ਢੱਡਰੀਆਂਵਾਲੇ ’ਤੇ ਹਮਲਾ: ਦਮਦਮੀ ਟਕਸਾਲ ਦੇ ਬੰਦਿਆਂ ਦੀ ਸ਼ਮੂਲੀਅਤ ਦੇ ਸਬੂਤ ਮਿਲੇ : The Tribune India

ਢੱਡਰੀਆਂਵਾਲੇ ’ਤੇ ਹਮਲਾ: ਦਮਦਮੀ ਟਕਸਾਲ ਦੇ ਬੰਦਿਆਂ ਦੀ ਸ਼ਮੂਲੀਅਤ ਦੇ ਸਬੂਤ ਮਿਲੇ

ਢੱਡਰੀਆਂਵਾਲੇ ’ਤੇ ਹਮਲਾ: ਦਮਦਮੀ ਟਕਸਾਲ ਦੇ ਬੰਦਿਆਂ ਦੀ ਸ਼ਮੂਲੀਅਤ ਦੇ ਸਬੂਤ ਮਿਲੇ

ਹਮਲੇ ਕਾਰਨ ਪੰਜਾਬ ਸਰਕਾਰ ਦੀ ਸਥਿਤੀ ਕਸੂਤੀ

ਦਵਿੰਦਰ ਪਾਲ ਚੰਡੀਗੜ੍ਹ, 19 ਮਈ ਪੰਜਾਬ ਪੁਲੀਸ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ’ਤੇ ਲੁਧਿਆਣਾ ’ਚ ਹੋਏ ਕਾਤਲਾਨਾ ਹਮਲੇ ਵਿੱਚ ‘ਦਮਦਮੀ ਟਕਸਾਲ’ ਨਾਲ ਸਬੰਧਤ ਕੁਝ ਵਿਅਕਤੀਆਂ ਦੀ ਸ਼ਮੂਲੀਅਤ ਦੇ ਪੁਖ਼ਤਾ ਸਬੂਤ ਹਾਸਲ ਕਰ ਲਏ ਹਨ। ਪੁਲੀਸ ਸੂਤਰਾਂ ਦਾ ਦੱਸਣਾ ਹੈ ਕਿ ਲੁਧਿਆਣਾ ਪੁਲੀਸ ਵੱਲੋਂ ਗ੍ਰਿਫ਼ਤਾਰ ਇਕ ਵਿਅਕਤੀ ਵੱਲੋਂ ਹਮਲੇ ’ਚ ਸ਼ਮੂਲੀਅਤ ਕਰਨ ਵਾਲੇ 6 ਤੋਂ ਵੱਧ ਵਿਅਕਤੀਆਂ ਦੀ ਪਛਾਣ ਕੀਤੀ ਹੈ। ਪੁਲੀਸ ਮੁਤਾਬਕ ਹਮਲੇ ’ਚ ਦੋ ਦਰਜਨ ਦੇ ਕਰੀਬ ਵਿਅਕਤੀ ਸ਼ਾਮਲ ਸਨ। ਹੁਣ ਤਕ ਪਛਾਣੇ ਗਏ ਵਿਅਕਤੀ ਦਮਦਮੀ ਟਕਸਾਲ ਵਿੱਚ ਹੀ ਕੰਮ ਕਰਦੇ ਦੱਸੇ ਗਏ ਹਨ। ਪੁਲੀਸ ਵੱਲੋਂ ਮੁੱਖ ਸਾਜ਼ਿਸ਼ੀ ਦੀ ਪੈੜ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੀਨੀਅਰ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਤਾਈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਇਸ ਘਟਨਾ ਦੀ ਸਾਜ਼ਿਸ਼ ਰਚਣ ’ਚ ਨਾਮ ਸਾਹਮਣੇ ਨਹੀਂ ਆਇਆ। ਉਂਜ ਤਫ਼ਤੀਸ਼ ਨਾਲ ਜੁੜੇ ਪੁਲੀਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਘਟਨਾ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਅਤੇ ਸੰਤ ਢੱਡਰੀਆਂ ਵਾਲੇ ਦਰਮਿਆਨ ਛਿੜੀ ‘ਗਰਮ ਬਹਿਸ’ ਦੀ ਉਪਜ ਹੈ। ਸਰਕਾਰ ਵੱਲੋਂ ਇਸ ਸੰਵੇਦਨਸ਼ੀਲ ਮਾਮਲੇ ’ਚ ਸੰਜਮ ਤੋਂ ਕੰਮ ਲਿਆ ਜਾ ਰਿਹਾ ਹੈ। ਸੂਤਰਾਂ ਦਾ ਦੱਸਣਾ ਹੈ ਕਿ ਘਟਨਾ ਵਾਲੀ ਥਾਂ ’ਤੇ ਮੌਜੂਦ ਜ਼ਿਆਦਾਤਰ ਵਿਅਕਤੀਆਂ ਨੂੰ ਛਬੀਲ ਲਗਾਉਣ ਦੀ ਗੱਲ ਕਹਿ ਕੇ ਲਿਆਂਦਾ ਗਿਆ ਸੀ ਤੇ ਹਮਲਾ ਕਰਨ ਤੋਂ ਚੰਦ ਮਿੰਟ ਪਹਿਲਾਂ ਹੀ ਸਾਰਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਕਿ ਹੁਣ ਕੋਈ ਵੱਡੀ ‘ਵਾਰਦਾਤ’ ਹੋਣ ਜਾ ਰਹੀ ਹੈ। ਇਸ ਲਈ ਜਿਸ ਨੇ ਆਪਣਾ ਬਚਾਅ ਕਰਨਾ ਹੈ, ਕਰ ਲਵੇ। ਇਸ ਐਲਾਨ ਤੋਂ ਬਾਅਦ ਕੁਝ ਵਿਅਕਤੀ ਦੌੜ ਵੀ ਗਏ ਸਨ। ਪੁਲੀਸ ਇਸ ਹਮਲੇ ’ਚ ਵਰਤੇ ਅਸਲੇ ਅਤੇ ਗੱਡੀਆਂ ਬਰਾਮਦ ਕਰਨ ’ਤੇ ਜ਼ੋਰ ਦੇ ਰਹੀ ਹੈ। ਜਿਸ ਵਿਅਕਤੀ ਨੇ ਪੁਲੀਸ ਕੋਲ ਖ਼ੁਲਾਸੇ ਕੀਤੇ ਹਨ, ਉਹ ਟਕਸਾਲ ’ਚ ਟਰੈਕਟਰ ਚਾਲਕ ਵਜੋਂ ਕੰਮ ਕਰਦਾ ਹੈ। ਤਫ਼ਤੀਸ਼ੀ ਪੁਲੀਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਅਸਲਾ ਬਰਾਮਦ ਹੋਣ ਤੋਂ ਬਾਅਦ ਸਾਰੇ ਭੇਤ ਖੁੱਲ੍ਹ ਜਾਣਗੇ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ’ਤੇ ਹੋਏ ਹਮਲੇ ’ਚ ਇਕ ਪ੍ਰਚਾਰਕ ਦੀ ਮੌਤ ਹੋ ਗਈ ਸੀ ਤੇ ਢੱਡਰੀਆਂ ਵਾਲੇ ਖੁਦ ਮੁਸ਼ਕਲ ਨਾਲ ਜਾਨ ਬਚਾ ਸਕੇ ਸਨ। ਇਸ ਸੰਵੇਦਨਸ਼ੀਲ ਮਾਮਲੇ ਨੂੰ ਲੈ ਕੇ ਰਾਜ ਸਰਕਾਰ ਅਤੇ ਪੁਲੀਸ ਦਾ ਵੱਕਾਰ ਦਾਅ ’ਤੇ ਲੱਗਿਆ ਹੋਇਆ ਹੈ। ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਵੀ ਤਫ਼ਤੀਸ਼ ਦੀ ਪੈਰਵੀ ਕੀਤੀ ਜਾ ਰਹੀ ਹੈ। ਬਾਬਾ ਹਰਨਾਮ ਸਿੰਘ ਧੁੰਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਰਮਿਆਨ ਸਬੰਧ ਬੜੇ ਹੀ ਸੁਖਾਵੇਂ ਮੰਨੇ ਜਾਂਦੇ ਹਨ। ਤਾਜ਼ਾ ਘਟਨਾ ਤੋਂ ਬਾਅਦ ਸਰਕਾਰ ਸੋਚੀਂ ਪਈ ਹੋਈ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤਫ਼ਤੀਸ਼ ਸਬੰਧੀ ਜਾਣਕਾਰੀ ਪੁਲੀਸ ਤੋਂ ਲੈ ਰਹੇ ਹਨ। ਸਰਕਾਰ ਨੂੰ ਦੂਜੀਆਂ ਪੰਥਕ ਧਿਰਾਂ ਅਤੇ ਸਿੱਖ ਪ੍ਰਚਾਰਕਾਂ ਦੇ ਇਕ ਪਲੈਟਫਾਰਮ ’ਤੇ ਇਕੱਠੇ ਹੋਣ ਦਾ ਵੀ ਡਰ ਹੈ।

ਚਾਰ ਮੁਲਜ਼ਮਾਂ ਦਾ ਚਾਰ ਦਿਨਾਂ ਪੁਲੀਸ ਰਿਮਾਂਡ

ਗਗਨਦੀਪ ਅਰੋੜਾ ਲੁਧਿਆਣਾ, 19 ਮਈ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਉਪਰ ਹਮਲਾ ਕਰਨ ਦੇ ਦੋਸ਼ ਹੇਠ ਫੜੇ ਗਏ ਚਾਰ ਨੌਜਵਾਨਾਂ ਨੂੰ ਲੁਧਿਆਣਾ ਪੁਲੀਸ ਨੇ ਅੱਜ ਅਦਾਲਤ ਵਿੱਚ ਪੇਸ਼ ਕਰ ਕੇ ਉਨ੍ਹਾਂ ਦਾ ਚਾਰ ਦਿਨਾਂ ਦਾ ਰਿਮਾਂਡ ਲੈ ਲਿਆ। ਲੁਧਿਆਣਾ ਦੇ ਧਰਮਪੁਰਾ ਵਾਸੀ ਮਨਜੀਤ ਸਿੰਘ ਨੂੰ ਪੁਲੀਸ ਨੇ ਆਈਪੀਸੀ ਦੀ ਧਾਰਾ 212 (ਅਪਰਾਧੀਆਂ ਨੂੰ ਪਨਾਹ ਦੇਣ) ਅਧੀਨ ਗ੍ਰਿਫ਼ਤਾਰ ਕੀਤਾ ਹੈ, ਜਦਕਿ ਬਾਕੀ ਮੁਲਜ਼ਮਾਂ ਅੰਮ੍ਰਿਤਸਰ ਨੇੜੇ ਮਹਿਤਾ ਲਾਗਲੇ ਪਿੰਡ ਦੇ ਵਾਸੀ ਹਰਦੇਵ ਸਿੰਘ, ਕੋਹਾੜਾ ਸਾਹਨੇਵਾਲ ਰੋਡ ਦੇ ਲਾਗੇ ਪਿੰਡ ਛੰਦੜਾ ਵਾਸੀ ਗਗਨਦੀਪ ਸਿੰਘ ਅਤੇ ਜਸਪ੍ਰੀਤ ਸਿੰਘ ਨੂੰ ਧਾਰਾ 302, 307 ਅਤੇ ਆਰਮਜ਼ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ’ਚ 9 ਹੋਰ ਨੌਜਵਾਨਾਂ ਨੂੰ ਹਿਰਾਸਤ ’ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲੀਸ ਦੀਆਂ ਛੇ ਟੀਮਾਂ ਵੱਖ-ਵੱਖ ਇਲਾਕਿਆਂ ਵਿੱਚ ਛਾਪੇਮਾਰੀ ਕਰ ਰਹੀਆਂ ਹਨ। ਪੁਲੀਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਉਹ ਹਮਲਾ ਕਰਨ ਵਾਲੇ ਸਰਗਨਾ ਤਕ ਪਹੁੰਚ ਗਏ ਹਨ ਜਿਸ ਦਾ ਛੇਤੀ ਖ਼ੁਲਾਸਾ ਕੀਤਾ ਜਾਏਗਾ। ਉਨ੍ਹਾਂ ਮੁਤਾਬਕ ਨੌਜਵਾਨਾਂ ਨੇ ਜਜ਼ਬਾਤੀ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਨੌਜਵਾਨਾਂ ਦੇ ਪਰਿਵਾਰਾਂ ਨੇ ਮੁਕੰਮਲ ਜਾਂਚ ਮੰਗੀ: ਉਧਰ ਮਨਜੀਤ ਸਿੰਘ ਦੇ ਪਿਤਾ ਦਰਸ਼ਨ ਸਿੰਘ ਅਤੇ ਪਤਨੀ ਮਨਿੰਦਰ ਕੌਰ ਨੇ ਦੱਸਿਆ ਕਿ ਮਨਜੀਤ ਸਿੰਘ ਬੇਕਸੂਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਇਹ ਆਖਿਆ ਸੀ ਕਿ ਹਰਦੇਵ ਸਿੰਘ ਬਾਬਾ ਹੈ ਅਤੇ ਉਹ ਦਿੱਲੀ ਤੋਂ ਗੁਰਦੁਆਰੇ ਦੇ ਦਰਸ਼ਨ ਕਰ ਕੇ ਵਾਪਸ ਅੰਮ੍ਰਿਤਸਰ ਆ ਰਿਹਾ ਹੈ। ਇਸ ਕਰ ਕੇ ਉਨ੍ਹਾਂ ਉਸ ਨੂੰ ਘਰ ’ਚ ਪਨਾਹ ਦਿੱਤੀ ਸੀ। ਇਸ ਸਬੰਧ ’ਚ ਮਨਜੀਤ ਸਿੰਘ ਦੇ ਪਰਿਵਾਰ ਵਾਲੇ ਮੁਹੱਲਾ ਵਾਸੀਆਂ ਨੂੰ ਨਾਲ ਲੈ ਕੇ ਪੁਲੀਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੂੰ ਮਿਲੇ ਅਤੇ ਸਾਰੀ ਕਹਾਣੀ ਦੱਸੀ। ਇਸ ਦੌਰਾਨ ਗਗਨਦੀਪ ਸਿੰਘ ਦੀ ਮਾਤਾ ਮਨਜੀਤ ਕੌਰ ਅਤੇ ਜਸਪ੍ਰੀਤ ਸਿੰਘ ਦੀ ਮਾਤਾ ਕੁਲਵੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਲੜਕਿਆਂ ਨੂੰ ਤਾਂ ਮੁੰਬਈ ਰਹਿਣ ਵਾਲੇ ਉਨ੍ਹਾਂ ਦੇ ਇਕ ਰਿਸ਼ਤੇਦਾਰ ਦਾ ਫੋਨ ਆਇਆ ਸੀ ਕਿ ਬਾਬਾ ਜੀ ਲਈ ਨਹਿਰ ’ਤੇ ਛਬੀਲ ਲਗਾਈ ਜਾ ਰਹੀ ਹੈ। ਗਗਨਦੀਪ ਸਿੰਘ ਨੇ ਕੁਝ ਸਮਾਂ ਪਹਿਲਾਂ ਹੀ ਬਾਰਵੀਂ ਪਾਸ ਕੀਤੀ ਹੈ ਅਤੇ ਜਸਪ੍ਰੀਤ ਸਿੰਘ ਰਾਹੋਂ ਇਲਾਕੇ ਵਿੱਚ ਮੋਬਾਈਲਾਂ ਦਾ ਕੰਮਾ ਕਰਦਾ ਹੈ। ਦੋਹਾਂ ਨੇ ਮੰਗ ਕੀਤੀ ਕਿ ਮੁਕੰਮਲ ਪੜਤਾਲ ਕਰ ਕੇ ਉਨ੍ਹਾਂ ਦੇ ਮੁੰਡਿਆਂ ਨੂੰ ਫਸਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

11905cd _dhummaਧੁੰਮਾ ਧਾਰਮਿਕ ਸਮਾਗਮਾਂ ’ਚ ਰੁੱਝੇ

ਬਾਬਾ ਹਰਨਾਮ ਸਿੰੰਘ ਧੁੰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੇ ਮੋਬਾਈਲ ਫੋਨ ’ਤੇ ਗੱਲ ਕਰਨ ਵਾਲੇ ਗੁਰਜਿੰਦਰ ਸਿੰਘ ਨਾਮੀ ਵਿਅਕਤੀ ਨੇ ਦੱਸਿਆ ਕਿ ਉਹ ਧਾਰਮਿਕ ਸਮਾਗਮਾਂ ’ਚ ਰੁੱਝੇ ਹੋਏ ਹਨ ਇਸ ਕਰਕੇ ਗੱਲਬਾਤ ਸੰਭਵ ਨਹੀਂ ਹੈ। ਇਸ ਵਿਅਕਤੀ ਨੇ ਲੁਧਿਆਣਾ ਦੀ ਘਟਨਾ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਲੁਤਰੋ ਦੇ ਪੁਆੜੇ...

ਲੁਤਰੋ ਦੇ ਪੁਆੜੇ...

ਰਾਜ ਰਾਣੀ

ਰਾਜ ਰਾਣੀ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਸ਼ਹਿਰ

View All