ਘਿੱਕਾਂ ਪਾਸੇ ਵਾਲਾ ਧੰਨਾ ਸਿੰਘ

ਜਿੰਦਰ ਜੂਨ ਮਹੀਨਾ। ਅੰਤਾਂ ਦੀ ਗਰਮੀ। ਉਪਰੋਂ ਬਿਜਲੀ ਗੁੱਲ। ਦਰੱਖਤਾਂ ਦੇ ਪੱਤੇ ਆਪਣੀ-ਆਪਣੀ ਥਾਂ ’ਤੇ ਗਤੀਹੀਣ। ਕਿਤੋਂ-ਕਿਤੋਂ ਕੋਠਿਆਂ ਦੀਆਂ ਛੱਤਾਂ ਤੋਂ ਆਉਂਦੀਆਂ ਆਵਾਜ਼ਾਂ। ਅਸੀਂ ਵੀ ਕੋਠੇ ’ਤੇ ਮੰਜੇ ’ਤੇ ਪਏ ਕਬੀਲਦਾਰੀ ਦੀਆਂ ਗੱਲਾਂ ਕਰ ਰਹੇ ਸੀ। ਸਮਾਂ ਸਾਢੇ ਕੁ ਅੱਠ ਵਜੇ ਦਾ। ਪਿੰਡ ਦੇ ਲਹਿੰਦੇ ਪਾਸਿਓਂ ਰੋਣ ਦੀਆਂ ਆਵਾਜ਼ਾਂ ਆਈਆਂ। ਸਾਰਿਆਂ ਦੇ ਕੰਨ ਉਸ ਪਾਸੇ ਜਾ ਲੱਗੇ। ਦੋ ਕੁ ਮਿੰਟਾਂ ’ਚ ਪਤਾ ਲੱਗਾ ਕਿ ਧੰਨਾ ਸਿੰਘ ਪੂਰਾ ਹੋ ਗਿਆ। ਮੇਰੇ ਬੀਬੀ ਜੀ ਬੋਲੇ, ‘‘ਚੰਗਾ ਬੰਦਾ ਸੀ। ਕਿੰਨੇ ਦਿਨਾਂ ਦਾ ਬਿਮਾਰ ਸੀ। ਅਜੇ ਉਸਦੀ ਜਾਣ ਦੀ ਉਮਰ ਨ੍ਹੀਂ ਸੀ। ਪਰ ਮੌਤ ਅੱਗੇ ਕੀਹਦਾ ਜ਼ੋਰ ਚਲਦਾ। ਵਿਚਾਰੇ ਦਾ ਕੋਈ ਪੁੱਤ ਨ੍ਹੀਂ। ਦੋ ਧੀਆਂ। ਚੱਲੋ ਰੱਬ ਦੀ ਮਰਜ਼ੀ। ਵੱਡਾ ਜੁਆਈ ਪੁੱਤਾਂ ਵਰਗਾ।’’ ਮੇਰੀ ਪਤਨੀ ਨੇ ਅੱਖਾਂ ਭਰਦਿਆਂ ਕਿਹਾ, ‘‘ਤੁਹਾਡਾ ਬਹੁਤ ਮੋਹ ਕਰਦਾ ਸੀ। ਬਾਹਰਲੇ ਦਰਵਾਜ਼ੇ ਕੋਲ ਆ ਕੇ ਆਵਾਜ਼ ਮਾਰਦਾ- ਜਿੰਦਰ ਬਾਬੂ ਘਰੇ ਹੀ ਹੋ?’’ ਤਿੰਨ ਕੁ ਮਹੀਨੇ ਪਹਿਲਾਂ ਦੀ ਗੱਲ ਹੈ। ਮੈਂ ਮਾਸਟਰਾਂ ਦੀ ਮੋਟਰ ਵੱਲ ਜਾ ਰਿਹਾ ਸੀ ਕਿ ਮੈਨੂੰ ਉਹ ਤਾਰੇ ਲੰਬੜ ਦੇ ਛੁਟਾਲੇ ’ਚੋਂ ਕੌੜ ਬੂਟੀ ਪੁੱਟਦਾ ਦਿਸਿਆ। ਮੈਂ ਉਸ ਨੂੰ ਕੌੜ ਬੂਟੀ ਪੁੱਟਦਿਆਂ ਦੇਖ ਕੇ ਹੈਰਾਨ ਹੋਇਆ ਕਿ ਖੇਤ ਕਿਸੇ ਦਾ, ਉਹ ਕਿੱਦਾਂ ਕੌੜ ਬੂਟੀ ਪੁੱਟਣ ਲੱਗ ਪਿਆ। ਮੈਂ ਕੋਲ ਜਾ ਕੇ ਪੁੱਛਿਆ, ‘‘ਕਾਮਰੇਡ, ਆਹ ਕਿੱਦਾਂ ਜੱਗੋਂ ਤੇਰ੍ਹਵੀਂ ਗੱਲ ਕਰਨ ਲੱਗੇ ਹੋ?’’ ਉਸ ਬੂਟੀਆਂ ਪੁੱਟਣੀਆਂ ਜਾਰੀ ਰੱਖੀਆਂ। ਆਪਣੀ ਆਦਤ ਮੂਜਬ ਹੌਲੀ-ਹੌਲੀ ਬੋਲਿਆ, ‘‘ਮੈਂ ਕਿਹਾ ਜਾਂਦੀ ਵਾਰ ਕੋਈ ਭਲੇ ਦਾ ਕੰਮ ਕਰ ਜਾਈਏ।’’ ਮੈਂ ਉਸ ਕੋਲੋਂ ਇਸ ਬਾਰੇ ਕੁਝ ਨਾ ਪੁੱਛਿਆ। ਮੈਂ ਅਗਾਂਹ ਚਲਾ ਗਿਆ। ਵਾਪਸੀ ਵੇਲੇ ਕਾਮਰੇਡ ਚਲਾ ਗਿਆ ਸੀ। ਪਰ ਉਸ ਦੀ ਗੱਲ ਨੇ ਮੈਨੂੰ ਸੋਚਣ ਲਾ ਦਿੱਤਾ ਕਿ ਕੀ ਉਸ ਨੇ ਆਪਣੀ ਜ਼ਿੰਦਗੀ ’ਚ ਕੋਈ ਐਡਾ ਵੱਡਾ ਪਾਪ ਕੀਤਾ ਹੈ ਜਿਸ ਦਾ ਭਾਰ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਹੈ? ਇਕ ਵਾਰ ਤਾਂ ਮੇਰੇ ਮਨ ’ਚ ਆਇਆ ਕਿ ਉਸ ਨੂੰ ਇਸ ਬਾਰੇ ਪੁੱਛਾਂ। ਉਹ ਮੇਰੀ ਗੱਲ ਨੂੰ ਟਾਲਦਾ ਨਹੀਂ ਹੁੰਦਾ- ਇਸ ਗੱਲ ਦਾ ਮੈਨੂੰ ਪਤਾ ਸੀ। ਪਰ ਅੱਜ, ਕੱਲ੍ਹ ਕਰਦਿਆਂ ਹੀ ਸਮਾਂ ਬੀਤ ਗਿਆ। ਮੈਂ ਇੰਨਾ ਰੁੱਝਿਆ ਰਿਹਾ ਕਿ ਮੈਨੂੰ ਆਪਣੇ ਆਪ ਦੀ ਕੋਈ ਬਹੁਤੀ ਸੁਰਤ ਨਾ ਰਹੀ। ਬਚਪਨ ’ਚ ਮੈਂ ਉਹਨੂੰ ਅੰਤਾਂ ਦੀ ਨਫ਼ਰਤ ਕਰਦਾ ਸੀ। ਜੁਆਨੀ ’ਚ ਪੈਰ ਧਰਦਿਆਂ ਹੀ ਉਹ ਮੇਰਾ ਆਦਰਸ਼ ਬਣ ਗਿਆ। ਉਸ ਦੀ ਦਿੱਤੀ ਸਲਾਹ ਮੇਰਾ ਮਾਰਗ-ਦਰਸ਼ਨ ਕਰਦੀ। ਮੈਨੂੰ ਕੋਈ ਔਕੜ ਆਉਂਦੀ ਤਾਂ ਉਸ ਨਾਲ ਚਰਚਾ ਕਰਦਾ। ਮੁੱਢਲੀ ਨਫ਼ਰਤ ਉਨ੍ਹਾਂ ਦੇ ਖੂਹ ’ਤੇ ਉੱਗੀ ਜਾਮਣ ਸੀ। ਜਾਮਣ ’ਤੇ ਫ਼ਲ ਲੱਗਦਾ ਤਾਂ ਹੋਰ ਮੁੰਡਿਆਂ ਨਾਲ ਮੈਂ ਵੀ ਜਾਮਣਾਂ ਖਾਣ ਜਾਂਦਾ। ਉਹ ਮੈਨੂੰ ਨਾ ਜਾਮਣ ’ਤੇ ਚੜ੍ਹਣ ਦਿੰਦਾ। ਨਾ ਹੀ ਹੇਠੋਂ ਜਾਮਣਾਂ ਚੁਗਣ ਦਿੰਦਾ। ਉਦੋਂ ਉਨ੍ਹਾਂ ਦੇ ਖੂਹ ’ਤੇ ਕੱਚਾ ਕੋਠਾ ਹੁੰਦਾ ਸੀ। ਜਾਮਣ ਨੇੜੇ ਖੂਹ ਸੀ। ਮੈਂ ਜਾਮਣ ਲਾਹੁਣ ਲਈ ਰੋੜਾ ਜਾਂ ਸੋਟੀ ਮਾਰਦਾ ਤਾਂ ਮੈਨੂੰ ਪਤਾ ਨਾ ਲੱਗਦਾ ਕਿ ਉਹ ਕਿੱਥੋਂ ਨਿਕਲ ਆਉਂਦਾ। ਉਹ ਅਲੀ-ਅਲੀ ਕਰਦਾ ਦੌੜਾ ਆਉਂਦਾ। ਬਹੁਤ ਗੰਦੀਆਂ ਗਾਲ੍ਹਾਂ ਵੀ ਕੱਢਦਾ। ਏਦਾਂ ਹੀ ਇਕ ਵਾਰ ਮੈਂ ਉਨ੍ਹਾਂ ਦੇ ਛੱਪੜ ’ਚੋਂ ਦਿੱਬ ਵੱਢ ਲਿਆਇਆ। ਭਰੀ ਚੁੱਕੀ ਪੱਕੀ ਸੜਕ ’ਤੇ ਆਇਆ ਤਾਂ ਉਸ ਅੱਗਿਉਂ ਆ ਕੇ ਭਰੀ ਫੜ ਲਈ। ਗੁੱਸੇ ਨਾਲ ਬੋਲਿਆ, ‘‘ਜੇ ਭਲੀ ਚਾਹੁੰਨਾਂ ਤਾਂ ਜਿੱਥੋਂ ਵੱਢ ਕੇ ਲਿਆਇਆਂ, ਉੱਥੇ ਸੁੱਟ ਆ। ਨ੍ਹੀਂ ਤਾਂ ਸੋਟੀਆਂ ਮਾਰ-ਮਾਰ ਕੇ ਤੇਰਾ ਬੁਰਾ ਹਾਲ ਕਰ ਦਊਂ। ਤੁਸੀਂ ਸਾਰਿਆਂ ਨੇ ਪਿਉ ਵਾਲਾ ਛੱਪੜ ਸਮਝ ਲਿਆ।’’ ਮੈਂ ਕਿਹਾ, ‘‘ਕਾਕੂ ਵੀ ਲਿਆਇਆ।’’ ਉਹ ਹੋਰ ਔਖਾ ਹੋ ਕੇ ਬੋਲਿਆ, ‘‘ਉਹ ਤਾਂ ਸਾਡਾ ਆਪਣਾ ਮੁੰਡਾ। ਤੂੰ ਸਾਲਾ ਲੱਗਦਾਂ।’’ ਕੁਝ ਚਿਰ ਪਿੱਛੋਂ ਅਸੀਂ ਘਰ ਢਾਹ ਕੇ ਪੱਕਾ ਬਣਾਉਣ ਲੱਗੇ ਤਾਂ ਮੇਰੇ ਮਾਮਾ ਜੀ ਨੇ ਅਰੋੜਿਆਂ ਵਾਲੇ ਪਾਸਿਉਂ ਅੱਧਾ ਕੁ ਮਰਲਾ ਥਾਂ ਨਾਲ ਰਲਾ ਲਿਆ। ਅਰੋੜਿਆਂ ਨੇ ਪੰਚਾਇਤ ਕੀਤੀ। ਉਹ ਪਾਕਿਸਤਾਨੋਂ ਉੱਜੜ ਕੇ ਆਏ ਸਨ। ਉਨ੍ਹਾਂ ਇਸ ਥਾਂ ’ਤੇ ਕਬਜ਼ਾ ਕੀਤਾ ਹੋਇਆ ਸੀ, ਪਰ ਇਹ ਥਾਂ ਉਨ੍ਹਾਂ ਦੇ ਨਾਂ ਨਹੀਂ ਬੋਲਦਾ ਸੀ। ਸਰਪੰਚ ਪ੍ਰੀਤਮ ਸਿੰਘ ਸਾਡੇ ਪੱਖ ਦੀ ਗੱਲ ਕਰਦਾ ਰਿਹਾ, ਪਰ ਧੰਨਾ ਸਿੰਘ ਨੇ ਕਿਸੇ ਦੀ ਪੇਸ਼ ਨਾ ਜਾਣ ਦਿੱਤੀ। ਆਖ਼ਰ ਇਸ ਗੱਲ ’ਤੇ ਸਮਝੌਤਾ ਹੋਇਆ ਕਿ ਅਸੀਂ ਅਰੋੜਿਆਂ ਨੂੰ ਸੌ ਰੁਪਏ ਦਈਏ। ਫੇਰ ਸਾਡੇ ਲਈ ਉਹ ਸੇਹ ਦਾ ਤਕਲਾ ਬਣ ਗਿਆ। ਜਿਸ ਰਾਹੇ ਉਹ ਜਾਂਦਾ ਦਿਸ ਪੈਂਦਾ, ਮੈਂ ਉਸ ਰਾਹੇ ਨਾ ਜਾਂਦਾ। ਮੇਰੇ ਬੀਬੀ ਜੀ ਉਹਨੂੰ ਅੱਜੀਂ-ਪੱਜੀਂ ਗਾਲ੍ਹਾਂ ਕੱਢਦੇ, ਪਰ ਉਹ ਬੀਬੀ ਜੀ ਨੂੰ ਭਾਬੀ ਬਿਨਾਂ ਨਾ ਬੋਲਦਾ। ਪੂਰਾ ਸਤਿਕਾਰ ਦਿੰਦਾ। ਪਿੰਡ ’ਚ ਨੌਜਵਾਨ ਸਭਾ ਬਣੀ। ਪੰਚਾਇਤ ਘਰ ’ਚ ਨੌਜੁਆਨ ਸਭਾ ਨੇ ਲਾਇਬਰੇਰੀ ਬਣਾਈ। ਸਕੂਲ ਲਾਗੇ ਪਏ ਥਾਂ ਨੂੰ ਕੁਰਾਹ ਕੇ ਗਰਾਊਂਡ ਬਣਾਈ ਤਾਂ ਉਹ ਸਾਡਾ ਆਗੂ ਬਣ ਗਿਆ। ਹਰ ਕੰਮ ’ਚ ਮੋਹਰੀ। ਹਰ ਕਿਸੇ ਨਾਲ ਆਢਾ ਲੈਣ ਵਾਲਾ। ਬਿਨਾਂ ਕਿਸੇ ਡਰ ਦੇ ਆਪਣੇ ਵਿਚਾਰ ਰੱਖਦਾ। ਪੂਰੇ ਗੜਕੇ ਨਾਲ ਕਹਿੰਦਾ, ‘‘ਜਿਸ ਕੰਮ ’ਤੇ ਡਟ ਜਾਈਏ, ਪਿਛਾਂਹ ਨ੍ਹੀਂ ਹਟੀਦਾ। ਜਿਹੜਾ ਕੰਮ ਤੁਸੀਂ ਸ਼ੁਰੂ ਕੀਤਾ ਇਨ੍ਹਾਂ ਲੋਕਾਂ ਲਈ ਐਬੀਂ ਕੈਂਬੀਂ ਆ। ਇਨ੍ਹਾਂ ਨੂੰ ਸਮਝਾਉਣ ਦੀ ਲੋੜ ਆ ਕਿ ਜੇ ਗਰਾਊਂਡ ਬਣ ਜਾਊ ਤਾਂ ਪਿੰਡ ਦੇ ਮੁੰਡੇ ਹਾਕੀ ਖੇਡਣਗੇ। ਕਬੱਡੀ ਖੇਡਣਗੇ। ਸਾਲਾਨਾ ਛਿੰਝ ਇੱਥੇ ਕਰਵਾਈ ਜਾ ਸਕਦੀ ਆ। ਇੰਨੀ ਥਾਂ ਪਈ ਆ ਜੇ ਨਾ ਵਰਤਾਂਗੇ ਤਾਂ ਜਨਾਨੀਆਂ ਨੇ ਚੁੱਲੇ ਚੌਕਿਆਂ ਲਈ ਮਿੱਟੀ ਲੁਹਾਡਿਆਂ ’ਚ ਪਾ-ਪਾ ਕੇ ਲੈ ਜਾਣੀ। ... ਦੋਸ਼ ਇਨ੍ਹਾਂ ਦਾ ਵੀ ਨ੍ਹੀਂ। ਇਕ ਤਾਂ ਅਨਪੜ੍ਹਤਾ... ਦੂਜੀ ਫੋਕੀ ਹੈਂਕੜ। ਸਾਡੇ ਕਾਮਰੇਡ ਲੱਖ ਵਾਰੀ ਜਵਾਹਰ ਲਾਲ ਨਹਿਰੂ ਨੂੰ ਨਿੰਦੀ ਜਾਣ, ਪਰ ਦੇਸ਼ ਆਜ਼ਾਦ ਹੋਣ ਪਿੱਛੋਂ ਨਹਿਰੂ ਨੇ ਐਜੂਕੇਸ਼ਨ ’ਤੇ ਬਹੁਤਾ ਜ਼ੋਰ ਦਿੱਤਾ। ... ਜੇ ਆਪਣੇ ਪਿੰਡ ਦੇ ਮੁੰਡੇ ਪੜ੍ਹਨ-ਲਿਖਣ ਜਾਣਗੇ ਤਾਂ ਪਿੰਡ ਦਾ ਨਕਸ਼ਾ ਹੀ ਬਦਲ ਜਾਊ।’’ ਮੈਂ 1982 ’ਚ ਪੰਚਾਇਤ ਮੈਂਬਰ ਚੁਣਿਆ ਗਿਆ। ਉਸ ਨੇ ਡਟ ਕੇ ਮੇਰੇ ਪੱਖ ’ਚ ਵੋਟਾਂ ਪਾਈਆਂ। ਮੈਂ ਪਿੰਡ ਦੀਆਂ ਗਲੀਆਂ ਦੇ ਮੋੜਾਂ ’ਤੇ ਬਲਬ ਲਾਉਣ ਦੀ ਯੋਜਨਾ ਬਣਾਈ ਤਾਂ ਅੱਧੇ ਮੈਂਬਰਾਂ ਨੇ ਵਿਰੋਧ ਕੀਤਾ। ਮੈਂ ਉਸ ਕੋਲੋਂ ਸਲਾਹ ਪੁੱਛੀ ਤਾਂ ਉਹ ਸਮਝਾਉਣ ਲੱਗਾ, ‘‘ਇਹ ਅਨਪੜ੍ਹ ਲਾਣਾ ਕਿੱਥੋਂ ਤੈਨੂੰ ਝੱਲੂ। ਕਹਿਣਗੇ ਕੱਲ੍ਹ ਦਾ ਛੋਕਰਾ ਸਾਥੋਂ ਉੱਤੇ ਹੋ ਗਿਆ। ਤੂੰ ਕੋਈ ਨਵਾਂ ਕੰਮ ਸ਼ੁਰੂ ਕਰੇਂ ਤਾਂ ਮੈਨੂੰ ਖ਼ੁਸ਼ੀ ਹੋਊਗੀ, ਪਰ ਇਨ੍ਹਾਂ ਦੇ ਮੱਥਿਆਂ ’ਤੇ ਸੌ ਵੱਟ ਪੈਣਗੇ। ਮੇਰਾ ਖਿਆਲ ਨ੍ਹੀਂ ਕਿ ਤੇਰੀ ਕੋਈ ਯੋਜਨਾ ਸਿਰੇ ਚੜ੍ਹਣ ਦੇਣ। ਪਹਿਲਾਂ ਚਾਰ ਕੁ ਮੈਂਬਰਾਂ ਨੂੰ ਆਪਣੇ ਹੱਥ ’ਚ ਕਰ ਲੈ। ਫੇਰ ਸਮਝ ਲਈਂ ਮੋਰਚਾ ਫਤਹਿ।’’ ਉਹ ਆਪ ਕਈ ਵਾਰ ਪੰਚਾਇਤ ਮੈਂਬਰ ਰਿਹਾ। ਜਦੋਂ ਪੰਚਾਇਤ ਮੈਂਬਰ ਨਹੀਂ ਵੀ ਸੀ, ਉਦੋਂ ਵੀ ਪੰਚਾਇਤੀ ਫ਼ੈਸਲਿਆਂ ’ਚ ਆਪਣੀ ਗੱਲ ਮੰਨਵਾ ਲੈਂਦਾ ਸੀ। ਜ਼ੋਰ ਨਾਲ। ਹਲੀਮੀ ਨਾਲ। ਤਰਕ ਨਾਲ ਵੀ। ਉਸ ਦਸ ਜਮਾਤਾਂ ਪਾਸ ਕੀਤੀਆਂ। ਕੁਝ ਚਿਰ ਲਾਹੌਰ ਕਲਰਕ ਲੱਗਾ। ਫੇਰ ਉਹ ਪੈਸੇ ਕਮਾਉਣ ਲਈ ਮਲਾਇਆ ਗਿਆ। ਵੱਡੇ ਭਰਾ ਦੀ ਅਚਨਚੇਤ ਮੌਤ ਕਰਕੇ ਉਹਨੂੰ ਵਾਪਸ ਆਉਣਾ ਪਿਆ। ਆਪਣੇ ਭਤੀਜੇ ਮੀਤ ਨੂੰ ਨਾਲ ਲੈ ਕੇ ਕਈ ਸਾਲ ਖੇਤੀ ਕੀਤੀ। ਫੇਰ ਆਪਣੇ ਹਿੱਸੇ ਦੀ ਜ਼ਮੀਨ ਠੇਕੇ ’ਤੇ ਦੇ ਦਿੱਤੀ। ਉਹਨੂੰ ਦਮੇ ਦੀ ਸ਼ਿਕਾਇਤ ਸੀ। ਅੱਖ ਬਚਾ ਕੇ ਸਿਗਰਟ ਵੀ ਪੀ ਲੈਂਦਾ ਸੀ। ਨੇੜੇ ਪੈਂਦੇ ਸ਼ਹਿਰ ਨਕੋਦਰ ਨੂੰ ਸਾਈਕਲ ’ਤੇ ਜਾਂਦਾ। ਸੱਜੇ ਪਾਸੇ ਦੇ ਹੈਂਡਲ ਨਾਲ ਝੋਲਾ ਟੰਗਿਆ ਹੁੰਦਾ ਜਿਸ ’ਚ ਅਕਸਰ ਦਵਾਈਆਂ ਹੁੰਦੀਆਂ। ਉਹ ਸਾਈਕਲ ਦੀ ਕਾਠੀ ’ਤੇ ਸਰੀਰ ਅਕੜਾ ਕੇ ਬੈਠਦਾ। ਕਈ ਕਹਿੰਦੇ- ਕੋੜਕਿਰਲੇ ਵਾਂਗੂੰ ਆਕੜ ਕੇ ਬੈਠਦਾ। ਇਹ ਉਸ ਦਾ ਸੁਭਾਅ ਸੀ। ਜੂੰ ਦੀ ਰਫ਼ਤਾਰ ਨਾਲ ਸਾਈਕਲ ਚਲਾਉਂਦਾ। ਜੇ ਸਾਈਕਲ ਚਲਾਉਂਦੇ ਨੂੰ ਕੋਈ ਗੱਲੀਂ ਲਾ ਲੈਂਦਾ ਤਾਂ ਰਫ਼ਤਾਰ ਹੋਰ ਘਟਾ ਦਿੰਦਾ। ਪੈਦਲ ਜਾਣ ਵਾਲੇ ਉਸ ਤੋਂ ਅੱਗੇ ਨਿਕਲ ਜਾਂਦੇ। ਉਹ ਤਾਸ਼ ਖੇਡਣ ਦਾ ਸ਼ੌਕੀਨ ਸੀ। ਸਾਰਾ ਦਿਨ ਭੁੱਖਾ-ਭਾਣਾ ਤਾਸ਼ ਖੇਡਦਾ। ਤਾਸ਼ ਵੀ ਖੇਡੀ ਜਾਂਦਾ, ਨਾਲ ਗੱਲਾਂ ਦੀ ਲੜੀ ਵੀ ਟੁੱਟਣ ਨਾ ਦਿੰਦਾ। 1978 ’ਚ ਜਦੋਂ ਮੇਰਾ ਐਕਸੀਡੈਂਟ ਹੋਇਆ ਤਾਂ ਮੈਂ ਕਈ ਸਾਲ ਵਿਹਲਾ ਰਿਹਾ। ਉਹ ਮੈਨੂੰ ਤਾਸ਼ ਖੇਡਣ ਲਈ ਆਵਾਜ਼ ਮਾਰ ਲੈਂਦਾ। ਮੈਂ ਤਾਸ਼ ਦੇ ਪੱਤੇ ਫੜ ਤਾਂ ਸਕਦਾ ਸੀ, ਪਰ ਮੈਥੋਂ ਵੰਡੇ ਨਹੀਂ ਜਾਂਦੇ ਸਨ। ਉਹ ਮੇਰੀ ਥਾਂ ’ਤੇ ਪੱਤੇ ਵੰਡਦਾ। ਜੇ ਖੇਡਣ ਵਾਲੇ ਮੈਨੂੰ ਨਾ ਲੈਂਦੇ ਤਾਂ ਉਹ ਮੈਨੂੰ ਆਪਣੇ ਸਾਹਮਣੇ ਬੈਠਾ ਲੈਂਦਾ, ‘‘ਦੱਸੋ ਇਹ ਕਿਹੜਾ ਪਹਾੜ ਢਾਹੁਣਾ। ਪੱਤੇ ਹੀ ਵੰਡਣੇ। ਮੈਂ ਵੰਡੂੰਗਾ। ਸ਼ੁਰੂ ਤਾਂ ਇਸ ਪਾਸੇ ਹੋਊ। ਸਾਨੂੰ ਫੇਰ ਹਰਾ ਕੇ ਦਿਖਾਓ।’’ ਉਸ ਦੇ ਅਕਸਰ ਪੈਂਟ ਤੇ ਕਮੀਜ਼ ਪਾਈ ਹੁੰਦੀ। ਮੂੰਹ ’ਤੇ ਭਰਵੀਂ ਦਾਹੜੀ ਨਹੀਂ ਸੀ। ਉਹ ਬੁੱਤਾ ਸਾਰ ਪੱਗ ਬੰਨਦਾ। ਵਾਲਾਂ ਦੀਆਂ ਲਟਾਂ ਬਾਹਰ ਨਿਕਲੀਆਂ ਰਹਿੰਦੀਆਂ। ਉਸ ਨੂੰ ਇਨ੍ਹਾਂ ਗੱਲਾਂ ਦੀ ਬਹੁਤੀ ਪਰਵਾਹ ਨਹੀਂ ਸੀ। ਦੋਵੇਂ ਕੁੜੀਆਂ ਦੇ ਵਿਆਹ ਮਗਰੋਂ ਉਹ ਆਪਣੇ ਆਪ ਨੂੰ ਇਕੱਲਾ ਸਮਝਣ ਲੱਗਿਆ। ਪੁਰਾਣੇ ਘਰ ਦੀ ਥਾਂ ਨਵੇਂ ਪੱਕੇ ਘਰ ’ਚ ਉਹ ਬਹੁਤ ਚਿਰ ਪਹਿਲਾਂ ਹੀ ਸ਼ਿਫਟ ਕਰ ਗਿਆ ਸੀ। ਵੱਡਾ ਜੁਆਈ ਟੈਲੀਫੋਨ ਮਹਿਕਮੇ ’ਚ ਲੱਗਾ ਸੀ। ਉਨ੍ਹਾਂ ਦੀ ਦੇਖ-ਭਾਲ ਕਰਦਾ। ਫੇਰ ਵੀ ਉਹ ਉਦਾਸ ਰਹਿੰਦਾ ਸੀ। ਸ਼ਾਇਦ ਤੇਜ਼ੀ ਨਾਲ ਬਦਲ ਰਹੇ ਸਮਾਜ ਕਰਕੇ। ਮੇਰਾ ਨਵਾਂ-ਨਵਾਂ ਵਿਆਹ ਹੋਇਆ ਤਾਂ ਉਹ, ਜਦੋਂ ਮੈਂ ਜਲੰਧਰੋਂ ਆਉਂਦਾ, ਰਾਤ ਨੂੰ ਆਉਂਦਾ। ਦਰਵਾਜ਼ਾ ਖੜਕਾਉਂਦਾ ਤੇ ਪੁੱਛਦਾ, ‘‘ਜਿੰਦਰ ਬਾਬੂ ਘਰੇ ਹੋ?’’ ਪਤਨੀ ਕਹਿੰਦੀ, ‘‘ਤੁਹਾਡਾ ਗੁਰੂ ਆ ਗਿਆ। ਹੁਣ ਘੰਟੇ ਤੋਂ ਪਹਿਲਾਂ ਨ੍ਹੀਂ ਜਾਂਦਾ।’’ ਉਸ ਨੂੰ ਹਮੇਸ਼ਾ ਹੀ ਕੁਝ ਨਾ ਕੁਝ ਨਵਾਂ ਪੜ੍ਹਨ ਦੀ ਭੁੱਖ ਰਹਿੰਦੀ। ਮੇਰੇ ਕੋਲ ਕਈ ਸਾਹਿਤਕ ਮੈਗਜ਼ੀਨ ਆਉਂਦੇ ਸਨ। ਬਲਿਟਜ਼, ਇਲਸਟ੍ਰੇਟਿਡ ਵੀਕਲੀ ਤੇ ਧਰਮਯੁੱਗ ਮੈਂ ਗਗਨ ਬੁੱਕ ਨਕੋਦਰ ਤੋਂ ਖਰੀਦਦਾ ਸੀ। ਪੜ੍ਹ ਕੇ ਜਾਂ ਪੜ੍ਹਣ ਤੋਂ ਪਹਿਲਾਂ ਹੀ ਉਹ ਲੈ ਜਾਂਦਾ। ਪੁਰਾਣੇ ਅੰਕ ਮੋੜ ਜਾਂਦਾ। ਨਵੇਂ ਲੈ ਜਾਂਦਾ। ਇਕ ਵਾਰ ਕੋਈ ਗੱਲ ਛੇੜ ਲੈਂਦਾ ਤਾਂ ਅੱਗੋਂ ਮੈਂ ਹੁੰਗਾਰਾ ਭਰਾਂ ਜਾਂ ਨਾ, ਉਸ ਆਪਣੀ ਗੱਲ ਕਹਿ ਕੇ ਉੱਠਣਾ ਹੁੰਦਾ ਸੀ। ਚੀਨ, ਵੀਅਤਨਾਮ, ਕੰਬੋਡੀਆ, ਜਰਮਨੀ... ਇੰਨਾ ਗਿਆਨ। ਹਰੇਕ ਗੱਲ ਤਰਕ ਸਹਿਤ। ਇਕ ਦਿਨ ਮੈਂ ਹਵੇਲੀ ਬੈਠਾ ਪਰੂਫ਼ ਪੜ੍ਹ ਰਿਹਾ ਸੀ। ਐਤਵਾਰ ਦਾ ਦਿਨ ਸੀ। ਮੈਂ ਪੰਜ ਫਰਮੇ ਮੁਕਾਉਣੇ ਸੀ। ਅਜੇ ਦੂਜਾ ਸ਼ੁਰੂ ਹੀ ਕੀਤਾ ਸੀ ਕਿ ਦਰਵਾਜ਼ਾ ਖੁੱਲ੍ਹਾ ਦੇਖ ਕੇ ਉਹ ਅੰਦਰ ਲੰਘ ਆਇਆ। ਮੈਂ ਚਾਹ ਦਾ ਪੁੱਛਿਆ ਤਾਂ ਉਸ ਨਾਂਹ ਕਰ ਦਿੱਤੀ। ਮੈਂ ਪਰੂਫ਼ ਪੜ੍ਹੀ ਗਿਆ ਤੇ ਉਹ ਆਪਣਾ ਗਿਆਨ-ਗੋਸ਼ਠ ਕਰੀ ਗਿਆ। ਮੈਨੂੰ ਪਤਾ ਹੀ ਨਾ ਲੱਗਾ ਕਿ ਮੈਂ ਪੰਜੇ ਫਰਮੇ ਕਦੋਂ ਪੜ੍ਹ ਲਏ, ਪਰ ਉਹਦੀ ਗੱਲ ਜਾਰੀ ਰਹੀ। ਸ਼ਾਮ ਨੂੰ ਮੱਝ ਚੋਣ ਆਈ ਪਤਨੀ ਨੇ ਕਿਹਾ, ‘‘ਮੈਨੂੰ ਵਿਨੋਦ ਨੇ ਦੱਸਿਆ ਸੀ ਕਿ ਵੀਰ ਜੀ ਆਏ ਹੋਏ ਨੇ। ਮੈਨੂੰ ਕਮਲੀ ਨੂੰ ਚਾਹ ਬਣਾਉਣ ਦਾ ਚੇਤਾ ਭੁੱਲ ਗਿਆ। ਸੌਰੀ ਭਾਜੀ- ਪਹਿਲਾਂ ਦੱਸੋ ਪਾਣੀ ਤਾਂ ਨ੍ਹੀਂ ਪੀਣਾ?’’ ਮੈਂ ਕਿਹਾ, ‘‘ਇਕ ਨ੍ਹੀਂ, ਕਾਮਰੇਡ ਹੋਰਾਂ ਲਈ ਦੋ ਗਲਾਸ ਪਾਣੀ ਦੇ ਲਿਆਈਂ। ਅੱਜ ਤਾਂ ਪੰਜ ਘੰਟੇ ਲਗਾਤਾਰ ਬੋਲਣਾ ਪਿਆ।’’ ਉਹ ਬੋਲਿਆ, ‘‘ਕੁੜੇ ਚਾਹ ਦੀ ਕੋਈ ਲੋੜ ਨ੍ਹੀਂ। ਕੋਈ ਨਵਾਂ ਰਸਾਲਾ ਆਇਆ ਤਾਂ ਘਰੋਂ ਚੁੱਕ ਲਿਆਈਂ।’’ ਮੈਂ ਪਿੰਡ ਦੇ ਲੋਕਾਂ ਬਾਰੇ ਸੋਚਦਾ ਤਾਂ ਮੈਨੂੰ ਉਹ ਸਾਰਿਆਂ ਨਾਲੋਂ ਸਿਆਣਾ ਲੱਗਦਾ। ਉਸ ਦਾ ਹਮੇਸ਼ਾ ਹੀ ਪਿੰਡ ’ਚ ਵਿਰੋਧ ਹੁੰਦਾ। ਜਦੋਂ ਉਸ ਪਿੰਡ ’ਚ ਪਹਿਲੀ ਵਾਰ ਖਾਦ ਪਾਈ ਤਾਂ ਲੋਕਾਂ ਨੇ ਕਿਹਾ, ‘‘ਦੇਖੋ ਧੰਨਾ ਸਿੰੰਘ ਕਿੰਨਾ ਕਮਲਾ। ਅੰਗਰੇਜ਼ੀ ਖਾਦ। ਇਸ ਖਾਦ ਨੇ ਇਨ੍ਹਾਂ ਦੇ ਖੇਤਾਂ ’ਚ ਕੱਲਰ ਪਾ ਦੇਣਾ।’’ ਉਸ ਇਕ ਤੋਂ ਬਾਅਦ ਇਕ ਬੰਦੇ ਨੂੰ ਸਮਝਾਇਆ, ‘‘ਥੋੜ੍ਹਾ ਕੁ ਚਿਰ ਠਹਿਰ ਜਾਓ। ਲੋਕਾਂ ਨੇ ਰੂੜੀਆਂ ਪਾਉਣੋਂ ਹਟ ਜਾਣਾ। ਇਸ ਬਿਨਾਂ ਇਨ੍ਹਾਂ ਦਾ ਗੁਜ਼ਾਰਾ ਨ੍ਹੀਂ ਹੋਣਾ।’’ ਛੇਤੀ ਹੀ ਉਸ ਦੀ ਗੱਲ ਸੱਚੀ ਨਿਕਲੀ। ਮੇਰੇ ਧੁਰ ਅੰਦਰੋਂ ਆਵਾਜ਼ ਨਿਕਲਦੀ, ‘‘ਕਾਮਰੇਡ ਆਪਣੇ ਸਮੇਂ ਤੋਂ ਚਾਲੀ ਸਾਲ ਪਹਿਲਾਂ ਜੰਮ ਪਿਆ। ਉਸ ਦੀ ਸੋਚ ਦਾ ਇੱਥੇ ਕੋਈ ਬੰਦਾ ਨ੍ਹੀਂ ਹੈਗਾ।’’ ਮੈਂ ਇਹੀ ਗੱਲ ਉਸ ਨਾਲ ਸਾਂਝੀ ਕੀਤੀ ਤਾਂ ਉਸ ਦਾ ਕਹਿਣਾ ਸੀ, ‘‘ਹਰੇਕ ਸਮੇਂ ਕੋਈ ਨਾ ਕੋਈ ਸਿਆਣਾ ਹੁੰਦਾ ਹੀ ਆ। ਬਸ ਉਸ ਦੀ ਪਹਿਚਾਣ ਕਰਨ ਦੀ ਲੋੜ ਹੁੰਦੀ ਆ। ਲੈ ਮੈਂ ਕਿੱਥੋਂ ਸਿਆਣਾ ਆਂ! ਮੈਂ ਤਾਂ ਸੌ ਕਮਲਿਆਂ ਦਾ ਕਮਲਾ ਆਂ।’’ ਕਿਸੇ ਵੀ ਵਿਸ਼ੇ ਬਾਰੇ ਗੱਲਬਾਤ ਕਰਦਿਆਂ ਨਾ ਤਾਂ ਉਹ ਉਲਾਰ ਹੁੰਦਾ। ਨਾ ਹੀ ਆਪਣੀ ਗੱਲ ਮੰਨਣ ਲਈ ਜ਼ਿੱਦ ਕਰਦਾ ਜਾਂ ਜ਼ੋਰ ਲਾਉਂਦਾ। ਡਾ. ਦਵਿੰਦਰ ਕੁਮਾਰ ਪਹਿਲਾਂ ਕਾਮਰੇਡਾਂ ਦਾ ਸੰਗ ਕਰਦਾ ਸੀ। ਫੇਰ ਉਹ ਡੀ.ਐੱਸ. ਫੋਰ ਦਾ ਬੁਲਾਰਾ ਬਣ ਗਿਆ। ਜਿੱਥੇ ਵੀ ਬੈਠਦਾ ਜਾਂ ਜਾਂਦਾ, ਕਾਂਸੀ ਰਾਮ ਦੀ ਗੱਲ ਕਰਦਾ। ਉਹ ਇਸ ਗੱਲੋਂ ਥੋੜ੍ਹਾ ਕੁ ਔਖਾ ਸੀ ਕਿ ਦਵਿੰਦਰ ਕੁਮਾਰ ਨੇ ਆਪਣਾ ਰਾਜਨੀਤਕ ਟ੍ਰੈਕ ਬਦਲ ਲਿਆ ਸੀ, ਪਰ ਅੰਦਰੋਂ ਉਨਾ ਹੀ ਸੰਤੁਸ਼ਟ ਵੀ ਸੀ। ਇਸ ਬਾਰੇ ਗੱਲ ਤੁਰੀ ਤਾਂ ਉਸ ਦੱਸਿਆ, ‘‘ਆਉਣ ਵਾਲਾ ਸਮਾਂ ਇਨ੍ਹਾਂ ਲੋਕਾਂ ਦਾ ਹੀ ਹੋਵੇਗਾ। ਇਸ ਦਾ ਵੱਡਾ ਕਾਰਨ ਇਹੀ ਆ ਕਿ ਬ੍ਰਾਹਮਣਵਾਦ ਤੇ ਜੱਟਾਂ ਨੇ ਹਜ਼ਾਰਾਂ ਸਾਲ ਇਨ੍ਹਾਂ ਨੂੰ ਦਬਾ ਕੇ ਰੱਖਿਆ। ਜਿਨ੍ਹਾਂ ਕੌਮਾਂ ਨੂੰ ਦਬਾ ਕੇ ਰੱਖਿਆ ਜਾਂਦਾ, ਉਹ ਕਦੇ ਨਾ ਕਦੇ ਵਿਸਫੋਟ ਕਰਦੀਆਂ ਹੁੰਦੀਆਂ। ਜਿੱਦਾਂ ਇਹ ਅੰਬੇਡਕਰ ਦੀ ਪੂਜਾ ਕਰਦੇ ਆ, ਕਿਸੇ ਦਿਨ ਐਦਾਂ ਹੀ ਕਾਂਸੀ ਰਾਮ ਦੀ ਕਰਿਆ ਕਰਨਗੇ। ਸੁੱਤੀ ਪਈ ਕੌਮ ਨੂੰ ਕਾਂਸੀ ਰਾਮ ਨੇ ਜਗਾਇਆ। ਯੂਪੀ ਵੱਲ ਇਨ੍ਹਾਂ ਦਾ ਜ਼ੋਰ ਵਧ ਰਿਹਾ। ਜੇ ਸਰਕਾਰ ਵੀ ਬਣਾ ਜਾਣ ਤਾਂ ਕੋਈ ਅਚੰਭਾ ਨ੍ਹੀਂ ਹੋਣਾ।’’ ਮੈਂ ਉਹਨੂੰ ਪੁੱਛਿਆ, ‘‘ਤੁਸੀਂ ਵੀ ਕਦੇ ਜਾਤ-ਪਾਤ ਦੇ ਚੱਕਰਾਂ ’ਚ ਫਸੇ ਸੀ?’’ ਉਸ ਨੇ ਦੱਸਿਆ, ‘‘ਮੈਂ ਵੀ ਇਸੇ ਸਮਾਜ ਦਾ ਬੰਦਾ ਆਂ। ਕੁਸ਼ ਅਸਰ ਤਾਂ ਹੋਣਾ ਸੀ। ਮੈਂ ਮਾਰਕਸਵਾਦ ਪੜ੍ਹਿਆ। ਚੰਗੇ ਲੋਕਾਂ ’ਚ ਵਿਚਰਿਆ। ਮੇਰੇ ਵਿਚਾਰ ਬਦਲ ਗਏ। ਕਿਸੇ ਵੀ ਤਰ੍ਹਾਂ ਦਾ ਕੱਟੜਪੁਣਾ ਚੰਗਾ ਨ੍ਹੀਂ ਹੁੰਦਾ।’’ ਮੈਨੂੰ ਉਸ ਦੀ ਪਿਛਲੀ ਗੱਲ ਦੀ ਸਮਝ ਨਾ ਲੱਗੀ। ਮੈਂ ਕੱਟੜਪੁਣੇ ਬਾਰੇ ਪੁੱਛਿਆ ਤਾਂ ਉਹ ਸ਼ੁਰੂ ਹੋ ਗਿਆ, ‘‘ਆਹ ਹੁਣ ਆਪਣਾ ਦਵਿੰਦਰ ਹੀ ਲੈ ਲਓ। ਇਹ ਆਪਣੇ ਕੰਮ ’ਤੇ ਜਾਂਦਾ, ਕੰਮ ’ਤੇ ਹੁੰਦਾ, ਘਰੇ ਆਉਂਦਾ। ਲੋਕਾਂ ਦੀ ਦੁਆ-ਦਾਰੂ ਕਰਦਾ ਡੀ.ਐੱਸ. ਫੋਰ ਦੀਆਂ ਹੀ ਘੋੜੀਆਂ ਗਾਈ ਜਾਂਦਾ। ਮੈਂ ਉਸ ਨੂੰ ਮਾੜਾ ਨ੍ਹੀਂ ਸਮਝਦਾ। ਪਰ ਇਕਪਾਸੜ ਉਲਾਰ ਮਾੜਾ ਲੱਗਦਾ। ਉਸ ਦੀ ਸੋਚ ’ਚ ਸੰਤੁਲਨ ਨ੍ਹੀਂ। ਸਾਰੇ ਜੱਟ ਮਾੜੇ ਨ੍ਹੀਂ ਹੁੰਦੇ ਤੇ ਨਾ ਹੀ ਸਾਰੇ ਆਦਿਧਰਮੀ ਚੰਗੇ ਹੁੰਦੇ ਆ। ਮਾੜਾ ਤੇ ਚੰਗਾ ਹੋਣਾ ਹਾਲਾਤ ’ਤੇ ਨਿਰਭਰ ਕਰਦਾ। ਹੁਣ ਤੂੰ ਆਪਣੇ ਘਰ ਵੱਲ ਦੇਖ ਲੈ। ਤੇਰੇ ਵੱਡੇ ਤਾਏ ਹਰੀਦਾਸ ਦਾ ਸੁਭਾਅ ਕਿਹੋ ਜਿਹਾ ਆ। ਛੋਟਾ ਦੁਰਗਾ ਦਾਸ ਖਾੜਕੂ ਕਿਸਮ ਦਾ। ਤੇਰਾ ਭਾਪਾ, ਨਿਰਾ ਸੰਤ ਸੁਭਾਅ ਦਾ। ਇਹੀ ਸੁਭਾਅ ਪਾਰਟੀਆਂ ਦਾ ਹੁੰਦਾ। ਦਵਿੰਦਰ ਨੂੰ ਚਾਹੀਦਾ ਕਿ ਜਿਹੜੇ ਮਾੜੇ ਪੱਖ ਆ, ਉਨ੍ਹਾਂ ਦੀ ਜੀ ਭਰ ਕੇ ਆਲੋਚਨਾ ਕਰੇ, ਚੰਗਿਆਂ ਦੀ ਪ੍ਰਸੰਸਾ ਕਰਨੀ ਬਣਦੀ ਆ। ਉਂਝ ਉਹ ਸਿਆਣਾ ਮੁੰਡਾ।’’ ਮੈਂ ਛੇੜਿਆ, ‘‘ਚੰਡਿਆ ਤਾਂ ਤੁਸੀਂ ਹੀ ਹੈ ਨਾ।’’ ਉਹ ਬੁੱਲ੍ਹਾਂ ’ਚ ਹੱਸਿਆ, ਜਿੱਦਾਂ ਉਸ ਨੂੰ ਇਸ ਗੱਲ ਦਾ ਮਾਣ ਹੋਵੇ। ‘‘ਕੁਸ਼ ਅਕਲ ਬੰਦੇ ਨੂੰ ਘਰੋਂ ਮਿਲਦੀ ਆ। ਕੁਸ਼ ਆਂਢ-ਗੁਆਂਢ ਤੋਂ। ਕੁਸ਼ ਆਪਣੇ ਸੰਗੀ-ਸਾਥੀਆਂ ਕੋਲੋਂ। ਕਿਸੇ ਇਕ ਕੋਲੋਂ ਬੰਦਾ ਸਭ ਕੁਸ਼ ਨ੍ਹੀਂ ਸਿੱਖ ਜਾਂਦਾ। ਮੈਂ ਤਾਂ ਉਸ ਨੂੰ ਜ਼ਿੰਦਗੀ ਦੇ ਕੁਸ਼ ਪਹਿਲੂਆਂ ਬਾਰੇ ਦੱਸਿਆ। ਬਾਕੀ ਤਾਂ ਉਸ ਆਪ ਸਮਝਿਆ।’’ ਰੋਣ ਦੀਆਂ ਆਵਾਜ਼ਾਂ ਹਟਕੋਰਿਆਂ ’ਚ ਬਦਲ ਗਈਆਂ। ਮੈਂ ਬਨੇਰੇ ’ਤੇ ਖੜ੍ਹਾ ਉਸ ਦੇ ਚੁਬਾਰੇ ਵੱਲ ਦੇਖੀ ਗਿਆ। ਮੇਰੇ ਮਨ ’ਚ ਆਇਆ ਕਿ ਉੱਚੀ-ਉੱਚੀ ਚੀਕਾਂ ਮਾਰਾਂ ਤੇ ਕਹਾਂ, ‘‘ਉਏ ਮੇਰੇ ਪਿੰਡ ਦੇ ਲੋਕੋ ਤੁਹਾਡੇ ਕੋਲੋਂ ਇਕ ਜੀਨੀਅਸ ਨ੍ਹੀਂ ਸੰਭਾਲਿਆ ਗਿਆ। ਤੁਹਾਡੇ ਕੋਲੋਂ ਉਸ ਦਾ ਮੁੱਲ ਨ੍ਹੀਂ ਪਾਇਆ ਗਿਆ।’’ ਮੇਰੀਆਂ ਅੱਖਾਂ ਭਰ ਆਈਆਂ। ਮੈਨੂੰ ਭੁਚੱਕਾ ਜਿਹਾ ਹੋ ਗਿਆ ਜਿੱਦਾਂ ਕਾਮਰੇਡ ਨੇ ਮੇਰੇ ਸੱਜੇ ਮੋਢੇ ’ਤੇ ਹੱਥ ਰੱਖਿਆ ਹੋਵੇ। ‘‘ਲੈ ਤਾਂ ਕਮਲਾ ਨਾ ਹੋਵੇ ਤਾਂ। ਮੈਂ ਕਿਹੜਾ ਸੌ ਸਾਲਾਂ ਦਾ ਪਟਾ ਲਿਖਾ ਕੇ ਲਿਆਇਆ ਸੀ ਬਈ ਐਨੇ ਸਾਲ ਜਿਉਣਾ। ਜਿਸਮ ਖੋਖਲਾ ਹੋ ਗਿਆ ਸੀ ਬਿਮਾਰੀਆਂ ਨਾਲ। ਭਲੇ ਵੇਲਿਆਂ ਨੂੰ ਚਲੇ ਗਿਆਂ - ਐਵੇਂ ਮੰਜੇ ’ਤੇ ਪਿਆ ਪਿਆ ਬੈੱਡ ਸੋਰ ਕਰਵਾ ਲੈਂਦਾ।’’ ਸੰਪਰਕ: 98148-03254

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਗਲਵਾਨ ਵਾਦੀ ’ਚੋਂ ਚੀਨੀ ਫ਼ੌਜ ਪਿੱਛੇ ਹਟੀ

ਗਲਵਾਨ ਵਾਦੀ ’ਚੋਂ ਚੀਨੀ ਫ਼ੌਜ ਪਿੱਛੇ ਹਟੀ

* ਆਪਸੀ ਸਮਝ ਦੇ ਆਧਾਰ ’ਤੇ ਭਾਰਤ ਵੀ ਫੌਜੀ ਨਫ਼ਰੀ ਕਰੇਗਾ ਘੱਟ * ਚੀਨੀ...

ਮੁਅੱਤਲ ਡੀਐੱਸਪੀ ਤੇ ਪੰਜ ਹੋਰਨਾਂ ਖ਼ਿਲਾਫ਼ ਦੋਸ਼ਪੱਤਰ ਦਾਖ਼ਲ

ਮੁਅੱਤਲ ਡੀਐੱਸਪੀ ਤੇ ਪੰਜ ਹੋਰਨਾਂ ਖ਼ਿਲਾਫ਼ ਦੋਸ਼ਪੱਤਰ ਦਾਖ਼ਲ

* ਚਾਰਜਸ਼ੀਟ ਵਿਚ ਪਾਕਿਸਤਾਨ ਹਾਈ ਕਮਿਸ਼ਨ ਦਾ ਵੀ ਜ਼ਿਕਰ

ਫ਼ੀਸ ਮਾਮਲਾ: ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਹਾਈ ਕੋਰਟ ਪੁੱਜੇ ਮਾਪੇ

ਫ਼ੀਸ ਮਾਮਲਾ: ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਹਾਈ ਕੋਰਟ ਪੁੱਜੇ ਮਾਪੇ

* ਸਿੰਗਲ ਬੈਂਚ ਦੇ ਫ਼ੈਸਲੇ ਤੋਂ ਸਨ ਅਸੰਤੁਸ਼ਟ * ਅਦਾਲਤ ਨੇ ਸੁਣਵਾਈ 13 ...

ਪੰਜਾਬ ’ਚ ਅੱਜ ਤੋਂ ਈ-ਰਜਿਸਟ੍ਰੇਸ਼ਨ ਬਿਨਾਂ ‘ਨੋ ਐਂਟਰੀ’

ਪੰਜਾਬ ’ਚ ਅੱਜ ਤੋਂ ਈ-ਰਜਿਸਟ੍ਰੇਸ਼ਨ ਬਿਨਾਂ ‘ਨੋ ਐਂਟਰੀ’

* ਅੱਧੀ ਰਾਤ ਤੋਂ ਅਮਲ ਵਿੱਚ ਆਏ ਹੁਕਮ

ਕੇਸ ਸੱਤ ਲੱਖ ਤੋਂ ਪਾਰ, ਕਰੋੜ ਟੈਸਟ ਮੁਕੰਮਲ

ਕੇਸ ਸੱਤ ਲੱਖ ਤੋਂ ਪਾਰ, ਕਰੋੜ ਟੈਸਟ ਮੁਕੰਮਲ

* ਲਗਾਤਾਰ ਚੌਥੇ ਦਿਨ 20 ਹਜ਼ਾਰ ਤੋਂ ਵੱਧ ਮਾਮਲੇ * 24 ਘੰਟਿਆਂ ਦੌਰਾਨ ...