ਨੂੰ ਉਹ ਬੰਬੇ ਆ ਪਹੁੰਚੇ। ਬਾਬੂ ਜੀ ਇਸ ਤੋਂ ਬਾਅਦ ਵਾਪਸ ਪਿੰਡ ਆ ਗਏ। 1925 ਦੇ ਅੰਤ ਵਿੱਚ ਉਨ੍ਹਾਂ ਨੇ ਪਿੰਡ ਵਿੱਚ ਆਦਿ ਧਰਮ ਪ੍ਰਾਇਮਰੀ ਸਕੂਲ ਖੋਲ੍ਹਿਆ ਤੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। 11-12 ਜੂਨ 1926 ਨੂੰ ਇਸ ਸਕੂਲ ਵਿੱਚ ਅਛੂਤਾਂ ਦੀ ਇੱਕ ਮੀਟਿੰਗ ਬੁਲਾਈ ਗਈ, ਜਿਸ ਵਿੱਚ ਆਦਿ ਧਰਮ ਮੁਹਿੰਮ ਚਲਾਉਣ ਦਾ ਫ਼ੈਸਲਾ ਲਿਆ ਗਿਆ। ਇਸ ਪਿੱਛੋਂ ਆਦਿ ਧਰਮ ਮੰਡਲ ਦੀ ਸਥਾਪਨਾ ਕੀਤੀ ਗਈ, ਜਿਸ ਵਿੱਚ ਦਲਿਤ ਵਰਗ ਦੀਆਂ ਲਗਪਗ 36 ਜਾਤਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਤੇ ਇਸ ਲਹਿਰ ਦਾ ਪਹਿਲਾ ਪ੍ਰਧਾਨ ਬਾਬੂ ਮੰਗੂ ਰਾਮ ਨੂੰ ਬਣਾਇਆ ਗਿਆ। ਨਵੰਬਰ, 1926 ਵਿੱਚ ਜਲੰਧਰ ਵਿੱਚ ਆਦਿ ਧਰਮ ਸੰਗਠਨ ਦਾ ਪਹਿਲਾ ਦਫ਼ਤਰ ਖੋਲ੍ਹਿਆ ਗਿਆ ਤੇ ਬਾਬੂ ਜੀ ਜਲੰਧਰ ਰਹਿਣ ਲੱਗ ਪਏ, ਜਿੱਥੇ ਉਹ 1940 ਤਕ ਰਹੇ। ਇਸੇ ਦੌਰਾਨ ਬਰਤਾਨੀਆ ਸਰਕਾਰ ਨੇ ਭਾਰਤ ਵਿੱਚ ਲੋਕਾਂ ਵਿਸ਼ੇਸ਼ ਤੌਰ ’ਤੇ ਦਲਿਤਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸਰ ਜੋਹਨ ਸਾਇਮਨ ਦੀ ਅਗਵਾਈ ਵਿੱਚ ਇੱਕ ਕਮਿਸ਼ਨ ਨਿਯੁਕਤ ਕੀਤਾ, ਜਿਸ ਨੂੰ ਸਾਇਮਨ ਕਮਿਸ਼ਨ ਕਿਹਾ ਜਾਂਦਾ ਹੈ। ਭਾਰਤ ਵਿੱਚ ਕਈ ਕਾਂਗਰਸੀ ਆਗੂਆਂ ਨੇ ਇਸ ਕਮਿਸ਼ਨ ਦਾ ਵਿਰੋਧ ਕੀਤਾ। ਬਾਬੂ ਮੰਗੂ ਰਾਮ ਨੇ ਸਾਇਮਨ ਕਮਿਸ਼ਨ ਅੱਗੇ ਅਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਦਲਿਤ ਨਾ ਹੀ ਹਿੰਦੂ ਹਨ, ਨਾ ਮੁਸਲਿਮ, ਨਾ ਸਿੱਖ ਤੇ ਨਾ ਹੀ ਇਸਾਈ ਹਨ। ਉਨ੍ਹਾਂ ਸਬੂਤਾਂ ਸਮੇਤ ਦੱਸਿਆ ਕਿ ਉਹ ਆਦਿ ਧਰਮੀ ਹਨ, ਜੋ ਕਿਸੇ ਵੇਲੇ ਇਸ ਦੇਸ਼ ਦੇ ਸ਼ਾਸਕ ਰਹੇ ਹਨ। ਅੰਤ ਲੰਮੇ ਸੰਘਰਸ਼ ਤੇ ਬਹਿਸ ਮਗਰੋਂ ਦਲਿਤਾਂ ਨੂੰ ਆਦਿ ਧਰਮ ਦਾ ਨਾਂ ਮਿਲਿਆ। ਇਸ ਦੌਰਾਨ ਹੀ ਦਲਿਤਾਂ ਨੂੰ ਪੜ੍ਹਨ, ਜਾਇਦਾਦ ਖ਼ਰੀਦਣ ਤੇ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ। 1931 ਵਿੱਚ ਭਾਰਤ ’ਚ ਹੋਈ ਜਨਗਣਨਾ ਵਿੱਚ ਪਹਿਲੀ ਵਾਰ ਆਦਿ ਧਰਮ ਨੂੰ ਜੋੜਿਆ ਗਿਆ। 1930, 31 ਤੇ 32 ਵਿੱਚ ਲੰਡਨ ਵਿੱਚ ਹੋਈਆਂ ਗੋਲਮੇਜ਼ ਕਾਨਫ਼ਰੰਸਾਂ ਵਿੱਚ ਇਹ ਸਾਬਤ ਕਰਨ ਲਈ ਕਿ ਭਾਰਤੀ ਦਲਿਤਾਂ ਦੇ ਅਸਲੀ ਆਗੂ ਡਾਕਟਰ ਅੰਬੇਦਕਰ ਹਨ, ਬਾਬੂ ਮੰਗੂ ਰਾਮ ਨੇ ਪੰਜਾਬ ਤੇ ਹੋਰ ਸੂਬਿਆਂ ਤੋਂ ਦਲਿਤ ਆਗੂਆਂ ਤੋਂ ਪੱਤਰ ਤੇ ਤਾਰਾਂ ਭੇਜੀਆਂ। ਇਸ ਪਿੱਛੋਂ ਬਰਤਾਨੀਆ ਸਰਕਾਰ ਨੇ ਦਲਿਤਾਂ ਲਈ ਵੱਖ ਚੋਣ ਵਿਵਸਥਾ ਦੀ ਮਨਜ਼ੂਰੀ ਦੇ ਦਿੱਤੀ, ਜਿਸ ਨੂੰ ਕਮਿਊਨਲ ਐਵਾਰਡ ਦਾ ਨਾਂ ਦਿੱਤਾ ਗਿਆ। ਇਸ ਕਮਿਊਨਲ ਐਵਾਰਡ ਦੇ ਵਿਰੋਧ ਵਿੱਚ ਮਹਾਤਮਾ ਗਾਂਧੀ ਨੇ ਯਰਵਦਾ ਜੇਲ੍ਹ ਵਿੱਚ 20 ਸਤੰਬਰ, 1932 ਨੂੰ ਮਰਨ ਵਰਤ ਰੱਖ ਲਿਆ। ਇਸ ਤੋਂ ਬਾਅਦ 24 ਸਤੰਬਰ 1932 ਨੂੰ ਡਾਕਟਰ ਅੰਬੇਦਕਰ ਤੇ ਮਹਾਤਮਾ ਗਾਂਧੀ ਵਿਚਕਾਰ ਸਮਝੌਤਾ ਹੋਇਆ, ਜਿਸ ਨੂੰ ਪੂਨਾ ਪੈਕਟ ਕਿਹਾ ਜਾਂਦਾ ਹੈ। ਇਸ ਸਮਝੌਤੇ ਵਿੱਚ ਦਲਿਤਾਂ ਨੂੰ ਵੱਖਰੀ ਚੋਣ ਵਿਵਸਥਾ ਦੀ ਥਾਂ ਰਾਖਵਾਂਕਰਨ ਦਿੱਤਾ ਗਿਆ, ਜਿਸ ਅਨੁਸਾਰ ਭਾਰਤ ਦੀਆਂ ਵਿਧਾਨ ਸਭਾਵਾਂ ਲਈ ਕੁੱਲ 148 ਸੀਟਾਂ ਦਲਿਤਾਂ ਲਈ ਰਾਖਵੀਆਂ ਰੱਖੀਆਂ ਗਈਆਂ। ਆਜ਼ਾਦ ਭਾਰਤ ਵਿੱਚ ਵੀ ਬਾਬੂ ਮੰਗੂ ਰਾਮ ਨੇ ਆਦਿ ਧਰਮ ਲਹਿਰ ਨੂੰ ਚਲਾਉਣ ਲਈ ਲਗਾਤਾਰ ਸੰਘਰਸ਼ ਕੀਤਾ। 22 ਅਪਰੈਲ 1980 ਨੂੰ ਗ਼ਦਰ ਲਹਿਰ ਤੇ ਆਦਿ ਧਰਮ ਅੰਦੋਲਨ ਦਾ ਇਹ ਦਲਿਤ ਆਗੂ ਸਾਨੂੰ ਸਦੀਵੀ ਵਿਛੋੜਾ ਦੇ ਗਿਆ।

ਸੰਪਰਕ: 94175-63054

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All