ਆਨੰਦਪੁਰ ਸਾਹਿਬ-ਅੰਮ੍ਰਿਤਸਰ ਰੇਲ ਪ੍ਰਾਜੈਕਟ ਹੋਇਆ ਰੱਦ

ਪੰਜਾਬ ਦੀ ਅੱਧੀ ਹਿੱਸੇਦਾਰੀ ਤੋਂ ਮਾਮਲਾ ਵਿਗੜਿਆ

ਮੇਘਾ ਮਾਨ/ਟ੍ਰਿਬਿਊਨ ਨਿਊਜ਼ ਸਰਵਿਸ ਆਨੰਦਪੁਰ ਸਾਹਿਬ, 14 ਮਈ ਆਨੰਦਪੁਰ ਸਾਹਿਬ-ਅੰਮ੍ਰਿਤਸਰ ਰੇਲ ਮਾਰਗ ਬਣਾਉਣ ਦੀ ਤਜਵੀਜ਼, ਪ੍ਰਾਜੈਕਟ ਵਿੱਚ ਰਾਜ ਸਰਕਾਰ ਦੀ 50 ਫੀਸਦੀ ਹਿੱਸੇਦਾਰੀ ਦੇ ਮੁੱਦੇ ’ਤੇ ਰੱਦ ਹੋ ਗਈ। ਇਸ ਦੀ ਪੁਸ਼ਟੀ ਕਰਦਿਆਂ ਰਾਜ ਸਭਾ ਐਮ.ਪੀ. ਅਵਿਨਾਸ਼ ਰਾਏ ਖੰਨਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਰੱਦ ਕਰ ਦਿੱਤਾ ਹੈ। 7 ਮਈ ਨੂੰ ਸ੍ਰੀ ਖੰਨਾ ਨੇ ਰਾਜ ਸਭਾ ਵਿਚ ਇਹ ਮੁੱਦਾ ਉਠਾਉਂਦਿਆਂ ਇਹ ਰੇਲ ਪ੍ਰਾਜੈਕਟ ਕਦੋਂ ਮੁਕੰਮਲ ਹੋਵੇਗਾ ਬਾਰੇ ਪੁੱਛਿਆ ਸੀ। ਇਸ ਮੁੱਦੇ ’ਤੇ ਰੇਲ ਮੰਤਰੀ ਨੇ ਆਪਣੇ ਜਵਾਬ ਵਿਚ ਕਿਹਾ ਸੀ ਕਿ ਰਾਜ ਸਰਕਾਰ ਇਸ ਪ੍ਰਾਜੈਕਟ ਦਾ ਅੱਧਾ ਖਰਚ ਬਰਦਾਸ਼ਤ ਕਰੇ। ਹੈਰਾਨੀ ਦੀ ਗੱਲ ਹੈ ਕਿ ਰੇਲ ਪ੍ਰਾਜੈਕਟ ਵਿਚ ਵੀ ਰਾਜ ਸਰਕਾਰ ਫੰਡ ਦੇਵੇ। ਸ੍ਰੀ ਖੰਨਾ ਨੇ ਅੱਗੇ ਦੱਸਿਆ, ‘‘ਮੈਂ ਮੰਤਰੀ ਨੂੰ ਪੁੱਛਿਆ ਕਿ ਇਸ ਪ੍ਰਾਜੈਕਟ ਵਿਚ ਹਿੱਸੇਦਾਰੀ ਪਿੱਛੋਂ ਕੀ ਪੰਜਾਬ ਨੂੰ ਇਸ ਰੇਲ ਮਾਰਗ ਤੋਂ ਹੋਣ ਵਾਲੀ ਆਮਦਨੀ ’ਚੋਂ ਅੱਧਾ ਹਿੱਸਾ ਮਿਲੇਗਾ? ਪਰ ਜਵਾਬ ਨਾਂਹ ਵਿਚ ਮਿਲਿਆ।’’ ਰੇਲ ਮੰਤਰੀ ਨੇ ਦਲੀਲ ਦਿੱਤੀ ਕਿ ਅੰਮ੍ਰਿਤਸਰ ਤੇ ਆਨੰਦਪੁਰ ਸਾਹਿਬ ਪਹਿਲਾਂ ਹੀ ਜਲੰਧਰ, ਲੁਧਿਆਣਾ ਤੇ ਸਰਹਿੰਦ ਰਾਹੀਂ ਰੇਲ ਰਸਤੇ ਜੁੜੇ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਚੰਡੀਗੜ੍ਹ-ਲੁਧਿਆਣਾ ਰੇਲ ਮਾਰਗ ਦੇ ਮੁਕੰਮਲ ਹੋਣ ਪਿੱਛੋਂ ਸਥਿਤੀ ਹੋਰ ਸੁਧਰ ਜਾਵੇਗੀ ਤੇ ਇਕ ਨਵਾਂ ਰਾਹ ਬਣ ਜਾਵੇਗਾ। ਪਰ ਸ੍ਰੀ ਖੰਨਾ ਨੇ ਕਿਹਾ, ‘‘ਕਿਸੇ ਵੀ ਯਾਤਰੀ ਲਈ ਆਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਜਾਣ ਲਈ ਲੁਧਿਆਣਾ-ਜਲੰਧਰ ਦਾ ਰਾਹ ਅਪਣਾਉਣਾ ਬਿਲਕੁਲ ਵੀ ਢੁੱਕਵਾਂ ਨਹੀਂ। ਇਹ ਰਾਹ ਬਹੁਤ ਲੰਬਾ ਹੋਵੇਗਾ। ਇਥੇ ਇਹ ਦੱਸਣਾ ਵੀ ਜ਼ਰੂਰੀ ਹੋਵੇਗਾ ਕਿ ਖਾਲਸਾ ਪੰਥ ਦੇ ਤਿੰਨ ਸੌ ਸਾਲਾ ਜਸ਼ਨਾਂ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਦੀ ਤਤਕਾਲੀ ਵਾਜਪਾਈ ਸਰਕਾਰ ਨੂੰ ਸਾਰੇ ਪੰਜਾਂ ਤਖ਼ਤਾਂ ਨੂੰ ਰੇਲ ਮਾਰਗ ਰਾਹੀਂ ਜੋੜਨ ਦੀ ਤਜਵੀਜ਼ ਭੇਜੀ ਸੀ। ਪਿਛਲੀ ਯੂ.ਪੀ.ਏ. ਸਰਕਾਰ ਨੇ ਵੀ ਇਹ ਤਜਵੀਜ਼ ਸਿਧਾਂਤਕ ਤੌਰ ’ਤੇ ਮੰਗ ਲਈ ਸੀ ਪਰ ਮੁੜ ਸੱਤਾ ਵਿਚ ਆਉਂਦਿਆਂ ਵਾਅਦੇ ਤੋਂ ਮੁੱਕਰ ਗਈ। ਸਾਲ 2008-09 ਦੇ ਬਜਟ ਭਾਸ਼ਣ ਵਿਚ ਇਹ ਗੱਲ ਦਰਜ ਸੀ ਕਿ ਆਨੰਦਪੁਰ ਸਾਹਿਬ-ਗੜ੍ਹਸ਼ੰਕਰ ਨਵੀਂ ਰੇਲਵੇ ਲਾਈਨ ਦੀ ਉਸਾਰੀ ਤਜਵੀਜ਼ ਪ੍ਰਵਾਨਗੀ ਲਈ ਭੇਜੀ ਜਾ ਰਹੀ ਹੈ। ਇਹ ਤਜਵੀਜ਼ ਸਿਧਾਂਤਕ ਤੌਰ ’ਤੇ ਯੋਜਨਾ ਕਮਿਸ਼ਨ ਨੂੰ ਭੇਜੀ ਵੀ, ਪਰ ਇਸ ਦੀ ਸਿਫਾਰਸ਼ ਨਹੀਂ ਕੀਤੀ ਗਈ। ਯੂ.ਪੀ.ਏ. ਦੇ ਪਿਛਲੇ  ਕਾਰਜਕਾਲ ਦੌਰਾਨ ਤਤਕਾਲੀ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਸਾਲ 2008 ਦੇ ਰੇਲ ਬਜਟ ਵਿਚ ਕਿਹਾ ਸੀ ਕਿ ਆਨੰਦਪੁਰ ਸਾਹਿਬ-ਅੰਮ੍ਰਿਤਸਰ ਰੇਲ ਮਾਰਗ ਨੂੰ 900 ਕਰੋੜ ਦੀ ਲਾਗਤ ਨਾਲ ਉਸਾਰਿਆ ਜਾਵੇਗਾ। ਅੰਬਾਲਾ ਰੇਲਵੇ ਡਵੀਜ਼ਨ ਨੇ ਇਸ ਮਾਰਗ ਦਾ ਸਰਵੇ ਤਕ ਵੀ ਕਰ ਲਿਆ ਤਾਂ ਕਿ ਜ਼ਮੀਨ ਹਾਸਲ ਕੀਤੀ ਜਾ ਸਕੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All