ਖ਼ੂਬਸੂਰਤ ਤੇ ਸ਼ਾਂਤ ਵਾਦੀ ਕੁੱਲੂ

ਮੇਜਰ ਸਿੰਘ ਜਖੇਪਲ ਸੈਰ ਸਫ਼ਰ

ਹਿਮਾਚਲ ਜਾਂ ਹਿਮ ਦਾ ਪ੍ਰਦੇਸ਼ ਸੱਚਮੁੱਚ ਹੀ ਸਵਰਗ ਹੈ ਜੋ ਕੁਦਰਤੀ ਸੁੰਦਰਤਾ ਅਤੇ ਅਧਿਆਤਮਕ ਸ਼ਾਂਤੀ ਨਾਲ ਭਰਪੂਰ ਹੈ। ਬਰਫ਼ ਨਾਲ ਢਕੀਆਂ ਚੋਟੀਆਂ, ਤੰਗ ਘਾਟੀਆਂ ਵਿਚ ਤੇਜ਼ ਗਤੀ ਨਾਲ ਕਲਕਲ ਵਹਿੰੰਦੀਆਂ ਰੌਲਾ ਪਾਉਂਦੀਆਂ ਨਦੀਆਂ, ਦੇਵਦਾਰ ਦੇ ਸੰਘਣੇ ਜੰਗਲ ਤੇ ਫੁੱਲਾਂ ਨਾਲ ਢਕੇ ਘਾਹ ਦੇ ਮੈਦਾਨ ਹਿਮਾਚਲ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਹਨ। ਹਿਮਾਚਲ ਨੂੰ ‘ਦੇਵ ਭੂਮੀ’ ਵੀ ਕਿਹਾ ਜਾਂਦਾ ਹੈ। ਰੂਸ ਦਾ ਮਹਾਨ ਚਿੱਤਰਕਾਰ ਨਿਕੋਲਿਸ ਰੋਰਿਕ ਇਸ ਘਾਟੀ ਤੋਂ ਏਨਾ ਪ੍ਰਭਾਵਿਤ ਹੋਇਆ ਕਿ ਉਹ ਇੱਥੇ ਦਾ ਹੀ ਹੋ ਕੇ ਰਹਿ ਗਿਆ। ਹਿਮਾਚਲ ਵਿਚ ਘੁੰਮਣ ਫਿਰਨ ਦੇ ਅਨੇਕਾਂ ਸਥਾਨ ਹਨ ਜੋ ਆਪਣੀ ਸੁੰਦਰਤਾ ਨਾਲ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ। ਇਨ੍ਹਾਂ ਵਿਚੋਂ ਕੁੱਲੂ ਇਕ ਅਜਿਹੀ ਹੀ ਜਗ੍ਹਾ ਹੈ ਜਿੱਥੇ ਸਾਰਾ ਸਾਲ ਸੈਲਾਨੀ ਆਉਂਦੇ ਰਹਿੰਦੇ ਹਨ। ਕੁੱਲੂ ਦੀ ਧਰਤੀ ਚਿੱਤਰਕਾਰਾਂ ਤੇ ਫੋਟੋਗ੍ਰਾਫਰਾਂ ਲਈ ਵੀ ਸਵਰਗ ਹੈ। ਕੁੱਲੂ ਬਾਰੇ ਵਿਦਵਾਨਾਂ ਦਾ ਵਿਚਾਰ ਹੈ ਕਿ ਕੁੱਲੂ ਨਾਮ ‘ਕਲੂਤ’ ਤੋਂ ਮਿਲਿਆ ਹੈ। ਸਮੇਂ ਨਾਲ ‘ਕਲੂਤ’ ਤੋਂ ‘ਤ’ ਲੋਪ ਹੋ ਗਿਆ ਅਤੇ ਬਾਅਦ ਵਿਚ ਉਸੇ ਤਰ੍ਹਾਂ ਲਿਖਿਆ ਜਾਣ ਲੱਗ ਪਿਆ। ਬਿਆਸ ਨਦੀ ਕਿਨਾਰੇ ਕੁੱਲੂ ਪਿੰਡ ਵਸਿਆ ਹੋਇਆ ਸੀ ਤੇ ਇਸ ਨੂੰ ‘ਕੁਲਾਤ ਪੀਠ’ ਜਾਂ ‘ਰਹਿਣ ਯੋਗ ਸੰਸਾਰ’ ਦਾ ਆਖ਼ਰੀ ਸਿਰਾ ਵੀ ਕਿਹਾ ਜਾਂਦਾ ਸੀ। ਦਰਅਸਲ, ਕਲੂਤ ਇਕ ਜਾਤੀ ਸੀ ਜੋ ਬਿਆਸ ਨਦੀ ਦੀ ਉਪਰਲੀ ਘਾਟੀ ਵਿਚ ਰਹਿੰਦੀ ਸੀ। ਮਹਾਂਭਾਰਤ ਦੀ ਕਥਾ ਮੁਤਾਬਿਕ ਕਲੂਤ ਰਾਜਾ ਪਰਬਤੇਸ਼ਵਰ, ਅਰਜਨ ਨਾਲ ਲੜਿਆ ਸੀ। ਇਸ ਜਾਤੀ ਦੇ ਇਕ ਹੋਰ ਰਾਜੇ ਕਸੇਮ ਧੂਤਰੀ ਦੇ ਮਹਾਂਭਾਰਤ ਦੇ ਯੁੱਧ ਵਿਚ ਮਾਰਿਆ ਗਿਆ ਹੋਣ ਬਾਰੇ ਲਿਖਿਆ ਗਿਆ ਹੈ। ਇੱਥੋਂ ਪਹਿਲੀ ਸਦੀ ਦੇ ਸਿੱਕੇ ਮਿਲੇ ਦੱਸੇ ਜਾਂਦੇ ਹਨ ਜਿਸ ’ਤੇ ਲਿਖਿਆ ਹੋਇਆ ਸੀ: ਰਾਜਾ ਕੋਲਤੂਸਿਮ ਵੀਰ ਸ਼ਾਸਤਰ। ਅਜੋਕਾ ਕੁੱਲੂ ਸ਼ਹਿਰ 6.68 ਵਰਗ ਕਿਲੋਮੀਟਰ ਖੇਤਰ ਵਿਚ ਫੈਲਿਆ ਹੋਇਆ ਹੈ। ਇਹ ਸਮੁੰਦਰੀ ਤਲ ਤੋਂ 1,219 ਮੀਟਰ ਦੀ ਉਚਾਈ ’ਤੇ ਸਥਿਤ ਹੈ। ਇੱਥੋਂ ਦੀ ਆਬਾਦੀ ਪੱਚੀ ਹਜ਼ਾਰ ਦੇ ਲਗਭਗ ਹੈ। ਜ਼ਿਲ੍ਹਾ ਸਦਰ ਮੁਕਾਮ ਕੁੱਲੂ ਵਿਚ ਹੀ ਹੈ। ਇਸ ਸ਼ਹਿਰ ਦੇ ਚਾਰ ਪ੍ਰਮੁੱਖ ਭਾਗ ਹਨ ਜਿਨ੍ਹਾਂ ਵਿਚ ਢਾਲਪੁਰ, ਸਰਵਰੀ, ਸੁਲਤਾਨਪੁਰ ਤੇ ਅਖਾੜਾ ਸ਼ਾਮਲ ਹਨ। ਢਾਲਪੁਰ ਖੁੱਲ੍ਹਾ-ਡੁੱਲਾ ਸਥਾਨ ਹੈ। ਇਸ ਵਿਚ ਸਾਰੇ ਸਰਕਾਰੀ ਦਫ਼ਤਰ ਮੌਜੂਦ ਹਨ ਤੇ ਆਲੇ-ਦੁਆਲੇ ਰੁੱਖ ਹਨ। ਚਾਰੇ ਪਾਸੇ ਦੁਕਾਨਾਂ ਤੇ ਵਿਚਕਾਰ ਹਰਾ-ਭਰਾ ਪੈਦਾਨ ਹੈ। ਪੂਰੀ ਦੁਨੀਆਂ ’ਚ ਪ੍ਰਸਿੱਧ ਕੁੱਲੂ ਦਾ ਦੁਸਹਿਰਾ ਮੇਲਾ ਇਸ ਸਥਾਨ ਉਪਰ ਹੀ ਲੱਗਦਾ ਹੈ। ਢਾਲਪੁਰ ਦਾ ਵਧੇਰੇ ਵਿਸਥਾਰ ਸ਼ੀਸ਼ਾ ਮਾਟੀ, ਗਾਂਧੀ ਨਗਰ ਤੇ ਸ਼ਾਸਤਰੀ ਨਗਰ ਦੀ ਨਵੀਆਂ ਬਸਤੀਆਂ ਦੇ ਰੂਪ ਵਿਚ ਹੋਇਆ ਹੈ। ਸਰਵਰੀ ਬਾਜ਼ਾਰ, ਇਸ ਨਾਂ ਦੀ ਨਦੀ ਦੇ ਕਿਨਾਰੇ ਸਥਿਤ ਹੈ। ਇਸ ਬਾਜ਼ਾਰ ਵਿਚ ਕੁੱਲੂ ਦਾ ਸਿਨਮਾ ਘਰ ਤੇ ਮੁੱਖ ਬੱਸ ਅੱਡਾ ਹੈ। ਇਸ ਦੇ ਖੱਬੇ ਪਾਸੇ ਉਚਾਈ ’ਤੇ ਕੁੱਲੂ ਦਾ ਪੁਰਾਣਾ ਬਾਜ਼ਾਰ ਸੁਲਤਾਨਪੁਰ ਹੈ। ਸੁਲਤਾਨਪੁਰ ਚੰਦ ਰਾਜਾ ਨੇ ਵਸਾਇਆ ਸੀ। ਇਸ ਬਾਜ਼ਾਰ ਵਿਚ ਕੁੱਲੂ ਦੇ ਰਾਜਾ ਦਾ ਰਾਜ ਭਵਨ ਤੇ ਰਘੂਨਾਥ ਜੀ ਦਾ ਮੰਦਰ ਹੈ। ਅਖਾੜਾ ਬਾਜ਼ਾਰ ਵਪਾਰਕ ਕੇਂਦਰ ਹੈ। ਇੱਥੇ ਸਬਜ਼ੀ ਮੰਡੀ ਹੈ। ਪਹਿਲਾਂ ਇਸ ਸਥਾਨ ’ਤੇ ਵੈਰਾਗੀਆਂ ਦੇ ਅਖਾੜੇ ਸਨ ਜਿਸ ਕਰਕੇ ਇਸ ਨੂੰ ਅਖਾੜਾ ਬਾਜ਼ਾਰ ਕਿਹਾ ਜਾਣ ਲੱਗਾ। ਇਹ ਬਿਆਸ ਨਦੀ ਦੇ ਸੱਜੇ ਪਾਸੇ ਸਥਿਤ ਹੈ। ਇੱਥੇ ਬੈਂਕ, ਗੁਰਦੁਆਰਾ, ਪੈਟਰੋਲ ਪੰਪ, ਆਰੀਆ ਸਮਾਜ ਤੇ ਨਗਰ ਪ੍ਰੀਸ਼ਦ ਦਾ ਦਫ਼ਤਰ ਹੈ।

ਮੇਜਰ ਸਿੰਘ ਜਖੇਪਲ

ਕੁੱਲੂ ਵਿਚ ਰਘੂਨਾਥ ਮੰਦਰ ਵੇਖਣ ਯੋਗ ਹੈ। ਇਸ ਵਿਚ ਰਘੂਨਾਥ ਜੀ ਦੀ ਪੁਰਾਤਨ ਮੂਰਤੀ ਲੱਗੀ ਹੋਈ ਹੈ। 1660 ਵਿਚ ਬਣਿਆ ਇਹ ਮੰਦਰ ਉੱਚੀ ਪਹਾੜੀ ’ਤੇ ਸਥਿਤ ਹੈ। ਇੱਥੇ ਦਿਨ ਵਿਚ ਪੰਜ ਵਾਰ ਪੂਜਾ ਹੁੰਦੀ ਹੈ ਅਤੇ ਸਾਲ ਵਿਚ 45 ਤਿਉਹਾਰ ਮਨਾਏ ਜਾਂਦੇ ਹਨ। ਕੁੱਲੂ-ਮਨਾਲੀ ਮਾਰਗ ਉਪਰ ਕੁੱਲੂ ਤੋਂ ਦੋ ਕਿਲੋਮੀਟਰ ਦੂਰ ਮਹਾਂਦੇਵੀ ਤੀਰਥ ਹੈ। ਇੱਥੇ ਵੈਸ਼ਨੋ ਦੇਵੀ ਮੰਦਰ ਵਾਂਗ ਇਕ ਗੁਫ਼ਾ ਹੈ ਜਿਸ ਵਿਚ ਮਾਤਾ ਦੁਰਗਾ ਦੀ ਮੂਰਤੀ ਸਥਾਪਤ ਹੈ। ਇਸੇ ਕਰਕੇ ਇਸ ਦਾ ਨਾਂ ਵੈਸ਼ਨੋ ਦੇਵੀ ਮੰਦਰ ਪਿਆ। ਇੱਥੇ ਦੁਰਗਾ ਤੋਂ ਇਲਾਵਾ ਸ਼ਿਵ, ਸੀਤਾ ਰਾਮ, ਕ੍ਰਿਸ਼ਨ ਤੇ ਹਨੂੰਮਾਨ ਜੀ ਦੀਆਂ ਮੂਰਤੀਆਂ ਵੀ ਹਨ। ਇਸ ਜਗ੍ਹਾ ਦਾ ਵਾਤਾਵਰਨ ਬਿਲਕੁਲ ਸ਼ਾਂਤ ਹੈ। ਅੰਗੋਰਾ ਖਰਗੋਸ਼ ਫਾਰਮ ਪੰਜ ਕਿਲੋਮੀਟਰ ਦੂਰ ਪਿਰੜੀ ਵਿਚ ਸਥਿਤ ਹੈ। ਇਹ ਫਾਰਮ ਦੇਸ਼ ਦੇ ਵੱਡੇ ਖਰਗੋਸ਼ ਫਾਰਮਾਂ ਵਿਚੋਂ ਇਕ ਹੈ। ਅੰਗੋਰਾ ਖਰਗੋਸ਼ਾਂ ਦੇ ਵਾਲ ਲੰਬੇ ਤੇ ਬਹੁਤ ਨਰਮ ਹੁੰਦੇ ਹਨ ਜਿਨ੍ਹਾਂ ਤੋਂ ਸ਼ਾਲ ਬਣਾਈ ਜਾਂਦੀ ਹੈ। ਇਹ ਸ਼ਾਲ ਨਰਮ ਅਤੇ ਗਰਮ ਹੁੰਦੀ ਹੈ। ਕੁੱਲੂ ਵਿਚ ਹੋਰ ਵੀ ਅਨੇਕਾਂ ਥਾਵਾਂ ਵੇਖਣ ਯੋਗ ਹਨ ਜਿਨ੍ਹਾਂ ਦਾ ਭਰਪੂਰ ਆਨੰਦ ਲਿਆ ਜਾ ਸਕਦਾ ਹੈ।

ਸੰਪਰਕ: 94631-28483

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All