ਢੋਲ ਦੇ ਡੱਗੇ ਨਾਲ ਹੁਣ ਨਹੀਂ ਉੱਠਦੇ ਪੰਜਾਬ ਦੇ ਪੱਬ

ਚਰਨਜੀਤ ਭੁੱਲਰ ਬਠਿੰਡਾ, 5 ਨਵੰਬਰ ਪੰਜਾਬ ਦੇ ਵਿਹੜੇ ’ਚ ਹੁਣ ਭੰਗੜੇ ਦੀ ਧਮਾਲ ਨਹੀਂ ਪੈਂਦੀ। ਹੁਣ ਨਾ ਛੈਲ ਛਬੀਲੇ ਗੱਭਰੂ ਲੱਭਦੇ ਨੇ ਅਤੇ ਨਾ ਹੀ ਜੇਬ ਭਾਰ ਝੱਲਦੀ ਹੈ। ਜੋ ਪੰਜਾਬ ਕਦੇ ਖੁਦ ਨੱਚਦਾ ਸੀ, ਉਸ ਦੇ ਪੱਬਾਂ ਹੇਠ ਜ਼ਰਖੇਜ਼ ਭੌਂ ਵੀ ਨਹੀਂ ਰਹੀ। ਰਹਿੰਦੀ ਕਸਰ ਨਸ਼ਿਆਂ ਨੇ ਕੱਢ ਦਿੱਤੀ। ਜੁੱਸੇ ਵਾਲੀ ਜਵਾਨੀ ਲੱਭਣੀ ਵੀ ਸੌਖੀ ਨਹੀਂ। ਬਾਕੀ ਬਾਜ਼ਾਰ ਦੀ ਲਿਸ਼ਕ ਨੇ ਲੋਕ ਨਾਚ ਭੰਗੜੇ ਦੀ ਨੁਹਾਰ ਖੋਹ ਲਈ ਹੈ। ਯੁਵਕ ਮੇਲਿਆਂ ’ਚ ਭੰਗੜਾ ਟੀਮਾਂ ਦਾ ਘਟਣਾ ਸਹਿਜ ਨਹੀਂ। ਭੰਗੜਾ ਏਨਾ ਮਹਿੰਗਾ ਵੀ ਹੋ ਗਿਆ ਹੈ ਕਿ ਸਰਕਾਰੀ ਕਾਲਜਾਂ ਦੇ ਵੱਸ ’ਚ ਨਹੀਂ ਰਿਹਾ। ਪੰਜਾਬ ਸਰਕਾਰ ਵੀ ਆਪਣੇ ਲੋਕ ਨਾਚ ਦੀ ਗੁਆਚ ਰਹੀ ਰੂਹ ਤੋਂ ਬੇਖ਼ਬਰ ਹੈ। ਭਲਵਾਨੀ ਤੇ ਕਿਸਾਨੀ ਦੇ ਸੰਗਮ ਵਾਲਾ ਲੋਕ ਨਾਚ ਭੰਗੜਾ ਪੰਜਾਬ ਦੇ ਸਭਿਆਚਾਰ ਦੀ ਵੱਡੀ ਪਛਾਣ ਹੈ। ਪੰਜਾਬੀ ’ਵਰਸਿਟੀ ਪਟਿਆਲਾ ਅਤੇ ਪੰਜਾਬ ’ਵਰਸਿਟੀ ਦੇ ਜ਼ੋਨਲ ਮੇਲੇ ਹੁਣੇ ਖ਼ਤਮ ਹੋਏ ਹਨ। ਮਾਨਸਾ ਜ਼ੋਨ ’ਚ ਕਰੀਬ 64 ਕਾਲਜ ਪੈਂਦੇ ਹਨ। ਭੰਗੜਾ ਸਿਰਫ਼ ਤਿੰਨ ਕਾਲਜ ਲੈ ਕੇ ਆਏ। ਬਠਿੰਡਾ ਜ਼ੋਨ ਦੇ ਕਰੀਬ 65 ਕਾਲਜਾਂ ’ਚੋਂ ਕੇਵਲ ਚਾਰ ਕਾਲਜਾਂ ਦੀ ਭੰਗੜਾ ਆਈਟਮ ਸੀ। ਇਵੇਂ ਸੰਗਰੂਰ ਜ਼ੋਨ ’ਚ ਵੀ ਕਰੀਬ 66 ਕਾਲਜ ਪੈਂਦੇ ਹਨ ਪਰ ਭੰਗੜਾ ਟੀਮਾਂ ਦੀ ਗਿਣਤੀ ਸਿਰਫ਼ ਪੰਜ ਰਹੀ। ਯੂਨੀਵਰਸਿਟੀ ਦੇ ਯੁਵਕ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਗੁਰਸੇਵਕ ਲੰਬੀ ਆਖਦੇ ਹਨ ਕਿ ਕਿਸੇ ਜ਼ੋਨ ’ਚ ਪੰਜ ਤੋਂ ਵੱਧ ਟੀਮਾਂ ਭੰਗੜੇ ਦੀਆਂ ਨਹੀਂ ਆ ਰਹੀਆਂ। ਥੋੜੇ ਅਰਸੇ ਦੌਰਾਨ ਭੰਗੜੇ ਦੀ ਕਰੀਬ 30 ਫ਼ੀਸਦੀ ਭਾਗੀਦਾਰੀ ਘਟੀ ਹੈ। ਉਨ੍ਹਾਂ ਤਰਕ ਦਿੱਤਾ ਕਿ ਹੁਣ ਭੰਗੜਾ ਮਹਿੰਗਾ ਹੋ ਗਿਆ ਤੇ ਸਰਕਾਰੀ ਕਾਲਜਾਂ ਕੋਲ ਸਾਧਨ ਸੀਮਤ ਹੁੰਦੇ ਹਨ। ਦੂਜਾ ਹੁਣ ਗੱਭਰੂ ਵੀ ਪੁਰਾਣੇ ਜੁੱਸੇ ਵਾਲੇ ਨਹੀਂ ਰਹੇ, 10 ਮਿੰਟ ਦੇ ਭੰਗੜੇ ਦੌਰਾਨ ਜੀਭਾਂ ਨਿਕਲ ਜਾਂਦੀਆਂ ਹਨ। ਇਵੇਂ ਹੀ ਪੰਜਾਬ ਯੂਨੀਵਰਸਿਟੀ ਦੇ ਕਰੀਬ 200 ਕਾਲਜ ਹਨ ਜਿਨ੍ਹਾਂ ਦੇ ਦਰਜਨ ਜ਼ੋਨਾਂ ‘ਚ ਕਲਚਰਲ ਮੁਕਾਬਲੇ ਹੁੰਦੇ ਹਨ। ਹਰ ਜ਼ੋਨ ਵਿਚ ਕਰੀਬ 5-6 ਟੀਮਾਂ ਹੀ ਭੰਗੜੇ ਦੀਆਂ ਆ ਰਹੀਆਂ ਹਨ। ਪੰਜਾਬ ’ਵਰਸਿਟੀ ਦੇ ਯੁਵਕ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਨਿਰਮਲ ਜੌੜਾ ਦਾ ਪ੍ਰਤੀਕਰਮ ਸੀ ਕਿ ਵਪਾਰੀਕਰਨ ਦੀ ਮਾਰ ਭੰਗੜੇ ’ਤੇ ਪਈ ਹੈ ਜਿਸ ਕਰਕੇ ਇੱਕ ਕਾਲਜ ਨੂੰ ਭੰਗੜੇ ਦੀ ਤਿਆਰੀ ਕਰੀਬ 50 ਹਜ਼ਾਰ ਤੋਂ ਡੇਢ ਲੱਖ ਰੁਪਏ ਵਿਚ ਪੈਂਦੀ ਹੈ। ਤਿਆਰੀ ਲਈ ਕਾਲਜ ਨੂੰ ਪੱਲਿਓਂ ਖ਼ਰਚ ਕਰਨਾ ਪੈਂਦਾ ਹੈ ਪਰ ਕਾਲਜਾਂ ਕੋਲ ਏਨੀ ਸਾਧਨ ਨਹੀਂ ਹੁੰਦੇ। ਪ੍ਰਾਈਵੇਟ ਅਦਾਰੇ ਕਈ ਵਾਰ ਖੁੱਲ੍ਹ ਕੇ ਖ਼ਰਚ ਕਰ ਦਿੰਦੇ ਹਨ। ਵੇਰਵਿਆਂ ਅਨੁਸਾਰ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨੇ ਸਾਲ 1984 ਵਿਚ ਅੰਤਰ ’ਵਰਸਿਟੀ ਮੁਕਾਬਲੇ ਸ਼ੁਰੂ ਕੀਤੇ ਅਤੇ ਉਦੋਂ ਹੀ ਭੰਗੜੇ ਨੂੰ ਲੋਕ ਨਾਚ ਵਜੋਂ ਕਮਿਸ਼ਨ ਨੇ ਮਾਨਤਾ ਦਿੱਤੀ ਸੀ। ਹੁਣ ਕੌਮੀ ਪੱਧਰ ’ਤੇ ਅੰਤਰ ’ਵਰਸਿਟੀ ਮੁਕਾਬਲੇ ਵਿਚ ਭੰਗੜਾ ਬਹੁਤੀਆਂ ਯੂਨੀਵਰਸਿਟੀਆਂ ਲੈ ਕੇ ਨਹੀਂ ਜਾਂਦੀਆਂ। ਪੰਜਾਬੀ ਵਰਸਿਟੀ, ਖੇਤੀ ’ਵਰਸਿਟੀ ਅਤੇ ਲਵਲੀ ਯੂਨੀਵਰਸਿਟੀ ਦਾ ਭੰਗੜਾ ਅੰਤਰ ਵਰਸਿਟੀ ਮੁਕਾਬਲੇ ’ਚ ਪ੍ਰਤੀਨਿਧਤਾ ਕਰਦਾ ਹੈ। ਵੱਡਾ ਪੱਖ ਇਹ ਵੀ ਉੱਭਰਿਆ ਕਿ ਭੰਗੜਾ ਪਾਉਣ ਵਾਲੇ ਤਾਂ ਹੁਣ ਹਵਾਈ ਅੱਡਿਆਂ ਤੇ ਖੜ੍ਹੇ ਹਨ ਅਤੇ ਬਾਕੀ ਆਈਲੈਟਸ ਕੇਂਦਰਾਂ ਵਿਚ ਸਿਰ ਫੜੀ ਬੈਠੇ ਹਨ। ਸਰਕਾਰੀ ਕਾਲਜਾਂ ’ਚ ਜੋ ਅਧਿਆਪਕ ਖੁਦ ਠੇਕੇ ਤੇ ਹਨ ਜਾਂ ਫਿਰ ਕੱਚੇ ਹਨ, ਉਨ੍ਹਾਂ ਲਈ ਭੰਗੜੇ ਤੋਂ ਪਹਿਲਾਂ ਪੇਟ ਹੈ। ਯੁਵਕ ਸੇਵਾਵਾਂ ਵਿਭਾਗ ਪੰਜਾਬ ਤਰਫ਼ੋਂ ਹਰ ਵਰ੍ਹੇ ਸਟੇਟ ਯੂਥ ਫ਼ੈਸਟੀਵਲ ਅਤੇ ਅੰਤਰ ਵਰਸਿਟੀ ਯੂਥ ਫ਼ੈਸਟੀਵਲ ਕਰਾਏ ਜਾਂਦੇ ਹਨ। ਯੁਵਕ ਸੇਵਾਵਾਂ ਨੂੰ ਫ਼ੰਡ ਦੇਣ ਮੌਕੇ ਸਰਕਾਰਾਂ ਹੱਥ ਪਿਛਾਂਹ ਖਿੱਚ ਲੈਂਦੀਆਂ ਹਨ। ਸੂਤਰ ਆਖਦੇ ਹਨ ਕਿ ਕਦੇ ਵੀ ਇਹ ਸਰਕਾਰੀ ਫ਼ੈਸਟੀਵਲ ਰੂਹ ਨਾਲ ਰੈਗੂਲਰ ਨਹੀਂ ਹੋਏ ਜਦੋਂ ਕਿ ਮਹਿਕਮਾ ਇਸ ਗੱਲੋਂ ਇਨਕਾਰ ਕਰਦਾ ਹੈ। ਭੰਗੜੇ ਵਾਲਾ ਮਾਹੌਲ ਕੌਣ ਦੇਊ: ਅਮੋਲਕ ਸਿੰਘ: ਪਲਸ ਮੰਚ ਦੇ ਕਨਵੀਨਰ ਅਮੋਲਕ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਵਿਚ ਤਾਂ ਭੰਗੜੇ ਵਾਲਾ ਮਾਹੌਲ ਹੀ ਨਹੀਂ। ਘਰ ਤੇ ਖੇਤ ਤਾਂ ਸਿਵਿਆਂ ‘’ਚ ਬਦਲ ਗਏ ਹਨ। ਜਵਾਨੀ ਨਸ਼ਾ ਛੁਡਾਊ ਕੇਂਦਰਾਂ ਵਿਚ ਪਈ ਹੈ ਤੇ ਲੋਕ ਹਸਪਤਾਲਾਂ ਵਿਚ। ਬੇਰੁਜ਼ਗਾਰ ਤੇ ਮੁਲਾਜ਼ਮ ਸੜਕਾਂ ‘’ਤੇ ਹਨ। ਪੰਜਾਬ ਤਾਂ ਉਦੋਂ ਹੀ ਭੰਗੜਾ ਪਾਉਣ ਦਾ ਹਾਣੀ ਬਣੂ ਜਦੋਂ ਭਗਤ ਸਿੰਘ ਤੇ ਦੁੱਲੇ ਨੂੰ ਪਛਾਨਣ ਲੱਗੇਗਾ।

ਜਵਾਨੀ ਨੂੰ ਮੋੜਾ ਦੇਣ ਦੀ ਤਾਕਤ: ਪੰਮੀ ਬਾਈ ਮਸ਼ਹੂਰ ਲੋਕ ਗਾਇਕ ਤੇ ਭੰਗੜੇ ਦੀ ਤਾਕਤ ਪੰਮੀ ਬਾਈ ਦਾ ਕਹਿਣਾ ਹੈ ਕਿ ਜਿਸ ਭੰਗੜੇ ਨੇ ਅੱਤਿਵਾਦ ਦੇ ਭੈਅ ਚੋਂ ਲੋਕਾਂ ਨੂੰ ਬਾਹਰ ਕੱਢ ਲਿਆ ਸੀ, ਉਹ ਭੰਗੜਾ ਪੰਜਾਬ ਨੂੰ ਨਸ਼ਿਆਂ ਦੀ ਜਕੜ ਚੋਂ ਕੱਢਣ ਦੀ ਵੀ ਤਾਕਤ ਰੱਖਦਾ ਹੈ, ਬਸ਼ਰਤੇ ਸਰਕਾਰ ਇਸ ਪਾਸੇ ਧਿਆਨ ਦੇਵੇ। ਭੰਗੜਾ ਮਹਿੰਗਾ ਜ਼ਰੂਰ ਹੋਇਆ ਹੈ ਪਰ ਸਰਕਾਰਾਂ ਚਾਹੁਣ ਤਾਂ ਪੰਜਾਬ ਦੇ ਇਸ ਲੋਕ ਨਾਚ ਦੀ ਧਮਾਲ ਮੁੜ ਹਰ ਗਲੀ ਮੁਹੱਲੇ ਪੈ ਸਕਦੀ ਹੈ ਜੋ ਜਵਾਨੀ ਨੂੰ ਇੱਕ ਨਵਾਂ ਮੋੜਾ ਦੇਣ ਵਾਲੀ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਖੇਡਾਂ ਵਾਂਗ ਨੌਕਰੀਆਂ ਵਿਚ ਇੱਕ ਫ਼ੀਸਦੀ ਕੋਟਾ ਕਲਚਰਲ ਗਤੀਵਿਧੀਆਂ ਲਈ ਰਾਖਵਾਂ ਕਰੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All