ਜਪਾਨ ਤੋਂ ਸਬਕ ਸਿੱਖੇ ਪੰਜਾਬ

ਜਸਬੀਰ ਮੰਡ ਸੰਵੇਦਨਾ-ਅਸੰਵੇਦਨਾ

ਇਸ ਅਨੋਖੇ ਵਿਕਸਤ ਦੇਸ਼ ਦੀ ਬਾਹਰੀ ਸ਼ਕਲ ਸੂਰਤ ਯੂਰਪੀ ਦੇਸ਼ਾਂ ਵਰਗੀ ਲੱਗਦੀ ਹੈ, ਪਰ ਅੰਦਰੋਂ ਇਸ ਦੀ ਬਣਤਰ ਆਪਣੇ ਹੀ ਸੁਭਾਅ ਵਿਚ ਓਤਪੋਤ ਰਹਿੰਦੀ ਹੈ। ਵਿਨਾਸ਼ ਤੋਂ ਸਬਕ ਲੈ ਕੇ ਇਕ ਸਮੂਹ ਨੇ ਖੰਡਰ ਬਣੇ ਦੇਸ਼ ਨੂੰ ਮੁੜ ਘਰਾਂ ਵਿਚ ਤਬਦੀਲ ਕਰਕੇ ਵਿਖਾਇਆ। ਇਕ ਸਿਪਾਹੀ ਜਦੋਂ ਕਿਰਤੀ ਵਿਚ ਬਦਲਦਾ ਹੈ ਤਾਂ ਨਵਾਂ ਜਪਾਨ ਬਣ ਜਾਂਦਾ ਹੈ। ਜਪਾਨ ਵਰਗੇ ਦੇਸ਼ ਵਿਚ ਤੁਹਾਨੂੰ ਖਿੜੇ-ਖਿੜੇ ਚਿਹਰੇ ਦਿਸਣਗੇ। ਖ਼ੁਸ਼ੀ ਦਾ ਦਰਿਆ ਵਗਦਾ ਜਾਪੇਗਾ। ਅਸਲ ਵਿਚ ਇਹ ਖ਼ੁਸ਼ੀ ਦੀ ਬਾਹਰੀ ਝਲਕ ਹੈ। ਉਂਜ, ਇਸ ਪੂਰੀ ਭੀੜ ਨੂੰ ਹਾਰਨ ਦੀ ਆਵਾਜ਼, ਸਾਈਕਲ ਘੰਟੀ, ਧੀਮੀ ਜਿਹੀ ਕੋਈ ਟੋਕ ਦੁਬਾਰਾ ਅਸਹਿਜ ਕਰ ਸਕਦੀ ਹੈ। ਅਜਿਹਾ ਕਿਉਂ? ਅਸੀਂ ਮਨੁੱਖ ਨੂੰ ਗ਼ੈਰ-ਕੁਦਰਤੀ ਢੰਗ ਨਾਲ ਸ਼ਾਂਤ ਕਰਨ ਦੇ ਲਗਪਗ ਆਖ਼ਰੀ ਪੜਾਅ ਉੱਤੇ ਪਹੁੰਚਣ ਹੀ ਵਾਲੇ ਹਾਂ। ਜਪਾਨ ਵਿਚ ਇਹ ਪ੍ਰਕਿਰਿਆ ਦੂਜੀ ਆਲਮੀ ਜੰਗ ਮਗਰੋਂ ਹੋਰ ਵੀ ਗਹਿਰਾਈ ਨਾਲ ਸ਼ੁਰੂ ਹੋਈ। ਯੁੱਧ ਦੀ ਵਿਆਪਕ ਹਿੰਸਾ ਤੋਂ ਬਾਅਦ ਉਸ ਹਿੰਸਾ ਦਾ ਸਾਰਾ ਭੈਅ ਵਿਅਕਤੀਗਤ ਕਰ ਜਾਂ ਹੋਣ ਦਿੱਤਾ ਗਿਆ। ਇਕ ਅਜਿਹਾ ਵਿਚਾਰ ਕਿ ਜੇ ਤੂੰ ਮੁਕੰਮਲ ਸ਼ਾਂਤ ਹੋ ਗਿਆ ਤਾਂ ਇਹ ਦੁਬਾਰਾ ਨਹੀਂ ਵਾਪਰੇਗਾ। ਜੰਗ ਦੇ ਸਾਰੇ ਮਾਰੂ ਪ੍ਰਭਾਵ ਸਮਾਜ ਨੇ ਆਪਸ ਵਿਚ ਵੰਡ ਕੇ ਸਾਂਝੇ ਕਰਨੇ ਸਨ ਤੇ ਇਕੱਲਤਾ ਵਰਗੀ ਨਾਜ਼ੁਕ ਮਨੋਸਥਿਤੀ ਤੋਂ ਬਚਣਾ ਸੀ। ਇਸ ਦੀ ਬਜਾਏ ਇਸ ਦੁਖਾਂਤ ਨੂੰ ਇਕ ਵਿਅਕਤੀ ਦੇ ਸਿਰ ਮੜ੍ਹ ਦਿੱਤਾ ਗਿਆ ਜਿਸ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਮਨੁੱਖ ਕਿਤੇ ਅਵਚੇਤਨ ਵਿਚ ਆਪਣੇ ਆਪ ਨੂੰ ਹੀ ਦੋਸ਼ੀ ਮੰਨਣ ਲੱਗਿਆ। ਜਪਾਨ ਵਿਚ ਇਸ ਦੀ ਪਾਲਣਾ ਏਨੇ ਵਿਆਪਕ ਰੂਪ ਵਿਚ ਕਿਉਂ ਹੋਈ? ਇਸ ਦਾ ਸਭ ਤੋਂ ਵੱਡਾ ਕਾਰਨ ਸੀ ਜਪਾਨੀ ਸੁਭਾਅ ਦਾ ਕੁਦਰਤੀ ਤੌਰ ’ਤੇ ਆਗਿਆਕਾਰੀ ਤੇ ਨਾਲ ਹੀ ਅੰਤਰਮੁਖੀ ਹੋਣਾ। ਜਪਾਨੀ ਸੁਭਾਅ ਸਿਰਫ਼ ਹੁਕਮ ਦੀ ਪਾਲਣਾ ਹੀ ਨਹੀਂ ਕਰਦਾ ਸਗੋਂ ਜਿੰਨਾ ਗਹਿਰਾ ਉਤਰ ਸਕਦਾ, ਓਨਾ ਉਤਰਦਾ ਵੀ ਹੈ। ਜਪਾਨੀਆਂ ਦੀ ਕੰਮ ਕਰਨ ਦੀ ਹੱਦੋਂ ਵੱਧ ਸੰਜੀਦਗੀ ਨੂੰ ਪੂਰੇ ਸੰਸਾਰ ਨੇ ਮੋਹ ਨਾਲ ਵੇਖਿਆ। ਦੂਜੀ ਆਲਮੀ ਜੰਗ ਮਗਰੋਂ ਚਿਹਰਿਆਂ ਦਾ ਭੈਅ ਤੇ ਦਿਸਦਾ ਭੈਅ ਹੌਲੀ-ਹੌਲੀ ਅਲੋਪ ਹੋਣ ਲੱਗਾ ਤੇ ਜੋ ਦਿਸਦਾ ਨਹੀਂ ਉਹਦਾ ਦਬਾਅ ਵਧਣ ਲੱਗਾ। ਸਿਸਟਮ ਦਾ ਅਜਿਹਾ ਅਗਿਆਤ ਭੈਅ ਪਹਿਲਾਂ ਕਦੇ ਵੀ ਏਨਾ ਸ਼ਕਤੀਸ਼ਾਲੀ ਨਹੀਂ ਸੀ। ਕੋਈ ਤੁਹਾਡੇ ਉੱਤੇ ਨਜ਼ਰ ਰੱਖ ਰਿਹਾ ਹੈ। ਇਸ ਗੱਲ ਨੇ ਮਨੁੱਖ ਦੀ ਸੁਤੰਤਰਤਾ ਦਾ ਵੱਡਾ ਹਿੱਸਾ ਖੋਹ ਲਿਆ। ਸਿਸਟਮ ਨੇ ਮਨੁੱਖ ਨੂੰ ਹਮੇਸ਼ਾ ਲਈ ਇਸ ਜ਼ਖ਼ਮ ਦੀ ਯਾਦ ਇਸ ਤਰ੍ਹਾਂ ਦਿਵਾਈ ਕਿ ਇਹ ਤੇਰਾ ਹੀ ਕੀਤਾ ਹੈ। ਇਸ ਜ਼ਖ਼ਮ ਦੀ ਮਲ੍ਹਮ ਪੱਟੀ ਹੀ ਮਨੁੱਖ ਨੂੰ ਲੋੜ ਤੋਂ ਜ਼ਿਆਦਾ ਅੰਤਰਮੁਖੀ ਬਣਾਉਂਦੀ ਹੈ। ਸਮੂਹ ਵਿਚ ਰਹਿੰਦਿਆਂ ਵੀ ਉਹਨੂੰ ਜਾਪਦਾ ਕਿ ਮੈਂ ਇਸ ਦਾ ਹਿੱਸਾ ਨਹੀਂ। ਇਹਦੇ ਲਈ ਵੀ ਲੱਗਦਾ ਕਿ ਗ਼ਲਤੀ ਕਿਤੇ ਮੈਥੋਂ ਹੀ ਹੋ ਰਹੀ ਹੈ। ਸਿਸਟਮ ਵੱਲ ਉਹਦੀ ਨਜ਼ਰ ਨਹੀਂ ਉੱਠਦੀ। ਜਪਾਨੀ ਸਮਾਜ ਅੱਜਕੱਲ੍ਹ ਇਸ ਅਹਿਸਾਸ ਵਿਚ ਹੀ ਉਲਝਿਆ ਪਿਆ ਹੈ। ਉਹਨੇ ਆਪਣੀ ਨਜ਼ਰ ਨੂੰ ਵਿਅਕਤੀਗਤ ਵਿਵਸਥਾ ਵਿਚ ਸੀਮਿਤ ਕਰ ਲਿਆ ਹੈ। ਸ਼ਾਇਦ ਇਸੇ ਕਰਕੇ ਉਹਦਾ ਚੁਫ਼ੇਰਾ ਏਨਾ ਸ਼ਾਂਤ ਜਾਪਦਾ ਹੈ। ਜਿਸ ਕੌਮ ਨੇ ਸਿਸਟਮ ਦੀ ‘ਸਪੇਸ’ ਵਿਚ ਆਪਣਾ ਜੀਵਨ ਜਾਰੀ ਰੱਖਿਆ ਹੈ, ਉਹ ਕਿਸੇ ਨਾ ਕਿਸੇ ਤਰ੍ਹਾਂ ਆਪਣੀਆਂ ਜੜ੍ਹਾਂ ਨਾਲ ਜੁੜੀ ਰਹਿੰਦੀ ਹੈ। ਜਦੋਂ ਵੀ ਕਿਸੇ ਕੌਮ ਨੇ ਸਿਸਟਮ ਵਿਚ ਆਪਣੀ ‘ਸਪੇਸ’ ਨੂੰ ਛੋਟਾ ਕੀਤਾ, ਉਹ ਮਸ਼ੀਨ ਬਣ ਗਈ। ਅਜਿਹੀਆਂ ਮਸ਼ੀਨਾਂ ਨਾਲ ਜਪਾਨ ਭਰਿਆ ਪਿਆ ਹੈ। ਇਨ੍ਹਾਂ ਮਨੁੱਖ ਰੂਪੀ ਮਸ਼ੀਨਾਂ ਨੂੰ ਵਿਹਲੜ ਕੌਮਾਂ ਕਾਮਿਆਂ ਦੀਆਂ ਸਿਫ਼ਤਾਂ ਵਜੋਂ ਵਡਿਆਉਂਦੀਆਂ ਨੇ। ਇਹ ਮਸ਼ੀਨੀ ਲੋਕ ਇਸ ਕਰਕੇ ਵੀ ਚੰਗੇ ਲੱਗਦੇ ਨੇ ਕਿ ਇਹ ਕਿਸੇ ਲਈ ਰੁਕਾਵਟ ਨਹੀਂ ਬਣਦੇ। ਟੋਕੀਓ ਤੇ ਓਸਾਕਾ ਵਿਚ ਅਜਿਹੀ ਬੇਜਾਨ ਭੀੜ ’ਚੋਂ ਲੰਘਦਿਆਂ ਤੁਹਾਨੂੰ ਸਮਝ ਨਹੀਂ ਆਉਂਦਾ ਕਿ ਮੈਨੂੰ ਕੀ ਹੋ ਰਿਹਾ ਹੈ? ਕਿਸੇ ਨਾਲ ਗੱਲ ਹੋਣੀ ਚਾਹੀਦੀ ਹੈ। ਕਿਸੇ ਅੱਖ ਨਾਲ ਅੱਖ ਮਿਲ ਕੇ ਜਾਪਣਾ ਚਾਹੀਦਾ ਕਿ ਮੈਂ ਤੈਨੂੰ ਵੇਖਣ ਲਈ ਵੇਖ ਰਿਹਾ ਹਾਂ। ਜਾਂ ਅਚਾਨਕ ਪਿੱਛੋਂ ਤੁਹਾਡਾ ਨਾਂ ਲੈਂਦੀ ਕੋਈ ਹਾਕ ਸੁਣ ਜਾਵੇ। ਕਿਸੇ ਕੌਮ ਦੇ ਅਜਨਬੀਪਣ ਦਾ ਇਹ ਸਿਖ਼ਰ ਹੁੰਦਾ ਹੈ। ਸਾਡੇ ਲਈ ਇਹ ਲਾਹੇਵੰਦ ਇਸ ਕਰਕੇ ਹੈ ਕਿ ਅਸੀਂ ਇਸ ਸਿਖਰ ਨੂੰ ਵੇਖ ਕੇ ਆਪ ਇਸ ਸਿਖਰ ਵੱਲ ਜਾਂਦਿਆਂ ਆਪਣੇ ਆਪ ਨੂੰ ਰੋਕ ਸਕਦੇ ਹਾਂ। ਮੈਂ ਤੇ ਸਿਸਟਮ ਵਿਚ ਵਿੱਥ ਪਾਉਣ ਦੀ ਵਿਧੀ ਲੱਭ ਸਕਦੇ ਹਾਂ। ਸਾਨੂੰ ਸਮਝਣਾ ਚਾਹੀਦਾ ਹੈ ਕਿ ਵਿਵਸਥਾ ਵਿਚ ਕੀ ਨਹੀਂ ਅਪਣਾਉਣਾ। ਜਪਾਨ ਨੂੰ ਵੇਖ ਕੇ ਅਸੀਂ ਆਪਣੇ ਹਰ ਪੜਾਅ ਨੂੰ ਹੋਰ ਵੀ ਸੌਖਾ ਸਮਝ ਸਕਦੇ ਹਾਂ।

ਜਸਬੀਰ ਮੰਡ

ਦੂਜੀ ਆਲਮੀ ਜੰਗ ਮਗਰੋਂ ਜਪਾਨੀ ਕੌਮ ਉੱਤੇ ਅਜਿਹੇ ਪ੍ਰਭਾਵ ਜ਼ਿਆਦਾ ਕਿਉਂ ਪਏ? ਇਸ ਦਾ ਸਭ ਤੋਂ ਵੱਡਾ ਕਾਰਨ ਸੀ ਜਪਾਨੀ ਸੁਭਾਅ ਦਾ ਅੰਤਰਮੁਖੀ ਹੋਣਾ। ਦੂਜਾ ਸੀ ਉਸ ਅੰਤਰਮਨ ਵਿਚ ਮੌਤ ਦਾ ਗਹਿਰਾ ਤੇ ਅਲੱਗ ਪ੍ਰਭਾਵ। ਇਨ੍ਹਾਂ ਦੋਵਾਂ ਸੰਸਕਾਰਾਂ ਵਿਚ ਇਕ ਹੋਰ ਅਨੋਖਾ ਜਜ਼ਬਾ ਸੀ। ਇਕ ਪਾਸੇ ਸੁਭਾਅ ਅੰਤਰਮੁਖੀ, ਦੂਜੇ ਪਾਸੇ ਯੁੱਧ ਦੇ ਮੈਦਾਨ ਵਿਚ ਸੂਰਬੀਰਤਾ। ਇਹ ਸੂਰਬੀਰਤਾ ਦੀ ਗਹਿਰਾਈ ਵਿਚ ਕਿਸੇ ਨਾ ਕਿਸੇ ਤਲ ’ਤੇ ਅੰਤਰਮੁਖਤਾ ਨੇ ਦਬਾਅ ਜ਼ਰੂਰ ਪਾਇਆ। ਕੋਈ ਗਹਿਰਾ ਸਦਮਾ, ਕਿਸੇ ਦਾ ਵਿਰੋਧ ਕਰਦਿਆਂ ਹਾਰ ਦੇ ਆਖ਼ਰੀ ਪਲਾਂ ਵਿਚ ਹਾਰਾਕਿਰੀ (ਮੌਤ) ਨੂੰ ਚੁਣ ਲੈਣਾ। ਇਹ ਸਾਰੇ ਦਬਾਅ ਅੰਤਰਮੁਖਤਾ ਕਾਰਨ ਹੀ ਆਉਂਦੇ ਨੇ। ਦੂਜੀ ਜੰਗ ਦੀ ਹਾਰ ਦਾ ਸਦਮਾ ਜਪਾਨੀ ਕੌਮ ਦੇ ਹੋਣ ਉੱਤੇ ਗਹਿਰੀ ਸੱਟ ਸੀ ਅਤੇ ਜਪਾਨੀ ਅੰਤਰਮਨ ਨੇ ਇਹਨੂੰ ਭੁੱਲ ਜਾਣ ਦੇ ਰੁਝਾਨ ਨੂੰ ਚੁਣਿਆ। ਇਸ ਲਈ ਉਹਨੇ ਕੰਮ ਦੇ ਰੁਝੇਵੇਂ ਨੂੰ ਚੁਣਿਆ। ਇਸ ਤਰ੍ਹਾਂ ਯੁੱਧ ਦੇ ਮੈਦਾਨ ਦਾ ਸਿਪਾਹੀ ਕਿਰਤੀ ਵਿਚ ਬਦਲ ਗਿਆ। ਜਪਾਨੀ ਚਿਹਰਾ ਆਪਣੇ ਆਪ ਲਈ ਆਗਿਆ ਦਾ ਪਾਲਣ ਕਰਦਾ ਦਿਸਣ ਲੱਗਾ। ਸਿਰਫ਼ ਇਸ਼ਾਰੇ ਦੀ ਲੋੜ ਸੀ। ਇਹ ਇਸ਼ਾਰਾ ਸਿਸਟਮ ਵੱਲੋਂ ਆਇਆ, ਪਰ ਜਪਾਨੀ ਰੂਹ ਦੀ ਮਾਨਸਿਕ ਸੰਭਾਲ ਵਿਚ ਜੋ ਠਰ੍ਹੰਮਾ ਤੇ ਵਿੱਥ ਦੇਣੀ ਸੀ, ਉਸ ਦੀ ਸਿਸਟਮ ਨੂੰ ਲੋੜ ਨਹੀਂ ਹੁੰਦੀ। ਜਪਾਨੀ ਮਨ ਦੀ ਅੰਤਰਮੁਖਤਾ ਨੇ ਉਹਨੂੰ ਬਹੁਤ ਸਾਰੇ ਅਦਿੱਖ ਸਦਮਿਆਂ ਵਿਚ ਉਲਝਾਇਆ ਅਤੇ ਜਪਾਨੀ ਹੋਣ ਦੇ ਗਹਿਰੇ ਅਨੁਭਵ ਨੂੰ ਸਾਂਭ ਕੇ ਵੀ ਰੱਖਿਆ। ਇਸ ਜ਼ਮੀਨ ਉੱਤੇ ਖੜ੍ਹ ਕੇ ਉਸ ਨੂੰ ਜੂਝਣ ਦੀ ਯਾਦ ਨੇ ਆਪਣੇ ‘ਹੋਣ’ ਨੂੰ ਭੁੱਲਣ ਨਹੀਂ ਦਿੱਤਾ। ਇਹੋ ਕਾਰਨ ਹੈ ਕਿ ਜਪਾਨੀ ਕੁਝ ਵੀ ਕਰੇ, ਉਹ ਲੱਗੇਗਾ ਜਪਾਨੀ ਹੀ। ਉਹ ਆਪਣੇ ਹੋਣ ਵਿੱਚ ਕਿਸੇ ਦੀ ਨਕਲ ਨਹੀਂ ਜਾਪਦਾ। ਇਸ ਤਰ੍ਹਾਂ ਜਪਾਨੀ ਸੁਭਾਅ ਤੇ ਸੱਭਿਆਚਾਰ ਦੇ ਬਹੁਤ ਸਾਰੇ ਪੱਖ ਕਦੇ ਵੀ ਅਸੁਰੱਖਿਅਤ ਤੇ ਹੱਥੋਂ ਖਿਸਕਦੇ ਨਹੀਂ ਜਾਪੇ। ਜਿਵੇਂ ਅੱਜਕੱਲ੍ਹ ਪੰਜਾਬੀ ਸੱਭਿਆਚਾਰ ਦੇ ਵਿੱਸਰ ਜਾਣ ਦੀਆਂ ਆਵਾਜ਼ਾਂ ਸੁਣਦੀਆਂ ਨੇ। ਜਪਾਨੀ ਸੁਭਾਅ ਵਿਚ ਭਾਸ਼ਾ ਦਾ ਆਧਾਰ ਬਹੁਤ ਮਜ਼ਬੂਤ ਥੰਮ੍ਹ ਹੈ। ਜਪਾਨ ਨੇ ਆਪਣੀ ਭਾਸ਼ਾ ਦੇ ਹਰ ਖੇਤਰ ਨੂੰ ਵਿਕਸਿਤ ਕੀਤਾ ਅਤੇ ਉਹਨੂੰ ਆਪਣੇ ਸਮਾਜਿਕ ਤੇ ਮਾਨਸਿਕ ਸਰੋਕਾਰਾਂ ਦੇ ਦਿਲਾਸੇ ਵੀ ਆਪਣੀ ਭਾਸ਼ਾ ਕੋਲੋਂ ਹੀ ਮਿਲਦੇ ਨੇ। ਹਜ਼ਾਰਾਂ ਮਾਨਸਿਕ ਉਲਝਣਾਂ, ਪਛਤਾਵਿਆਂ ’ਤੇ ਸਾਹਸ ਇਕੱਠਾ ਕਰਨ ਲਈ ਆਪਣੀ ਭਾਸ਼ਾ ਦੇ ਆਧਾਰ ਉੱਪਰ ਹੀ ਉਡੀਕਣਾ ਪੈਂਦਾ ਹੈ। ਇਹ ਉਡੀਕ ਸੱਭਿਆਚਾਰ ਦੀਆਂ ਅਤਿ ਗਹਿਰੀਆਂ ਪਰਤਾਂ ਦੇ ਸੁਨੇਹੇ ਸੁਣਦੀ ਹੈ। ਇਹ ਚਾਹੇ ਰੁਜ਼ਗਾਰ ਦੀ ਭਾਸ਼ਾ ਵਿਚ ਹੀ ਕਿਉਂ ਨਾ ਸੁਣਨ, ਭਾਸ਼ਾ ਦੀ ਤਾਕਤ ਆਪਣੇ ਆਪ ਮਿੱਟੀ ਦੀ ਮਹਿਕ ਤੱਕ ਖਿੱਚ ਲੈ ਜਾਂਦੀ ਹੈ। ਮੁੜ ਉੱਠਣ, ਮੁੜ ਜਾਗਣ ਦੀ ਉਮੰਗ ਆਪਣੀ ਵਿਰਾਸਤ ਦੀਆਂ ਤਰੰਗਾਂ ਨਾਲ ਮੁੜ ਜੀਵਤ ਹੁੰਦੀ ਹੈ। ਇਹ ਅਦਿੱਖ ਸਹਾਰੇ ਕਦੇ ਵੀ ਪਰਾਏ ਨਹੀਂ ਜਾਪਦੇ। ਸ਼ਾਇਦ ਜਪਾਨ ਕਿਸੇ ਨਾ ਕਿਸੇ ਤਰ੍ਹਾਂ ਇਨ੍ਹਾਂ ਆਸਰਿਆਂ ਨਾਲ ਸਿੱਧਾ ਖੜ੍ਹਾ ਦਿਸਦਾ ਹੈ। ਪਰ ਜਦੋਂ ਉਹ ਕੰਬਦਾ ਹੈ ਤਾਂ ਇਹ ਕਾਂਬੇ ਆਪਣੇ ਸੱਭਿਆਚਾਰ ਦੇ ਗਹਿਰੇ ਤਲ ਉੱਤੇ ਮਹਿਸੂਸ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਗਲੇ ਹੀ ਪਲ ਜਾਪੇਗਾ; ਪੂਰਾ ਪੰਜਾਬ ਹੀ ਅੰਦਰੋਂ ਕੰਬ ਰਿਹਾ ਹੈ। ਜਪਾਨ ਕੋਲੋਂ ਇਹ ਅਹਿਸਾਸ ਅਸੀਂ ਸਹਿਜੇ ਹੀ ਲੈ ਸਕਦੇ ਹਾਂ ਤੇ ਜਾਗਣ ਦੇ ਇਕ ਨਵੇਂ ਦੁਆਰ ਵਿਚ ਪ੍ਰਵੇਸ਼ ਕਰ ਸਕਦੇ ਹਾਂ। ਜਪਾਨੀ ਸਮਾਜ ਨੇ ਭਾਵੇਂ ਆਪਣੇ ਆਪ ਨੂੰ ਜੰਗ ਤੋਂ ਜਿੰਨਾ ਮਰਜ਼ੀ ਦੂਰ ਕਰ ਲਿਆ ਹੋਵੇ ਪਰ ਇਸ ਸਮਾਜ ਨੂੰ ਸਮਝਣ ਲਈ ਜੰਗ ਵਾਰ-ਵਾਰ ਸਾਹਮਣੇ ਆਉਂਦੀ ਹੈ। ਵਰਤਮਾਨ ਜਪਾਨੀ ਸਮਾਜ ਦਾ ਚਿਹਰਾ ਜੰਗ ਤੋਂ ਬਾਅਦ ਦਾ ਚਿਹਰਾ ਹੈ। ਹਿੰਸਾ ਨੇ ਜਪਾਨੀ ਸੰਵੇਦਨਾ ਨੂੰ ਟੁੰਬਿਆ ਹੈ। ਇਸ ਸੰਵੇਦਨਾ ਨੂੰ ਸਿਦਕ ਰਾਹੀਂ ਕੰਮ ਉੱਤੇ ਲਾ ਦਿੱਤਾ। ਇਕ ਸਿਰੜੀ ਕਿਰਤੀ ਨੂੰ ਆਮ ਜਨ-ਜੀਵਨ ਵਿਚ ਇਕ ਸਿਪਾਹੀ ਵਰਗੀ ਮਾਨਤਾ ਦਾ ਤਜਰਬਾ ਜਪਾਨ ਨੇ ਸਫ਼ਲ ਕਰਕੇ ਵਿਖਾਇਆ ਹੈ। ਜੰਗ ਬਾਰੇ ਆਖ਼ਰੀ ਅਨੁਭਵ ਹੀਰੋਸ਼ੀਮਾ ਨੂੰ ਵੇਖਣਾ ਹੈ। ਬਹੁਤ ਛੋਟੀਆਂ-ਛੋਟੀਆਂ ਨਿਸ਼ਾਨੀਆਂ ਵੱਡੀਆਂ-ਵੱਡੀਆਂ ਭਾਵੁਕ ਸਿਖ਼ਰਾਂ ਨਾਲ ਜੁੜੀਆਂ ਦਿਸਦੀਆਂ ਨੇ। ਇਕ ਛੋਟੀ ਜਿਹੀ ਕੁੜੀ ਦੀ ਸਕੂਲੀ ਫ਼ਰਾਕ, ਇਕ ਜੁੱਤੀ ਦਾ ਪੈਰ ਉੱਪਰ ਵੱਲ ਉਧੜਦਾ ਉੱਥੇ ਹੀ ਰੁਕ ਗਿਆ। ਅਜਿਹਾ ਕਈ ਕੁਝ ਹੋਰ। ਹੀਰੋਸ਼ੀਮਾ ਦੇ ਮਿਊਜ਼ੀਅਮ ਦੀ ਇਸ ਗੈਲਰੀ ਵਿਚ ਜਪਾਨੀ ਲੋਕ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਉਂਗਲ ਫੜ ਕੇ ਬਰਾਬਰ ਤੋਰਦੇ ਨੇ। ਉਹ ਕਦੇ ਨਫ਼ਰਤ ਦਾ ਪਾਠ ਪੜ੍ਹਾਉਂਦੇ ਨਹੀਂ ਸੁਣਦੇ। ਮਿਊਜ਼ੀਅਮ ਤੋਂ ਬਾਹਰ ਨਿਕਲਦੇ ਬੱਚੇ ਆਪਣੇ ਮਾਪਿਆਂ ਦੀਆਂ ਨਮ ਅੱਖੀਆਂ ਵੇਖ ਕੇ ਮੁਆਫ਼ ਕਰਨ ਤੇ ਭੁੱਲ ਜਾਣ ਦੀ ਵਿਰਾਸਤ ਲੈ ਕੇ ਘਰਾਂ ਨੂੰ ਮੁੜਦੇ ਨੇ। * * * ਕਿਸੇ ਅਵਿਕਸਿਤ ਸਮਾਜ ਦੇ ਬਾਸ਼ਿੰਦਿਆਂ ਨੂੰ ਸਭ ਤੋਂ ਪਹਿਲਾਂ ਵਿਦੇਸ਼ੀ ਸਮਾਜ ਦਾ ਸ਼ਾਂਤ ਮਾਹੌਲ ਬਹੁਤ ਪ੍ਰਭਾਵਿਤ ਕਰਦਾ ਹੈ। ਸਾਨੂੰ ਸੌਖਿਆਂ ਹੀ ਪੈਸੇ ਕਮਾ ਲੈਣਾ ਵੀ ਪ੍ਰਭਾਵਿਤ ਕਰਦਾ ਹੈ। ਪਹਿਲੇ ਕੁਝ ਸਾਲ ਅਜਿਹੇ ਸ਼ਾਂਤ ਮਾਹੌਲ ਦਾ ਆਨੰਦ ਵੀ ਆਉਂਦਾ ਹੈ। ਪਰ ਹੌਲੀ-ਹੌਲੀ ਅਜੀਬ ਕਿਸਮ ਦੀ ਅੱਚਵੀ ਅਚਾਨਕ ਇਸ ਸਮਾਜ ਦੇ ਭੇਤ ਖੋਲ੍ਹਣ ਲੱਗਦੀ ਹੈ। ਹੌਲੀ-ਹੌਲੀ ਵਿਵਸਥਾ ਸਾਡੀ ਸਭ ਤੋਂ ਕੋਮਲ ਸੰਵੇਦਨਾ ’ਤੇ ਠੋਕਰ ਮਾਰਦੀ ਜਾਪਦੀ ਹੈ, ਜਿੱਥੇ ਜ਼ਿੰਦਾਦਿਲੀ ਨਾਲ ਜਿਊਣ ਦੀ ਇੱਛਾ ਸਾਂਭੀ ਪਈ ਹੁੰਦੀ ਹੈ। ਲਗਪਗ ਹਰ ਵਿਦੇਸ਼ੀ ਨੂੰ ਅਜਿਹੇ ਅਨੁਭਵਾਂ ’ਚੋਂ ਗੁਜ਼ਰਨਾ ਪੈਂਦਾ ਹੈ। ਪਰ ਜਦੋਂ ਜਪਾਨ ਵਰਗਾ ਸੰਵੇਦਨਸ਼ੀਲ ਸਮਾਜ ਹੋਵੇ ਤਾਂ ਤੁਹਾਡੀ ਸੰਵੇਦਨਾ ਉਸ ਦਾ ਹਿੱਸਾ ਬਣਨ ਲੱਗਦੀ ਹੈ। ਵਿਛੋੜੇ ਨੇ ਜਿੰਨਾ ਕੁ ਤੁਹਾਨੂੰ ਸੰਵੇਦਨਸ਼ੀਲ ਬਣਾਇਆ ਹੁੰਦਾ ਹੈ, ਓਨੀ ਕੁ ਜਪਾਨੀ ਕੌਮ ਆਪ ਹੀ ਸੰਵੇਦਨਾ ਵਿਚ ਜਿਊਂਦੀ ਹੈ। ਇਸੇ ਲਈ ਜੇ ਤੁਸੀਂ ਜਪਾਨ ਵਿਚ ਦਸ ਸਾਲ ਰਹਿ ਲਵੋ ਤਾਂ ਜਪਾਨ ਤੁਹਾਨੂੰ ਹੋਰ ਜਗ੍ਹਾ ਕੰਮ ਕਰਨ ਜੋਗਾ ਨਹੀਂ ਛੱਡਦਾ। ਉਹ ਤੁਹਾਨੂੰ ਆਪਣੇ ਹੀ ਰੰਗ ਵਿੱਚ ਰੰਗ ਲੈਂਦਾ ਹੈ। ਜਪਾਨ ਸਰੀਰ ਦੀਆਂ ਹਰਕਤਾਂ ਦੀ ਖਿੱਚ-ਧੂਹ ਨੂੰ ਸੰਜਮ ਦੇਂਦਾ ਹੈ, ਅੱਖਾਂ ਦੀ ਚਮਕ ਵਿਚ ਤਰਲਤਾ ਭਰ ਦੇਂਦਾ ਹੈ। ਜਪਾਨ ਵਿਚ ਘੱਟ ਸਮੇਂ ਤੇ ਜ਼ਿਆਦਾ ਸਮੇਂ ਤੋਂ ਰਹਿ ਰਹੇ ਬੰਦੇ ਦੀ ਪਛਾਣ ਇਨ੍ਹਾਂ ਹਰਕਤਾਂ ਤੋਂ ਅਕਸਰ ਹੋ ਜਾਂਦੀ ਹੈ। ਮੇਰਾ ਜਪਾਨੀ ਸਮਾਜ ਨਾਲ ਹਮੇਸ਼ਾ ਨੇੜੇ ਦਾ ਵਾਹ ਰਿਹਾ। ਰੈਸਤਰਾਂ ਵਿਚ ਜਪਾਨੀ ਲੋਕ ਬਹੁਤ ਸਹਿਜ ਹੋ ਕੇ ਆਉਂਦੇ ਨੇ। ਉਹ ਕੁਝ ਮੰਗਣ ਲਈ ਬੋਲਣ ਦੀ ਬਜਾਏ ਸੰਜਮ ਵਜੋਂ ਇਸ਼ਾਰਾ ਕਰਨਾ ਹੀ ਬਿਹਤਰ ਸਮਝਦੇ ਨੇ। ਜਪਾਨੀ ਖਾਣੇ ਨੂੰ ਸੁੰਘ ਕੇ ਖਾਂਦਾ ਹੈ ਤੇ ਪੰਜਾਬੀ ਛੂਹ ਕੇ। ਜਪਾਨ ਦੀ ਉਬਾਸਾਂ (ਦਾਦੀ) ਪੰਜਾਬੀਆਂ ਵਰਗੀ ਹੀ ਮੋਹ ਕਰਨ ਵਾਲੀ ਹੈ। ਕਦੇ ਇਹ ਸੇਵਾ ਭਾਵਨਾ ਦੀ ਪ੍ਰਤੀਕ ਰਹੀ ਹੈ। ਵਿਆਹ ਤੋਂ ਬਾਅਦ ਬਿਰਧ ਹੋਈਆਂ ਮਾਵਾਂ ਦੀ ਸੇਵਾ ਲਈ ਕੁੜੀਆਂ ਹੀ ਅੱਗੇ ਆਉਂਦੀਆਂ ਨੇ। ਅਕਸਰ ਰੈਸਤਰਾਂ ਵਿਚ ਜੇ ਕਿਸੇ ਬਿਰਧ ਨਾਲ ਕੋਈ ਜ਼ਨਾਨੀ ਛੋਟੇ-ਛੋਟੇ ਬੱਚਿਆਂ ਨਾਲ ਹੋਵੇ, ਉਹ ਮਾਵਾਂ ਧੀਆਂ ਹੀ ਹੁੰਦੀਆਂ ਨੇ। ਇਹ ਰਿਸ਼ਤਾ ਬਿਲਕੁਲ ਪੰਜਾਬੀਆਂ ਵਾਂਗ ਹੀ ਬਹੁਤ ਭਾਵੁਕਤਾ ਨਾਲ ਜਪਾਨ ਦੀਆਂ ਕੁੜੀਆਂ ਅਖ਼ੀਰ ਤੱਕ ਨਿਭਾਉਂਦੀਆਂ ਨੇ। ਕੁਝ ਦਾਦੀਆਂ ਇਕੱਠੀਆਂ ਹੋ ਕੇ ਸਾਡੇ ਕੋਲ ਆਉਂਦੀਆਂ ਸਨ ਤਾਂ ਉਨ੍ਹਾਂ ਦੀਆਂ ਗੱਲਾਂ ’ਚੋਂ ਨਵੀਂ ਪੀੜ੍ਹੀ ਤੋਂ ਦੂਰੀਆਂ ਸੁਣਦੀਆਂ ਸਨ ਕਿ “ਤੁਸੀਂ ਕਿੰਨੇ ਮਿਹਨਤੀ ਹੋ, ਕੁਝ ਸਾਲਾਂ ਵਿਚ ਸਾਚੋ (ਮਾਲਿਕ) ਬਣ ਗਏ ਹੋ। ਤੁਸੀਂ ਬੀਅਰ ਵੀ ਨਹੀਂ ਪੀਂਦੇ। ਸਾਨੂੰ ਤੁਹਾਡੇ ਵਰਗੇ ਜੁਆਈ ਚਾਹੀਦੇ ਨੇ।” ਉਹ ਬੱਚਿਆਂ ਬਾਰੇ ਪੁੱਛਦੀਆਂ ਨੇ, ਘਰ ਵਾਲਿਆਂ ਬਾਰੇ ਪੁੱਛਦੀਆਂ ਨੇ। ਉਨ੍ਹਾਂ ਦਾ ਮੋਹ ਅਕਸਰ ਆਪਣੀ ਦਾਦੀ, ਭੂਆ, ਨਾਨੀ ਚੇਤੇ ਕਰਾ ਦੇਂਦਾ ਹੈ। ਵਿਦਾਈ ਵੇਲੇ ਉਨ੍ਹਾਂ ਕੋਲ ਹੁਣ ਸਾਡੇ ਵਰਗੇ ਸੁਤੰਤਰ ਸ਼ਬਦ ਨਹੀਂ ਬਚੇ, “ਜਿਉਂਦਾ ਰਹਿ ਪੁੱਤ। ਲੰਮੀਆਂ ਉਮਰਾਂ ਮਾਣੇਂ।” ਸਗੋਂ ‘ਗਮਬਾਤੇ ਨ੍ਹੈ’ (ਤਕੜਾ ਰਹਿ) ਵਰਗੇ ਸ਼ਬਦ ਵਰਤਦੀਆਂ ਨੇ। ਅਗਲੀ ਪੀੜ੍ਹੀ ਦੀਆਂ ਦਾਦੀਆਂ ਕੋਲੋਂ ਸ਼ਾਇਦ ਅਸੀਂ ਵੀ ਅਜਿਹੇ ਭਾਵਹੀਣ ਸ਼ਬਦ ਸੁਣਾਂਗੇ। ਇਨ੍ਹਾਂ ਸ਼ਬਦਾਂ ’ਚੋਂ ਅਸੀਸ ਦੀ ਧੁਨ ਗਾਇਬ ਹੋਵੇਗੀ। ਸਹਿਜ ਤੇ ਨਿਮਰਤਾ ਵਾਲਾ ਵਤੀਰਾ ਜਪਾਨ ਦੀ ਜੀਵਨ ਸ਼ੈਲੀ ਦਾ ਹਿੱਸਾ ਹੈ। ਪੰਜਾਬੀ ਬੰਦਾ ਏਦਾਂ ਦੀ ਨਿਮਰਤਾ ਨੂੰ ‘ਚਮਚਾਗਿਰੀ’ ਵਾਲਾ ਵਤੀਰਾ ਸਮਝ ਲੈਂਦਾ ਹੈ। ਉਹ ਛੇਤੀ ਹੀ ਅਜਨਬੀ ਸਾਹਮਣੇ ਉੱਧੜਨਾ ਸ਼ੁਰੂ ਹੋ ਜਾਂਦਾ ਹੈ। ਜਪਾਨੀ ਮਾਨਸਿਕਤਾ ਬਹੁਤ ਨਿੱਜੀ ਤੇ ਸ਼ਰਮਾਕਲ ਅਦਾਵਾਂ ਨਾਲ ਭਰਪੂਰ ਹੈ। ਉਹ ਆਪਣੇ ਤੋਂ ਕਦੀ ਗੱਲ ਸ਼ੁਰੂ ਨਹੀਂ ਕਰਦੀ। ਪਰ ਉਹ ਬਹੁਤ ਹੀ ਸਾਧਾਰਨ ਛੋਟੀਆਂ ਛੋਟੀਆਂ ਗੱਲਾਂ ਤੋਂ ਬਹੁਤ ਛੇਤੀ ਪ੍ਰਭਾਵਿਤ ਹੁੰਦੀ ਹੈ। ਉਹ ਕਿਸੇ ਵੀ ਅਨੁਭਵ ਜੋ ਉਹਦਾ ਆਪਣਾ ਨਹੀਂ ਹੁੰਦਾ, ਦੇ ਰਹੱਸ ਨੂੰ ਮਾਣਨ ਦੀ ਖੁੱਲ੍ਹ ਲੈਂਦੀ ਹੈ। ਉਹ ਜਾਣਕਾਰੀਆਂ ਦੇ ਰਹੱਸ ਵਿਚ ਦਖ਼ਲ ਨਹੀਂ ਦਿੰਦੀ। ਜਪਾਨੀ ਜਗਿਆਸੂਆਂ ਵਰਗਾ ਸਰੋਤਾ ਹਮੇਸ਼ਾ ਬਣਿਆ ਰਹਿੰਦਾ ਹੈ। ਜਪਾਨ ਵਰਗਾ ਅੰਤਰਮੁਖੀ ਸਮਾਜ ਦੁਨੀਆਂ ਵਿਚ ਕਿਤੇ ਨਹੀਂ ਮਿਲਦਾ। ਤੁਸੀਂ ਬੰਦੇ ਕੋਲੋਂ ਜ਼ਾਤੀ ਸੁਆਲ ਕਰਦੇ ਜਾਓ, ਉਹ ਤੁਹਾਡੇ ਤੋਂ ਦੂਰ ਹੁੰਦਾ ਜਾਵੇਗਾ। ਇਹ ਸਭ ਕੁਝ ਉਹਨੂੰ ਛੇੜਖਾਨੀ ਵਰਗਾ ਲੱਗਦਾ ਹੈ। ਜਪਾਨੀ ਨਾਲ ਜ਼ਾਤੀ ਰਿਸ਼ਤਾ ਬਣਦਿਆਂ ਦੇਰ ਲੱਗਦੀ ਹੈ। ਜਪਾਨੀ ਮਾਨਸਿਕ ਜਗਤ ਅੰਦਰ ਥਾਹ ਪਾਉਣ ਲਈ ਉਹਦੀਆਂ ਸਭ ਤੋਂ ਜ਼ਿਆਦਾ ਦਿਸਣ ਵਾਲੀਆਂ ਹਰਕਤਾਂ ਵੇਖਣਯੋਗ ਹਨ। ਜਪਾਨੀ ਬਿਲਕੁਲ ਜ਼ਮੀਨ ਦੇ ਨੇੜੇ ਪੈਰ ਰੱਖ ਕੇ ਤੁਰਦਾ ਹੈ। ਉਹ ਤੁਰਦੇ ਵੇਲੇ ਅਜਿਹੀਆਂ ਠੋਕਰਾਂ ਖਾ ਲੈਂਦਾ ਹੈ ਜੋ ਸਾਨੂੰ ਦਿਸਦੀਆਂ ਵੀ ਨਹੀਂ। ਪੰਜਾਬੀ ਬੰਦਾ ਕਦਮ ਚੁੱਕ ਕੇ ਰੱਖਦਾ ਹੈ। ਉਹਦੇ ਕਦਮਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹ ਠੋਕਰਾਂ ਪਾਰ ਵੀ ਕਰ ਚੁੱਕਾ ਹੈ। ਅਜਿਹੀਆਂ ਹਰਕਤਾਂ ਦੋ ਕੌਮਾਂ ਦੇ ਵਿਵਹਾਰ ਨੂੰ ਸਮਝਾਉਂਦੀਆਂ ਹਨ। ਜਦੋਂ ਜਪਾਨੀ ਸਾਹਮਣੇ ਵਾਲੇ ਦੀ ਗ਼ਲਤੀ ’ਤੇ ਨਰਮ ਪੈਂਦਾ ਜਾਂਦਾ ਹੈ ਤਾਂ ਇਸ ਗੱਲ ਦਾ ਸੰਕੇਤ ਹੈ ਕਿ ਉਸ ਨੇ ਪੱਕੇ ਤੌਰ ’ਤੇ ਮੰਨ ਲਿਆ ਹੈ ਤੁਸੀਂ ਗ਼ਲਤੀ ’ਤੇ ਹੋ। ਜਿੰਨਾ ਜਪਾਨੀ ਨਰਮ ਪੈਂਦਾ ਜਾਵੇਗਾ, ਸਮਝ ਲਉ ਤੁਸੀਂ ਵੱਡੀ ਗ਼ਲਤੀ ਕੀਤੀ ਹੈ। ਇਹ ਦੱਸਣ ਦੀ ਜਪਾਨੀ ਕਲਚਰ ਦੀ ਬੜੀ ਔਖੀ ਵਿਧੀ ਹੈ। ਪੰਜਾਬੀ ਸੁਭਾਅ ਗ਼ਲਤੀ ਬਾਰੇ ਬੋਲ ਕੇ ਦੱਸਦਾ ਹੈ। ਉਹ ਗ਼ਲਤੀ ਦੀ ਵਿਆਖਿਆ ਨਾਲ ਸੁਰ ਵੀ ਉੱਚਾ ਕਰਦਾ ਜਾਂਦਾ ਹੈ। ਪੰਜਾਬੀ ਦਾ ਗੁੱਸਾ ਸਹਿਜੇ ਹੀ ਸਮਝ ਆ ਜਾਂਦਾ ਹੈ। ਪਰ ਇਕ ਪੰਜਾਬੀ ਮਨ ਨੂੰ ਜਪਾਨੀ ਗੁੱਸੇ ਦੀ ਗਹਿਰਾਈ ਸਮਝਣ ਲਈ ਕਾਫ਼ੀ ਸਮਾਂ ਲੱਗਦਾ ਹੈ। ਜਪਾਨੀ ਵਿਅਕਤੀ ਨੂੰ ਕੰਮ ’ਤੇ ਲਾਉਣਾ ਸਭ ਤੋਂ ਸੌਖਾ ਕੰਮ ਹੈ। ਉਹ ਤੁਹਾਡੇ ਹੁਕਮ ਤੋਂ ਪਹਿਲਾਂ ਤੁਹਾਨੂੰ ਮਾਲਕ (ਸਾਚੋ) ਮੰਨ ਲੈਂਦਾ ਹੈ। ਇਹ ਹੁਕਮ ਦੀ ਪਾਲਣਾ ਇਉਂ ਹੈ ਜਿਵੇਂ ਕੋਈ ਸਿਪਾਹੀ ਜਰਨੈਲ ਦਾ ਹੁਕਮ ਸੁਣ ਰਿਹਾ ਹੋਵੇ। ਜਪਾਨੀ ਜਨ-ਜੀਵਨ ਵਿਚ ਸਾਚੋ (ਮਾਲਿਕ) ਬਹੁਤ ਪ੍ਰਚੱਲਿਤ ਸ਼ਬਦ ਹੈ। ਇਸ ਦੀ ਵਰਤੋਂ ਵੇਲੇ ਮਾਲਕੀ ਨਾਲ ਜੁੜੇ ਬੰਧਨਾਂ ਦੀ ਗ਼ੁਲਾਮੀ ਬਹੁਤ ਘੱਟ ਸੁਣਦੀ ਹੈ। ਮਾਲਿਕ (ਸਾਚੋ) ਇੱਥੇ ਲੰਮੀ ਘਾਲਣਾ ਤੋਂ ਬਾਅਦ ਦੇ ਸਿੱਟੇ ਵਜੋਂ ਸੁਣਿਆ ਜਾਣ ਵਾਲਾ ਸ਼ਬਦ ਹੈ। ਉਹ ਸਰਵਸ੍ਰੇਸ਼ਟ ਕਾਮੇ ਦੀ ਉਪਾਧੀ ਤੋਂ ਬਾਹਰ ਨਹੀਂ ਜਾ ਸਕਦਾ। ਉਸ ਕੰਮ ਦੀ ਹਰ ਮੁਸ਼ਕਲ ਜਿਸ ਦਾ ਉਹ ਮਾਲਿਕ ਹੈ, ਅਖ਼ੀਰ ਉਹਦੇ ਹੱਥਾਂ ਵਿਚਦੀ ਲੰਘਣੀ ਹੁੰਦੀ ਹੈ। ਜਪਾਨੀ ਮਾਲਿਕ ਪ੍ਰਬੰਧਕ ਤੋਂ ਇੰਜੀਨੀਅਰ ਵਿਚਲੀ ਸਪੇਸ ਵਿਚ ਆਪਣੀ ਜਗ੍ਹਾ ਬਦਲਦਾ ਰਹਿੰਦਾ ਹੈ। ਜਪਾਨੀ ਕੰਮ ਦੀ ਦੁਨੀਆਂ ਵਿਚ ਇਹ ਸਹਿਜ ਪ੍ਰਕਿਰਿਆ ਹੈ। ਪੰਜਾਬੀ ਮਾਨਸਿਕਤਾ ‘ਮਾਲਿਕ’ ਸ਼ਬਦ ਤੋਂ ਚਿੜਦੀ ਹੈ। ਅਸੀਂ ਮਾਲਿਕ ‘ਸ਼ਬਦ’ ਨੂੰ ਘਾਲਣਾ ਤੋਂ ਬਹੁਤ ਦੂਰ ਰੱਖਿਆ ਹੈ। ਇਹ ਸ਼ਬਦ ਵਰਤਣ ਵੇਲੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਇਹ ਦੁਰਵਰਤੋਂ ਦੇ ਭਾਵ ਵਿਚ ਸਮਝਿਆ ਜਾਵੇ। ਮਾਲਿਕ ਪਿੱਛੇ ਛੁਪੇ ਜਬਰ ਦਾ ਇਤਿਹਾਸ ਪੰਜਾਬੀ ਵਿਅਕਤੀ ਇੱਥੇ ਵੀ ਉਵੇਂ ਹੀ ਲੈ ਕੇ ਚਲਦਾ ਹੈ। ਕਈ ਵਾਰੀ ਅਨੋਖੀਆਂ ਟਿੱਪਣੀਆਂ ਸੁਣਦੇ ਹਾਂ ਜਿਨ੍ਹਾਂ ਦਾ ਮਤਲਬ ਉਲਟ ਹੁੰਦਾ ਹੈ। “ਸਾਡਾ ਸਾਚੋ ਤਾਂ ਬਿਲਕੁਲ ਹੀ ਝੱਲਾ ਹੈ, ਆਪੇ ਕੰਮ ਕਰੀ ਜਾਂਦਾ ਹੈ।” ਜਾਂ ਕਈ ਜਗ੍ਹਾ ਕੰਮ ਵਾਲਾ ਇਕੱਲਾ ਮਾਲਿਕ ਤੇ ਇਕ ਉਹਦਾ ਵਰਕਰ ਹੁੰਦਾ ਹੈ। ਉਹ ਜਪਾਨੀ ਜਦੋਂ ਆਪਣੇ ਮਾਲਿਕ ਨੂੰ ‘ਸਾਚੋ ਸਾਂ’ (ਸ੍ਰੀਮਾਨ ਮਾਲਿਕ ਜੀ) ਕਹਿੰਦਾ ਹੈ ਤਾਂ ਅਕਸਰ ਪੰਜਾਬੀ ਬੰਦਾ ਹੱਸਦਾ ਹੈ, “ਇਹ ਵੀ ਕੋਈ ਮਾਲਿਕ ਏ?” ਪੰਜਾਬੀ ਮਾਨਸਿਕਤਾ ਵਿਚ ਇਕ ਸਮੂਹ ਨੂੰ ਜਬਰ ਦਾ ਸ਼ਿਕਾਰ ਬਣਾਉਣ ਵਾਲਾ ਚਿਹਰਾ ਹੀ ਮਾਲਿਕ ਦਿਸਦਾ ਹੈ, ਪਰ ਜਪਾਨੀ ਸਮਾਜ ਵਿਚ ਕਿਰਤ ਦੀ ਤਾਕਤ ਬਹੁਤ ਗਹਿਰੀ ਹੈ। ਇਹਦੇ ਦਬਾਅ ਵਿਚ ਮਾਲਿਕ ਤੋਂ ਕਾਮਾ ਬਣਨ ਲਈ ਜਪਾਨੀ ਮੰਨ ਕੇ ਹੀ ਚਲਦਾ ਹੈ। ਜਪਾਨ ’ਚ ਅਕਸਰ ਮਾਲਿਕ ਅੱਗੇ ਕਿਸੇ ਹੋਰ ਕੋਲ ਕਾਮੇ ਵਜੋਂ ਕੰਮ ਕਰਦਾ ਦਿਸ ਜਾਂਦਾ ਹੈ। ਪੰਜਾਬੀ ਮਨ ਲਈ ਇਹ ਹੇਠੀ ਵਾਂਗ ਧਸਿਆ ਅਨੁਭਵ ਹੈ। ਮਾਲਿਕ ਤੋਂ ਕਾਮੇ ਵਿਚ ਪਰਤਿਆ ਪੰਜਾਬੀ ਮਨ ਮੁੜ ਪਹਿਲਾਂ ਵਾਲੇ ਜਜ਼ਬੇ ਵਿਚ ਨਹੀਂ ਦਿਸਦਾ। ਪਰ ਜਪਾਨੀ ਕੰਮ ਦੇ ਜਜ਼ਬੇ ਦੀ ਕੋਸ਼ਿਸ਼ ਅਜਿਹੇ ਵੇਲੇ ਕਦੇ ਨਹੀਂ ਘਟਣ ਦੇਂਦਾ। ਉਹ ਮੁੜ ਆਪਣੇ ਆਪ ਨੂੰ ਸਿਰਤੋੜ ਕਾਮਾ ਸਿੱਧ ਕਰਨ ਵਿਚ ਜੁਟ ਜਾਂਦਾ ਹੈ। ਉਹ ਕਿਰਤ ਵਿਚ ਡੁੱਬੇ ਮਾਲਿਕ ਦੀ ਤਲਾਸ਼ ਕਰਦਾ, ਦੁਬਾਰਾ ਮਾਲਿਕ ਬਣ ਜਾਂਦਾ ਹੈ। ਜੰਗ ਦੇ ਸਰੋਕਾਰ ਪੰਜਾਬੀ ਸੱਭਿਆਚਾਰ ਨਾਲ ਵੀ ਬਹੁਤ ਰਹੇ ਨੇ। ਜਦੋਂ ਅਸੀਂ ਪੰਜਾਬੀ ਕੌਮ ਦੇ ਹਜ਼ਾਰਾਂ ਸਾਲਾਂ ਦੇ ਜੰਗੀ ਅਨੁਭਵਾਂ ਨੂੰ ਵੇਖਦੇ ਹਾਂ ਤਾਂ ਆਪਣੇ ਵਿਚ ਕੁਝ ਅਨੋਖੀਆਂ ਜਜ਼ਬਾਤੀ ਸਿਖਰਾਂ ਵੇਖਦੇ ਹਾਂ। ਪੰਜਾਬੀ ਮਨ ਨੇ ਜੰਗ ਤੋਂ ਬਾਅਦ ਇਹਦੇ ਦਰਦਾਂ ਨੂੰ ਕਦੇ ਨਹੀਂ ਛੁਪਾਇਆ। ਉਹਨੇ ਇਸ ਸੋਗ ਦੀ ਗੂੰਜ ਨੂੰ ਅੰਦਰ ਨਹੀਂ ਗੂੰਜਣ ਦਿੱਤਾ। ਪੰਜਾਬੀ ਮਨ ਨੇ ਜੰਗ ਨੂੰ ਜੀਵਨ ਵਾਂਗ ਸੰਵਾਦ ਦਿੱਤਾ। ਇਹ ਸੰਵਾਦ ਜਨਜੀਵਨ ਵਿਚ ਕਥਾ ਦੇ ਰੂਪ ਤੱਕ ਫੈਲਿਆ। ਇਸ ਸੰਵਾਦ ਵਿਚ ਬਹੁਤ ਵਾਰੀ ਦੋਸ਼ੀ ਕੌਣ ਹੈ? ਵਰਗੀ ਚੋਣ ਦੇ ਖੁੱਲ੍ਹੇ ਸਿਰੇ ਛੱਡਣ ਦੀ ਖੁੱਲ੍ਹਦਿਲੀ ਵੀ ਪੰਜਾਬੀ ਕੌਮ ਦੇ ਹਿੱਸੇ ਆਈ ਹੈ। ਪੰਜਾਬੀ ਮਨ ਨੇ ਜੰਗਾਂ ਦੇ ਅਨੁਭਵਾਂ ਨੂੰ ਕਦੇ ਜ਼ਿਆਦਾ ਅੰਤਰਮੁਖੀ ਨਹੀਂ ਹੋਣ ਦਿੱਤਾ। ਪੰਜਾਬੀ ਸੁਭਾਅ ਆਪਣੇ ਤਰਫ਼ ਦੀ ਹਿੰਸਾ ਨੂੰ ਸੈਲੀਬਰੇਟ ਕਰਦਾ ਦਿਸਦਾ ਹੈ। ਉਹ ਹਿੰਸਾ ਨੂੰ ਦੱਸਦਾ, ਉਹਦੇ ਵਿਚਲੀ ਕਰੂਪਤਾ ਸਰੋਤੇ ਨੂੰ ਆਪ ਛੱਡਣ ਲਈ ਪ੍ਰੇਰਦਾ ਹੈ। ਅਜਿਹੀ ਸੋਚ ਵੇਲੇ ਉਹ ਅਕਸਰ ਖਿਝਦਾ ਹੈ। ਉਹ ਹਿੰਸਾ ਦੇ ਇਨ੍ਹਾਂ ਪਲਾਂ ਨੂੰ ਵਹਿਸ਼ੀ ਹੋਣ ਦੇ ਸਰੋਕਾਰਾਂ ਤੋਂ ਦੂਰ ਲਿਜਾਂਦਾ ਹੈ। ਜੰਗ ਦੇ ਅਨੁਭਵਾਂ ਵਿਚ ਨਿਕਲੇ ‘ਜੈਕਾਰੇ’ ਦੀ ਧੁਨ ਪੰਜਾਬ ਕੋਲ ਬੜੀ ਅਨੋਖੀ ਹੈ। ਸੰਤਾਪ ਨੂੰ ਹਵਾ ਵਾਂਗ ਕੱਢਣ ਦੀ ਇਹ ਵਿਧੀ ਜਪਾਨੀ ਸੱਭਿਆਚਾਰ ਕੋਲ ਨਹੀਂ। ਜੰਗ ਦੇ ਵਿਨਾਸ਼ ਤੋਂ ਜਪਾਨੀ ਅੰਤਰਮੁਖੀ ਕੌਮ ਤੇ ਪੰਜਾਬੀ ਜਜ਼ਬਾਤੀ ਕੌਮ ਬਿਲਕੁਲ ਅਲੱਗ ਪ੍ਰਭਾਵ ਕਬੂਲਦੀਆਂ ਨੇ। ਫਿਰ ਵੀ ਜਦੋਂ ਅਜਿਹੀਆਂ ਦੋ ਕੌਮਾਂ ਕਿਤੇ ਇਕੱਠੀਆਂ ਹੋ ਕੇ ਕੰਮ ਕਰਦੀਆਂ ਨੇ ਤਾਂ ਇਨ੍ਹਾਂ ਦਾ ਮੇਲ ਬੜਾ ਰੌਚਕ ਹੁੰਦਾ ਹੈ। ਜਪਾਨੀ ਮਾਨਸਿਕਤਾ ਦਾ ਇਕ ਹੋਰ ਪੱਖ ‘ਹਾਰਾਕਿਰੀ’ ਹੈ। ਖ਼ੁਦਕੁਸ਼ੀ ਜਪਾਨੀ ਮਨ ਵਿਚ ਕਿਤੇ ਬਹੁਤ ਡੂੰਘੀ ਧਸੀ ਹੈ। ਸਾਰੇ ਵਿਰੋਧਾਂ ਦਾ ਜਜ਼ਬਾ ਆਖ਼ਰੀ ਸਿਰੇ ’ਤੇ ਪੁੱਜਦਾ ਹੈ ਤਾਂ ਜਪਾਨੀ ‘ਹਾਰਾਕਿਰੀ’ ਕਰ ਲੈਂਦਾ ਹੈ। ਜਪਾਨੀ ਮਨ ਵਿਚ ਜਦ ਤੁਸੀਂ ‘ਮੇਰੇ ਵਿਰੋਧ ਦੇ ਵੀ ਕਾਬਲ ਨਹੀਂ’ ਵਰਗੀ ਅੰਤਿਮ ਹੂਕ ਨਿਕਲਦੀ ਹੈ, ਉਹ ਆਪਣੇ ਆਪ ਨੂੰ ਖ਼ਤਮ ਕਰਨ ਵੱਲ ਵਧਦਾ ਹੈ। ਇਹ ਆਮ ਜਨਜੀਵਨ ਵਿਚ ਹੀ ਨਹੀਂ, ਜਪਾਨੀ ਲੇਖਕਾਂ ਵਿਚ ਵੀ ਭਾਰੂ ਹੈ। ਦੂਜੀ ਆਲਮੀ ਜੰਗ ਮਗਰੋਂ ਜੇ ਦਸ ਪ੍ਰਮੁੱਖ ਜਪਾਨੀ ਲੇਖਕ ਚੁਣੇ ਜਾਣ ਤਾਂ ਉਨ੍ਹਾਂ ਵਿੱਚੋਂ ਤਿੰਨ ਨੇ ਖ਼ੁਦਕੁਸ਼ੀ ਕੀਤੀ ਹੈ। ਕੁਝ ਲੇਖਕਾਂ ਨੇ ਤਿੰਨ-ਤਿੰਨ ਵਾਰ ਮਰਨ ਦੀ ਕੋਸ਼ਿਸ਼ ਤੋਂ ਬਾਅਦ ਜਾਨ ਦਿੱਤੀ ਸੀ। ਇਕ ਦਰਦਨਾਕ ਘਟਨਾ ਇਹ ਵੀ ਵਾਪਰੀ ਜਦੋਂ ਜਪਾਨ ਦੇ ਤਿੰਨ ਪ੍ਰਮੁੱਖ ਲੇਖਕਾਂ ਨੇ ਉੱਚੀ ਜਗ੍ਹਾ ਖੜ ਕੇ ਇਕ ਦੂਜੇ ਨੂੰ ਛੁਰੇ ਮਾਰੇ ਤੇ ਹਜ਼ਾਰਾਂ ਲੋਕਾਂ ਨੇ ਦੇਸ਼ ਦੇ ਬੁੱਧੀਜੀਵੀਆਂ ਨੂੰ ਅਜਿਹਾ ਕਰਦੇ ਵੇਖਿਆ। ਜੰਗ ਦੇ ਦੁਸ਼ਮਣ (ਅਮਰੀਕਾ) ਨੂੰ ਲੋਕਾਂ ਦੇ ਭੁੱਲਣ ਦੇ ਵਿਰੋਧ ਵਜੋਂ ਇਹ ਸੋਗੀ ਅੰਤ ਸੀ। ਇਹ ਕਿਸੇ ਕੌਮ ਦੇ ਅੰਤਰੀਵ ਮਨ ਦੀ ਹੂਕ ਸੀ। ਜਪਾਨ ਵਿਚ ਸਦੀਆਂ ਪਹਿਲਾਂ ਸਾਧੂਆਂ ਦੀ ਇਕ ਪਰੰਪਰਾ ਵੀ ਰਹੀ ਹੈ ਜਿਸ ਵਿਚ ਤੀਹ ਸਾਲ ਦੀ ਉਮਰ ਤੋਂ ਬਾਅਦ ਹਰ ਸਾਧੂ ਆਪਣਾ ਸਰੀਰਕ ਅੰਤ ਕਰਦਾ ਸੀ। ਜਪਾਨੀ ਸਾਹਿਤ ਵਿਚ ਇਸ ਨੂੰ ਬਹੁਤ ਡੂੰਘਾਈ ਨਾਲ ਫੜਿਆ ਹੈ। ਪੰਜਾਬੀ ਮਨ ਖ਼ੁਦਕੁਸ਼ੀ ਤੋਂ ਹਮੇਸ਼ਾ ਦੂਰ ਭੱਜਦਾ ਹੈ। ਉਹਦੇ ਕੋਲ ਆਪਣੇ ਬਚਾਅ ਲਈ ਇਕ ਆਤਮਿਕ ਪਰੰਪਰਾ ਵੀ ਹੈ। ਪੰਜਾਬੀ ਹਾਰ ਵੇਲੇ ਸਾਹਮਣੇ ਵਾਲੇ ਕੋਲੋਂ ਭੱਜਦਾ ਹੈ। ਉਹ ਉਹਦੇ ਨਾਲ ਅੱਖ ਵੀ ਨਹੀਂ ਮਿਲਾਉਣਾ ਚਾਹੁੰਦਾ ਤੇ ਸਦਾ ਲਈ ਹਾਰ ਨੂੰ ਆਪਣੀ ਪਿੱਠ ਪਿੱਛੇ ਵੇਖਣਾ ਚਾਹੁੰਦਾ ਹੈ। ਜਪਾਨੀ ਮਨ ਸਾਹਮਣੇ ਖੜ੍ਹਾ ਹੀ ਜੜ੍ਹ ਹੋ ਜਾਂਦਾ ਹੈ। ਭੱਜਦਾ ਵੀ ਨਹੀਂ, ਦੂਰ ਹੋਣ ਦੇ ਉਪਾਅ ਵੀ ਬਹੁਤ ਘੱਟ ਕਰਦਾ ਹੈ। ਉਹ ਹਾਰ ਦਾ ਅੰਤ ਜੇਤੂ ਸਾਹਮਣੇ ਖੜ੍ਹ ਕੇ ਵੇਖਣ ਦੀ ਜੁਅਰੱਤ ਕਰ ਸਕਦਾ ਹੈ। ਉਹ ਕਿਸੇ ਅੰਤਰਮੁਖੀ ਵਿਧਾ ਵਿਚ ਜਿਊਂਦਾ, ਜੂਝਦਾ ਜਾਂ ਖ਼ਤਮ ਹੋ ਜਾਂਦਾ ਹੈ। ਦੂਜੀ ਆਲਮੀ ਜੰਗ ਵਿਚ ਜਪਾਨੀ ਸਿਪਾਹੀਆਂ ਦੇ ਅਜਿਹੇ ਜਜ਼ਬੇ ਨੂੰ ਦੁਸ਼ਮਣ ਨੇ ਸਲਾਮ ਕੀਤਾ ਸੀ। ਇਹ ਉਹੀ ਬੰਦਾ ਹੈ ਜੋ ਹੁਣ ਜਪਾਨ ਵਿਚ ਕੰਮ ਨਾਲ ਯੁੱਧ ਕਰ ਰਿਹਾ ਹੈ। ਪਰ ਪੰਜਾਬ ਇਸ ਵੇਲੇ ਕੀ ਕਰ ਰਿਹਾ ਹੈ? ਉਹ ਨਾ ਇਤਿਹਾਸ ਦਾ ਜੁਝਾਰੂ ਸਿਪਾਹੀ ਦਿਸ ਰਿਹਾ ਹੈ ਤੇ ਨਾ ਹੀ ਸਿਰੜੀ ਕਿਰਤੀ। ਨਾ ਹੀ ਜਪਾਨ ਵਾਂਗ ਇਨ੍ਹਾਂ ਦੋਵਾਂ ਦੀ ਊਰਜਾ ਨੂੰ ਬਦਲਦੇ ਰੂਪ ਵਿਚ ਵਰਤਦਾ ਦਿਸਦਾ ਹੈ। ਅਜਿਹੇ ਵੇਲੇ ਜਪਾਨ ਦੇ ਕੁਝ ਸਾਰਥਕ ਅਨੁਭਵ ਪੰਜਾਬ ਦੇ ਕੰਮ ਆ ਸਕਦੇ ਨੇ। ਸੰਪਰਕ: 89688-34726

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਅਧਿਕਾਰੀਆਂ ਨੇ ਪਾਬੰਦੀਆਂ ਨੂੰ ਕਰੋਨਾ ਦੇ ਫੈਲਾਅ ਨੂੰ ਠੱਲ੍ਹਣ ਲਈ ਕੀਤੇ ...

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਜ਼ਹਿਰੀਲੀ ਸ਼ਰਾਬ ਮੌਤ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ...

ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਕੰਪਨੀ ਬਣਾਇਆ: ਢੀਂਡਸਾ

ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਕੰਪਨੀ ਬਣਾਇਆ: ਢੀਂਡਸਾ

ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਉਣ ਦਾ ਸੱ...

ਸ਼ਹਿਰ

View All