ਕਰੋਨਾਵਾਇਰਸ ਦੀ ਛੇਤੀ ਜਾਂਚ ਕਰਨ ਵਾਲੀ ਕਿੱਟ ਬਣਾਈ

ਮੁੰਬਈ, 24 ਮਾਰਚ ਭਾਰਤ ਵਿੱਚ ਕਰੋਨਾਵਾਇਰਸ ਦੀ ਮਹਾਮਾਰੀ ਨੂੰ ਠੱਲ੍ਹ ਪਾਉਣ ਦੇ ਉਪਰਾਲੇ ਵਜੋਂ ਪੁਣੇ ਆਧਾਰਤ ਮਾਈਲੈਬਜ਼ ਡਿਸਕਵਰੀ ਸੋਲਿਊਸ਼ਨਜ਼ ਨੇ ਇਕ ਅਜਿਹੀ ਕਿੱਟ ਇਜਾਦ ਕੀਤੀ ਹੈ ਜੋ ਇਸ ਮਹਾਮਾਰੀ ਦੀ ਜਾਂਚ ਸਬੰਧੀ ਟੈਸਟ ਦਾ ਨਤੀਜਾ ਪਹਿਲਾਂ ਨਾਲੋਂ ਅੱਧੇ ਸਮੇਂ ਵਿੱਚ ਦੇਣ ਵਿੱਚ ਸਹਾਈ ਹੋਵੇਗੀ। ਕੰਪਨੀ ਦੇ ਸਹਿ-ਸੰਸਥਾਪਕ ਸ੍ਰੀਕਾਂਤ ਪਟੋਲੇ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਡਾਇਗਨੌਸਟਿਕ ਕੰਪਨੀ ਨੂੰ ਸੋਮਵਾਰ ਨੂੰ ਦੇਰੀ ਨਾਲ ਅਧਿਕਾਰੀਆਂ ਤੋਂ ਮਨਜ਼ੂਰੀ ਮਿਲੀ। ਕੰਪਨੀ ਪੁਣੇ ਜ਼ਿਲ੍ਹੇ ਵਿੱਚ ਪੈਂਦੇ ਲੋਨਾਵਾਲਾ ’ਚ ਸਥਿਤ ਆਪਣੇ ਪਲਾਂਟ ਤੋਂ ਹਰ ਰੋਜ਼ 15 ਹਜ਼ਾਰ ਟੈਸਟ ਕਿੱਟਾਂ ਬਣਾ ਸਕਦੀ ਹੈ ਅਤੇ ਇਸ ਗਿਣਤੀ ਨੂੰ ਵਧਾ ਕੇ 25 ਹਜ਼ਾਰ ਪ੍ਰਤੀ ਦਿਨ ਤੱਕ ਕੀਤਾ ਜਾ ਸਕਦਾ ਹੈ। ਵਿਸ਼ਵਸਿਹਤ ਸੰਸਥਾ ਨੇ ਦੱਖਣੀ ਕੋਰੀਆ ਵਿੱਚ ਤਜਰਬੇ ਨੂੰ ਦੇਖਦਿਆਂ ਇਸ ਮਹਾਮਾਰੀ ਨਾਲ ਲੜਨ ਲਈ ਜਾਂਚ ਟੈਸਟ ਦੇ ਜਲਦੀ ਨਤੀਜਿਆਂ ਨੂੰ ਅਹਿਮੀਅਤ ਦਿੱਤੀ ਹੈ। ਇਹ ਮਹਾਮਾਰੀ ਹੁਣ ਤੱਕ ਭਾਰਤ ਵਿੱਚ ਨੌਂ ਵਿਅਕਤੀਆਂ ਦੀ ਜਾਨ ਲੈ ਚੁੱਕੀ ਹੈ। ਸ੍ਰੀ ਪਟੋਲੇ ਨੇ ਦਾਅਵਾ ਕੀਤਾ ਕਿ ਕੰਪਨੀ ਕਰੋਨਾਵਾਇਰਸ ਦੀ ਜਾਂਚ ਸਬੰਧੀ ਕੀਤੇ ਜਾਂਦੇ ਟੈਸਟ ਦੇ ਨਤੀਜਿਆਂ ਦਾ ਸਮਾਂ ਘਟਾ ਕੇ ਢਾਈ ਘੰਟੇ ਤੱਕ ਲਿਆ ਸਕਦੀ ਹੈ, ਜਦੋਂ ਕਿ ਇਸ ਵੇਲੇ ਟੈਸਟ ਦਾ ਨਤੀਜਾ ਆਉਣ ਵਿੱਚ 6 ਤੋਂ 8 ਘੰਟੇ ਲੱਗਦੇ ਹਨ। ਕੰਪਨੀ ਦੇ 25 ਵਿਗਿਆਨਕਾਂ ਦੀ ਟੀਮ ਨੇ ਅਜਿਹੀ ਹੱਲ ਕੱਢਿਆ ਹੈ ਜਿਸ ਨਾਲ ਜਾਂਚ ਤੇ ਪੁਸ਼ਟੀ ਨਾਲੋ-ਨਾਲ ਹੋ ਸਕਦੀ ਹੈ। ਇਸ ਕਿੱਟ ਦਾ ਨਾਂ ‘ਮਾਈਲੈਬਜ਼ ਪੈਥੋਡਿਟੈਕਟ ਕੋਵਿਡ-19 ਕੁਆਲੀਟੈਂਟਿਵ ਪੀਸੀਆਰ ਕਿੱਟ’ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All