ਗ਼ਦਰੀ ਬਾਬਾ ਚੂਹੜ ਸਿੰਘ ਲੀਲ੍ਹ

ਗ਼ਦਰੀ ਬਾਬਾ ਚੂਹੜ ਸਿੰਘ ਲੀਲ੍ਹ

ਸੁਖਵਿੰਦਰ ਲੀਲ੍ਹ

24 ਨਵੰਬਰ 1922 ਨੂੰ ਭੰਡਾਰਾ ਜੇਲ੍ਹ ਵਿੱਚ ਜਦ ਬਾਬਾ ਚੂਹੜ ਸਿੰਘ ਲੀਲ੍ਹ ਨੇ ਜੇਲ੍ਹ ਵਿੱਚ ਕੈਦੀਆਂ ’ਤੇ ਹੋ ਰਹੇ ਜ਼ੁਲਮ ਖ਼ਿਲਾਫ਼ ਖੁੱਲ੍ਹ ਕੇ ਆਵਾਜ਼ ਉਠਾਈ ਤਾਂ ਬਾਬਾ ਜੀ ਨੂੰ ਲਾਹੌਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ, ਜਿੱਥੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ 14 ਨੰਬਰ ਕੋਠੜੀ ਵਿੱਚ ਮੌਤ ਦੀ ਸਜ਼ਾ ਭੁਗਤ ਰਹੇ ਸਨ। ਭਗਤ ਸਿੰਘ ਗ਼ਦਰ ਲਹਿਰ ਤੋਂ ਬਹੁਤ ਪ੍ਰਭਾਵਤ ਸੀ। ਬਾਬਾ ਜੀ ਅਤੇ ਭਗਤ ਸਿੰਘ ਇਨਕਲਾਬੀ ਵਿਚਾਰਧਾਰਾ ਦੀ ਮਜਬੂਤੀ ਬਾਰੇ ਗੱਲਬਾਤ ਕਰਦੇ ਰਹਿੰਦੇ। ਬਾਬਾ ਜੀ ਦਾ ਸੰਘਰਸ਼ ਜਾਰੀ ਰਿਹਾ। ਫਰਵਰੀ 1932 ਨੂੰ ਫਿਰ ਕੈਦੀਆਂ ਉੱਪਰ ਜ਼ੁਲਮ ਵਧ ਗਏ ਤੇ ਬਾਬਾ ਜੀ ਨੇ ਕਮਜ਼ੋਰ ਸਰੀਰ ਦੇ ਬਾਵਜੂਦ 82 ਦਿਨ ਦੀ ਲੰਬੀ ਭੁੱਖ ਹੜਤਾਲ ਕਰ ਦਿੱਤੀ। ਬਾਬਾ ਜੀ ਅੰਦਰ ਨੌਜਵਾਨ ਸ਼ਹੀਦ ਭਗਤ ਸਿੰਘ ਵੀ ਬੋਲਦਾ ਸੀ।

ਜਦ ਕਦੇ ਵੀ ਹਿੰਦੋਸਤਾਨ ਨੂੰ ਅੰਗੇਰਜ਼ੀ ਹਕੂਮਤ ਤੋਂ ਅਜ਼ਾਦ ਕਰਵਾਉਣ ਦੀ ਗੱਲ ਚੱਲੇਗੀ, ਤਾਂ ਗ਼ਦਰ ਲਹਿਰ ਨਾਲ ਜੁੜੇ ਉਨ੍ਹਾਂ ਯੋਧਿਆਂ ਵੱਲੋਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ ਰਹੇਗਾ, ਜਿਨ੍ਹਾਂ ਨੇ ਅੰਗਰੇਜ਼ੀ ਸਰਕਾਰ ਖ਼ਿਲਾਫ਼ ਜੂਝਦੇ ਹੋਏ ਆਪਣੇ ਪੂਰੀ ਜ਼ਿੰਦਗੀ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਕੈਦ ਹੁੰਦੇ ਹੋਏ ਵੀ ਹਿੰਦੋਸਤਾਨ ਨੂੰ ਆਜ਼ਾਦ ਕਰਵਾਉਣ ਲਈ ਸੰਘਰਸ਼ ਜਾਰੀ ਰੱਖਿਆ। ਇਹੀ ਨਹੀਂ ਉਨ੍ਹਾਂ ਆਪਣੇ ਪਰਿਵਾਰਾਂ ਸਮੇਤ ਜਾਇਦਾਦਾਂ ਜ਼ਬਤ ਕਰਵਾ ਕੇ ਵੀ ਹਿੰਮਤ ਨਹੀਂ ਹਾਰੀ। ਗ਼ਦਰੀ ਬਾਬਾ ਚੂਹੜ ਸਿੰਘ ਲੀਲ੍ਹ, ਜਿਨ੍ਹਾਂ ਨੇ ‘ਪੁਰਜਾ ਪੁਰਜਾ ਕਟਿ ਮਰੈ, ਕਬਹੂ ਨ ਛਾਡੈ ਖੇਤੁ।।’ ਅਨੁਸਾਰ ਆਪਣੇ ਆਖਰੀ ਸਾਹਾਂ ਤੱਕ ਹੱਡੀਆਂ ਦਾ ਪਿੰਜਰ ਬਣ ਚੁੱਕੇ ਆਪਣੇ ਸਰੀਰ ਨਾਲ ਜ਼ਿੰਦਗੀ ਹੰਢਾਈ। ਉਨ੍ਹਾਂ ਦਾ ਜਾਨਮ ਪਿੰਡ ਲੀਲ੍ਹ ਜ਼ਿਲ੍ਹਾ ਲੁਧਿਆਣਾ ਵਿੱਚ ਬੂਟਾ ਸਿੰਘ ਦੇ ਘਰ ਹੋਇਆ। ਪਿੰਡ ਖੇਤੀ ਦਾ ਕੰਮ ਕਰਦੇ ਕਰਦੇ ਅੰਗਰੇਜ਼ਾਂ ਦੇ ਰਸਾਲੇ ਵਿੱਚ ਨੌਕਰੀ ਵੀ ਕਰ ਲਈ ਪਰ ਅਣਖੀ ਸੁਭਾਅ ਤੇ ਦੇਸ਼ ਸੇਵਾ ਦਾ ਜਜ਼ਬਾ ਬਹੁਤੀ ਦੇਰ ਗੁਲਾਮੀ ਨੂੰ ਸਹਾਰ ਨਾ ਸਕਿਆ। ਨੌਕਰੀ ਵਿਚਾਲੇ ਛੱਡ ਕੇ ਆਰਥਿਕ ਹਾਲਤ ਸੁਧਾਰਨ ਲਈ ਅਮਰੀਕਾ ਨੂੰ ਚਾਲੇ ਪਾ ਦਿੱਤੇ। ਉੱਥੇ ਰਹਿੰਦਿਆਂ ਹੀ ਉਨ੍ਹਾਂ ਦਾ ਮੇਲ ਗ਼ਦਰ ਪਾਰਟੀ ਲਹਿਰ ਨਾਲ ਹੋਇਆ ਅਤੇ ਉਹ ਗ਼ਦਰ ਪਾਰਟੀ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਣ ਲੱਗ ਪਏ। ਗ਼ਦਰ ਪਾਰਟੀ ਲਹਿਰ ਦਾ ਮੁੱਖ ਮਕਸਦ ਅਮਰੀਕਾ ਵਿੱਚ ਰਹਿੰਦੇ ਭਾਰਤੀਆਂ ਨੂੰ ਇੱਕ ਝੰਡੇ ਥੱਲੇ ਇਕੱਠਾ ਕਰਕੇ ਹਿੰਦੋਸਤਾਨ ਵਾਪਸ ਭੇਜਣਾ ਸੀ, ਤਾਂ ਜੋ ਉੱਥੇ ਜਾ ਕੇ ਹਥਿਅਰਬੰਦ ਘੋਲ ਰਾਹੀਂ ਹਿੰਦੋਸਤਾਨ ਨੂੰ ਅੰਗਰੇਜ਼ਾਂ ਹੱਥੋਂ ਅਜ਼ਾਦ ਕਰਵਾਇਆ ਜਾ ਸਕੇ। ਉਨ੍ਹਾਂ ਗ਼ਦਰੀ ਬਾਬਿਆਂ ਦੀ ਵਿਚਾਰਧਾਰਾ ਸੀ ਕਿ ਹਿੰਦੋਸਤਾਨ ਦੀ ਆਜ਼ਾਦੀ ਤੋਂ ਬਾਅਦ ਇੱਥੇ ਊਚ-ਨੀਚ ਮੁਕਤ, ਲੁੱਟ ਰਹਿਤ ਅਤੇ ਬਰਾਬਰਤਾ ਵਾਲਾ ਸਮਾਜ ਸਿਰਜਿਆ ਜਾਵੇ। ਉਨ੍ਹਾਂ ਦਾ ਸੁਪਨਾ ਅੱਜ ਵੀ ਅਧੂਰਾ ਪਿਆ ਸਾਡੇ ਲਈ ਕਈ ਤਰ੍ਹਾਂ ਦੇ ਸੁਆਲ ਖੜੇ ਕਰ ਰਿਹਾ ਹੈ। ਗ਼ਦਰ ਲਹਿਰ ਵਿਚ ਬਹੁ-ਗਿਣਤੀ ਪੰਜਾਬੀਆਂ ਦੀ ਸੀ ਅਤੇ ਇਹ ਜ਼ਿਆਦਾਤਰ ਅੰਮ੍ਰਿਤਧਾਰੀ ਸਿੰਘ ਸਨ ਅਤੇ ਸਿੱਖ ਧਰਮ ਦੀ ਬਰਾਬਰਤਾ ਵਾਲੀ ਵਿਚਾਰਧਾਰਾ ਤੋਂ ਕਾਫੀ ਪ੍ਰਭਾਵਤ ਸਨ। ਬਾਬਾ ਜੀ ਨੇ ਵੀ ਆਪਣਾ ਵਿਦੇਸ਼ਾਂ ’ਚੋਂ ਸਭ ਕੁਝ ਤਿਆਗ ਕੇ 172 ਹੋਰ ਗਦਰੀਆਂ ਨਾਲ ਤੋਸਾ ਮਾਰੂ ਜਹਾਜ਼ ਰਾਹੀਂ ਦੇਸ਼ ਵਾਪਸ ਆਉਣ ਦਾ ਫੈਸਲਾ ਕਰ ਲਿਆ ਸੀ। ਇਹ ਜਹਾਜ਼ ਜਦ 29 ਅਕਤੂਬਰ 1914 ਨੂੰ ਕਲਕੱਤਾ ਦੀ ਬੰਦਰਗਾਹ ’ਤੇ ਪਹੁੰਚਿਆ ਤਾਂ ਲਗਪਗ ਸਾਰੇ ਹੀ ਮੁਸਾਫਰਾਂ ਨੂੰ ਅੰਗਰੇਜ਼ ਪੁਲੀਸ ਵੱਲੋਂ ਗ੍ਰਿਫਤਾਰ ਕਰਕੇ ਭੁੱਖੇ ਭਾਣੇ ਰਾਏਵਿੰਡ, ਲੁਧਿਆਣਾ ਲੈ ਆਂਦਾ। ਕਈਆਂ ਨੂੰ ਪਿੰਡਾਂ ਦੀਆਂ ਜੂਹਾਂ ਅੰਦਰ ਕੈਦ ਕਰਨ ਦੇ ਹੁਕਮ ਸੁਣਾ ਦਿੱਤੇ ਗਏ, ਜਿਨ੍ਹਾਂ ਵਿੱਚ ਬਾਬਾ ਚੂਹੜ ਸਿੰਘ ਲੀਲ੍ਹ ਵੀ ਸਨ ਪਰ ਬਾਬਾ ਜੀ ਨੁੰ ਦੇਸ਼ ਭਗਤੀ ਦੀ ਲਗਨ ਨੇ ਘਰ ਟਿਕ ਕੇ ਬੈਠਣ ਨਾ ਦਿੱਤਾ ਅਤੇ ਉਹ ਰੂਹ-ਪੋਸ ਹੋ ਕੇ ਗਦਰ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਜਾਣ ਲੱਗ ਪਏ। ਨਵੰਬਰ 1914 ਨੂੰ ਕਰਤਾਰ ਸਿੰਘ ਸਰਾਭਾ ਵੱਲੋਂ ਲਾਡੋਵਾਲ ਮੀਟਿੰਗ ਦੌਰਾਨ ‘ਡਕੈਤੀ ਕਮਿਸ਼ਨ’ ਦੀ ਸਥਾਪਨਾ ਕੀਤੀ ਗਈ, ਜਿਸ ਵਿਚ ਸਿਰਫ ਸਰਕਾਰੀ ਖਜ਼ਾਨਾ ਜਾਂ ਕੁਝ ਅਮੀਰ ਬੰਦਿਆ ਨੂੰ ਲੁੱਟਣ ਦੀ ਯੋਜਨਾ ਬਣਾਈ ਗਈ ਸੀ, ਤਾਂ ਜੋ ਪਾਰਟੀ ਨੂੰ ਹਥਿਆਰਾਂ ਦੀ ਲੋੜ ਨੂੰ ਪੂਰਾ ਕੀਤਾ ਜਾ ਸਕੇ। ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਬੋਂ, ਝਨੇਰ, ਰਾਜੋਆਣਾ ਅਤੇ ਦੋਰਾਹਾ, ਲੁਧਿਆਣਾ ਵਿੱਚ ਡਾਕੇ ਮਾਰੇ ਗਏ। ਇਹ ਸਾਰਾ ਪੈਸਾ ਪਾਰਟੀ ਕੋਲ ਜਮ੍ਹਾਂ ਹੁੰਦਾ ਸੀ। 3 ਫਰਵਰੀ 1915 ਨੂੰ ਬਾਬਾ ਜੀ ਭਾਈ ਗਾਂਧਾ ਸਿੰਘ ਨੂੰ ਨਾਲ ਲੈ ਕੇ ਇਕ ਮਾਈ ਕੋਲੋਂ ਲੁੱਟਿਆ ਗਿਆ ਮਾਲ ਵਾਪਸ ਵੀ ਕਰਕੇ ਆਏ ਸਨ ਕਿਉਂਕਿ ਉਸ ਮਾਈ ਨੂੰ ਪੈਸੇ ਦੀ ਵਧ ਲੋੜ ਸੀ। ਇਸ ਐਕਸ਼ਨ ਤੋਂ ਬਾਅਦ ਜਦ ਉਹ ਪਿੰਡ ਪਹੁੰਚੇ ਤਾਂ ਪਿੰਡ ਲੀਲ੍ਹ ਦੇ ਇੱਕ ਮੁਖਬਰ ਨੇ ਸੀਆਈਡੀ ਨੂੰ ਸੂਚਿਤ ਕਰਕੇ ਬਾਬਾ ਜੀ ਨੂੰ ਗ੍ਰਿਫਤਾਰ ਕਰਵਾ ਦਿੱਤਾ। ਇਨ੍ਹਾਂ ’ਤੇ ਲਾਹੌਰ ਸਾਜਿਸ਼ ਅਧੀਨ ਕੇਸ ਚਲਾ ਕੇ ਕਾਲੇ ਪਾਣੀ, ਜਾਇਦਾਦ ਜ਼ਬਤ ਦਾ ਫੈਸਲਾ ਸੁਣਾਇਆ ਗਿਆ। ਅੰਡੇਮਾਨ ਦੀਆਂ ਜੇਲ੍ਹਾਂ ਅੰਦਰ ਕੈਦੀਆਂ ’ਤੇ ਅਣਮਨੁੱਖੀ ਤਸੀਹੇ ਦੇ ਕੇ ਧੱਕੇ ਨਾਲ ਕੰਮ ਕਰਵਾਇਆ ਜਾਂਦਾ ਸੀ। ਕੈਦੀਆਂ ’ਤੇ ਠੰਡਾ ਪਾਣੀ ਪਾਉਣ ਤੋਂ ਇਲਾਵਾ ਠੰਡੇ ਪਾਣੀ ਵਿੱਚ ਗੋਤੇ ਲਗਾਏ ਜਾਂਦੇ ਸਨ, ਜਿਸ ਨੂੰ ਬਾਬਾ ਜੀ ਬਰਦਾਸ਼ਤ ਨਾ ਕਰ ਸਕੇ ਅਤੇ ਅੰਗਰੇਜ਼ਾਂ ਨਾਲ ਸਿੱਧੀ ਟੱਕਰ ਲੈਣ ਲਈ ਜੇਲ੍ਹ ਅੰਦਰ ਹੋ ਰਹੇ ਜ਼ੁਲਮਾਂ ਖ਼ਿਲਾਫ਼ ਆਵਾਜ਼ ਖੁੱਲ੍ਹ ਕੇ ਅਵਾਜ਼ ਬੁਲੰਦ ਕੀਤੀ। ਉਨ੍ਹਾਂ 2 ਅਕਤੂਬਰ 1917 ਨੂੰ ਭੁੱਖ ਹੜਤਾਲ ਅਤੇ ਬਾਅਦ ਵਿੱਚ ਜੇਲ੍ਹ ਅੰਦਰ ਕੋਈ ਵੀ ਕੰਮ ਨਾ ਕਰਨ ਦਾ ਫ਼ੈਸਲਾ ਕਰ ਲਿਆ। ਇਨ੍ਹਾਂ ਸੰਘਰਸ਼ਾਂ ਅਤੇ ਹੜਤਾਲਾਂ ਅੱਗੇ ਅੰਗਰੇਜ਼ਾਂ ਨੂੰ ਝੁਕਣਾ ਪਿਆ ਅਤੇ ਕਿਸੇ ਕੈਦੀ ਨੂੰ ਕੋਈ ਵੀ ਸਜ਼ਾ ਦੇਣ ਤੋਂ ਪਹਿਲਾਂ ਸੌ ਵਾਰੀ ਸੋਚਦੇ। ਇਸ ਤਰਾਂ ਬਾਬਾ ਜੀ ਨੇ ਅੰਡੇਮਾਨ ਜੇਲ੍ਹਾਂ ਅੰਦਰ ਇਸ ਵਹਿਸ਼ੀ ਮਾਹੌਲ ਨੂੰ ਠੱਲ ਪਾ ਦਿੱਤੀ ਤੇ ਅੰਗਰੇਜ਼ਾਂ ਨੂੰ ਇੱਕ ਜੇਲ੍ਹ ਸੁਧਾਰ ਕਮੇਟੀ ਬਣਾਉਣੀ ਪਈ। ਨਤੀਜੇ ਵਜੋਂ ਕਾਫੀ ਕੈਦੀਆਂ ਨੂੰ ਅੰਡੇਮਾਨ ਜੇਲ੍ਹਾਂ ’ਚੋਂ ਤਬਦੀਲ ਕਰਕੇ ਭਾਰਤੀ ਜੇਲ੍ਹਾਂ ਵਿੱਚ ਲੈ ਆਏ। ਬਾਬਾ ਜੀ ਅਤੇ ਬਾਬਾ ਜੁਵਾਲਾ ਸਿੰਘ ਨੂੰ ਵੀ ਮਦਰਾਸ ਦੀ ਕੋਇਟੰਬੂਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਇੱਥੇ ਵੀ ਮੋਪਲਾ ਸਤਿਆਗ੍ਰਹਿ ਦੇ ਬੱਚੇ, ਬੁੱਢਿਆਂ ਅਤੇ ਔਰਤਾਂ ਨੂੰ ਭੁੱਖੇ ਪਿਆਸੇ ਰੱਖ ਕੇ ਛੋਟੀਆਂ ਛੋਟੀਆਂ ਕਾਲ ਕੋਠੜੀਆਂ ਵਿੱਚ ਤੂੜੀ ਵਾਂਗ ਤੂੜਿਆ ਜਾਂਦਾ ਅਤੇ ਦਮ ਘੁੱਟਣ ਨਾਲ ਬਹੁਤ ਸਾਰੇ ਬੱਚੇ, ਬੁੱਢੇ ਮਰ ਚੁੱਕੇ ਅਤੇ ਮਰ ਰਹੇ ਸਨ। ਉਨ੍ਹਾਂ ਦੀ ਪਰਉਪਕਾਰੀ ਦਾ ਸਬੂਤ ਇੱਥੇ ਉੱਦੋਂ ਮਿਲਦਾ ਹੈ ਜਦ ਉਹ ਅਤੇ ਬਾਬਾ ਜੁਵਾਲਾ ਸਿੰਘ ਠੱਠੀਆਂ ਆਪਣੇ ਹਿੱਸੇ ਦਾ ਖਾਣਾ ਵੀ ਉਨ੍ਹਾਂ ਬੱਚਿਆਂ ਵਿੱਚ ਵੰਡ ਦਿੰਦੇ। ਇੱਕ ਦਿਨ ਜੇਲ੍ਹ ਅਧਿਕਾਰੀਆਂ ਨੂੰ ਇਸ ਗੱਲ ਦਾ ਪਤਾ ਲੱਗਣ ’ਤੇ ਜੁਵਾਲਾ ਸਿੰਘ ਨੂੰ 30 ਬੈਂਤਾਂ ਦੀ ਸਜ਼ਾ ਦਿੱਤੀ ਗਿਆ। ਜਦ ਬਾਬਾ ਜੀ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਆਪ ਵੀ ਭੱਜ ਕੇ ਅੱਗੇ ਹੋ ਗਏ ਤੇ ਲਲਕਾਰਨ ਲੱਗੇ ਕਿ ਉਨ੍ਹਾਂ ਨੂੰ ਵੀ ਇਹੀ ਸਜ਼ਾ ਦਿੱਤੀ ਜਾਵੇ ਕਿਉਂਕਿ ਉਨ੍ਹਾਂ ਨੇ ਵੀ ਆਪਣੇ ਹਿੱਸੇ ਦਾ ਖਾਣਾ ਇਨ੍ਹਾਂ ਬੱਚਿਆਂ ਨੂੰ ਦਿੱਤਾ ਹੈ। ਇਸ ਤਰਾਂ ਜੇਲ੍ਹ ਅੰਦਰ ਹੰਗਾਮਾ ਮੱਚ ਗਿਆ ਤੇ ਬਾਬਾ ਜੀ ਨੇ ਰੋਸ ਵਿੱਚ ਫਿਰ ਹੜਤਾਲ ਕਰ ਦਿੱਤੀ। ਜੇਲ੍ਹ ਦਾ ਮਾਹੌਲ ਖਰਾਬ ਹੋਣ ਦੇ ਡਰੋਂ ਇਨ੍ਹਾਂ ਦੋਹਾਂ ਕੈਦੀਆਂ ਨੂੰ 24 ਨਵੰਬਰ 1922 ਨੂੰ ਭੰਡਾਰਾ ਜੇਲ੍ਹ ਬਦਲ ਦਿੱਤਾ ਗਿਆ। ਇੱਥੇ ਵੀ ਬਾਬਾ ਜੀ ਨੇ ਜੇਲ੍ਹ ਵਿੱਚ ਕੈਦੀਆਂ ’ਤੇ ਹੋ ਰਹੇ ਹਰ ਤਰਾਂ ਦੇ ਜ਼ੁਲਮ ਖ਼ਿਲਾਫ਼ ਖੁੱਲ੍ਹ ਕੇ ਆਵਾਜ਼ ਉਠਾਈ, ਜਿਸ ਕਾਰਨ ਬਾਬਾ ਜੀ ਦੇ ਪੂਰੇ ਦੇਸ਼ ਭਰ ਵਿੱਚ ਚਰਚੇ ਹੋਣ ਲੱਗ ਪਏ। ਫਿਰ ਬਾਬਾ ਚੂਹੜ ਸਿੰਘ ਨੂੰ ਲਾਹੌਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ, ਜਿੱਥੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ 14 ਨੰਬਰ ਕੋਠੜੀ ਵਿੱਚ ਮੌਤ ਦੀ ਸਜ਼ਾ ਭੁਗਤ ਰਹੇ ਸਨ। ਭਗਤ ਸਿੰਘ ਗ਼ਦਰ ਲਹਿਰ ਤੋਂ ਬਹੁਤ ਪ੍ਰਭਾਵਤ ਸੀ। ਬਾਬਾ ਜੀ ਅਤੇ ਭਗਤ ਸਿੰਘ ਇਨਕਲਾਬੀ ਵਿਚਾਰਧਾਰਾ ਦੀ ਮਜਬੂਤੀ ਬਾਰੇ ਗੱਲਬਾਤ ਕਰਦੇ ਰਹਿੰਦੇ। ਬਾਬਾ ਜੀ ਭਗਤ ਸਿੰਘ ਕਹਿੰਦੇ ‘ਤੂੰ ਬਿਲਕੁਲ ਠੀਕ ਕਹਿਨਾ, ਏਥੇ ਬਰਾਬਰਤਾ ਵਾਲਾ ਰਾਜ ਹੀ ਲਿਆਉਣਾ ਪੈਣਾ।’ ਭਗਤ ਸਿੰਘ ਦੀ ਸ਼ਹੀਦੀ ਤੋਂ ਬਾਅਦ ਵੀ ਉਸ ਦੀ ਵਿਚਾਰਧਾਰਾ ਦਾ ਅਸਰ ਬਾਬਾ ਜੀ ਵੱਲੋਂ ਇੱਕ ਜੱਜ ਨੂੰ ਸਮਾਜ ਅਤੇ ਜੇਲ੍ਹ ਸੁਧਾਰ ਸੰਬਧੀ ਲਿਖੇ ਇੱਕ ਪੱਤਰ ਵਿਚ ਸਾਫ ਨਜ਼ਰ ਆਉਂਦਾ ਹੈ। ਇੱਥੇ ਹੀ ਬਾਬਾ ਚੂਹੜ ਸਿੰਘ ਨੇ ਭਾਈ ਰਣਧੀਰ ਸਿੰਘ ਦੀ ਮੁਲਾਕਾਤ ਭਗਤ ਸਿੰਘ ਨਾਲ ਕਰਵਾਈ ਸੀ। ਬਾਬਾ ਜੀ ਦਾ ਸੰਘਰਸ਼ ਜਾਰੀ ਰਿਹਾ। ਫਰਵਰੀ 1932 ਨੂੰ ਫਿਰ ਕੈਦੀਆਂ ਉੱਪਰ ਜ਼ੁਲਮ ਵਧ ਗਏ ਤੇ ਬਾਬਾ ਜੀ ਨੇ ਕਮਜ਼ੋਰ ਸਰੀਰ ਦੇ ਬਾਵਜੂਦ 82 ਦਿਨ ਦੀ ਲੰਬੀ ਭੁੱਖ ਹੜਤਾਲ ਕਰ ਦਿੱਤੀ। ਬਾਬਾ ਜੀ ਅੰਦਰ ਨੌਜਵਾਨ ਸ਼ਹੀਦ ਭਗਤ ਸਿੰਘ ਵੀ ਬੋਲਦਾ ਸੀ, ਜੋ ਅੰਗਰੇਜ਼ੀ ਹਕੂਮਤ ਦੇ ਅੱਖਾਂ ਵਿਚ ਰੜਕਣ ਲੱਗ ਪਏ। ਬਾਬਾ ਜੀ ਦੀ ਸਜ਼ਾ ਪੂਰੀ ਹੋ ਜਾਣ ਬਾਅਦ ਵੀ ਉਨ੍ਹਾਂ ਨੂੰ ਰਿਹਾਅ ਨਾ ਕੀਤਾ ਗਿਆ। ਦੂਸਰੇ ਪਾਸੇ ਬਾਬਾ ਜੀ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਲਈ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਵਿੱਚ ਸੱਤਿਆਗ੍ਰਹਿ ਸ਼ੁਰੂ ਹੋ ਗਿਆ। ਜੇਲ੍ਹ ਅੰਦਰ ਰੋਸ ਵਜੋਂ ਲਗਾਤਾਰ ਭੁੱਖ ਹੜਤਾਲ ਜਾਰੀ ਰੱਖਣ ਕਾਰਨ ਬਾਬਾ ਜੀ ਦਾ ਸਰੀਰ ਪਿੰਜਰ ਦਾ ਰੂਪ ਧਾਰ ਚੁੱਕਾ ਸੀ, ਜਿਸ ਤੋਂ ਡਰ ਕੇ ਅੰਗਰੇਜ਼ਾਂ ਨੇ ਬਾਬਾ ਜੀ ਦੀਆਂ ਸਾਰੀਆਂ ਮੰਗਾਂ ਮੰਨਦੇ ਹੋਏ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਘਰ ਆ ਕੇ ਉਨ੍ਹਾਂ ਦੇ ਇਲਾਜ ਲਈ ਕਾਫੀ ਭੱਜ-ਨੱਠ ਕੀਤੀ ਗਈ ਪਰ ਕਮਜ਼ੋਰੀ ਜ਼ਿਆਦਾ ਹੋਣ ਕਾਰਨ 9 ਸਤੰਬਰ 1933 ਨੂੰ ਆਜ਼ਾਦੀ ਦਾ ਇਹ ਯੋਧਾ ਅਧੂਰਾ ਸੁਪਨਾ ਲੈ ਕੇ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਿਆ। ਸੰਪਰਕ: 98888-14227

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All