ਕੈਨੇਡਾ ਦਾ ਪਾਣੀ ’ਚ ਘਿਰਿਆ ਸ਼ਹਿਰ ਵਿਕਟੋਰੀਆ

ਗੁਰਪ੍ਰੀਤ ਸਿੰਘ ਤਲਵੰਡੀ ਸੈਰ ਸਫ਼ਰ

ਕੈਨੇਡਾ ਦੇ ਸਭ ਤੋਂ ਖ਼ੂਬਸੂਰਤ ਰਾਜ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਨੂੰ ਇਸ ਮੁਲਕ ਵਿਚ ਜੰਨਤ ਦਾ ਨਾਂ ਦਿੱਤਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਸ਼ੂਕਦੇ ਸਮੁੰਦਰ ਵਿਚਕਾਰ ਵਸਿਆ ਟਾਪੂਨੁਮਾ ਸ਼ਹਿਰ ਵਿਕਟੋਰੀਆ ਦੁਨੀਆ ਭਰ ਦੇ ਸੈਲਾਨੀਆਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਇਕ ਪਾਸੇ ਸਮੁੰਦਰ ਦੇ ਨੀਲੇ ਪਾਣੀਆਂ ਦੀਆਂ ਉੱਠ ਰਹੀਆਂ ਲਹਿਰਾਂ, ਦੂਸਰੇ ਪਾਸੇ ਦੂਰੋਂ ਨਜ਼ਰ ਆ ਰਹੇ ਹਰਿਆਲੀ ਲੱਦੇ ਉੱਚੇ ਪਰਬਤ ਅਤੇ ਇਨ੍ਹਾਂ ਪਰਬਤਾਂ ਵਿਚਦੀ ਝਾਤੀਆਂ ਮਾਰ ਰਿਹਾ ਸੂਰਜ ਬੜਾ ਹੀ ਮਨਮੋਹਕ ਦ੍ਰਿਸ਼ ਪੇਸ਼ ਕਰਦਾ ਹੈ। ਗਰਮੀਆਂ ਵਿਚ ਇਸ ਧਰਤੀ ’ਤੇ ਸੈਲਾਨੀਆਂ ਦਾ ਜਮਘਟਾ ਲੱਗ ਜਾਂਦਾ ਹੈ। ਦੂਰ ਦੁਰਾਡਿਉਂ ਵੱਖ-ਵੱਖ ਮੁਲਕਾਂ ਤੋਂ ਵੱਡੀ ਗਿਣਤੀ ਸੈਲਾਨੀ ਇੱਥੇ ਪੁੱਜਦੇ ਹਨ। ਵਿਕਟੋਰੀਆ ਦੀ ਸੈਰ ਕਰਵਾਉਣ ਲਈ ਇੱਥੇ ਬਾਕਾਇਦਾ ਤਾਂਗੇ ਚੱਲਦੇ ਹਨ। ਬਹੁਤ ਹੀ ਤਕੜੇ ਜੁੱਸਿਆਂ ਅਤੇ ਚੰਗੇ ਕੱਦ-ਕਾਠ ਵਾਲੇ ਘੋੜਿਆਂ ਵਾਲੇ ਤਾਂਗਿਆਂ ਉੱਪਰ ਗੋਰੀਆਂ ਲੜਕੀਆਂ ਵਿਸ਼ੇਸ਼ ਵਰਦੀ ਪਹਿਨ ਕੇ ਸੈਲਾਨੀਆਂ ਨੂੰ ਸਮੁੱਚੇ ਸ਼ਹਿਰ ਦੀਆਂ ਇਤਿਹਾਸਕ ਇਮਾਰਤਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਸ਼ਹਿਰ ਦੀ ਸੈਰ ਕਰਵਾਉਂਦੀਆਂ ਹਨ। ਵਿਕਟੋਰੀਆ ਦੀ ਭੂਗੋਲਿਕ ਸਥਿਤੀ ਅਤੇ ਇਸ ਦੇ ਇਤਿਹਾਸ ਬਾਰੇ ਜਾਣਨਾ ਬੜਾ ਜ਼ਰੂਰੀ ਹੈ। ਵਿਕਟੋਰੀਆ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਹੈ ਜੋ ਕੈਨੇਡਾ ਦੇ ਪ੍ਰਸ਼ਾਂਤ ਤੱਟ ਤੋਂ ਦੂਰ ਵੈਨਕੂਵਰ ਆਈਲੈਂਡ ਦੇ ਦੱਖਣੀ ਸਿਰੇ ’ਤੇ ਸਥਿਤ ਹੈ। ਇਸ ਸ਼ਹਿਰ ਦੀ ਆਬਾਦੀ 85,792 ਹੈ ਜਦੋਂਕਿ ਗਰੇਟਰ ਵਿਕਟੋਰੀਆ ਦੇ ਮਹਾਂਨਗਰ ਖੇਤਰ ਦੀ ਆਬਾਦੀ 3,67,770 ਹੈ ਜਿਸ ਨਾਲ ਇਹ 15ਵਾਂ ਸਭ ਤੋਂ ਵੱਧ ਆਬਾਦੀ ਵਾਲਾ ਕੈਨੇਡੀਅਨ ਮਹਾਂਨਗਰ ਖੇਤਰ ਹੈ। ਵਿਕਟੋਰੀਆ ਕੈਨੇਡਾ ਦਾ ਸੱਤਵਾਂ ਸਭ ਤੋਂ ਸੰਘਣੀ ਆਬਾਦੀ ਵਾਲਾ ਸ਼ਹਿਰ ਹੈ। ਇੱਥੋਂ ਦੀ ਆਬਾਦੀ ਘਣਤਾ 4,405.8 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ ਜੋ ਟੋਰਾਂਟੋ ਨਾਲੋਂ ਵਧੇਰੇ ਆਬਾਦੀ ਘਣਤਾ ਹੈ। ਵਿਕਟੋਰੀਆ ਪੱਛਮੀ ਕੈਨੇਡਾ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਵੱਡੇ ਸ਼ਹਿਰ ਵੈਨਕੂਵਰ ਤੋਂ ਲਗਭਗ 100 ਕਿਲੋਮੀਟਰ (60 ਮੀਲ) ਦੀ ਦੂਰੀ ’ਤੇ ਸਥਿਤ ਹੈ। ਅਮਰੀਕਾ ਦੇ ਪ੍ਰਸਿੱਧ ਸ਼ਹਿਰ ਸਿਆਟਲ ਤੋਂ ਵੀ ਇਸ ਦੀ ਦੂਰੀ ਲਗਭਗ 100 ਕਿਲੋਮੀਟਰ (60 ਮੀਲ) ਹੈ। ਵੈਨਕੂਵਰ ਜਾਂ ਸਿਆਟਲ ਤੋਂ ਵਿਕਟੋਰੀਆ ਤੱਕ ਸਿਰਫ਼ ਹਵਾਈ ਜਹਾਜ਼ ਜਾਂ ਫੈਰੀ (ਵੱਡੀਆਂ ਕਿਸ਼ਤੀਆਂ) ਰਾਹੀਂ ਹੀ ਜਾਇਆ ਜਾ ਸਕਦਾ ਹੈ। ਇਸ ਸ਼ਹਿਰ ਵਿਚ ਕਈ ਇਤਿਹਾਸਕ ਇਮਾਰਤਾਂ ਦੇਖਣਯੋਗ ਹਨ ਜਿਨ੍ਹਾਂ ਵਿਚ ਬ੍ਰਿਟਿਸ਼ ਕੋਲੰਬੀਆ ਰਾਜ ਦਾ ਸੰਸਦ ਭਵਨ (ਜੋ ਸੰਨ 1897 ਵਿਚ ਬਣਾਇਆ ਗਿਆ) ਅਤੇ 1908 ਵਿਚ ਬਣਿਆ ਇਮਪਰੈੱਸ ਹੋਟਲ ਸ਼ਾਮਿਲ ਹਨ। ਸ਼ਹਿਰ ਦਾ ਚਾਈਨਾ ਟਾਊਨ ਵੀ ਸੈਲਾਨੀਆਂ ਦਾ ਧਿਆਨ ਖਿੱਚਦਾ ਹੈ। ਵਿਕਟੋਰੀਆ ਆਕਰਸ਼ਕ ਸ਼ਹਿਰ ਅਤੇ ਪ੍ਰਚੱਲਿਤ ਟੈਕਨੋਲੋਜੀ ਖੇਤਰ ਵਾਲਾ ਇਕ ਪ੍ਰਸਿੱਧ ਸੈਰ ਸਪਾਟਾ ਸਥਾਨ ਹੈ ਜੋ ਇਸ ਦਾ ਸਭ ਤੋਂ ਵੱਡਾ ਮਾਲੀਆ ਪੈਦਾ ਕਰਨ ਵਾਲਾ ਨਿੱਜੀ ਉਦਯੋਗ ਬਣ ਗਿਆ ਹੈ। ਵਿਕਟੋਰੀਆ ਦੁਨੀਆ ਦੇ ਚੰਗਾ ਜੀਵਨ ਦੇਣ ਵਾਲੇ ਚੋਟੀ ਦੇ ਵੀਹ ਸ਼ਹਿਰਾਂ ਵਿਚ ਸ਼ੁਮਾਰ ਹੈ। ਇਸ ਸ਼ਹਿਰ ਵਿਚ ਵੱਡੇ ਪੱਧਰ ’ਤੇ ਵਿਦੇਸ਼ੀ ਅਤੇ ਗ਼ੈਰ-ਮੁਕਾਮੀ ਵਿਦਿਆਰਥੀ ਰਹਿ ਰਹੇ ਹਨ ਜੋ ਵਿਕਟੋਰੀਆ ਯੂਨੀਵਰਸਿਟੀ, ਕੈਮੋਸਨ ਕਾਲਜ, ਰਾਇਲ ਰੋਡਜ਼ ਯੂਨੀਵਰਸਿਟੀ, ਵਿਕਟੋਰੀਆ ਕਾਲਜ ਆਫ਼ ਆਰਟਸ ਅਤੇ ਕੈਨੇਡੀਅਨ ਕਾਲਜ ਆਫ ਪਰਫਾਰਮਿੰਗ ਆਰਟਸ ਵਿਚ ਪੜ੍ਹਨ ਲਈ ਆਉਂਦੇ ਹਨ। ਇਹ ਸ਼ਹਿਰ ਵੱਡੀ ਗਿਣਤੀ ਕਿਸ਼ਤੀ ਚਾਲਕਾਂ ਅਤੇ ਆਪਣੀਆਂ ਸਮੁੰਦਰੀ ਬੀਚਾਂ ਕਾਰਨ ਦੁਨੀਆਂ ਭਰ ਵਿਚ ਪ੍ਰਸਿੱਧ ਹੈ। ਇਸ ਦੇ ਨਾਲ ਹੀ ਆਪਣੇ ਕੰਮਾਂ-ਕਾਰਾਂ ਤੋਂ ਵਿਹਲੇ ਹੋਏ ਜਾਂ ਸੇਵਾਮੁਕਤ ਹੋਏ ਲੋਕਾਂ ਲਈ ਖਿੱਚ ਦਾ ਕੇਂਦਰ ਹੈ ਜੋ ਬਰਫ਼ ਤੋਂ ਮੁਕਤ ਕੁਦਰਤੀ ਸ਼ਾਂਤ ਵਾਤਾਵਰਣ ਦਾ ਆਨੰਦ ਲੈਣ ਲਈ ਇੱਥੇ ਪਹੁੰਚਦੇ ਹਨ। ਯੂਰੋਪੀਅਨ ਯਾਤਰੀਆਂ ਦੇ 1700 ਦੇ ਅਖੀਰ ਵਿਚ ਇੱਥੇ ਪਹੁੰਚਣ ਤੋਂ ਪਹਿਲਾਂ ਵਿਕਟੋਰੀਆ ਖੇਤਰ ਵਿਚ ਸੋਨਥੀਜ਼ ਸਮੇਤ ਸਮੁੰਦਰੀ ਤੱਟ ਦੇ ਲੋਕਾਂ ਦੇ ਕਈ ਸਮੂਹ ਵਸਦੇ ਸਨ। ਸਪੇਨੀਆਂ ਅਤੇ ਬ੍ਰਿਟਿਸ਼ਾਂ ਨੇ ਉੱਤਰ ਪੱਛਮ ਦੇ ਤੱਟ ਦੀ ਖੋਜ ਕੀਤੀ। ਇਸ ਦੀ ਸ਼ੁਰੂਆਤ 1774 ਵਿਚ ਜੁਆਨ ਪੇਰੇਜ਼ ਨਾਂ ਦੇ ਵਿਅਕਤੀ ਅਤੇ 1778 ਵਿਚ ਜੇਮਜ਼ ਕੁੱਕ ਦੀ ਫੇਰੀ ਨਾਲ ਹੋਈ ਸੀ। 1790, 1791, ਅਤੇ 1792 ਵਿਚ ਐਸਕੁਮਿਲਟ ਹਾਰਬਰ (ਵਿਕਟੋਰੀਆ ਦੇ ਬਿਲਕੁਲ ਪੱਛਮ ਵਿਚ) ਪਹੁੰਚਿਆ। ਇਹ ਸ਼ਹਿਰ ਕਿਸੇ ਵੇਲੇ ਬਰਤਾਨੀਆ ਦੇ ਕਬਜ਼ੇ ਵਿਚ ਵੀ ਰਿਹਾ। ਵਿਕਟੋਰੀਆ ਉੱਪਰ ਅਮਰੀਕਾ ਦੁਆਰਾ ਕਬਜ਼ਾ ਜਮਾ ਲੈਣ ’ਤੇ 1841 ਵਿਚ ਜੌਰਜ ਸਿੰਪਸਨ ਦੀ ਸਿਫ਼ਾਰਸ਼ ’ਤੇ ਜੇਮਜ਼ ਡਗਲਸ ਨੂੰ ਵੈਨਕੂਵਰ ਆਈਲੈਂਡ ਦੇ ਦੱਖਣੀ ਸਿਰੇ ’ਤੇ ਇਕ ਵਪਾਰਕ ਚੌਕੀ ਸਥਾਪਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ। ਓਰੇਗਨ ਸੰਧੀ: ਇੰਗਲੈਂਡ ਅਤੇ ਅਮਰੀਕਾ ਵਿਚਕਾਰ ਓਰੇਗਨ ਦੇਸ਼ ਅਤੇ ਕੋਲੰਬੀਆ ਜ਼ਿਲ੍ਹੇ ’ਤੇ ਕਬਜ਼ੇ ਨੂੰ ਲੈ ਕੇ ਵਿਵਾਦ ਛਿੜਿਆ। ਇਸ ਵਿਚ ਨਿਊ ਕੈਲਡੋਨੀਆ ਦਾ ਉੱਤਰੀ ਖਿੱਤਾ ਵੀ ਸ਼ਾਮਿਲ ਸੀ। ਇਸ ਖਿੱਤੇ ਉੱਪਰ ਬਰਤਾਨੀਆ ਅਤੇ ਅਮਰੀਕਾ ਦੋਵਾਂ ਨੇ ਹੀ 1818 ਵਿਚ ਕਬਜ਼ਾ ਕਰ ਲਿਆ। ਇਸ ਵਿਵਾਦ ਲੰਮਾ ਸਮਾਂ ਚਲਦਾ ਰਿਹਾ। ਫਿਰ 15 ਜੂਨ 1846 ਨੂੰ ਅਮਰੀਕਾ ਦੇ ਵਾਸ਼ਿੰਗਟਨ ਡੀ.ਸੀ. ਵਿਚ ਅਮਰੀਕੀ ਰਾਸ਼ਟਰਪਤੀ ਜੇਮਜ਼ ਕੇ. ਪੋਲਕ ਦੀ ਪ੍ਰਧਾਨਗੀ ਹੇਠ ਇਸ ਖਿੱਤੇ ਦੇ ਵਿਵਾਦ ਨੂੰ ਸੁਲਝਾਉਣ ਲਈ ਹੋਈ ਸੰਧੀ ਨੂੰ ਓਰੇਗਨ ਸੰਧੀ ਦਾ ਨਾਮ ਦਿੱਤਾ ਗਿਆ। ਇਸ ਸੰਧੀ ਮੁਤਾਬਿਕ ਉੱਤਰੀ ਅਮਰੀਕਾ ਦੀ ਹੱਦ ਤੈਅ ਕੀਤੀ ਗਈ। ਓਰੇਗਨ ਸੀਮਾ ਵਿਵਾਦ ਦੇ ਚਲਦਿਆਂ 1846 ਵਿਚ ਜੇਮਜ਼ ਡਗਲਸ ਨੇ ਓਰੇਗਨ ਸੰਧੀ ਮੁਤਾਬਿਕ ਕੰਮ ਕਰਦਿਆਂ ਮੌਜੂਦਾ ਵਿਕਟੋਰੀਆ ਦੀ ਜਗ੍ਹਾ ’ਤੇ ਫੋਰਟ ਵਿਕਟੋਰੀਆ (ਵਿਕਟੋਰੀਆ ਦਾ ਕਿਲ੍ਹਾ) ਦੀ ਸਥਾਪਨਾ ਕੀਤੀ। ਇਉਂ ਉੱਤਰੀ ਅਮਰੀਕਾ ਦੀ ਸਰਹੱਦ ਹੋਰ ਵਿਸ਼ਾਲ ਹੋ ਗਈ। ਜ਼ਿਕਰਯੋਗ ਹੈ ਕਿ ਵਿਕਟੋਰੀਆ ਕਿਲ੍ਹੇ ਦਾ ਨਾਮ ਪਹਿਲਾਂ ਫੋਰਟ ਅਲਬਰਟ ਸੀ। 1843 ਵਿਚ ਬਰਤਾਨੀਆ ਦੀ ਮਹਾਰਾਣੀ ਵਿਕਟੋਰੀਆ ਦੇ ਨਾਮ ’ਤੇ ਇਸ ਦਾ ਨਾਮ ਫੋਰਟ ਵਿਕਟੋਰੀਆ ਰੱਖ ਦਿੱਤਾ ਗਿਆ। ਇਸ ਤਰ੍ਹਾਂ ਸਮੁੱਚੇ ਸ਼ਹਿਰ ਦਾ ਨਾਮ ਵਿਕਟੋਰੀਆ ਪੈ ਗਿਆ। 1843 ਵਿਚ ਹਡਸਨ ਬੇਅ ਕੰਪਨੀ ਇਕ ਟ੍ਰੇਡਿੰਗ ਪੋਸਟ ਦੇ ਰੂਪ ਵਿਚ ਸਥਾਪਿਤ ਕੀਤੀ ਗਈ। ਇਸ ਪੋਸਟ ਨੂੰ ਕੈਮੋਸਨ ਪੋਸਟ ਕਿਹਾ ਜਾਂਦਾ ਸੀ। ਕੈਮੋਸਨ ਸ਼ਬਦ ਕੈਮੋਸੈਕ ਤੋਂ ਬਣਿਆ ਜਿਸ ਦਾ ਅਰਥ ਪਾਣੀ ਦੀ ਬਹੁਤਾਤ ਹੈ। 1850-1854 ਵਿਚਕਾਰ ਓਰੇਗਨ ਸੰਧੀ ਨੂੰ ਡਗਲਜ਼ ਸੰਧੀ ਦਾ ਨਾਮ ਦਿੱਤਾ ਗਿਆ। ਇਸ ਸੰਧੀ ਅਨੁਸਾਰ ਦੇਸੀ ਭਾਈਚਾਰਿਆਂ ਦੇ ਲੋਕ ਵੱਖ-ਵੱਖ ਵਸਤਾਂ ਦੇ ਬਦਲੇ ਵਿਕਟੋਰੀਆ ਟਾਪੂ ’ਤੇ ਜ਼ਮੀਨ ਖਰੀਦ ਸਕਦੇ ਸਨ। ਇਸ ਸਮਝੌਤੇ ਨੇ ਵਿਕਟੋਰੀਆ ਦੀ ਬਸਤੀ ਨੂੰ ਰਾਜਧਾਨੀ ਬਣਨ ਵਿਚ ਵੱਡਾ ਯੋਗਦਾਨ ਪਾਇਆ। ਵਿਕਟੋਰੀਆ ਟਾਪੂ ਦੇ ਕਿਲ੍ਹੇ ਦੇ ਚੀਫ ਸੁਪਰਡੈਂਟ ਜੇਮਜ਼ ਡਗਲਜ਼ ਨੂੰ ਵੈਨਕੂਵਰ ਆਈਲੈਂਡ ਕਾਲੋਨੀ ਦਾ ਦੂਜਾ ਗਵਰਨਰ ਨਿਯੁਕਤ ਕੀਤਾ ਗਿਆ। 1864 ਵਿਚ ਡਗਲਜ਼ ਗਵਰਨਰ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ ਜਦੋਂਕਿ ਇਸ ਦਾ ਪਹਿਲਾ ਗਵਰਨਰ ਰਿਚਰਡ ਬਲੈਂਸ਼ਰਡ ਅਤੇ ਆਰਥਰ ਐਡਵਰਡ ਕੈਨੇਡੀ ਇਸ ਦਾ ਤੀਜਾ ਅਤੇ ਅੰਤਿਮ ਗਵਰਨਰ ਬਣਿਆ। ਬ੍ਰਿਟਿਸ਼ ਕੋਲੰਬੀਆ ਵਿਚ ਸੋਨੇ ਦੀ ਖੋਜ: 1858 ਵਿਚ ਬ੍ਰਿਟਿਸ਼ ਕੋਲੰਬੀਆ ਦੀ ਧਰਤੀ ’ਤੇ ਸੋਨੇ ਦੀ ਖੋਜ ਹੋਈ। ਇੱਥੇ ਧਰਤੀ ਹੇਠ ਸੋਨਾ ਲੱਭਣ ਦੀ ਖ਼ਬਰ ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਦੇ ਵੱਡੇ ਸ਼ਹਿਰ ਸਾਂ ਫਰਾਂਸਿਸਕੋ ਪਹੁੰਚੀ ਤਾਂ ਕੈਨੇਡਾ ਤੋਂ ਅਮਰੀਕਾ ਤੱਕ ਸੋਨਾ ਲਿਜਾਣ ਲਈ ਵਿਕਟੋਰੀਆ ਨੂੰ ਇਕ ਬੰਦਰਗਾਹ, ਸਪਲਾਈ ਬੇਸ ਅਤੇ ਖਣਿਜ ਪਦਾਰਥਾਂ ਲਈ ਸੋਨੇ ਦੇ ਖੇਤਰਾਂ ਵਿਚ ਜਾਣ ਵਾਲਾ ਮੁੱਖ ਰਸਤਾ ਬਣਾਇਆ ਗਿਆ। ਇਸ ਵਪਾਰਕ ਲਾਂਘੇ ਕਾਰਨ ਇਸ ਟਾਪੂ ਦੀ ਆਬਾਦੀ ਕੁਝ ਹੀ ਦਿਨਾਂ ਵਿਚ 300 ਤੋਂ ਵਧ ਕੇ 5000 ਤੱਕ ਜਾ ਅੱਪੜੀ। ਇਸ ਦੇ ਚਲਦਿਆਂ ਵਿਕਟੋਰੀਆ ਨੂੰ 1862 ਵਿਚ ਸ਼ਹਿਰ ਵਜੋਂ ਸਥਾਪਿਤ ਕੀਤਾ ਗਿਆ। 1865 ਵਿਚ ਇਸ ਨੂੰ ਰੋਇਲ ਨੇਵੀ ਦਾ ਹੈੱਡਕੁਆਰਟਰ ਬਣਾਇਆ ਗਿਆ। ਇਹ ਅੱਜ ਕੈਨੇਡਾ ਦੇ ਪ੍ਰਸ਼ਾਂਤ ਤੱਟ ਦਾ ਸਮੁੰਦਰੀ ਜਲ ਬੇਸ ਹੈ, ਭਾਵ ਵੱਡਾ ਜਲ ਸੈਨਿਕ ਟਿਕਾਣਾ ਹੈ। ਸੰਨ 1866 ਵਿਚ ਇਹ ਟਾਪੂ ਰਾਜਨੀਤਿਕ ਤੌਰ ’ਤੇ ਬ੍ਰਿਟਿਸ਼ ਕੋਲੰਬੀਆ ਨਾਲ ਜੁੜ ਗਿਆ ਤਾਂ ਇਸ ਨੂੰ ਨਿਊ ਵੈਸਟਮਿੰਸਟਰ ਦੀ ਥਾਂ ਨਵੀਂ ਸੰਯੁਕਤ ਕਾਲੋਨੀ ਦੀ ਰਾਜਧਾਨੀ ਬਣਾਇਆ ਗਿਆ। 1871 ਵਿਚ ਬ੍ਰਿਟਿਸ਼ ਕੋਲੰਬੀਆ ਕੈਨੇਡੀਅਨ ਸੰਘ ਵਿਚ ਸ਼ਾਮਿਲ ਹੋਇਆ ਤਾਂ ਵਿਕਟੋਰੀਆ ਨੂੰ ਇਸ ਦੀ ਸੂਬਾਈ ਰਾਜਧਾਨੀ ਬਣਾ ਦਿੱਤਾ ਗਿਆ। ਅਫ਼ੀਮ ਦੀ ਪੈਦਾਵਾਰ: 19ਵੀਂ ਸਦੀ ਦੇ ਮੱਧ ਵਿਚ ਵਿਕਟੋਰੀਆ ਉੱਤਰੀ ਅਮਰੀਕਾ ਦਾ ਸਭ ਤੋਂ ਵੱਡਾ ਅਫ਼ੀਮ ਆਯਾਤਕਾਰ ਸ਼ਹਿਰ ਬਣਿਆ। ਪਹਿਲਾਂ ਹਾਂਗਕਾਂਗ ਤੋਂ ਅਫ਼ੀਮ ਮੰਗਵਾ ਕੇ ਉੱਤਰੀ ਅਮਰੀਕਾ ਵਿਚ ਵੇਚੀ ਜਾਂਦੀ ਸੀ। 1865 ਤਕ ਅਫ਼ੀਮ ਦਾ ਵਪਾਰ ਕਰਨਾ ਕਾਨੂੰਨੀ ਅਤੇ ਨਿਯਮਤ ਨਹੀਂ ਸੀ। ਫਿਰ ਸਰਕਾਰ ਨੇ ਲਾਇਸੈਂਸ ਜਾਰੀ ਕਰਨੇ ਸ਼ੁਰੂ ਕੀਤੇ ਅਤੇ ਇਸ ਦੇ ਆਯਾਤ ’ਤੇ ਟੈਕਸ ਲਗਾਉਣਾ ਸ਼ੁਰੂ ਕਰ ਦਿੱਤਾ। 1908 ਵਿਚ ਇਸ ਦੇ ਵਪਾਰ ’ਤੇ ਪਾਬੰਦੀ ਲਗਾ ਦਿੱਤੀ ਗਈ। 1886 ਵਿਚ ਕੈਨੇਡੀਅਨ ਪੈਸੀਫਿਕ ਰੇਲਵੇ ਟਰਮੀਨਸ ਮੁਕੰਮਲ ਹੋਣ ਤੋਂ ਬਾਅਦ ਵਿਕਟੋਰੀਆ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਵੈਨਕੂਵਰ ਤੋਂ ਬਾਅਦ ਇਕ ਵੱਡੇ ਵਪਾਰਕ ਕੇਂਦਰ ਵਜੋਂ ਤੇਜ਼ੀ ਨਾਲ ਉੱਭਰਿਆ। ਇਸ ਦੇ ਨਾਲ ਹੀ ਵਿਕਟੋਰੀਆ ਨੇ ਕੁਦਰਤੀ ਸੁਹੱਪਣ ਸਦਕਾ ਪੂਰੀ ਦੁਨੀਆ ਦੇ ਸੈਲਾਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਵਿਦੇਸ਼ੀ ਸੈਲਾਨੀ ਰੁਡਯਾਰਡ ਕਿਪਲਿੰਗ ਦੇ ਯਤਨਾਂ ਨਾਲ 1904 ਵਿਚ ਵਿਸ਼ਵ ਪ੍ਰਸਿੱਧ ਬੁਚਰਟ ਗਾਰਡਨ ਦਾ ਉਦਘਾਟਨ ਕੀਤਾ ਗਿਆ। ਇਸ ਵਿਸ਼ਾਲ ਬਾਗ਼ ਦੀ ਸੁੰਦਰਤਾ ਹਰ ਕਿਸੇ ਦਾ ਮਨ ਮੋਂਹਦੀ ਹੈ। ਇਸ ਤੋਂ ਬਾਅਦ 1908 ਵਿਚ ਪੈਸੀਫਿਕ ਰੇਲਵੇ ਵੱਲੋਂ ਇਮਪਰੈੱਸ ਹੋਟਲ ਦੀ ਉਸਾਰੀ ਕੀਤੀ ਗਈ। ਇਸ ਹੋਟਲ ਨੂੰ ਮਹਾਰਾਣੀ ਦੀ ਰਿਹਾਇਸ਼ਗਾਹ ਵਜੋਂ ਉਭਾਰਿਆ ਗਿਆ। ਇਨ੍ਹਾਂ ਦੋਵੇਂ ਪ੍ਰੋਜੈਕਟਾਂ ਕਾਰਨ ਵਿਕਟੋਰੀਆ ਦੁਨੀਆ ਭਰ ਦੇ ਸੈਲਾਨੀਆਂ ਲਈ ਵੱਡੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

ਸੰਪਰਕ: 001-778-980-9196

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All