ਪੌਣੇ ਤਿੰਨ ਕਿੱਲਿਆਂ ਵਾਲੀ ਬੇਬੇ

ਬਲਰਾਜ ਸਿੰਘ ਸਰਾਂ ਜਦੋਂ ਵੀ ਪਿੰਡ ਵਿਚ ਕੋਈ ਚੰਗੀ ਮਾੜੀ ਘਟਨਾ ਹੁੰਦੀ ਜਾਂ ਕਿਸੇ ਉਗਰਾਹੀ ਦੀ ਲੋੜ ਪੈਂਦੀ ਤਾਂ ਬੇਬੇ ਹਮੇਸ਼ਾ ਆਪਣੇ ਪੁੱਤਾਂ ਤੋਂ ਇਲਾਵਾ ਆਪਣਾ ਹਿੱਸਾ ਅਲੱਗ ਪਾਉਂਦੀ ਅਤੇ ਆਖਦੀ, “ਪੂਰੇ ਪੌਣੇ ਤਿੰਨ ਕਿੱਲਿਆਂ ਦੀ ਮਾਲਕਣ ਹਾਂ, ਥੋਡੇ ਬਾਪੂ ਨੇ ਜਦੋਂ ਆਪ ਮੈਨੂੰ ਤੀਜੇ ਹਿੱਸੇ ਦੀ ਮਾਲਕਣ ਬਣਾਇਆ ਏ ਤਾਂ ਹੁਣ ਮੈਂ ਕਿਉਂ ਪਿੱਛੇ ਹਟਾਂ?” ਬੇਬੇ ਪਿੰਡ ਦੇ ਹਰ ਗਰੀਬ ਅਮੀਰ ਦੇ ਦੁੱਖ-ਸੁੱਖ ਵਿਚ ਸ਼ਰੀਕ ਹੁੰਦੀ। ਜਦੋਂ ਕਿਸੇ ਗਰੀਬ ਦੀ ਧੀ ਦਾ ਵਿਆਹ ਜਾਂ ਕਿਸੇ ਦਾ ਇਲਾਜ ਕਰਵਾਉਣਾ ਹੁੰਦਾ ਜਾਂ ਫਿਰ ਕਿਸਾਨ ਯੂਨੀਅਨ ਨੂੰ ਫ਼ੰਡ ਦੇਣਾ ਹੁੰਦਾ ਤਾਂ ਬੇਬੇ ਹਮੇਸ਼ਾ ਦਿਲ ਖ਼ੋਲ੍ਹ ਕੇ ਮਦਦ ਕਰਦੀ। ਉਸ ਨੂੰ ਤਾਂ ਇਹੀ ਹੌਸਲਾ ਬਹੁਤ ਸੀ ਕਿ ਉਸ ਦੇ ਸਿਰ ਦਾ ਸਾਈਂ ਵਿਛੜਨ ਤੋਂ ਪਹਿਲਾਂ ਉਸ ਨੂੰ ਪੌਣੇ ਤਿੰਨ ਕਿੱਲਿਆਂ ਦੀ ਮਾਲਕਣ ਬਣਾ ਕੇ ਗਿਆ ਸੀ। ਫਿਰ ਇਕ ਦਿਨ ਹੋਇਆ ਇਹ ਕਿ ਅਧਰੰਗ ਦਾ ਦੌਰਾ ਪੈਣ ਤੇ ਦੋਹਾਂ ਪੁੱਤਾਂ ਨੇ ਉਸ ਨੂੰ ਪਤਿਆ ਕੇ ਅੱਧੀ ਅੱਧੀ ਜ਼ਮੀਨ ਆਪਣੇ ਨਾਂ ਕਰਵਾ ਲਈ; ਇਸ ਵਾਅਦੇ ਨਾਲ ਕਿ ਇੱਕ ਪੁੱਤ ਰੋਟੀ ਦਿਆ ਕਰੇਗਾ ਅਤੇ ਦੂਜਾ ਇਲਾਜ ਦਾ ਖ਼ਰਚਾ ਝੱਲਿਆ ਕਰੇਗਾ। ਜਦੋਂ ਥੋੜ੍ਹਾ ਜਿਹਾ ਠੀਕ ਹੋਣ ਤੇ ਬੇਬੇ ਨੂੰ ਪਤਾ ਲੱਗਿਆ ਕਿ ਜਿਹੜੀ ਜ਼ਮੀਨ ਦੇ ਸਿਰ ਉੱਤੇ ਉਹ ਬੜ੍ਹਕਾਂ ਮਾਰਦੀ ਸੀ ਅਤੇ ਕਿਸੇ ਦੀ ਟੈਂ ਨਹੀ ਸੀ ਮੰਨਦੀ, ਉਹ ਤਾਂ ਪੁੱਤਾਂ ਨੇ ਕਬਜ਼ੇ ਵਿਚ ਵੀ ਕਰ ਲਈ ਹੈ। ਬੇਬੇ ਨੂੰ ਇੰਨਾ ਨਿਢਾਲ ਬਿਮਾਰੀ ਨੇ ਨਹੀਂ ਸੀ ਕੀਤਾ ਜਿੰਨਾ ਜ਼ਮੀਨ ਖੁੱਸਣ ਦੇ ਝੋਰੇ ਨੇ ਕਰ ਦਿੱਤਾ ਪਰ ਉਹ ਹੁਣ ਕਰ ਵੀ ਕੀ ਸਕਦੀ ਸੀ, ਪੁੱਤਾਂ ਕੋਲ ਜੋ ਰਹਿਣਾ ਸੀ। ਹੁਣ ਜਦੋਂ ਵੀ ਕੋਈ ਲੋੜਵੰਦ ਜਾਂ ਉਗਰਾਹੀ ਵਾਲਾ ਆਉਂਦਾ ਤਾਂ ਬੇਬੇ ਦੱਬੇ ਪੈਰੀਂ ਅੰਦਰ ਵੜ ਕੇ ਪਾਠ ਕਰਨ ਦਾ ਬਹਾਨਾ ਕਰਨ ਲੱਗ ਪੈਂਦੀ। ਜ਼ਮੀਨ ਖੁੱਸਣ ਦੀ ਚੀਸ ਉਹਦੇ ਕਾਲਜੇ ਧੂਹ ਪਾਉਂਦੀ ਪਰ ‘ਪੁੱਤਾਂ ਕੋਲ ਹੀ ਗਈ ਹੈ’ ਸੋਚ ਕੇ ਧਰਵਾਸਾ ਕਰ ਲੈਂਦੀ। ਇਕ ਦਿਨ ਜਦੋਂ ਬੇਬੇ ਦੀ ਦਵਾਈ ਮੁੱਕ ਗਈ ਤਾਂ ਵੱਡੇ ਪੁੱਤ ਜਿਸ ਨਾਲ ਬੇਬੇ ਰਹਿੰਦੀ ਸੀ, ਨੂੰ ਉਸ ਨੇ ਸ਼ਹਿਰੋਂ ਦਵਾਈ ਦਿਵਾ ਕੇ ਲਿਆਉਣ ਲਈ ਕਿਹਾ ਤਾਂ ਉਹ ਝੱਟ ਬੋਲ ਪਿਆ, “ਮੈਂ ਤੇਰੀ ਦਵਾਈ ਦਾ ਠੇਕਾ ਲਿਐ, ਮੈਂ ਤਾਂ ‘ਕੱਲੀ ਰੋਟੀ ਦੇਣੀ ਆ, ਖਾਣੀ ਐ ਤਾਂ ਬੈਠੀ ਰਹਿ ਚੁੱਪ ਕਰਕੇ।” ਉਹ ਡਿੱਗਦੀ ਢਹਿੰਦੀ ਛੋਟੇ ਕੋਲ ਗਈ ਤਾਂ ਉਹ ਵੀ ਚਾਰੇ ਚੁੱਕ ਕੇ ਪੈ ਗਿਆ, “ਅਜੇ ਪੰਦਰਾਂ ਦਿਨ ਤਾਂ ਹੋਏ ਨੀ ਦਵਾਈ ਲਿਆਂਦੀ ਨੂੰ, ਮੈਂ ਕਿਥੋਂ ਤੈਨੂੰ ਰੋਜ਼ ਸ਼ਹਿਰ ਚੁੱਕੀ ਫਿਰਾਂ।” ਕਰਦੇ-ਕਰਾਉਂਦੇ ਦੋਵੇਂ ਭਰਾ ਬੇਬੇ ਨੂੰ ਘਰ ਰੱਖਣ ਤੋਂ ਵੀ ਔਖੇ ਹੋ ਗਏ। ਵੱਡਾ ਕਹਿੰਦਾ, “ਬੁੜ੍ਹੀ ਟੋਕਾ-ਟਕਾਈ ਬਹੁਤ ਕਰਦੀ ਐ, ਸਾਰਾ ਦਿਨ ਭਕਾਈ ਮਾਰਦੀ ਰਹਿੰਦੀ ਐ, ਸਾਡੇ ਕੋਲੋਂ ਨਹੀਂ ਹੋਰ ਝੱਲੀ ਜਾਂਦੀ। ਤੂੰ ਲੈ ਜਾ ਇਹਨੂੰ ਆਪਣੇ ਘਰ।” ਅੱਗਿਓਂ ਛੋਟਾ ਕਿਹੜਾ ਘੱਟ ਸੀ, ਕਹਿੰਦਾ, “ਅਸੀਂ ਨਹੀਂ ਇਹਦਾ ਗੰਦ ਸਾਫ਼ ਕਰ ਸਕਦੇ, ਇਹ ਤਾਂ ਸਾਰਾ ਦਿਨ ਖੰਘਦੀ ਅਤੇ ਥੁੱਕਦੀ ਰਹਿੰਦੀ ਐ।” ਇੰਨਾ ਸੁਣ ਕੇ ਕਿਸੇ ਦੀ ਕਨੌੜ ਨਾ ਝੱਲਣ ਵਾਲੀ ਬੇਬੇ ਦਾ ਦਿਲ ਧਰਤੀ ਵਿਚ ਗਰਕ ਜਾਣ ਨੂੰ ਕੀਤਾ ਪਰ ਥੋੜ੍ਹਾ ਜੇਰਾ ਕਰਕੇ ਬੋਲੀ , “ਵੇ ਪੁੱਤ ਤੁਸੀਂ ਤਾਂ ਮੇਰੀ ਆਂਦਰ ਦੇ ਟੁਕੜੇ ਹੋ, ਥੋਨੂੰ ਕਾਹਨੂੰ ਤੰਗ ਕਰਨਾ। ਮੈਂ ਆਪਣਾ ਦਿਨ-ਕਟੀ ਕਰਨ ਦਾ ਕੋਈ ਹੋਰ ਟਿਕਾਣਾ ਲੱਭ ਲਊਂ।” ਇੰਨਾ ਸੁਣ ਕੇ ਦੋਨੋਂ ਪੁੱਤ ਸਣੇ ਨੂੰਹਾਂ ਤੇ ਪੋਤਰੇ, ਇਕੋ ਸਾਹ ਬੋਲੇ, “ਜਾ ਜਿੱਥੇ ਮਰਜ਼ੀ ਦਫ਼ਾ ਹੋ, ਸਾਡੇ ਮਗਰੋਂ ਲਹਿ।” ਰਾਤ ਨੂੰ ਨਾ ਕਿਸੇ ਨੇ ਬੇਬੇ ਨੂੰ ਰੋਟੀ-ਟੁੱਕ ਫਵਾਇਆ, ਨਾ ਹੀ ਬੇਬੇ ਨੇ ਮੰਗਿਆ। ਸਾਰੀ ਰਾਤ ਸੋਚਦੀ ਅਤੇ ਡੁਸਕਦੀ ਨੇ ਕੱਢ ਦਿੱਤੀ ਕਿ ਉਹਦੇ ਸਿਰ ਦਾ ਸਾਈਂ ਕਿੰਨਾ ਸਿਆਣਾ ਸੀ ਕਿ ਉਹਦੇ ਨਾਂ ਵੀ ਪੌਣੇ ਤਿੰਨ ਕਿੱਲੇ ਕਰਵਾ ਗਿਆ। ਮੇਰੀ ਸਾਰੀ ਉਮਰ ਦੀ ਰੋਟੀ ਦਾ ਪੱਕਾ ਪ੍ਰਬੰਧ ਕਰਕੇ ਗਿਆ ਸੀ ਮਰ ਜਾਣਾ! ਫਿਰ ਹੁਣ ਦੇ ਵੇਲੇ ਬਾਰੇ ਸੋਚਿਆ ਕਿ ਸੁੱਖਾਂ ਸੁੱਖ ਸੁੱਖ ਕੇ, ਮੰਗ ਕੇ ਲਏ ਅਤੇ ਹਮੇਸ਼ਾ ਤੱਤੀ ‘ਵਾਅ ਤੋਂ ਬਚਾ ਕੇ ਪਾਲੇ ਪੁੱਤਾਂ ਨੇ ਜ਼ਮੀਨ ਖੋਹ ਕੇ ਅਤੇ ਰੋਟੀ-ਟੁੱਕ ਤੋਂ ਠੋਕਰ ਮਾਰ ਕੇ ਕੁੱਖ ਨੂੰ ਹੀ ਦਾਗ਼ ਲਾ ਦਿੱਤਾ ਹੈ। ਫਿਰ ਉਸ ਸੋਚਿਆ ਕਿ ਦੋ ਧੀਆਂ ਹੀ ਹੋਰ ਹੋ ਜਾਂਦੀਆਂ ਤਾਂ ਕਿੰਨਾ ਚੰਗਾ ਸੀ! ਇਸ ਘਰ ਵਿਚ ਵਿਆਹ ਕੇ ਆਉਣ ਤੋਂ ਲੈ ਕੇ ਹੁਣ ਤੱਕ ਦੀਆਂ ਸਾਰੀਆਂ ਤੰਗੀਆਂ-ਤੁਰਸ਼ੀਆਂ, ਚੰਗੀਆਂ ਮਾੜੀਆਂ ਘਟਨਾਵਾਂ ਬੇਬੇ ਦੇ ਮਨ ਵਿਚ ਰੀਲ ਵਾਗੂੰ ਘੁੰਮ ਗਈਆਂ। ਉਹ ਬਾਪੂ ਦੀ ਫੋਟੋ ਹਿੱਕ ਤੇ ਰੱਖ ਕੇ ਰੱਜ ਕੇ ਰੋਈ ਅਤੇ ਫਿਰ ਫ਼ੈਸਲਾ ਕਰ ਲਿਆ ਕਿ ਇਸ ਵਾਰ ਉਹ ਆਪਣੀ ਧੀ ਕੋਲ ਵੀ ਨਹੀ ਜਾਵੇਗੀ ਸਗੋਂ ਸ਼ਹਿਰ ਵਿਚ ਬਿਰਧ ਆਸ਼ਰਮ ਵਿਚ ਬਾਕੀ ਜ਼ਿੰਦਗੀ ਕੱਟੇਗੀ। ਇਕ ਵਿਚਾਰ ਤਾਂ ਉਸ ਦੇ ਮਨ ਵਿਚ ਇਹ ਵੀ ਆਇਆ ਕਿ ਕਿਸੇ ਨਹਿਰ, ਸੂਏ ਵਿਚ ਛਾਲ ਮਾਰ ਕੇ ਇਨ੍ਹਾਂ ਦੁੱਖਾਂ ਦਾ ਸਿਆਪਾ ਵੱਢ ਦੇਵੇ ਪਰ ਪੁੱਤਾਂ ਨੂੰ ਹੋਣ ਵਾਲੀ ਸਮਾਜਿਕ ਨਮੋਸ਼ੀ ਅਤੇ ਆਪਣੀ ਧਾਰਮਿਕ ਬਿਰਤੀ ਨੇ ਉਸ ਦੇ ਪੈਰ ਰੋਕ ਲਏ। ਬੋਦੇ ਝੋਲੇ ਵਿਚ ਕੁੱਝ ਲੀੜੇ-ਕੱਪੜੇ, ਦਵਾਈ ਦੀਆਂ ਖਾਲੀ ਸ਼ੀਸ਼ੀਆਂ, ਆਪਣੇ ਘਰ ਵਾਲੇ, ਧੀ ਤੇ ਜੁਆਨੀ ਵਿਚ ਮਰ ਚੁੱਕੇ ਇਕ ਪੁੱਤ ਦੀਆਂ ਤਸਵੀਰਾਂ ਅਤੇ ਮਾਲਾ ਪਾ ਕੇ ਮੂੰਹ ਹਨੇਰੇ ਹੀ ਬੇਬੇ ਦੱਬੀ ਪੈਰੀਂ ਘਰੋਂ ਨਿਕਲ ਸ਼ਹਿਰ ਪਹੁੰਚ ਗਈ ਅਤੇ ਬਿਰਧ ਆਸ਼ਰਮ ਦੇ ਗੇਟ ਤੇ ਜਾ ਹਾਜ਼ਰ ਹੋਈ। ਆਸ਼ਰਮ ਦੇ ਮੈਨੇਜਰ ਨੇ ਬਿਠਾ ਕੇ ਘਰ-ਪਰਿਵਾਰ ਬਾਰੇ ਪੁੱੱਛਿਆ ਤਾਂ ਬੇਬੇ ਨੇ ਫਿਰ ਪੁੱਤਾਂ ਦੀ ਇੱਜ਼ਤ ਦੀ ਲਾਜ ਰੱਖਦੇ ਹੋਏ ਕਾਲਜੇ ਪੱਥਰ ਧਰ ਕੇ ਕਿਹਾ, “ਵੇ ਪੁੱਤ ਮੇਰਾ ਨਿਭਾਗਣੀ ਦਾ ਇਸ ਜਹਾਨ ਵਿਚ ਕੋਈ ਨਹੀਂ, ਤਾਂ ਹੀ ਦਰ ਦਰ ਦੀਆਂ ਠੋਕਰਾਂ ਖਾ ਰਹੀ ਹਾਂ।” ਥੋੜ੍ਹਾ ਅਫ਼ਸੋਸ ਪ੍ਰਗਟ ਕਰਕੇ ਮੈਨੇਜਰ ਨੇ ਫਿਰ ਪੁੱਛਿਆ, “ਬੇਬੇ ਕੋਈ ਘਰ-ਬਾਰ, ਜਾਇਦਾਦ?” ਹੁਣ ਬੇਬੇ ਦੇ ਕਾਲਜੇ ਵਿਚੋਂ ਬੜੀ ਤਿੱਖੀ ਪੀੜ ਉਠੀ ਅਤੇ ਉਹ ਖੜ੍ਹੀ ਹੋ ਕੇ ਬੋਲੀ, “ਵੇ ਮੈਂ ਪੂਰੇ ਪੌਣੇ ਤਿੰਨ ਕਿੱਲਿਆਂ ਦੀ ਮਾਲਕਣ ਆਂ।” ਇੰਨਾ ਕਹਿੰਦਿਆਂ ਬੇਬੇ ਦਾ ਗੱਚ ਭਰ ਆਇਆ ਅਤੇ ਉਹ ਅਗਲੇ ਪਲ ਥਾਏਂ ਢੇਰੀ ਹੋ ਗਈ। ਸੰਪਰਕ: 95014-30559

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All