ਕਿੱਧਰ ਗਈਆਂ ਬਾਤਾਂ

ਕਿੱਧਰ ਗਈਆਂ ਬਾਤਾਂ

ਲੋਪ ਹੋ ਰਿਹਾ ਵਿਰਸਾ

ਬੁਝਾਰਤਾਂ ਜਿਨ੍ਹਾਂ ਨੂੰ ਬੁੱਝਣ ਵਾਲੀਆਂ ਬਾਤਾਂ ਵੀ ਕਿਹਾ ਜਾਂਦਾ ਹੈ, ਆਦਿ ਕਾਲ ਤੋਂ ਹੀ ਲੋਕ ਜੀਵਨ ਦਾ ਅਨਿੱਖੜਵਾਂ ਅੰਗ ਰਹੀਆਂ ਹਨ। ਮੁੱਢ ਕਦੀਮ ਤੋਂ ਹੀ ਮਨੁੱਖ ਦੇ ਮੁਢਲੇ ਮਨੋਰੰਜਨ ਦਾ ਸਾਧਨ ਰਹੀਆਂ ਹਨ। ਪਹਿਲੇ ਸਮਿਆਂ ਵਿੱਚ ਜ਼ਿਆਦਾਤਰ ਸੰਯੁਕਤ ਪਰਿਵਾਰ ਹੋਇਆ ਕਰਦੇ ਸਨ। ਰਾਤ ਨੂੰ ਤਾਰਿਆਂ ਦੀ ਲੋਅ ਵਿੱਚ ਸੌਣ ਲੱਗੇ ਬੱਚੇ ਆਪਣੀ ਦਾਦੀ ਜਾਂ ਘਰ ਦੇ ਕਿਸੇ ਵੱਡੇ-ਵਡੇਰੇ ਤੋਂ ਕਹਾਣੀਆਂ, ਬਾਤਾਂ ਸੁਣਦੇ। ਉਨ੍ਹਾਂ ਦੁਆਰਾ ਪਾਈਆਂ ਬੁਝਾਰਤਾਂ ਦੇ ਉੱਤਰ ਸੋਚ-ਸੋਚ ਕੇ ਦਿੰਦੇ। ਬੱਚੇ ਰੋਜ਼ ਨਵੀਂ ਬਾਤ ਸੁਣਨ ਅਤੇ ਬੁੱਝਣ ਲਈ ਉਤਾਵਲੇ ਰਹਿੰਦੇ। ਉਹ ਉਡੀਕ ਕਰਦੇ ਕਿ ਕਦੋਂ ਰਾਤ ਆਵੇਗੀ ਅਤੇ ਅਸੀਂ ਨਵੀਆਂ-ਨਵੀਆਂ ਬਾਤਾਂ ਅਤੇ ਕਹਾਣੀਆਂ ਸੁਣਾਂਗੇ। ਬੁਝਾਰਤਾਂ ਕਿਸ ਨੇ ਬਣਾਈਆਂ ਅਤੇ ਕਦੋਂ ਬਣਾਈਆਂ ਇਹ ਦੱਸਣਾ ਬੜਾ ਔਖਾ ਹੈ। ਇਹ ਲੋਕ ਸਾਹਿਤ ਦੇ ਹੋਰਨਾਂ ਰੂਪਾਂ ਵਾਂਗ ਸਾਡੇ ਤਕ ਪੀੜ੍ਹੀ-ਦਰ-ਪੀੜ੍ਹੀ ਪੁੱਜੀਆਂ ਹਨ। ਬੁਝਾਰਤ ਦੀ ਸਿਰਜਣਾ ਅਜਿਹੇ ਰਹੱਸਮਈ ਢੰਗ ਨਾਲ ਕੀਤੀ ਜਾਂਦੀ ਹੈ ਕਿ ਬੁਝਾਰਤ ਇੱਕ ਅਜਿਹਾ ਗੁੰਝਲ ਭਰਪੂਰ ਪ੍ਰਸ਼ਨ ਬਣ ਜਾਂਦੀ ਹੈ ਜਿਸ ਦਾ ਉੱਤਰ ਸੰਕੇਤਕ ਰੂਪ ਵਿੱਚ ਉਸੇ ਵਿੱਚ ਲੁਪਤ ਹੁੰਦਾ ਹੈ। ਬੁਝਾਰਤਾਂ ਪਾਉਣ ਵਾਲਾ ਇੱਕ ਸੁਹਜ ਭਰਿਆ ਤੇ ਰਹੱਸਮਈ ਵਾਤਾਵਰਨ ਪੈਦਾ ਕਰ ਦਿੰਦਾ ਹੈ ਕਿ ਸਰੋਤੇ ਉਸ ਦਾ ਉੱਤਰ ਖੋਜਣ ਲਈ ਉਤਸੁਕ ਹੋ ਜਾਂਦੇ ਹਨ। ਪੰਜਾਬ ਦੇ ਲੋਕ ਬੁਝਾਰਤਾਂ ਪਾ ਕੇ ਅਤੇ ਬੁੱਝ ਕੇ ਸਦਾ ਹੀ ਆਨੰਦ ਮਾਨਦੇ ਰਹੇ ਹਨ। ਕੇਵਲ ਬੱਚੇ ਹੀ ਬਾਤਾਂ ਪਾਉਣ ਅਤੇ ਬੁੱਝਣ ਦੀ ਖ਼ੁਸ਼ੀ ਹਾਸਲ ਨਹੀਂ ਕਰਦੇ, ਬਲਕਿ ਸਿਆਣੇ ਵੀ ਇਨ੍ਹਾਂ ਵਿੱਚ ਦਿਲਚਸਪੀ ਲੈਂਦੇ ਹਨ। ਪੰਜਾਬੀ ਵਿੱਚ ਅਨੇਕਾਂ ਬੁਝਾਰਤਾਂ ਮਿਲਦੀਆਂ ਹਨ। ਕੁਦਰਤ, ਫ਼ਸਲਾਂ, ਬਨਸਪਤੀ, ਜੀਵ-ਜੰਤੂਆਂ, ਘਰੇਲੂ ਵਸਤਾਂ, ਵੱਖ-ਵੱਖ ਧੰਦਿਆਂ ਆਦਿ ਅਨੇਕਾਂ ਵਿਸ਼ਿਆਂ ਬਾਰੇ ਬੜੀਆਂ ਪਿਆਰੀਆਂ ਅਤੇ ਸੁਹਜ ਭਰਪੂਰ ਬੁਝਾਰਤਾਂ ਪਾਈਆਂ ਜਾਂਦੀਆਂ ਹਨ, ਜਿਵੇਂ: ਅਸਮਾਨੋਂ ਡਿੱਗਿਆ ਬੱਕਰਾ, ਉਹ ਦੇ ਮੂੰਹ ’ਚੋਂ ਨਿਕਲੀ ਲਾਰ। ਢਿੱਡ ਪਾੜ ਕੇ ਦੇਖਿਆ, ਉਹਦੀ ਛਾਤੀ ਉੱਤੇ ਵਾਲ। ਬੁਝਾਰਤਾਂ ਪਾ ਕੇ ਅਤੇ ਬੁੱਝ ਕੇ ਜਿੱਥੇ ਮਨੋਰੰਜਨ ਹੁੰਦਾ, ਉਥੇ ਬੁੱਝਣ ਵਾਲੇ ਦੀ ਬੁੱਧੀ ਪਰਖ ਹੋ ਜਾਂਦੀ। ਉਨ੍ਹਾਂ ਸਮਿਆਂ ਵਿੱਚ ਇਕੱਠੇ ਰਹਿਣ ਕਰਕੇ ਬੱਚਿਆਂ ਦਾ ਦਾਦਾ-ਦਾਦੀ, ਨਾਨਾ-ਨਾਨੀ ਨਾਲ ਪਿਆਰ ਵੀ ਵਧਦਾ ਅਸਲ ਨਾਲੋਂ ਸੂਦ ਜ਼ਿਆਦਾ ਪਿਆਰਾ ਹੁੰਦਾ ਹੈ। ਕਾਫ਼ੀ ਆਦਤਾਂ ਵਿੱਚ ਸਮਾਨਤਾ ਹੋਣ ਕਰਕੇ ਬਜ਼ੁਰਗ ਅਤੇ ਛੋਟੇ ਬੱਚੇ ਛੇਤੀ ਇੱਕ-ਦੂਜੇ ਦੇ ਪਿਆਰ ਵਿੱਚ ਗੜੁੱਚ ਹੋ ਜਾਂਦੇ। ਦੋਹਾਂ ਕੋਲ ਵਿਹਲਾ ਵਕਤ ਹੋਣ ਕਰਕੇ ਕਾਫ਼ੀ ਚਿਰ ਇਕੱਠੇ ਰਹਿਣਾ ਇਨ੍ਹਾਂ ਨੂੰ ਛੇਤੀ ਹੀ ਘਿਓ-ਖਿੱਚੜੀ ਬਣਾ ਦਿੰਦਾ ਅਤੇ ਫਿਰ ਸ਼ੁਰੂ ਹੋ ਜਾਂਦਾ ਬਾਤਾਂ ਅਤੇ ਕਹਾਣੀਆਂ ਸੁਣਨ-ਸੁਣਾਉਣ ਦਾ ਸਿਲਸਿਲਾ। ਬਜ਼ੁਰਗਾਂ ਕੋਲ ਬੋਲਣ ਨੂੰ ਕਾਫ਼ੀ ਕੁਝ ਹੋਣਾ ਅਤੇ ਬੱਚਿਆਂ ਕੋਲ ਲਫ਼ਜ਼ ਘੱਟ ਹੋਣ ਕਰਕੇ ਸੁਣਨ ਦਾ ਜ਼ਿਆਦਾ ਸ਼ੌਕ ਹੋਣ ਕਰਕੇ ਵੀ ਇਹ ਜੋੜੀਆਂ ਖ਼ੂਬ ਫੱਬਦੀਆਂ। ਹੌਲੀ-ਹੌਲੀ ਆਧੁਨਿਕੀਕਰਨ ਦੇ ਪ੍ਰਭਾਵ ਨੇ ਸੰਯੁਕਤ ਪਰਿਵਾਰਾਂ ਨੂੰ ਛੋਟੇ-ਛੋਟੇ ਪਰਿਵਾਰਾਂ ਵਿੱਚ ਹੀ ਨਹੀਂ ਵੰਡਿਆ, ਸਗੋਂ ਬੱਚਿਆਂ ਨੂੰ ਵਿਰਸੇ ਦੇ ਅਨਮੋਲ ਖ਼ਜ਼ਾਨੇ ਤੋਂ ਵਾਂਝੇ ਕਰ ਦਿੱਤਾ। ਹੁਣ ਕੋਈ ਪਰਿਵਾਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਰਾਤ ਨੂੰ ਤਾਰਿਆਂ ਦੀ ਲੋਅ ਵਿੱਚ ਕੋਠਿਆਂ ’ਤੇ ਜਾਂ ਵਿਹੜਿਆਂ ਵਿੱਚ ਨਹੀਂ ਸੌਂਦਾ। ਹੁਣ ਹਰ ਜੀਅ ਲਈ ਆਪਣਾ ਵੱਖਰਾ ਕਮਰਾ ਹੁੰਦਾ ਹੈ। ਪਰਿਵਾਰਕ ਮੋਹ ਦੀਆਂ ਤੰਦਾਂ ਟੁੱਟਦੀਆਂ ਜਾ ਰਹੀਆਂ ਹਨ। ਪੱਛਮੀ ਸੱਭਿਆਚਾਰ ਦਾ  ਬੋਲਬਾਲਾ ਹੈ। ਬੱਚੇ ਆਪਣੇ ਸੱਭਿਆਚਾਰ, ਵਿਰਸੇ, ਮਾਂ ਬੋਲੀ ਦੇ ਖ਼ਜ਼ਾਨੇ-ਕਿੱਸੇ, ਕਹਾਣੀਆਂ, ਬਾਤਾਂ ਤੋਂ ਦੂਰ ਜਾ ਰਹੇ ਹਨ। ਵਿਗਿਆਨ ਦੇ ਸਾਧਨ ਜਿਵੇਂ ਟੀ.ਵੀ., ਕੰਪਿਊਟਰ, ਮੋਬਾਈਲ ਅਤੇ ਕੇਬਲ ਕਲਚਰ ਨੇ ਸਮੂਹਿਕ ਤੌਰ ’ਤੇ ਮਾਣੇ ਜਾਣ ਵਾਲੇ ਮਨੋਰੰਜਨ ਦੇ ਸਾਧਨ ਕਿਸੇ ਹੱਦ ਤਕ ਸਮਾਪਤ ਕਰ ਦਿੱਤੇ ਹਨ, ਜਿਸ ਕਾਰਨ ਬੁਝਾਰਤਾਂ ਪਾਉਣ ਅਤੇ ਬੁੱਝਣ ਦੀ ਪਰੰਪਰਾ ਵੀ ਖ਼ਤਮ ਹੋ ਰਹੀ ਹੈ। ਇਸ ਲਈ ਪੰਜਾਬੀਆਂ ਦੀ ਮਹਾਨ ਵਿਰਾਸਤ ਇਨ੍ਹਾਂ ਬੁਝਾਰਤਾਂ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ ਕਿਉਂਕਿ ਜੋ ਕੌਮਾਂ ਆਪਣੀ ਬੋਲੀ, ਵਿਰਸਾ ਨਹੀਂ ਸਾਂਭਦੀਆਂ ਉਹ ਤਬਾਹ ਹੋ ਜਾਂਦੀਆਂ ਹਨ।

-ਸ਼ੰਕਰ ਮਹਿਰਾ ਮੋਬਾਈਲ: 98884-05411

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All