ਟੋਕੀਓ ਓਲੰਪਿਕ ਖੇਡਾਂ ਸਾਲ ਲਈ ਮੁਲਤਵੀ

ਜਾਪਾਨ ਦੇ ਫੂਕੂਸ਼ਿਮਾ ਰੇਲਵੇ ਸਟੇਸ਼ਨ ਦੇ ਬਾਹਰ ਰੱਖੀ ਓਲੰਪਿਕ ਮਸ਼ਾਲ ਦੀਆਂ ਤਸਵੀਰਾਂ ਲੈਂਦੇ ਹੋਏ ਲੋਕ। -ਫੋਟੋ: ਏਐੱਫਪੀ

ਟੋਕੀਓ, 24 ਮਾਰਚ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਨੇ ਅੱਜ ਐਲਾਨ ਕੀਤਾ ਹੈ ਕਿ ਦੁਨੀਆਂ ਭਰ ਵਿੱਚ ਫੈਲੇ ਕਰੋਨਾਵਾਇਰਸ ਕਾਰਨ ਓਲੰਪਿਕ ਖੇਡਾਂ-2020 ਨੂੰ ਅਗਲੇ ਸਾਲ ਗਰਮੀਆਂ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ, ਪਰ ਇਨ੍ਹਾਂ ਨੂੰ ਸਾਲ ‘ਓਲੰਪਿਕ ਖੇਡਾਂ-2020’ ਦੇ ਨਾਮ ਨਾਲ ਹੀ ਜਾਣਿਆ ਜਾਵੇਗਾ। ਪਹਿਲਾਂ ਦੇ ਪ੍ਰੋਗਰਾਮ ਮੁਤਾਬਕ ਇਹ ਖੇਡਾਂ 24 ਜੁਲਾਈ ਤੋਂ 9 ਅਗਸਤ ਦਰਮਿਆਨ ਹੋਣੀਆਂ ਸਨ, ਪਰ ਆਈਓਸੀ ਦੇ ਪ੍ਰਧਾਨ ਥੌਮਸ ਬਾਕ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਵਿਚਾਲੇ ਟੈਲੀਫੋਨ ’ਤੇ ਗੱਲਬਾਤ ਮਗਰੋਂ ਓਲੰਪਿਕ ਖੇਡਾਂ ਪਹਿਲੀ ਵਾਰ ਸ਼ਾਂਤੀਕਾਲ ਵਿੱਚ ਮੁਲਤਵੀ ਕਰਨ ਦਾ ਇਤਿਹਾਸਕ ਫ਼ੈਸਲਾ ਕੀਤਾ ਗਿਆ। ਅਬੇ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਜਾਪਾਨ ਨੇ ਆਈਓਸੀ ਨੂੰ ਖੇਡਾਂ ਇੱਕ ਸਾਲ ਲਈ ਮੁਲਤਵੀ ਕਰਨ ਨੂੰ ਕਿਹਾ, ਜਿਸ ’ਤੇ ਬਾਕ ਨੇ ਪੂਰੀ ਸਹਿਮਤੀ ਦੇ ਦਿੱਤੀ। ਇੱਕ ਸਾਂਝੇ ਬਿਆਨ ਵਿੱਚ ਇਨ੍ਹਾਂ ਦੋਵਾਂ ਨੇ ਕਿਹਾ ਕਿ ਵਿਸ਼ਵ ਸਿਹਤ ਸੰਸਥਾ (ਡਬਲਯੂਐੱਚਓ) ਦੀ ਤਾਜ਼ਾ ਜਾਣਕਾਰੀ ਦੇ ਆਧਾਰ ’ਤੇ ਟੋਕੀਓ ਖੇਡਾਂ ਦਾ ਪ੍ਰੋਗਰਾਮ 2020 ਤੋਂ ਅੱਗੇ ਦੀ ਤਰੀਕ ਵਿੱਚ ਤੈਅ ਕਰਨਾ ਹੋਵੇਗਾ, ਪਰ ਇਹ 2021 ਦੀਆਂ ਗਰਮੀਆਂ ਤੋਂ ਅੱਗੇ ਨਹੀਂ ਹੋਣਗੀਆਂ। ਅਜਿਹਾ ਖਿਡਾਰੀਆਂ, ਓਲੰਪਿਕ ਖੇਡਾਂ ਵਿੱਚ ਸ਼ਾਮਲ ਹਰੇਕ ਵਿਅਕਤੀ ਅਤੇ ਕੌਮਾਂਤਰੀ ਭਾਈਚਾਰੇ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਗਿਆ ਹੈ।’’ ਬਿਆਨ ਮੁਤਾਬਕ, ‘‘ਇਸ ਲਈ ਇਸ ’ਤੇ ਸਹਿਮਤੀ ਬਣੀ ਕਿ ਓਲੰਪਿਕ ਮਸ਼ਾਲ ਜਾਪਾਨ ਵਿੱਚ ਹੀ ਰਹੇਗੀ। ਇਹ ਵੀ ਸਹਿਮਤੀ ਬਣੀ ਕਿ ਖੇਡਾਂ ਨੂੰ ਪਹਿਲਾਂ ਵਾਂਗ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਟੋਕੀਓ-2020 ਦੇ ਨਾਮ ਨਾਲ ਜਾਣਿਆ ਜਾਵੇਗਾ।’’ ਉਨ੍ਹਾਂ ਕਿਹਾ ਕਿ ਇਹ ਟੋਕੀਓ ਸ਼ਹਿਰ ਲਈ ਵੱਡਾ ਝਟਕਾ ਹੈ, ਜਿਸ ਦੀਆਂ ਓਲੰਪਿਕ ਖੇਡਾਂ ਦੀਆਂ ਤਿਆਰੀਆਂ ਲਈ ਹੁਣ ਤੱਕ ਕਾਫ਼ੀ ਪ੍ਰਸ਼ੰਸਾ ਹੋਈ ਹੈ। ਸਟੇਡੀਅਮ ਕਾਫ਼ੀ ਪਹਿਲਾਂ ਤਿਆਰ ਹੋ ਗਿਆ ਸੀ ਅਤੇ ਵੱਡੀ ਗਿਣਤੀ ਵਿੱਚ ਟਿਕਟਾਂ ਵੀ ਵੇਚੀਆਂ ਗਈਆਂ ਸਨ। ਓਲੰਪਿਕਸ ਨੂੰ ਹੁਣ ਤੱਕ ਬਾਈਕਾਟ, ਅਤਿਵਾਦੀ ਹਮਲੇ ਅਤੇ ਵਿਰੋਧਾਂ ਦਾ ਸਾਹਮਣਾ ਕਰਨਾ ਪਿਆ ਹੈ, ਪਰ ਸਾਲ 1948 ਤੋਂ ਮਗਰੋਂ ਇਹ ਹਰੇਕ ਚਾਰ ਸਾਲਾਂ ਮਗਰੋਂ ਕਰਵਾਈਆਂ ਜਾਂਦੀਆਂ ਰਹੀਆਂ ਹਨ। ਆਈਓਸੀ ’ਤੇ 24 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਖੇਡਾਂ ਨੂੰ ਮੁਲਤਵੀ ਕਰਨ ਦਾ ਦਬਾਅ ਲਗਾਤਾਰ ਵਧਦਾ ਜਾ ਰਿਹਾ ਸੀ ਕਿਉਂਕਿ ਕੋਵਿਡ-19 ਕਾਰਨ ਪੂਰੀ ਦੁਨੀਆਂ ਵਿੱਚ ਇੱਕ ਅਰਬ 70 ਕਰੋੜ ਲੋਕ ਘਰਾਂ ਵਿੱਚ ਬੰਦ ਹਨ। ਜ਼ਿਆਦਾਤਰ ਖਿਡਾਰੀਆਂ ਲਈ ਓਲੰਪਿਕ ਦੀਆਂ ਤਿਆਰੀਆਂ ਕਰਨਾ ਮੁਸ਼ਕਲ ਹੋ ਗਿਆ ਸੀ। ਕਈ ਟੂਰਨਾਮੈਂਟ ਅਤੇ ਕੁਆਲੀਫਾਈ ਮੁਕਾਬਲੇ ਰੱਦ ਕਰ ਦਿੱਤੇ ਗਏ ਸਨ ਅਤੇ ਕੌਮਾਂਤਰੀ ਯਾਤਰਾ ਸੀਮਤ ਕਰ ਦਿੱਤੀ ਗਈ ਸੀ। ਅਮਰੀਕਾ ਸਣੇ ਹੋਰ ਦੇਸ਼ਾਂ ਵੱਲੋਂ ਖੇਡ ਕੁੰਭ ਨੂੰ ਮੁਲਤਵੀ ਕਰਨ ਅਤੇ ਕੈਨੇਡਾ ਵੱਲੋਂ ਨਾਮ ਵਾਪਸ ਲੈਣ ਮਗਰੋਂ ਆਈਓਸੀ ’ਤੇ ਦਬਾਅ ਵਧ ਗਿਆ ਸੀ। ਬੀਤੇ ਦਿਨੀਂ ਆਈਓਸੀ ਨੇ ਖੇਡਾਂ ਮੁਲਤਵੀ ਕਰਨ ਸਬੰਧੀ ਚਾਰ ਹਫ਼ਤਿਆਂ ਦੀ ਸਮਾਂ ਸੀਮਾ ਤੈਅ ਕੀਤੀ ਸੀ। ਅਮਰੀਕਾ ਮਗਰੋਂ ਕੈਨੇਡਾ ਅਤੇ ਆਸਟਰੇਲੀਆ, ਬ੍ਰਿਟੇਨ ਅਤੇ ਨਿਊਜ਼ੀਲੈਂਡ ਨੇ ਵੀ ਇਨ੍ਹਾਂ ਖੇਡਾਂ ਨੂੰ ਟਾਲਣ ਦੀ ਮੰਗ ਕੀਤੀ ਸੀ। ਟੋਕੀਓ ਨੇ ਖੇਡਾਂ ਦੀ ਮੇਜ਼ਬਾਨੀ ਲਈ 12 ਅਰਬ 60 ਕਰੋੜ ਡਾਲਰ ਖ਼ਰਚ ਕੀਤਾ ਹੈ। ਇਸ ਦੇ ਤਾਜ਼ਾ ਬਜਟ ਨੂੰ ਵੇਖਦਿਆਂ ਮਾਹਿਰਾਂ ਦਾ ਮੰਨਣਾ ਹੈ ਕਿ ਖੇਡਾਂ ਨੂੰ ਮੁਲਤਵੀ ਕਰਨ ਨਾਲ ਛੇ ਅਰਬ ਡਾਲਰ ਦਾ ਹੋਰ ਖ਼ਰਚਾਂ ਵਧੇਗਾ। ਇਹ ਸਪਾਂਸਰਾਂ ਅਤੇ ਪ੍ਰਮੁੱਖ ਪ੍ਰਸਾਰਕਾਂ ਲਈ ਝਟਕਾ ਹੈ, ਜੋ ਇਸ਼ਤਿਹਾਰਬਾਜ਼ੀ ਤੋਂ ਹੋਣ ਵਾਲੇ ਮਾਲੀਏ ਲਈ ਹਰ ਚਾਰ ਸਾਲਾਂ ਮਗਰੋਂ ਇਸ ਖੇਡ ਮਹਾਂਕੁੰਭ ਦੀ ਉਡੀਕ ਕਰਦੇ ਹਨ।

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All