ਤ੍ਰਾਸਦੀ ਵਿੱਚੋਂ ਲੰਘ ਰਹੇ ਅਧਿਆਪਕ

ਤ੍ਰਾਸਦੀ ਵਿੱਚੋਂ ਲੰਘ ਰਹੇ ਅਧਿਆਪਕ

ਅਧਿਆਪਕ ਦਾ ਫਰਜ਼ ਆਪਣੇ ਵਿਦਿਆਰਥੀਆਂ ਨੂੰ ਠੀਕ ਰਸਤੇ ’ਤੇ ਲਿਆਉਣਾ ਤੇ ਉਨ੍ਹਾਂ ਦੀ ਜ਼ਿੰਦਗੀ ਸਫਲ ਬਣਾਉਣਾ ਹੁੰਦਾ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਅਧਿਆਪਕ ਆਰਥਿਕ, ਸਮਾਜਿਕ ਤੇ ਮਾਨਸਿਕ ਤੌਰ ’ਤੇ ਦਰੁਸਤ ਹੋਵੇ। ਅੱਜ ਅਧਿਆਪਕ ਵਰਗ ਦਾ ਬਹੁਤਾ ਹਿੱਸਾ ਇਸ ਤ੍ਰਾਸਦੀ ਵਿੱਚੋਂ ਲੰਘ ਰਿਹਾ ਹੈ ਜੋ ਅੱਜ ਆਪਣੇ ਹੱਕਾਂ ਖਾਤਰ ਸੜਕਾਂ ’ਤੇ ਰੁਲ ਰਿਹਾ ਹੈ, ਆਪਣੀਆਂ ਮੰਗਾਂ ਮਨਾਉਣ ਲਈ ਲਾਠੀਆਂ ਦੀ ਮਾਰ ਸਹਿ ਰਿਹਾ ਹੈ। ਇਹ ਸਥਿਤੀ ਉਸ ਸਮੇਂ ਉੱਭਰ ਕੇ ਸਾਹਮਣੇ ਆਈ ਜਦੋਂ ਸਰਕਾਰ ਨੇ ਸਕੂਲਾਂ/ ਕਾਲਜਾਂ ਵਿੱਚ ਰੈਗੂਲਰ ਭਰਤੀ ਖ਼ਤਮ ਕਰਨ ’ਤੇ ਜ਼ੋਰ ਦਿੱਤਾ। ਉਦੋਂ ਹੀ ਅਧਿਆਪਕ ਵਰਗ ਦੇ ਇਸ ਸਨਮਾਨਜਨਕ ਰੁਤਬੇ ਨੂੰ ਠੋਕਰ ਵੱਜੀ। ਚੰਗੀ ਯੋਗਤਾ ਪ੍ਰਾਪਤ ਕਰਕੇ ਵੀ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਅਧਿਆਪਕ ਵਰਗ ਨਾਕਾਮਯਾਬ ਹੋਇਆ ਹੈ। ਅੱਜ ਅਧਿਆਪਕਾਂ ਦੇ ਵੱਖੋ ਵੱਖਰੇ ਵਰਗ ਬਣਾ ਕੇ ਸਾਡੀ ਹਾਕਮ ਜਮਾਤ ਉਨ੍ਹਾਂ ਦੀ ਵਿਦਿਅਕ ਯੋਗਤਾ ਨਾਲ ਮਜ਼ਾਕ ਕਰ ਰਹੀ ਹੈ। ਇੱਕ ਯੋਗ ਅਧਿਆਪਕ ਅਜਿਹੀ ਸਥਿਤੀ ਵਿੱਚ ਫਸ ਕੇ ਆਪਣਾ ਚੈਨ ਗੁਆ ਰਿਹਾ ਹੈ। ਅੱਜ ਅਧਿਆਪਕਾਂ ਦੇ ਬਹੁਤ ਸਾਰੇ ਵਰਗ ਜਿਵੇਂ ਐੱਸ.ਏ./ਆਰ. ਈ. ਜੀ. ਐੱਸ./ਐੱਸ.ਟੀ.ਆਰ./ਏ.ਆਈ. ਈ., ਸਰਵਿਸ ਪ੍ਰੋਵਾਈਡਰ, ਸਿੱਖਿਆ ਪ੍ਰੋਵਾਈਡਰ, ਪੇਂਡੂ ਸਹਿਯੋਗੀ ਅਧਿਆਪਕ, ਟੀਚਿੰਗ ਫੈਲੋ, ਰੈਗੂਲਰ, 7654 ਅਧਿਆਪਕ, 6060 ਅਧਿਆਪਕ, 3442 ਅਧਿਆਪਕ, 3582 ਰੈਗੂਲਰ, ਈ.ਟੀ.ਟੀ., ਜੇ.ਬੀ.ਟੀ. ਤੇ ਰਮਸਾ ਆਦਿ ਹਨ।

ਅਰਵਿੰਦਰ ਕੌਰ ਕਾਕੜਾ (ਡਾ.)

ਇਨ੍ਹਾਂ ਅਧਿਆਪਕਾਂ ਦੀਆਂ ਤਨਖਾਹਾਂ ਤੇ ਭੱਤਿਆਂ ਵਿੱਚ ਭਿੰਨਤਾ ਪੈਦਾ ਕਰਕੇ ਅਧਿਆਪਕਾਂ ਦੇ ਰੁਤਬਿਆਂ ਨੂੰ ਵੰਡ ਕੇ ਵਿਦਿਆ ਪ੍ਰਵਾਹ ਦੀ ਅਖੰਡਤਾ ਨੂੰ ਖੰਡਿਤ ਕਰ ਦਿੱਤਾ ਹੈ। ਇਸਨੇ ਅਧਿਆਪਕਾਂ ਦੀ ਏਕਤਾ ਨੂੰ ਵੀ ਨਿਖੇੜਿਆ ਹੈ। ਅੱਜ ਸਾਰੇ ਵੱਖੋ ਵੱਖਰੇ ਅਧਿਆਪਕ ਵਰਗ ਵੱਖੋ ਵੱਖਰੇ ਰੋਸ ਧਰਨੇ ਕਰ ਰਹੇ ਹਨ। ਕਿਤੇ ਭਰਤੀ ਦਾ ਸੁਆਲ ਖੜ੍ਹਾ ਹੈ, ਕਿਤੇ ਵਿਭਾਗ ਵਿੱਚ ਤਬਦੀਲੀ ਦਾ ਸੁਆਲ ਹੈ, ਕਿਤੇ ਤਨਖਾਹਾਂ ਤੇ ਭੱਤਿਆਂ ਦਾ ਮਸਲਾ ਹੈ। ਇਹ ਅਧਿਆਪਕ ਕਦੇ ਭੁੱਖ ਹੜਤਾਲ, ਕਦੇ ਟੈਂਕੀਆਂ ’ਤੇ ਚੜ੍ਹ ਕੇ ਰੋਸ ਪ੍ਰਗਟਾਉਣਾ ਤੇ ਕਦੇ ਡੀ.ਜੀ. ਐੱਸ.ਈ. ਦੇ ਦਫ਼ਤਰ ਅੱਗੇ ਧਰਨੇ ਲਾਉਣ ਨੂੰ ਮਜਬੂਰ ਹਨ। 5178 ਅਧਿਆਪਕ ਤੇ ਰਮਸਾ ਅਧਿਆਪਕਾਂ ਨੂੰ ਦਿੱਤੇ ਗਏ ਨਿਯੁਕਤੀ ਪੱਤਰਾਂ ਤਹਿਤ ਉਨ੍ਹਾਂ ਨੂੰ ਤਿੰਨ ਸਾਲਾਂ ਬਾਅਦ ਰੈਗੂਲਰ ਕਰਨਾ ਸੀ। ਸਰਕਾਰ ਇਨ੍ਹਾਂ ਨੂੰ ਮੁੜ 10,300 ਰੁਪਏ ਬੇਸਿਕ ਤਨਖਾਹ ’ਤੇ ਤਿੰਨ ਸਾਲ ਦੇ ਪ੍ਰੋਬੇਸ਼ਨ ਕਾਲ ਉੱਪਰ ਰੱਖਣ ਦੀ ਯੋਜਨਾ ਬਣਾ ਰਹੀ ਹੈ ਜੋ ਇਨ੍ਹਾਂ ਨਾਲ ਧੱਕਾ ਹੈ। ਕਾਲਜ ਅਧਿਆਪਕਾਂ ਦੀ ਸਥਿਤੀ ਵੀ ਤਰਸਯੋਗ ਬਣੀ ਹੋਈ ਹੈ। ਇੱਕ ਪਾਸੇ ਬਰਾਬਰ ਦੀ ਯੋਗਤਾ ਪ੍ਰਾਪਤ ਅਧਿਆਪਕ 10,000 ਤੋਂ 15,000 ਰੁਪਏ ਤਕ ਲੈ ਰਿਹਾ ਹੈ ਤੇ ਦੂਜੇ ਪਾਸੇ ਕਾਲਜ ਦਾ ਰੈਗੂਲਰ ਅਧਿਆਪਕ 70,000 ਤੋਂ 1,00,000 ਰੁਪਏ ਤਕ ਮਹੀਨਾ ਲੈ ਰਿਹਾ ਹੈ। ਇਹ ਅੰਤਰ ਅਧਿਆਪਕਾਂ ਨੂੰ ਮਾਨਸਿਕ ਤੌਰ ’ਤੇ ਝੰਜੋੜਦਾ ਹੈ। ਇਹ ਸਭ ਅਧਿਆਪਕਾਂ ਦੀ ਠੀਕ ਭਰਤੀ ਨਾ ਹੋਣ ਦਾ ਕਾਰਨ ਹੈ। ਸਰਕਾਰੀ ਕਾਲਜਾਂ ਜਿਨ੍ਹਾਂ ਵਿੱਚ 1878 ਰੈਗੂਲਰ ਪੋਸਟਾਂ ਸਨ। 1226 ਅਧਿਆਪਕਾਂ ਦੇ ਸੇਵਾ ਮੁਕਤ ਹੋਣ ’ਤੇ 652 ਰੈਗੂਲਰ ਅਧਿਆਪਕ ਰਹਿ ਗਏ ਹਨ। ਹੁਣ 750 ਗੈਸਟ ਫੈਕਲਟੀ ’ਤੇ ਕੰਮ ਕਰ ਰਹੇ ਹਨ ਅਤੇ 265 ਪਾਰਟ ਟਾਈਮਰ ਹਨ। ਗੈਸਟ ਫੈਕਲਟੀ ਦੇ ਅਧਿਆਪਕਾਂ ਬਾਰੇ 28 ਮਾਰਚ, 2016 ਨੂੰ ਨੋਟੀਫਿਕੇਸ਼ਨ ਜਾਰੀ ਹੋਇਆ ਕਿ 10,000 ਰੁਪਏ ਪੀ.ਏ.ਫੰਡ ਤੇ 11,600 ਰੁਪਏ ਸਰਕਾਰੀ ਖ਼ਜ਼ਾਨੇ ਤੋਂ ਦੇ ਕੇ ਕੁੱਲ 21,600 ਰੁਪਏ ਤਨਖਾਹ ਪ੍ਰਤੀ ਮਹੀਨਾ ਦਿੱਤੀ ਜਾਵੇਗੀ। ਇਨ੍ਹਾਂ ਅਧਿਆਪਕਾਂ ਅੰਦਰ ਜਾਗੀ ਆਸ ਦੀ ਕਿਰਨ ਫੇੇਰ ਮੱਧਮ ਪੈਣ ਲੱਗੀ ਜਦੋਂ ਸਰਕਾਰੀ ਖ਼ਜ਼ਾਨੇ ਵਿੱਚੋਂ ਕੋਈ ਪੈਸਾ ਪ੍ਰਾਪਤ ਨਹੀਂ ਹੋਇਆ। ਪੰਜਾਬ ਸਰਕਾਰ ਨੇ ਪ੍ਰਾਈਵੇਟ ਕਾਲਜਾਂ ਵਿੱਚ ਸਰਕਾਰੀ ਸਹਾਇਤਾ ਪ੍ਰਾਪਤ ਖਾਲੀ ਪਈਆਂ 1925 ਅਸਾਮੀਆਂ ਨੂੰ ਪ੍ਰਤੀ ਸਾਲ 25 ਪ੍ਰਤੀਸ਼ਤ ਭਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਅਸਾਮੀਆਂ ਠੇਕੇ ’ਤੇ ਭਰੀਆਂ ਜਾਣਗੀਆਂ। ਇਨ੍ਹਾਂ ਨਿਯੁਕਤ ਕੀਤੇ ਅਧਿਆਪਕਾਂ ਨੂੰ ਬੇਸਿਕ ਪੇਅ ਹੀ ਦਿੱਤੀ ਜਾਵੇਗੀ। ਅਜਿਹਾ ਕੁਝ ਕਰਕੇ ਸਰਕਾਰ ਨੇ ਸਿਰਫ਼ ਖਾਨਾਪੂਰਤੀ ਕੀਤੀ ਹੈ। ਇਨ੍ਹਾਂ ਅਧਿਆਪਕਾਂ ਨੂੰ ਤਿੰਨ ਸਾਲਾਂ ਲਈ ਠੇਕੇ ’ਤੇ ਰੱਖਿਆ ਹੈ ਤੇ ਉਸ ਤੋਂ ਬਾਅਦ ਰੈਗੂਲਰ ਕਰਨ ਦੀ ਗੱਲ ਰੱਖੀ ਗਈ, ਪਰ ਤਿੰਨ ਸਾਲ ਪੂਰੇ ਹੋਣ ’ਤੇ ਵੀ ਇਹ ਵਾਅਦਾ ਪੂਰਾ ਨਹੀਂ ਹੋਇਆ। ਇਹ ਸੱਚ ਹੈ ਕਿ 1991 ਦੀਆਂ ਨੀਤੀਆਂ ਤਹਿਤ ਕੌਮੀ ਗਿਆਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਸਿੱਖਿਆ ਅੰਦਰ ਮੁਕਾਬਲੇ ਵਿੱਚ ਤੇਜ਼ੀ ਲਿਆਉਣ ਲਈ ਅਸਿੱਧਾ ਪ੍ਰਾਈਵੇਟ ਨਿਵੇਸ਼ ਤੇ ਵਿਦੇਸ਼ੀ ਪੂੰਜੀ ਦੀ ਜ਼ਰੂਰਤ ਮੰਨੀ ਗਈ। ਇਸੇ ਕਰਕੇ ਸਿੱਖਿਆ ਲਈ ਆਜ਼ਾਦ ਅਥਾਰਿਟੀ ਦੀ ਸਥਾਪਨਾ ਹੇਠ ਕਾਲਜਾਂ ਨੂੰ ਸਵੈਵਿੱਤੀ ਕੋਰਸ ਚਲਾਉਣ ਲਈ ਪ੍ਰੇਰਿਆ ਗਿਆ ਤਾਂ ਕਿ ਉਹ ਆਤਮ ਨਿਰਭਰ ਬਣ ਸਕਣ। ਇਸ ਦਾ ਸਿੱਟਾ ਇਹ ਨਿਕਲਿਆ ਕਿ ਯੂ.ਜੀ.ਸੀ. ਵੱਲੋਂ ਕਾਲਜਾਂ ਨੂੰ ਦਿੱਤੀ ਜਾਂਦੀ ਗਰਾਂਟ ਵਿੱਚ ਕਟੌਤੀ ਕਰਨ ਦਾ ਰਾਹ ਪੱਧਰਾ ਹੋ ਗਿਆ। ਇਹ ਸਾਰਾ ਬੋਝ ਸਰਕਾਰ ਨੇ ਕਾਲਜ ਪ੍ਰਬੰਧਨ ’ਤੇ ਥੋਪ ਕੇ ਆਪ ਪਾਸਾ ਵੱਟ ਲਿਆ। ਇਸ ਨਾਲ ਬਹੁਤੇ ਪ੍ਰਾਈਵੇਟ ਕਾਲਜਾਂ ਵਿੱਚ ਅਧਿਆਪਕਾਂ ਨੂੰ ਬੰਧੂਆਂ ਮਜ਼ਦੂਰ ਵਾਂਗ ਸਮਝਿਆ ਜਾਂਦਾ ਹੈ। ਕੱਚੇ ਤੌਰ ’ਤੇ ਭਰਤੀ ਕੀਤੇ ਅਧਿਆਪਕਾਂ ਦੀ ਸਥਿਤੀ ਬਹੁਤ ਗੰਭੀਰ ਹੁੰਦੀ ਹੈ। ਇੱਕ ਪਾਸੇ ਤਾਂ ਉਨ੍ਹਾਂ ’ਤੇ ਹਾਲਾਤ ਦੀ ਮਾਰ ਪੈਂਦੀ ਹੈ, ਦੂਜੇ ਪਾਸੇ ਅੰਦਰੂਨੀ ਤੌਰ ’ਤੇ ਵਿਤਕਰੇ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ। ਬਹੁਤ ਸਾਰੀਆਂ ਪ੍ਰਾਈਵੇਟ ਸੰਸਥਾਵਾਂ ਵਿੱਚ ਅਧਿਆਪਕਾਂ ਤੋਂ ਲੋੜ ਤੋਂ ਵੱਧ ਕੰਮ ਲੈ ਕੇ ਸਰੀਰਿਕ ਤੇ ਮਾਨਸਿਕ ਤੌਰ ’ਤੇ ਏਨਾ ਥਕਾ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਅੰਦਰਲੀ ਪ੍ਰਤਿਭਾ ਵੀ ਮਾਰ ਦਿੱਤੀ ਜਾਂਦੀ ਹੈ। ਇੱਥੇ ਸੁਆਲ ਪੈਦਾ ਹੁੰਦਾ ਹੈ ਕਿ ਅਧਿਆਪਕ ਵਰਗ ਦੀ ਕੌਣ ਸਾਰ ਲਵੇਗਾ? ਜਦੋਂ ਤਕ ਸਿੱਖਿਆ ਦੇ ਮਾਮਲੇ ਨੂੰ ਸਰਕਾਰ ਬੁਨਿਆਦੀ ਲੋੜ ਸਮਝ ਕੇ ਹੱਲ ਨਹੀਂ ਕਰੇਗੀ, ਓਨਾ ਚਿਰ ਸਿੱਖਿਆ ਦਾ ਕੋਈ ਵਾਲੀਵਾਰਸ ਨਹੀਂ ਹੈ। ਅੱਜ ਵਿਦਿਆ ਦੇ ਬਾਜ਼ਾਰੀਕਰਨ ਤੇ ਵਪਾਰੀਕਰਨ ਨੇ ਅਧਿਆਪਕ ਦੀ ਸਮਾਜ ਵਿੱਚ ਬਣਦੀ ਸਨਮਾਨਯੋਗ ਭੂਮਿਕਾ ਨੂੰ ਘਟਾ ਕੇ ਦਿਹਾੜੀਦਾਰ ਬਣਾ ਦਿੱਤਾ ਹੈ ਜੋ ਨਿੱਜੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਲਈ ਵੱਧ ਤੋਂ ਵੱਧ ਪੈਸਾ ਇਕੱਠਾ ਕਰਨ ਵਾਲਾ ਮਾਰਕੀਟਿੰਗ ਏਜੰਟ ਸਮਝਿਆ ਜਾ ਰਿਹਾ ਹੈ। ਅਜਿਹੇ ਬਾਜ਼ਾਰੀਕਰਨ ਨੇ ਅਧਿਆਪਕ ਦੀ ਸੋਚ ਵੀ ਕਿਤੇ ਨਾ ਕਿਤੇ ਪੈਸਾਮੁਖੀ ਬਣਾ ਦਿੱਤੀ ਹੈ। ਇਨ੍ਹਾਂ ਸਾਰੇ ਸੁਆਲਾਂ ਨੂੰ ਵੇਖਦੇ ਹੋਏ ਅਧਿਆਪਕ ਵਰਗ ਨੂੰ ਆਪਣੀ ਇੱਕ ਦਿਸ਼ਾ ਨਿਰਧਾਰਤ ਕਰਨੀ ਪਵੇਗੀ ਕਿ ਉਹ ਆਰਥਿਕ ਮੰਗਾਂ ਤੋਂ ਉੱਪਰ ਉੱਠ ਕੇ ਸਮਾਜ ਵਿੱਚ ਪਨਪ ਰਹੇ ਲੋਕ ਵਿਰੋਧੀ ਵਰਤਾਰੇ ਪ੍ਰਤੀ ਚੇਤੰਨ ਹੋ ਕੇ ਜੂਝਣ ਲਈ ਅੱਗੇ ਆਉਣ। ਇਹ ਹੀ ਅਧਿਆਪਕ ਦਿਵਸ ਦਾ ਮੁੱਖ ਮੰਤਵ ਬਣਾਉਣਾ ਪਵੇਗਾ। ਸੰਪਰਕ: 94636-15536

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਮੁੱਖ ਖ਼ਬਰਾਂ

ਦੱਖਣ-ਪੱਛਮੀ ਮੌਨਸੂਨ ਦੇ ਇਸ ਵਾਰ ਚਾਰ ਦਿਨ ਪਹਿਲਾਂ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ

ਦੱਖਣ-ਪੱਛਮੀ ਮੌਨਸੂਨ ਦੇ ਇਸ ਵਾਰ ਚਾਰ ਦਿਨ ਪਹਿਲਾਂ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ

ਆਮ ਤੌਰ ’ਤੇ ਪਹਿਲੀ ਜੂਨ ਨੂੰ ਕੇਰਲ ਪੁੱਜਦਾ ਹੈ ਮੌਨਸੂਨ

ਸ਼ਹਿਰ

View All