ਕੱਪੜਿਆਂ ਦੀ ਦੁਕਾਨ ’ਚ ਅੱਗ ਲੱਗੀ

ਅੱਗ ਨਾਲ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੰਦਾ ਹੋਇਆ ਦੁਕਾਨਦਾਰ ਨਰੇਸ਼ ਕੁਮਾਰ।

ਸੁਰਿੰਦਰ ਸਿੰਘ ਗੁਰਾਇਆ ਟਾਂਡਾ, 21 ਮਈ ਇੱਥੋਂ ਦੇ ਮੇਨ ਬਾਜ਼ਾਰ ਉੜਮੁੜ ਵਿੱਚ ਕੱਪੜਿਆਂ ਦੀ ਦੁਕਾਨ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਪੰਜ ਵਜੇ ਜਦੋਂ ਉੜਮੁੜ ਨਿਵਾਸੀ ਦੁਕਾਨਦਾਰ ਪਰਮਜੀਤ ਸਿੰਘ ਸੈਰ ਕਰਦੇ ਬਾਜ਼ਾਰ ਵਿੱਚੋਂ ਜਾ ਰਿਹਾ ਸੀ ਤਾਂ ਸ਼ਿਵ ਸ਼ੰਕਰ ਕਲਾਥ ਹਾਊਸ ਦੁਕਾਨ ਵਿੱਚੋਂ ਧੂੰਆਂ ਨਿਕਲਦਾ ਵੇਖ ਕੇ ਉਸ ਨੇ ਰੌਲਾ ਪਾ ਦਿੱਤਾ। ਸਥਾਨਕ ਵਾਸੀਆਂ ਤੇ ਦੁਕਾਨਦਾਰਾਂ ਨੇ ਮਿਲ ਕੇ ਦੁਕਾਨ ਦੇ ਤਾਲੇ ਤੋੜੇ ਅਤੇ ਅੰਦਰ ਲੱਗੀ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੁਕਾਨ ਦੇ ਵੱਡੇ ਹਿੱਸੇ ਨੂੰ ਸੜਨ ਤੋਂ ਬਚਾਅ ਲਿਆ। ਅੱਗ ਨਾਲ ਦੁਕਾਨ ਦੀ ਫਿਟਿੰਗ, ਕਾਊਂਟਰ ਤੇ ਕੱਪੜਿਆਂ ਦਾ ਭਾਰੀ ਨੁਕਸਾਨ ਹੋਇਆ ਹੈ। ਦੁਕਾਨ ਮਾਲਕ ਨਰੇਸ਼ ਕੁਮਾਰ ਨਿਵਾਸੀ ਮੁਹੱਲਾ ਧੋਬੀਘਾਟ ਹੁਸ਼ਿਆਰਪੁਰ ਨੇ ਦੱਸਿਆ ਕਿ ਅੱਗ, ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੈ ਅਤੇ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਸ ਨੇ ਦੱਸਿਆ ਕਿ ਕਾਊਂਟਰ ਨੇੜੇ ਪਏ ਕੱਪੜੇ ਸੜ ਕੇ ਸੁਆਹ ਹੋ ਗਏ ਅਤੇ ਅੱਗ ਦੇ ਧੂੰਏਂ ਅਤੇ ਸੇਕ ਨਾਲ ਦੁਕਾਨ ਵਿੱਚ ਪਏ ਲਗਭਗ ਸਾਰੇ ਕੱਪੜਿਆਂ ਨੂੰ ਨੁਕਸਾਨ ਪਹੁੰਚਿਆ ਹੈ। ਜਦੋਂ ਦਸੂਹਾ ਤੋਂ ਫਾਇਰ ਬਿ੍ਰਗੇਡ ਦੀ ਟੀਮ ਪਹੁੰਚੀ ਉਸ ਸਮੇਂ ਤੱਕ ਲੋਕਾਂ ਨੇ ਅੱਗ ’ਤੇ ਕਾਬੂ ਪਾ ਲਿਆ ਸੀ।

ਐਕਸਿਸ ਬੈਂਕ ਦੀ ਸ਼ਾਖਾ ’ਚ ਅੱਗ ਲੱਗੀ ਪਠਾਨਕੋਟ: ਇੱਥੇ ਸੈਲੀ ਰੋਡ ’ਤੇ ਸਥਿਤ ਐਕਸਿਸ ਬੈਂਕ ਦੀ ਸ਼ਾਖਾ ਵਿੱਚ ਅੱਜ ਉਸ ਸਮੇਂ ਅਫਰਾਤਫਰੀ ਮਚ ਗਈ ਜਦ ਬੈਂਕ ਦੀ ਛੱਤ ’ਤੇ ਸਪਾਰਕਿੰਗ ਹੁੰਦੀ ਦੇਖੀ ਗਈ। ਸ਼ੁਰੂਆਤੀ ਦੌਰ ਵਿੱਚ ਤਾਂ ਇਸ ਨੂੰ ਹਲਕੇ ਵਿੱਚ ਲਿਆ ਗਿਆ ਪਰ ਥੋੜ੍ਹੀ ਦੇਰ ਬਾਅਦ ਜਦ ਇਸ ਨੇ ਅੱਗ ਦਾ ਰੂਪ ਧਾਰਨ ਕਰ ਲਿਆ ਤਾਂ ਬੈਂਕ ਕਰਮਚਾਰੀ ਆਪਣੀ ਜਾਨ ਨੂੰ ਬਚਾਉਣ ਲਈ ਭੱਜ ਨਿਕਲੇ ਤੇ ਸਾਰੇ ਹੀ ਮਿੰਟਾਂ ਵਿੱਚ ਬੈਂਕ ਕੰਪਲੈਕਸ ਵਿੱਚੋਂ ਬਾਹਰ ਆ ਗਏ। ਇਸ ਦੇ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ਤੇ ਪੁੱਜ ਗਈ ਅਤੇ ਫਾਇਰ ਕਰਮਚਾਰੀਆਂ ਨੇ ਜਲਦੀ ਹੀ ਅੱਗ ਤੇ ਕਾਬੂ ਪਾ ਲਿਆ। ਇਸ ਅੱਗ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਅੱਗ ਵੀ ਛੱਤ ਉਪਰ ਹੀ ਫੈਲਣ ਲੱਗੀ ਸੀ ਕਿ ਜਲਦੀ ਕਾਬੂ ਵਿੱਚ ਆ ਗਈ। -ਪੱਤਰ ਪ੍ਰੇਰਕ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All