ਖੇਲੋ ਇੰਡੀਆ: ਜੂਡੋ ਖਿਡਾਰੀਆਂ ਨੇ ਪੰਜਾਬ ਨੂੰ ਦਿਵਾਏ ਪੰਜ ਤਗ਼ਮੇ

ਸੁਖਜੀਤ ਮਾਨ ਬਠਿੰਡਾ, 17 ਜਨਵਰੀ ਸਹੂਲਤਾਂ ਦੀ ਘਾਟ ਦੇ ਬਾਵਜੂਦ ਜੂਡੋ ਖਿਡਾਰੀਆਂ ਨੇ ਗੁਹਾਟੀ ‘ਚ ਖੇਲੋ ਇੰਡੀਆ ਯੂਥ ਖੇਡਾਂ ਦੇ ਅੰਡਰ-21 ਵਰਗ ਵਿੱਚ ਦੋ ਸੋਨ ਤਗ਼ਮਿਆਂ ਸਣੇ ਕੁੱਲ ਪੰਜ ਤਗ਼ਮੇ (ਦੋ ਸੋਨੇ, ਇੱਕ ਚਾਂਦੀ ਅਤੇ ਦੋ ਕਾਂਸੀ) ਜਿੱਤ ਕੇ ਪੰਜਾਬ ਇਸ ਖੇਡ ਵਿੱਚ ਓਵਰਆਲ ਤੀਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਇਸ ਟੂਰਨਾਮੈਂਟ ਵਿੱਚ ਤਗ਼ਮਿਆਂ ਨੂੰ ਤਰਸ ਰਹੇ ਪੰਜਾਬ ਨੂੰ ਅੱਜ ਇੱਕ ਹੋਰ ਸੋਨ ਤਗ਼ਮਾ ਮਿਲਿਆ, ਜਦੋਂ ਹੁਸ਼ਿਆਰਪੁਰ ਦੇ ਨੀਰਜ ਕੁਮਾਰ ਨੇ 50 ਮੀਟਰ ਰਾਈਫਲ ਨਿਸ਼ਾਨੇਬਾਜ਼ੀ ਮੁਕਾਬਲੇ ’ਚ ਅੱਵਲ ਰਿਹਾ। ਪੰਜਾਬ ਨੇ ਟੂਰਨਾਮੈਂਟ ਵਿੱਚ ਹੁਣ ਤੱਕ ਕੁੱਲ 34 ਤਗ਼ਮੇ (8 ਸੋਨੇ, 11 ਚਾਂਦੀ ਅਤੇ 15 ਕਾਂਸੀ) ਜਿੱਤੇ ਹਨ ਅਤੇ ਉਹ ਤਗ਼ਮਾ ਸੂਚੀ ਵਿੱਚ 10ਵੇਂ ਸਥਾਨ ‘ਤੇ ਚੱਲ ਰਿਹਾ ਹੈ। ਪੰਜਾਬ ਜੂਡੋ ਐਸੋਸੀਏਸ਼ਨ ਦੇ ਟੈਕਨੀਕਲ ਸਕੱਤਰ ਸੁਰਿੰਦਰ ਕੁਮਾਰ ਅਤੇ ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਜੂਡੋ ਅੰਡਰ-21 ਵਿੱਚ ਸ਼ਿਵ ਕੁਮਾਰ ਵਾਸੀ ਪਟਿਆਲਾ ਅਤੇ ਗੁਰਦਾਸਪੁਰ ਦੇ ਜ਼ੋਬਨਦੀਪ ਸਿੰਘ ਨੇ ਕ੍ਰਮਵਾਰ 60 ਕਿਲੋ ਅਤੇ 100 ਕਿਲੋ ਭਾਰ ਵਰਗ ’ਚੋਂ ਸੋਨ ਤਗ਼ਮੇ, ਜਦੋਂਕਿ ਗੁਰਦਾਸਪੁਰ ਦੇ ਰਿਤਿਕ ਕੁਮਾਰ (100 ਕਿਲੋ ਤੋਂ ਵੱਧ) ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਮੁਹਾਲੀ ਦੇ ਹਰਸ਼ਦੀਪ ਸਿੰਘ (81 ਕਿਲੋ) ਅਤੇ ਮਨਪ੍ਰੀਤ ਕੌਰ ਨੇ ਕਾਂਸੀ ਦੇ ਤਗ਼ਮੇ ਜਿੱਤੇ। ਉਨ੍ਹਾਂ ਕਿਹਾ ਕਿ ਇਹ ਤਗ਼ਮੇ ਕੋਚ ਰਵੀ ਕੁਮਾਰ, ਕਰਮਜੀਤ ਅੰਮ੍ਰਿਤਸਰ ਅਤੇ ਨਵਦੀਪ ਖਹਿਰਾ ਮੁਹਾਲੀ ਦੇ ਯਤਨਾਂ ਦਾ ਨਤੀਜਾ ਹਨ। ਪੰਜਾਬ ਜੂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਜੇਕਰ ਜੂਡੋ ਖਿਡਾਰੀਆਂ ਦੇ ਅਭਿਆਸ ਲਈ ਗੁਰਦਾਸਪੁਰ ਵਿੱਚ ਮੁੱਖ ਕੇਂਦਰ ਬਣਦਾ ਹੈ ਤਾਂ ਨਤੀਜੇ ਬਿਹਤਰ ਹੋ ਸਕਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All