ਉਸਤਾਦ ਸ਼ਾਇਰ ਸੀ ਦੀਪਕ ਜੈਤੋਈ

ਹਰਮੇਲ ਪਰੀਤ

ਦੀਪਕ ਜੈਤੋਈ ਪੰਜਾਬੀ ਅਦਬੀ ਜਗਤ ਦਾ ਅਜਿਹਾ ਮਾਣ ਮੱਤਾ ਹਸਤਾਖ਼ਰ ਹੈ ਜਿਸ ਬਿਨਾਂ ਪੰਜਾਬੀ ਸ਼ਾਇਰੀ ਦਾ ਜ਼ਿਕਰ ਸਿਰੇ ਨਹੀਂ ਲੱਗ ਸਕਦਾ। ਪੰਜਾਬੀ ਸ਼ਾਇਰੀ ਅੰਦਰ ਬਾਬਾ ਬੋਹੜ ਵਰਗੀ ਹੈਸੀਅਤ ਸੀ ਉਨ੍ਹਾਂ ਦੀ। ਫ਼ਕੀਰਾਨਾ ਸੁਭਾਅ ਵਾਲਾ ਐਸਾ ਪ੍ਰਤੀਬੱਧ ਸ਼ਾਇਰ ਜਿਸ ਨੇ ਪੰਜਾਬੀ ਗ਼ਜ਼ਲ ਦੇ ਖੇਤਰ ਵਿੱਚ ਸਮਰਿੱਧੀ ਪ੍ਰਦਾਨ ਕਰਨ ਲਈ ਉਮਰ ਦਾ ਬਹੁਤ ਕੀਮਤੀ ਸਮਾਂ ਲਾ ਦਿੱਤਾ। ਪੂਰੇ ਸਿਰੜ ਅਤੇ ਦ੍ਰਿੜ੍ਹਤਾ ਨਾਲ ਰੱਜਵੀਂ ਮਿਹਨਤ ਕੀਤੀ, ਜਿਸ ਦੇ ਸਿੱਟੇ ਵਜੋਂ ਪੰਜਾਬੀ ਵਿੱਚ ਹੋਰਨਾਂ ਭਾਸ਼ਾਵਾਂ ਦੇ ਮੁਕਾਬਲੇ ਦੀ ਗ਼ਜ਼ਲ ਲਿਖੀ ਜਾਣ ਲੱਗੀ। ਦੀਪਕ ਜੈਤੋਈ ਨੇ ਪੰਜਾਬੀ ਜ਼ੁਬਾਨ ਦੇ ਉਨ੍ਹਾਂ ਨਿੰਦਕਾਂ ਦਾ ਮੂੰਹ ਬੰਦ ਕਰ ਦਿੱਤਾ ਜਿਹੜੇ ਕਹਿੰਦੇ ਸਨ ਕਿ 'ਪੰਜਾਬੀ ਵਿੱਚ ਗ਼ਜ਼ਲ? ਇਹ ਤਾਂ ਹੋ ਈ ਨਹੀਂ ਸਕਦਾ।'  ਉਨ੍ਹਾਂ ਨੇ ਉਨ੍ਹਾਂ ਪੰਜਾਬੀ ਸ਼ਾਇਰਾਂ ਦੀਆਂ ਵੀ ਅੱਖਾਂ ਖੋਲ੍ਹ ਦਿੱਤੀਆਂ ਜਿਹੜੇ ਆਪ ਮੰਨੀ ਬੈਠੇ ਸਨ ਕਿ ਅਰਬੀ ਫ਼ਾਰਸੀ ਦੀ ਇਹ ਸਿਨਫ਼ ਪੰਜਾਬੀ ਵਿੱਚ ਸੂਤ ਨਹੀਂ ਬੈਠਦੀ। ਦੀਪਕ ਜੈਤੋਈ ਹੁਰਾਂ ਨੇ ਇਹ ਦਰਸਾ ਦਿੱਤਾ ਕਿ ਪੰਜਾਬੀ ਗੰਵਾਰਾਂ ਦੀ ਭਾਸ਼ਾ ਨਹੀਂ। 18 ਅਪਰੈਲ 1925 ਵਾਲੇ ਦਿਨ ਨਾਭਾ ਰਿਆਸਤ ਤਹਿਤ ਆਉਂਦੀ 'ਜੈਤੋ ਮੰਡੀ' ਵਿਖੇ ਸ. ਇੰਦਰ ਸਿੰਘ ਦੇ ਘਰ ਜਦੋਂ ਇੱਕ ਬੱਚਾ ਪੈਦਾ ਹੋਇਆ ਜਿਸ ਨੂੰ ਨਾਂ ਦਿੱਤਾ ਗਿਆ ਗੁਰਚਰਨ ਸਿੰਘ। ਉਦੋਂ ਤਾਂ ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਹੋਣਾ ਕਿ ਇਹ ਬਾਲਕ ਕਿਸੇ ਦਿਨ ਐਨਾ ਵੱਡਾ ਸ਼ਾਇਰ ਬਣੇਗਾ ਕਿ ਦੁਨੀਆਂ ਅੱਸ਼-ਅੱਸ਼ ਕਰ ਉੱਠੇਗੀ- ਪਰ ਅਜਿਹਾ ਹੋਇਆ, ਗੁਰਚਰਨ ਸਿੰਘ ਨੇ 'ਦੀਪਕ ਜੈਤੋਈ' ਨਾਂ ਨਾਲ ਪੰਜਾਬੀ ਗੀਤਕਾਰੀ ਤੇ ਗ਼ਜ਼ਲ ਦੇ ਖੇਤਰ ਵਿੱਚ ਅਮਿੱਟ ਪੂਰਨੇ ਪਾਏ। ਅਸਲ ਵਿੱਚ ਦੀਪਕ ਸਾਹਿਬ ਨੇ ਆਪਣੀ ਕਾਵਿ-ਪ੍ਰਤਿਭਾ ਦਾ ਝਲਕਾਰਾ ਬਚਪਨ ਵਿੱਚ ਹੀ ਦੇਣਾ ਸ਼ੁਰੂ ਕਰ ਦਿੱਤਾ ਸੀ। ਉਹ ਤੀਜੀ ਜਮਾਤ ਵਿੱਚ ਪੜ੍ਹਦੇ ਸਨ, ਜਦੋਂ ਉਨ੍ਹਾਂ ਆਪਣੇ ਤੋਂ ਦੂਰ ਚਲੇ ਗਏ ਇੱਕ ਮਿੱਤਰ ਨੂੰ ਕਾਵਿ-ਚਿੱਠੀ ਲਿਖੀ। ਮਗਰੋਂ ਸ਼ਾਇਰੀ ਦੇ ਗੁਰ ਸਿੱਖਣ ਲਈ ਉਨ੍ਹਾਂ ਜਨਾਬ ਮੁਜਰਮ ਦਸੂਹੀ ਸਾਹਿਬ ਨੂੰ ਬਕਾਇਦਾ ਉਸਤਾਦ ਧਾਰਨ ਕੀਤਾ। ਨੀਝ ਤੇ ਰੀਝ ਲਾ ਕੇ ਸ਼ਾਇਰੀ ਦੀਆਂ ਬਾਰੀਕੀਆਂ ਸਮਝੀਆਂ। ਦੀਪਕ ਜੈਤੋਈ ਹੁਰਾਂ ਨੇ ਬਹੁਤਾ ਨਾਮਣਾ ਭਾਵੇਂ ਗ਼ਜ਼ਲ ਦੇ ਖੇਤਰ ਵਿੱਚ ਖੱਟਿਆ ਪਰ ਸ਼ੁਰੂ ਵਿੱਚ ਉਨ੍ਹਾਂ ਨੇ ਬਹੁਤ ਸਾਰੇ ਆਲ੍ਹਾ ਮਿਆਰੀ ਗੀਤ ਵੀ ਸਿਰਜੇ। ਇਨ੍ਹਾਂ ਗੀਤਾਂ ਨੂੰ ਉਸ ਵੇਲੇ ਦੇ ਨਾਮਵਰ ਫ਼ਨਕਾਰਾਂ ਨੇ ਗਾਇਆ। 'ਸਾਕਾ ਚਾਂਦਨੀ ਚੌਕ', 'ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ', 'ਆਹ ਲੈ ਮਾਏ ਸਾਂਭ ਕੁੰਜੀਆਂ¨...', 'ਜੁੱਤੀ ਲਗਦੀ ਹਾਣੀਆਂ ਮੇਰੇ...'  ਅਤੇ 'ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ...'  ਵਰਗੇ ਗੀਤ ਅੱਜ ਵੀ ਹਰਮਨ ਪਿਆਰੇ ਹਨ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਦੀਪਕ ਜੈਤੋਈ ਨੇ ਕਹਾਣੀ ਤੇ ਨਾਟਕ ਵੀ ਲਿਖੇ। ਉਨ੍ਹਾਂ ਦਾ ਇਕ ਮਾਤਰ ਕਹਾਣੀ ਸੰਗ੍ਰਹਿ 'ਭੁਲੇਖਾ ਪੈ ਗਿਆ' ਅਤੇ ਨਾਟਕ 'ਕੌਲਾਂ' ਅਤੇ 'ਸਮਾਂ ਜ਼ਰੂਰ ਆਵੇਗਾ' ਵੀ ਪ੍ਰਕਾਸ਼ਤ ਹੋਏ। ਦੀਪਕ ਹੁਰੀਂ ਦੱਸਦੇ ਸਨ ਕਿ'ਇੱਕ ਮਹਿਫ਼ਲ ਵਿੱਚ ਉਰਦੂ ਦੇ ਕਿਸੇ ਸ਼ਾਇਰ ਨੇ ਪੰਜਾਬੀ ਜ਼ੁਬਾਨ ਬਾਰੇ ਘਟੀਆ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬੀ ਵਿੱਚ ਸਿਰਫ ਗਾਲ੍ਹਾਂ ਹੀ ਕੱਢੀਆਂ ਜਾ ਸਕਦੀਆਂ ਹਨ, ਸ਼ਾਇਰੀ ਨਹੀਂ ਕੀਤੀ ਜਾ ਸਕਦੀ।' ਇਹ ਤਾਅਨਾ ਦੀਪਕ ਉਨ੍ਹਾਂ ਦਾ ਸੀਨਾ ਚੀਰ ਗਿਆ ਤੇ ਇਸੇ ਦੀ ਟੀਸ ਲੈ ਕੇ ਉਨ੍ਹਾਂ ਪੰਜਾਬੀ ਵਿੱਚ ਗ਼ਜ਼ਲ ਨੂੰ ਮਕਬੂਲੀਅਤ ਦਿਵਾਉਣ ਦਾ ਤਹੱਈਆ ਕਰ ਲਿਆ ਅਤੇ ਪੰਜਾਬੀ ਪੁਖ਼ਤਾ ਗ਼ਜ਼ਲਾਂ ਦੀ ਸਿਰਜਣਾ ਕਰਕੇ ਸਾਬਤ ਕਰ ਦਿੱਤਾ ਕਿ ਪੰਜਾਬੀ ਵਿੱਚ ਸ਼ਾਇਰੀ ਹੋ ਸਕਦੀ ਹੈ। ਇਸੇ ਕਰਕੇ ਉਨ੍ਹਾਂ ਨੂੰ ਪੰਜਾਬੀ ਸ਼ਾਇਰੀ (ਗ਼ਜ਼ਲ) ਦਾ ਬਾਬਾ ਬੋਹੜ ਆਖ਼ ਕੇ ਵਡਿਆਇਆ ਜਾਂਦਾ। ਉਨ੍ਹਾਂ ਸ਼ਾਇਰੀ ਨੂੰ ਸ਼ੁਗਲ ਵਜੋਂ ਨਹੀਂ ਮਿਸ਼ਨ ਵਜੋਂ ਲਿਆ। ਉਹ ਕਹਿੰਦੇ ਹੁੰਦੇ ਸਨ: 'ਅਦਬ ਦੇ ਆਸ਼ਿਕਾਂ ਨੂੰ ਹੋਸ਼ ਆ ਜਾਵੇ ਤਦੇ ਦੀਪਕ, ਕਲਮ ਰੱਤ ਵਿੱਚ ਡੁਬੋ ਕੇ ਹੈ ਗ਼ਜ਼ਲ ਲਿਖਣੀ ਪਈ ਸਾਨੂੰ।' ਦੀਪਕ ਜੈਤੋਈ ਨੇ ਜਿੱਥੇ ਆਪ ਪੰਜਾਬੀ ਗ਼ਜ਼ਲ ਦਾ ਮਾਣ ਵਧਾਇਆ ਉਥੇ ਆਪਣੀ ਲੋਅ ਸਦਕਾ ਹੋਰ ਅਨੇਕਾਂ ਚਿਰਾਗ਼ ਬਾਲੇ ਜਿਹੜੇ ਹੁਣ ਮਿਆਰੀ ਗ਼ਜ਼ਲ ਦੀ ਰਚਨਾ ਕਰਕੇ ਆਪਣਾ ਯੋਗਦਾਨ ਪਾ ਰਹੇ ਹਨ। ਉਹ ਆਪਣੇ ਸ਼ਾਗਿਰਦਾਂ ਨੂੰ ਤਰਾਸ਼ਣ ਵਿੱਚ ਵੀ ਬੜੀ ਮਿਹਨਤ ਕਰਦੇ ਸਨ। ਡਾਕ ਰਾਹੀਂ ਇਸਲਾਹ ਲਈ ਆਈਆਂ ਰਚਨਾਵਾਂ ਦੇ ਸਾਰੇ ਨੁਕਸ ਦੂਰ ਕਰਦੇ, ਉਨ੍ਹਾਂ ਨੁਕਸਾਂ ਬਾਰੇ ਆਪਣੇ ਸ਼ਾਗਿਰਦਾਂ ਨੂੰ ਚਿੱਠੀਆਂ ਰਾਹੀਂ ਸਮਝਾਉਂਦੇ ਵੀ। ਉਨ੍ਹਾਂ ਦੇ ਸ਼ਾਗਿਰਦਾਂ ਦਾ ਘੇਰਾ ਵਸੀਹ ਹੈ। ਉਹ ਅਕਸਰ ਕਿਹਾ ਕਰਦੇ ਸੀ: 'ਜਿਸ ਨੂੰ ਵੀ ਕੋਈ ਸ਼ੱਕ ਹੈ ਪੜਤਾਲ ਕਰ ਲਵੇ, ਵੱਡਾ ਜਨਾਬੇ ਦਾਗ਼ ਤੋਂ ਦੀਪਕ ਸਕੂਲ ਹੈ।' ਆਪਣੇ ਮਾਣ ਮੱਤੇ ਅਦਬੀ ਸਫ਼ਰ ਦੌਰਾਨ ਉਨ੍ਹਾਂ ਅਨੇਕਾਂ ਪੁਸਤਕਾਂ ਦੀ ਰਚਨਾ ਕੀਤੀ ਜਿਨ੍ਹਾਂ ਵਿੱਚ ਮਹਾਂਕਾਵਿ 'ਮਾਲਾ ਕਿਉਂ ਤਲਵਾਰ ਬਣੀ', ਨਜ਼ਮ ਸੰਗ੍ਰਹਿ 'ਸਾਡਾ ਵਿਰਸਾ ਸਾਡਾ ਦੇਸ਼', ਪੰਜ ਗ਼ਜ਼ਲ ਸੰਗ੍ਰਹਿ 'ਦੀਪਕ ਦੀ ਲੋਅ', 'ਗ਼ਜ਼ਲ ਦੀ ਅਦਾ','ਗ਼ਜ਼ਲ ਦਾ ਬਾਂਕਪਨ' ਤੇ 'ਤਕਲੀਫ਼ ਤਾਂ ਜਰ ਪਹਿਲਾਂ', ਗੀਤ ਸੰਗ੍ਰਹਿ 'ਆਹ ਲੈ ਮਾਏ ਸਾਂਭ ਕੁੰਜੀਆਂ' ਤਾਂ ਛਪ ਸਕੇ ਪਰ ਕਈ ਕਿਤਾਬਾਂ ਦੇ ਖਰੜੇ ਬਰਸਾਤਾਂ ਵਿੱਚ ਕੋਠੇ ਦੀ ਛੱਤ ਚੋਅ ਜਾਣ ਕਰਕੇ ਬਰਬਾਦ ਹੋ ਗਏ। ਗ਼ਜ਼ਲ ਦੇ ਰੂਪ-ਵਿਧਾਨ ਬਾਰੇ ਉਨ੍ਹਾਂ ਦੀ ਕਿਤਾਬ 'ਗ਼ਜ਼ਲ ਕੀ ਹੈ' ਨਵੇਂ ਸ਼ਾਇਰਾਂ ਦਾ ਮਾਰਗ ਦਰਸ਼ਨ ਕਰਦੀ ਰਹੇਗੀ। ਇਸ ਤੋਂ ਇਲਾਵਾ ਉਨ੍ਹਾਂ ਸੰਸਕ੍ਰਿਤ ਦੇ ਮਹਾਂਕਾਵਿ 'ਸਿਕੰਦ ਗੁਪਤ' ਦਾ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ। ਪਰ ਇਹ ਦੁੱਖ ਦੀ ਗੱਲ ਹੈ ਕਿ ਪੰਜਾਬੀ ਜ਼ੁਬਾਨ ਨੂੰ ਐਨੀਆਂ ਆਹਲਾ ਖ਼ਿਦਮਾਤ ਦੇਣ ਵਾਲਾ ਇਹ ਮਹਾਨ ਸ਼ਾਇਰ ਜ਼ਿੰਦਗੀ ਭਰ ਤੰਗਦਸਤੀ ਦਾ ਸ਼ਿਕਾਰ ਰਿਹਾ। ਆਪਣਾ ਸੁਨਿਆਰਪੁਣੇ ਦਾ ਜੱਦੀ ਪੁਸ਼ਤੀ ਕਿੱਤਾ ਛੱਡ ਕੇ ਪੰਜਾਬੀ ਗ਼ਜ਼ਲ ਨੂੰ ਮਕਬੂਲ ਬਣਾਉਣ ਵਿੱਚ ਜੁਟੇ ਰਹੇ ਦੀਪਕ ਜੈਤੋਈ ਨੇ ਸਾਰੀ ਉਮਰ ਦੋ ਕਮਰਿਆਂ ਵਾਲੇ ਘਰ ਵਿੱਚ ਗੁਜ਼ਾਰ ਦਿੱਤੀ ਜਿਹੜੇ ਅੰਤਲੇ ਸਮੇਂ ਤਾਂ ਬਿਲਕੁਲ ਖੋਲਾ ਹੀ ਬਣ ਗਿਆ ਸੀ। ਤੰਗਦਸਤੀ ਦਾ ਆਲਮ ਇਹ ਸੀ ਕਿ ਕਈ ਕਈ ਦਿਨ ਘਰ ਚੁੱਲ੍ਹਾ ਨਾ ਬਲਣਾ ਤੇ ਫਾਕਾਕਸ਼ੀ ਦੀ ਨੌਬਤ ਆ ਜਾਣੀ। ਬਿਜਲੀ ਦਾ ਬਿੱਲ ਨਾ ਭਰਿਆ ਜਾਂਦਾ ਤਾਂ ਕੁਨੈਕਸ਼ਨ ਕੱਟਿਆ ਜਾਂਦਾ। ਪਰ ਉਨ੍ਹਾਂ ਆਪਣੀ ਖੁਦਦਾਰੀ 'ਤੇ ਆਂਚ ਨਹੀਂ ਆਉਣ ਦਿੱਤੀ। ਆਰਐਸਐਸ ਦੇ ਕਾਰਜਕਰਤਾ ਦੇ ਰੂਪ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਇੱਕੋ ਮੰਚ ਤੋਂ ਕਵਿਤਾਵਾਂ ਪੜ੍ਹਦੇ ਰਹੇ ਦੀਪਕ ਜੈਤੋਈ ਨੇ ਉਨ੍ਹਾਂ ਅੱਗੇ ਵੀ ਕਦੇ ਹੱਥ ਨਾ ਫੈਲਾਇਆ: ਕਦੇ ਜ਼ਿਕਰ ਚੱਲਣਾ ਤਾਂ ਨਿਹੋਰਾ ਮਾਰਦੇ,'ਉਹਨੂੰ ਕਿਹੜਾ ਦਿਸਦਾ ਨਹੀਂ ਜੇ ਕੁਝ ਸਹਾਇਤਾ ਕਰਨੀ ਹੁੰਦੀ ਤਾਂ ਕਰ ਦਿੰਦਾ।' ਉਹ ਅਕਸਰ ਇਹ ਵੀ ਆਖਦੇ: ਛਿੱਥਾ ਪਈਦੈ ਅਕਸਰ ਯਾਰਾਂ ਦੇ ਕੋਲ ਰੋ ਕੇ, ਹਰ ਦਰਦ ਆਪਣੇ ਦਿਲ ਦਾ ਰੱਖਦੈਂ ਮੈਂ ਤਾਂ ਲਕੋ ਕੇ। ਸਰਕਾਰ ਨੇ ਅੰਤਲੇ ਸਮੇਂ ਉਨ੍ਹਾਂ ਦੀ ਇੱਕ ਲੱਖ ਰੁਪਏ ਨਾਲ ਮਦਦ ਕੀਤੀ। ਸਰਕਾਰੀ ਰਵੱਈਏ ਬਾਰੇ ਉਹ ਇੱਕ ਸ਼ੇਅਰ ਕਹਿੰਦੇ ਸਨ : ਇਨਾਮ ਓਸੇ ਨੂੰ ਹੈ ਸਰਕਾਰ ਦਿੰਦੀ, ਜੋ ਸ਼ਾਇਰ ਝੋਲੀ ਚੁੱਕ ਸਰਕਾਰ ਦਾ ਹੈ। ਦੀਪਕ ਦਾ ਅਦਬੀ ਜਗਤ ਵਿੱਚ ਵੱਡਾ ਮੁਕਾਮ ਸੀ ਜੋ ਉਨ੍ਹਾਂ ਦੇ ਜਾਣ ਮਗਰੋਂ ਵੀ ਕਾਇਮ ਹੈ। ਉਨ੍ਹਾਂ ਨੂੰ ਆਪਣੀ ਫ਼ਨੀ ਕਾਬਲੀਅਤ 'ਤੇ ਮਾਣ ਸੀ, ਪਰ ਹੰਕਾਰ ਨਹੀਂ ਸੀ। ਉਨ੍ਹਾਂ ਦੇ ਸ਼ੇਅਰ ਇਸ ਗੱਲ ਦੀ ਗਵਾਹੀ ਭਰਦੇ ਹਨ : 'ਦੀਪਕ' ਦੇ ਬਾਰੇ ਪੁੱਛਿਐ? ਤਾਂ ਮੈਂ ਕਹਾਂਗਾ ਸਾਫ਼ ਸ਼ਾਇਰ ਬੁਰਾ ਜ਼ਰੂਰ ਹੈ; ਬੰਦਾ ਬੁਰਾ ਨਹੀਂ। ਜਾਂ ਤੇਰੇ ਸ਼ਾਇਰਾਨਾ ਫ਼ਨ ਦੀ ਹੈ ਜ਼ਰੂਰ ਦੁਨੀਆਂ ਕਾਇਲ, ਤੈਨੂੰ ਦੀਪਕਾ ਮੁਹਾਰਤ ਨਾ ਤਾਂ ਸੀ- ਨਾ ਹੈ- ਨਾ ਹੋਊ। ਸ਼ਾਇਰੀ ਦਾ ਲਟ ਲਟ ਬਲਦਾ ਇਹ ਦੀਪਕ 12 ਫਰਵਰੀ 2005 ਨੂੰ ਜਿਸਮਾਨੀ ਤੌਰ 'ਤੇ ਭਾਵੇਂ ਬੁਝ ਗਿਆ ਪਰ ਉਹਦੀ ਸ਼ਾਇਰੀ ਉਸ ਨੂੰ ਸਦੀਵੀ ਜਗਦਾ ਰੱਖੇਗੀ।

ਮੋਬਾਈਲ: 94173 33316

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All