ਧਰਮ ਦੇ ਨਾਂ ’ਤੇ ਸਿਆਸਤ

ਧਰਮ ਦੇ ਨਾਂ ’ਤੇ ਸਿਆਸਤ

ਧਰਮ ਤੇ ਸਿਆਸਤ ਦੇ ਸਬੰਧਾਂ ਵਿਚਲਾ ਮਸਲਾ ਬੜਾ ਪੇਚੀਦਾ ਹੈ। ਯੂਰੋਪ ਵਿਚ ਮੱਧਕਾਲੀਨ ਸਮਿਆਂ ਵਿਚ ਇਸ ਮਾਮਲੇ ਨੂੰ ਲੈ ਕੇ ਸੰਘਰਸ਼ ਹੋਇਆ। ਇਹ ਗੱਲ ਕਿ ਰਿਆਸਤ (ਸਟੇਟ) ਤੇ ਧਰਮ (ਚਰਚ) ਵੱਖਰੇ ਵੱਖਰੇ ਰਹਿਣੇ ਚਾਹੀਦੇ ਹਨ, ਆਪਣੇ ਇਕ ਖ਼ਤ ਵਿਚ ਅਮਰੀਕਨ ਰਾਸ਼ਟਰਪਤੀ ਥਾਮਸ ਜੈਫਰਸਨ ਨੇ ਲਿਖੀ। ਪੰਜਾਬ ਵਿਚ ਵੀ ਇਹ ਮਸਲਾ ਬੜਾ ਗੰਭੀਰ ਹੈ। ਹਕੂਮਤ ਦੇ ਤਖ਼ਤ ’ਤੇ ਕਬਜ਼ਾ ਕਰਨ ਦੀ ਲੜਾਈ ਸਿਆਸੀ ਲੜਾਈ ਹੁੰਦੀ ਹੈ। ਪਰ ਸਿਆਸੀ ਆਗੂ ਬਹੁਤ ਵਾਰ ਆਪਣੀ ਤਾਕਤ ਨੂੰ ਮਜ਼ਬੂਤ ਕਰਨ ਲਈ ਧਰਮ ਦੀ ਵਰਤੋਂ ਕਰਦੇ ਹਨ। ਇਸ ਸਬੰਧ ਵਿਚ ਪੰਜਾਬ ਦਾ ਇਤਿਹਾਸ ਬਹੁਤ ਦੁਖਦਾਈ ਹੈ। ਜਦ ਅੰਗਰੇਜ਼ਾਂ ਨੇ ਹਿੰਦੋਸਤਾਨ ਵਿਚ ਬਸਤੀਵਾਦੀ ਨਿਜ਼ਾਮ ਕਾਇਮ ਕੀਤਾ ਤਾਂ ਇਹ ਮਸਲਾ ਹੋਰ ਜਟਿਲ ਹੋ ਗਿਆ। ਉਨ੍ਹਾਂ ਨੇ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਅਪਣਾਈ ਤੇ ਇੱਕ ਧਰਮ ਦੇ ਲੋਕਾਂ ਨੂੰ ਦੂਸਰੇ ਧਰਮ ਦੇ ਲੋਕਾਂ ਵਿਰੁੱਧ ਖੜ੍ਹਾ ਕੀਤਾ। 19ਵੀਂ ਸਦੀ ਦੇ ਪਿਛਲੇ ਅੱਧ ਤੇ 20ਵੀਂ ਸਦੀ ਦੇ ਸ਼ੁਰੂ ਵਿਚ ਅੰਗਰੇਜ਼ਾਂ ਦੁਆਰਾ ਥੋਪੀ ਗਈ ਆਧੁਨਿਕਤਾ ਨੇ ਪੰਜਾਬ ਦੀ ਸੱਭਿਆਚਾਰਕ ਸਾਂਝ ਨੂੰ ਤੋੜ ਕੇ ਰੱਖ ਦਿੱਤਾ। ਬਾਅਦ ਵਿੱਚ ਇਸ ਤਰ੍ਹਾਂ ਦੀ ਸਿਆਸਤ ਨੇ ਹੋਰ ਜ਼ੋਰ ਫੜਿਆ ਤੇ ਸੰਨ ’47 ਵਿਚ ਪੰਜਾਬ ਵੰਡਿਆ ਗਿਆ। ਪੰਜਾਬੀ ਸੂਬਾ ਬਣਨ ਦੇ ਬਾਅਦ ਅਤੇ ਖ਼ਾਸ ਕਰਕੇ 70ਵਿਆਂ ਵਿਚ ਇਹ ਰੁਝਾਨ ਹੋਰ ਵਧਿਆ। ਧਰਮ ਨੂੰ ਫਿਰ ਸਿਆਸਤ ਦੇ ਕੇਂਦਰ ਵਿਚ ਲਿਆਂਦਾ ਜਾਣ ਲੱਗਾ। ਫਿਰ ਸੰਨ ’84 ਦਾ ਭਿਆਨਕ ਦੁਖਾਂਤ ਵਾਪਰਿਆ। ਜੋ ਉਨ੍ਹਾਂ ਸਮਿਆਂ ਵਿਚ ਹੋਇਆ, ਉਹ ਬੜਾ ਦੁੱਖ ਭਰਿਆ ਸੀ। ਪਿਛਲੇ ਕੁਝ ਸਮਿਆਂ ਤੋਂ ਜਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆਏ ਤਾਂ ਸਾਰੀਆਂ ਸਿਆਸੀ ਧਿਰਾਂ ਇਸ ਤੋਂ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਜ਼ਰੂਰਤ ਤਾਂ ਇਹ ਸੀ ਕਿ ਬੇਅਦਬੀ ਕਰਨ ਵਾਲਿਆਂ ਨੂੰ ਤੁਰੰਤ ਫੜਿਆ ਜਾਂਦਾ, ਤਫਤੀਸ਼ ਕੀਤੀ ਜਾਂਦੀ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਂਦੀ। ਪਰ ਏਦਾਂ ਨਾ ਹੋਇਆ। ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨਾਲ ਫਿਰ ਭਾਵਨਾਵਾਂ ਭੜਕੀਆਂ ਹਨ ਅਤੇ ਪੰਜਾਬ ਦੀਆਂ ਦੋਵੇਂ ਵੱਡੀਆਂ ਸਿਆਸੀ ਧਿਰਾਂ ਏਸ ਮੁੱਦੇ ਨੂੰ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਵਰਤ ਰਹੀਆਂ ਹਨ। ਕਮਿਸ਼ਨ ਦੀ ਰਿਪੋਰਟ ਆਉਣ ਨਾਲ ਪੁਰਾਣੇ ਜ਼ਖ਼ਮ ਹਰੇ ਹੋਏ ਹਨ। ਨਵਜੋਤ ਸਿੰਘ ਸਿੱਧੂ ਨੇ ਅਕਾਲ ਤਖ਼ਤ ਦੇ ਸਾਹਮਣੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿਚੋਂ ਛੇਕਣ ਦੀ ਅਪੀਲ ਕਰਕੇ ਇਸ ਮਾਮਲੇ ਨੂੰ ਨਵਾਂ ਰੂਪ ਦੇ ਦਿੱਤਾ ਹੈ। ਇਸ ਸਬੰਧੀ ਪੱਤਰ ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਦੇ ਨਿੱਜੀ ਸਕੱਤਰ ਨੂੰ ਸੌਂਪਿਆ। ਏਥੇ ਸਵਾਲ ਇਹ ਉੱਠਦਾ ਹੈ ਕਿ ਪਹਿਲਾਂ ਤਾਂ ਕਾਂਗਰਸ ਅਕਾਲੀ ਦਲ ’ਤੇ ਇਹ ਇਲਜ਼ਾਮ ਲਾਉਂਦੀ ਰਹੀ ਹੈ ਕਿ ਅਕਾਲੀ ਦਲ ਧਰਮ ਤੇ ਸਿਆਸਤ ਨੂੰ ਰਲਗੱਡ ਕਰਦਾ ਰਿਹਾ ਹੈ ਪਰ ਹੁਣ ਕਈ ਕਾਂਗਰਸੀ ਨੇਤਾ ਖ਼ੁਦ ਇਸ ਕੰਮ ਵਿਚ ਪਹਿਲਕਦਮੀ ਕਰਦੇ ਦਿਖਾਈ ਦੇ ਰਹੇ ਹਨ। ਕਾਂਗਰਸ ਇਸ ਵੇਲੇ ਹੁਕਮਰਾਨ ਪਾਰਟੀ ਹੈ ਤੇ ਉਸ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਨਾ ਤਾਂ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਵਿਚ ਦਖ਼ਲ ਦੇਵੇ ਅਤੇ ਨਾ ਹੀ ਧਾਰਮਿਕ ਮਾਮਲਿਆਂ ਨੂੰ ਸਿਆਸੀ ਮੁਫ਼ਾਦਾਂ ਲਈ ਵਰਤਣ ਦੀ ਕੋਸ਼ਿਸ਼ ਕਰੇ। ਅੱਜ ਨਵਜੋਤ ਸਿੰਘ ਸਿੱਧੂ ਬਾਦਲਾਂ ਨੂੰ ਪੰਥ ਵਿਚੋਂ ਛੇਕਣ ਦੀ ਅਪੀਲ ਕਰ ਰਹੇ ਹਨ। ਕੱਲ੍ਹ ਨੂੰ ਕੋਈ ਹੋਰ ਵਿਅਕਤੀ ਕਿਸੇ ਹੋਰ ਨੂੰ ਪੰਥ ਵਿਚੋਂ ਛੇਕਣ ਦੀ ਅਪੀਲ ਕਰੇਗਾ। ਇਹੋ ਜਿਹੀ ਸਿਆਸਤ ਨਾਲ ਪੰਜਾਬ ਦਾ ਭਲਾ ਨਹੀਂ ਹੋਣਾ ਸਗੋਂ ਹਾਲਾਤ ਵਿਸਫੋਟਕ ਬਣ ਜਾਣ ਦੀ ਸੰਭਾਵਨਾ ਬਣ ਸਕਦੀ ਹੈ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ 70ਵਿਆਂ ਵਿਚ ਕਾਂਗਰਸ ਜਦ ਪਹਿਲਾਂ ਹੁਕਮਰਾਨ ਪਾਰਟੀ ਸੀ ਤਾਂ ਉਸ ਸਮੇਂ ਵੀ ਇਹੋ ਜਿਹੇ ਰੁਝਾਨ ਉੱਭਰੇ ਅਤੇ ਬਾਅਦ ਵਿਚ ਜਦ ਅਕਾਲੀ ਪਾਰਟੀ ਸੱਤਾ ਵਿੱਚ ਆਈ ਤਾਂ ਧਰਮਾਂ ’ਤੇ ਆਧਾਰਿਤ ਸਿਆਸਤ ਹੋਰ ਭਖੀ। ਇਸ ਸਭ ਦਾ ਖਮਿਆਜ਼ਾ ਸਾਨੂੰ 80ਵਿਆਂ ਵਿਚ ਭੁਗਤਣਾ ਪਿਆ। ਸਿਆਸੀ ਪਾਰਟੀਆਂ ਨੂੰ ਧਰਮ ’ਤੇ ਆਧਾਰਿਤ ਸਿਆਸਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਲੋਕਾਂ ਦੇ ਬੁਨਿਆਦੀ ਮੁੱਦਿਆਂ ਨੂੰ ਪਹਿਲ ਦੇਣੀ ਚਾਹੀਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All