ਕਸ਼ਮੀਰ ਦਾ ਸੇਬ ਖ਼ਰੀਦੇਗੀ ਕੇਂਦਰ ਸਰਕਾਰ

ਨਵੀਂ ਦਿੱਲੀ, 10 ਸਤੰਬਰ ਸਰਕਾਰ ਨੇ ਜੰਮੂ ਕਸ਼ਮੀਰ ਦੇ ਸੇਬ ਦੀ ਸਿੱਧੀ ਖ਼ਰੀਦ ਕਰਨ ਤੇ ਉਤਪਾਦਕਾਂ ਨੂੰ ਉਨ੍ਹਾਂ ਦਾ ਭੁਗਤਾਨ ਸਿੱਧੇ ਬੈਂਕ ਖ਼ਾਤੇ ਜ਼ਰੀਏ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਤੋਂ ਖ਼ਰੀਦ ਦਾ ਕਾਰਜ ਭਾਰਤੀ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਸੰਘ (ਨੈਫੇਡ) ਵੱਲੋਂ ਕੀਤਾ ਜਾਵੇਗਾ। ਖ਼ਰੀਦ ਦਾ ਕੰਮ 15 ਦਸੰਬਰ ਤੱਕ ਪੂਰਾ ਕੀਤਾ ਜਾਵੇਗਾ। ਸਰਕਾਰ ਨੇ ਇਹ ਕਦਮ ਇਨ੍ਹਾਂ ਖ਼ਬਰਾਂ ਤੋਂ ਬਾਅਦ ਚੁੱਕਿਆ ਹੈ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਕੁਝ ਅਤਿਵਾਦੀ ਸੇਬ ਉਤਪਾਦਕਾਂ ਨੂੰ ਆਪਣੇ ਉਤਪਾਦ ਬਾਜ਼ਾਰ ਵਿਚ ਨਾ ਵੇਚਣ ਦੀ ਧਮਕੀ ਦੇ ਰਹੇ ਹਨ। ਸਰਕਾਰ ਵੱਲੋਂ ਜੰਮੂ ਕਸ਼ਮੀਰ ਨੂੰ ਧਾਰਾ 370 ਤਹਿਤ ਮਿਲੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕੀਤੇ ਜਾਣ ਮਗਰੋਂ ਤੇ ਰਾਜਾਂ ਨੂੰ ਯੂਟੀਜ਼ ਵਿਚ ਤਬਦੀਲ ਕਰਨ ਮਗਰੋਂ ਅਤਿਵਾਦੀਆਂ ਵੱਲੋਂ ਸੇਬ ਦੇ ਕਿਸਾਨਾਂ ਨੂੰ ਧਮਕੀਆਂ ਦਿੱਤੇ ਜਾਣ ਦੀ ਸੂਚਨਾ ਹੈ। ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਸਰਕਾਰ ਨੇ ਚਾਲੂ ਸੀਜ਼ਨ 2019 ਵਿਚ ਜੰਮੂ ਕਸ਼ਮੀਰ ਦੇ ਕਿਸਾਨਾਂ ਤੋਂ ਸੇਬ ਦੀ ਖ਼ਰੀਦ ਕਰਨ ਦਾ ਐਲਾਨ ਕੀਤਾ ਹੈ। ਨੈਫੇਡ ਵੱਲੋਂ ਰਾਜ ਸਰਕਾਰ ਦੀਆਂ ਅਧਿਕਾਰਤ ਏਜੰਸੀਆਂ ਜ਼ਰੀਏ ਖ਼ਰੀਦ ਦਾ ਕੰਮ 15 ਦਸੰਬਰ ਤੱਕ ਪੂਰਾ ਕੀਤਾ ਜਾਵੇਗਾ। ਭੁਗਤਾਨ ਡੀਬੀਟੀ ਜ਼ਰੀਏ ਕਰ ਦਿੱਤਾ ਜਾਵੇਗਾ। ਸਾਰੇ ਵਰਗਾਂ ਦੇ ਸੇਬਾਂ- ਏ,ਬੀ,ਸੀ ਦੀ ਖ਼ਰੀਦ ਕੀਤੀ ਜਾਵੇਗੀ। ਸੋਪੋਰ, ਸ਼ੋਪੀਆਂ ਤੇ ਸ੍ਰੀਨਗਰ ਦੇ ਥੋਕ ਬਾਜ਼ਾਰਾਂ ’ਚੋਂ ਵੀ ਸਿੱਧੀ ਖ਼ਰੀਦ ਹੋਵੇਗੀ। ਸੇਬਾਂ ਦੀ ਕੀਮਤ ਮੁੱਲ ਕਮੇਟੀ ਵੱਲੋਂ ਤੈਅ ਕੀਤੀ ਜਾਵੇਗੀ। ਇਸ ਵਿਚ ਕੌਮੀ ਬਾਗਬਾਨੀ ਬੋਰਡ ਦਾ ਮੈਂਬਰ ਵੀ ਹੋਵੇਗਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All