ਅਦਾਕਾਰ ਤੇ ਭੰਗੜਾ ਕਲਾਕਾਰ

ਹਸੂੰ-ਹਸੂੰ ਕਰਦਾ ਚਿਹਰਾ, ਗੱਲਬਾਤ ਵਿੱਚ ਅਦੀਬਾਂ ਵਰਗੀ ਪੁਖਤਗੀ, ਹਰ ਇਕ ਦੇ ਮਨ ਨੂੰ ਮੋਹਣ ਵਾਲੇ ਇਸ ਸ਼ਖ਼ਸ ਦਾ ਨਾਂ ਹੈ ਵੀਰ ਦਵਿੰਦਰ। ਵੀਰ ਦਵਿੰਦਰ ਦਾ ਜਨਮ 20 ਜੂਨ 1986 ਨੂੰ ਪਿਤਾ ਜਸਵੀਰ ਸਿੰਘ ਅਤੇ ਮਾਤਾ ਗੁਰਜੀਤ ਕੌਰ ਦੇ ਘਰ ਸਮਰਾਲੇ ਵਿਖੇ ਹੋਇਆ। ਦਵਿੰਦਰ ਨੇ ਅਜੇ ਬਾਲ ਵਰੇਸ ਵਿੱਚ ਪੈਰ ਧਰਿਆ ਹੀ ਸੀ ਕਿ ਉਹ ਨਾਨਕਿਆਂ ਦੇ ਵਿਹੜੇ ਦਾ ਸ਼ਿੰਗਾਰ ਬਣ ਗਿਆ। ਆਪਣੇ ਨਾਨਕਿਆਂ ਦੀਆਂ ਗਲੀਆਂ ਵਿੱਚ ਖੇਡ ਕੇ ਜਵਾਨ ਹੋਇਆ। ਭੰਗੜਾ, ਅਦਾਕਾਰੀ ਅਤੇ ਲਿਖਣ ਦਾ ਸ਼ੌਕ ਤਾਂ ਉਸ ਨੂੰ ਬਚਪਨ ਤੋਂ ਹੀ ਸੀ। ਆਪਣੇ ਦੋਹਤੇ ਦੀਆਂ ਕਲਾਤਮਕ ਰੁਚੀਆਂ ਨੂੰ ਦੇਖਦੇ ਹੋਏ ਉਸ ਦੇ ਨਾਨਾ ਜਸਪਾਲ ਸਿੰਘ ਬੇਦੀ ਨੇ ਉਸ ਦੀ ਕਲਾ ਨੂੰ ਤਰਾਸ਼ਣ ਵਿੱਚ ਵਡਮੁੱਲਾ ਯੋਗਦਾਨ ਪਾਇਆ। ਉਹ ਦੂਜੀ ਜਮਾਤ ਵਿੱਚ ਹੀ ਪੜ੍ਹਦਾ ਸੀ, ਜਦੋਂ ਸਟੇਜਾਂ ’ਤੇ ਭੰਗੜਾ ਪਾਉਣ ਲੱਗ ਪਿਆ ਸੀ। ਅਗਲੇਰੀ ਵਿੱਦਿਆ ਦੇ ਨਾਲ-ਨਾਲ ਉਸ ਨੇ ਕਈ ਮੁਕਾਬਲਿਆਂ ਵਿੱਚ ਭਾਗ ਲਿਆ, ਜਿਨ੍ਹਾਂ ਵਿੱਚ ਉਸ ਨੇ ਮਾਣ ਯੋਗ ਪ੍ਰਾਪਤੀਆਂ ਕੀਤੀਆਂ। ਬਾਰ੍ਹਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਕਲਾ ਦੇ ਸ਼ਹਿਰ ਲੁਧਿਆਣਾ ਵਿਖੇ ਆਪਣੇ ਮਾਸੜ ਕੁਲਵੰਤ ਸਿੰਘ ਔਲਖ ਦੇ ਕੋਲ ਰਹਿਣ ਲੱਗਿਆ। ਉਨ੍ਹਾਂ ਕੋਲ ਰਹਿ ਕੇ ਉਸ ਨੇ ਜ਼ਿੰਦਗੀ ਦੀ ਤਹਿਜ਼ੀਬ ਦੇ ਅਨੇਕਾਂ ਨੁਕਤੇ ਸਿੱਖੇ। ਕੁਦਰਤ ਉਸ ਤੇ ਇਸ ਕਦਰ ਮੇਹਰਬਾਨ ਰਹੀ ਕਿ ਉਸ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਨੌਕਰੀ ਮਿਲ ਗਈ, ਜਿਸ ਨਾਲ ਉਸ ਨੂੰ ਆਪਣੀ ਕਲਾ ਵਿੱਚ ਨਿਖਾਰ ਲਿਆਉਣ ਦਾ ਪਲੇਟਫਾਰਮ ਮਿਲ ਗਿਆ ਕਿਉਂਕਿ ਕਲਾ ਦੇ ਬਹੁਤੇ ਧੁਨੰਤਰ ਖੇਤੀਬਾੜੀ ਯੂਨੀਵਰਸਿਟੀ ਵਿੱਚ ਹੀ ਹਨ। ਉਥੇ ਹੀ ਉਸ ਨੇ ਕਾਮੇਡੀ ਜਗਤ ਦੀ ਅੰਜੀਮ ਹਸਤੀ ਜਸਵਿੰਦਰ ਭੱਲਾ ਨੂੰ ਆਪਣਾ ਗੁਰੂ ਧਾਰਨ ਕੀਤਾ ਅਤੇ ਆਪਣੀ ਅਦਾਕਾਰੀ ਵਿੱਚ ਨਿਖਾਰ ਲਿਆਉਣ ਲਈ ਥੀਏਟਰ ਵੀ ਕੀਤਾ। ਵੀਰ ਦਵਿੰਦਰ, ਜਸਵਿੰਦਰ ਭੱਲਾ ਦੀ ਕਾਮੇਡੀ ਫਿਲਮ ‘ਮਿੱਠੇ ਪੋਚੇ’ ਅਤੇ ਰਵਿੰਦਰ ਗਰੇਵਾਲ ਦੀ ਧਾਰਮਿਕ ਕੈਸੇਟ ਦੇ ਗੀਤ ‘ਮੇਰਾ ਬਾਬਾ ਨਾਨਕ’ ਦੇ ਵੀਡੀਓ ਵਿੱਚ ਬਤੌਰ ਅਦਾਕਾਰ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਹੋਇਆ, ਜਿਸ ਤੋਂ ਉਸ ਨੂੰ ਢੇਰ ਸਾਰੀਆਂ ਉਮੀਦਾਂ ਹਨ। ਵੀਰ ਦਵਿੰਦਰ ਜਿੱਥੇ ਭੰਗੜਚੀ, ਅਦਾਕਾਰ ਤੇ ਕਲਮਕਾਰ ਹੈ, ਉਥੇ ਉਹ ਇਕ ਚੰਗਾ ਮੰਚ ਸੰਚਾਲਕ ਵੀ ਹੈ। ਉਸ ਦੇ ਕੋਲ ਸਟੇਜ ’ਤੇ ਬੋਲਣ ਵਾਲੇ ਸ਼ਬਦਾਂ ਦਾ ਅਥਾਹ ਭੰਡਾਰ ਹੈ। ਅੱਜ ਕੱਲ੍ਹ ਉਹ ਰਵਿੰਦਰ ਗਰੇਵਾਲ ਦਾ ਮੰਚ ਸੰਚਾਲਕ ਹੈ। ਭਵਿੱਖ ਵਿੱਚ ਉਹ ਕਈ ਪੰਜਾਬੀ ਫਿਲਮਾਂ ਵਿੱਚ ਬਤੌਰ ਅਦਾਕਾਰ ਆ ਰਿਹਾ ਹੈ। ਪਰਮਾਤਮਾ ਉਸ ਦੀਆਂ ਆਸਾਂ ਤੇ ਉਮੀਦਾਂ ਪੂਰੀਆਂ ਕਰੇ।

-ਜਗਤਾਰ ਪੱਖੋ ਕਲਾਂ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All