ਤੇਲ ਟੈਂਕਰ ਯੂਨੀਅਨ ਵੱਲੋਂ ਹੜਤਾਲ

ਪੱਤਰ ਪ੍ਰੇਰਕ ਜਲੰਧਰ, 7 ਅਕਤੂਬਰ ਤੇਲ ਟੈਂਕਰਾਂ ਦੇ ਤੈਅ ਭਾੜੇ ਵਿੱਚ ਕਟੌਤੀ ਖਿਲਾਫ ਪੰਜਾਬ ਤੇਲ ਟੈਂਕਰ ਯੂਨੀਅਨ ਅੱਜ ਹੜਤਾਲ ’ਤੇ ਚਲੀ ਗਈ। ਯੂਨੀਅਨ ਨੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਸੁੱਚੀ ਪਿੰਡ ਸਥਿਤ ਡਿਪੂ ਸਾਹਮਣੇ ਧਰਨਾ-ਪ੍ਰਦਰਸ਼ਨ ਕੀਤਾ। ਯੂਨੀਅਨ ਦੇ ਪ੍ਰਧਾਨ ਕਿਸ਼ਨ ਲਾਲ ਸ਼ਰਮਾ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਤਦ ਤੱਕ ਹੜਤਾਲ ਜਾਰੀ ਰਹੇਗੀ। ਧਰਨਾ-ਪ੍ਰਦਰਸ਼ਨ ਨੂੰ ਦੇਖਦੇ ਹੋਏ ਡਿਪੂ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲੀਸ ਬਲ ਭਾਰੀ ਗਿਣਤੀ ’ਚ ਮੌਜੂਦ ਸਨ। ਯੂਨੀਅਨ ਦੀ ਹੜਤਾਲ ਕਾਰਨ ਜਲੰਧਰ, ਬਠਿੰਡਾ ਅਤੇ ਸੰਗਰੂਰ ਦੇ ਡਿਪੂਆਂ ਵਿੱਚ ਪੰਜਾਬ ਵਿੱਚ ਐੱਚ.ਪੀ.ਸੀ.ਐੱਲ. ਦੇ ਪੈਟਰੋਲ ਪੰਪਾਂ ’ਤੇ ਸਪਲਾਈ ’ਚ ਰੁਕਾਵਟ ਆ ਰਹੀ ਹੈ। ਹੜਤਾਲ ਜ਼ਿਆਦਾ ਲੰਮੀ ਚੱਲੀ ਤਾਂ ਪੰਪ ਡਰਾਈ ਹੋ ਜਾਣਗੇ। ਯੂਨੀਅਨ ਨੇਤਾ ਕਿਸ਼ਨ ਲਾਲ ਸ਼ਰਮਾ, ਹਰਭਜਨ ਸਿੰਘ ਗਿੱਲ, ਵਿਨੋਦ ਕੁਮਾਰ, ਹਰਪਾਲ ਸਿੰਘ ਬੇਦੀ, ਮਹਿੰਦਰ ਸਿੰਘ, ਜਤਿੰਦਰ ਕੁਮਾਰ, ਅੰਗਰੇਜ਼ ਸਿੰਘ ਨੇ ਦੱਸਿਆ ਕਿ ਕੰਪਨੀ ਨੇ ਟਰਾਂਸਪੋਰਟਰਾਂ ਨਾਲ 1.50 ਪ੍ਰਤੀ ਲਿਟਰ/ਪ੍ਰਤੀ ਕਿਲੋਮੀਟਰ ਰੇਟ ਤੈਅ ਕੀਤਾ ਸੀ, ਪ੍ਰੰਤੂ ਹੁਣ ਭੁਗਤਾਨ ਕੀਤਾ ਗਿਆ ਤਾਂ 9 ਪੈਸੇ ਕੱਟ ਕੇ 1.41 ਰੁਪਏ ਦੇ ਹਿਸਾਬ ਨਾਲ ਕੀਤਾ ਗਿਆ, ਜੋ ਕਿ ਪੂਰੀ ਤਰ੍ਹਾਂ ਨਾਲ ਗਲਤ ਹੈ। ਉਨ੍ਹਾਂ ਕਿਹਾ ਕਿ 9 ਪੂਸੇ ਦੇ ਹਿਸਾਬ ਨਾਲ ਪਿਛਲਾ ਬਕਾਇਆ ਟਰਾਂਸਪੋਰਟਰਾਂ ਨੂੰ ਦਿੱਤਾ ਜਾਵੇ। ਯੂਨੀਅਨ ਨੇ ਕਿਹਾ ਕਿ ਕੰਪਨੀ ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਟੈਂਕਰ ਭਰਵਾਉਂਦੀ ਹੈ, ਪ੍ਰੰਤੂ ਪੰਪ ਵਾਲੇ ਡਲਿਵਰੀ ਨਹੀਂ ਲੈਂਦੇ, ਜਿਸ ਕਾਰਨ ਰਾਤ ਭਰ ਟੈਂਕਰ ਪੰਪ ’ਤੇ ਹੀ ਖੜੇ ਰਹਿੰਦੇ ਹਨ। ਇਸ ਦੌਰਾਨ ਤੇਲ ਬੈਠ ਜਾਂਦਾ ਹੈ ਅਤੇ ਪੰਪ ਮਾਲਕ ਡਲਿਵਰੀ ਘੱਟ ਲਿਖਦੇ ਹਨ। ਇਸ ਲਈ ਟੈਂਕਰ ਦੁਪਹਿਰ 3 ਵਜੇ ਤੋਂ ਬਾਅਦ ਨਹੀਂ ਭਰੇ ਜਾਣਗੇ। ਯੂਨੀਅਨ ਦਾ ਇਹ ਵੀ ਦੋਸ਼ ਹੈ ਕਿ ਪੈਟਰੋਲ ਪੰਪ ਦੇ ਟੈਂਕਰਾਂ ਨੂੰ ਜ਼ਿਆਦਾ ਭੁਗਤਾਨ ਕੀਤਾ ਜਾਂਦਾ ਹੈ, ਇਸ ਲਈ ਰੇਟ ਸਾਰਿਆਂ ਲਈ ਬਰਾਬਰ ਕੀਤੇ ਜਾਣ। ਡਿਪੂਆਂ ਦੀਆਂ ਸੜਕਾਂ ਦੀ ਹਾਲਤ ਵੀ ਸੁਧਾਰੀ ਜਾਵੇ। ਉਨ੍ਹਾ ਕਿਹਾ ਕਿ 7 ਦਿਨ ਪਹਿਲਾਂ ਹੜਤਾਲ ਦੀ ਚਿਤਾਵਨੀ ਦਿੱਤੀ ਗਈ ਸੀ, ਪ੍ਰੰਤੂ ਕੰਪਨੀ ਅਧਿਕਾਰੀਆਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸ ਲਈ ਯੂਨੀਅਨ ਹੁਣ ਸੰਘਰਸ਼ ਕਰਨ ਲਈ ਮਜਬੂਰ ਹੋ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All