ਤਿੜਕਿਆ ਵਰਤਮਾਨ ਤੇ ਭਵਿੱਖ

ਇਹ ਬੜੀ ਸਾਧਾਰਨ ਜਿਹੀ ਗੱਲ ਹੈ ਕਿ ਕਿਸੇ ਵੀ ਭੂਗੋਲਿਕ ਖ਼ਿੱਤੇ ਦੇ ਲੋਕਾਂ ਦਾ ਭਵਿੱਖ ਉਨ੍ਹਾਂ ਦੇ ਵਰਤਮਾਨ ’ਤੇ ਹੀ ਉਸਰਨਾ ਹੁੰਦਾ ਹੈ; ਜੋ ਉਹ ਅੱਜ ਕਰ ਰਹੇ ਹਨ, ਉਸ ਨੇ ਹੀ ਭਵਿੱਖ ਬਣਨਾ ਹੈ; ਭਵਿੱਖ ਦੇ ਨੈਣ-ਨਕਸ਼ ਅੱਜ ਵਿਚੋਂ ਦਿਸਦੇ ਹਨ। ਲੋਕਾਂ ਦੇ ਕੰਮ ਕਰਨ ਦੀ ਦਿਸ਼ਾ ਵਰਤਮਾਨ ਵਿਚਲੀ ਚੰਗਿਆਈ, ਬੁਰਿਆਈ, ਦਿਸ਼ਾ ਤੇ ਦਿਸ਼ਾਹੀਣਤਾ ਦੇ ਨਾਲ ਨਾਲ ਉਸ ਅਤੀਤ ਤੋਂ ਪ੍ਰਭਾਵਿਤ ਹੁੰਦੀ ਹੈ ਜੋ ਉਨ੍ਹਾਂ ਨੇ ਆਪਣੇ ਪਿੰਡਿਆਂ ’ਤੇ ਹੰਢਾਇਆ ਹੁੰਦਾ ਹੈ। ਅੱਜ ਦੇ ਪੰਜਾਬ ਵਿਚ ਨੌਜਵਾਨ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜਣ ਦੀ ਦੌੜ ਲੱਗੀ ਹੋਈ ਹੈ। ਮਾਪੇ ਚਾਹੁੰਦੇ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਬੱਚਿਆਂ ਨੂੰ ਪੜ੍ਹਨ ਲਈ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਜਾਂ ਕਿਸੇ ਹੋਰ ਦੇਸ਼ ਵਿਚ ਭੇਜ ਦੇਣ। ਪਿਛਲੇ ਸਾਲ ਲਗਭਗ ਡੇਢ ਲੱਖ ਬੱਚੇ ਵਿਦੇਸ਼ਾਂ ਵਿਚ ਪੜ੍ਹਨ ਗਏ। ਇਸ ਵਰਤਾਰੇ ਦੇ ਪ੍ਰਭਾਵ ਬਹੁਪੱਖੀ ਹਨ : ਪਹਿਲਾ, ਪੰਜਾਬ ਦੇ ਹੋਣਹਾਰ ਡੇਢ ਲੱਖ ਬੱਚੇ ਵਿਦੇਸ਼ਾਂ ਵਿਚ ਪੜ੍ਹ ਕੇ ਆਪਣੀ ਯੋਗਤਾ ਵਧਾਉਣ ਨਹੀਂ ਗਏ ਸਗੋਂ ਉਨ੍ਹਾਂ ਦਾ ਪੰਜਾਬ ਨੂੰ ਪਰਤਣ ਦਾ ਕੋਈ ਇਰਾਦਾ ਨਹੀਂ। ਇੰਨੀ ਵੱਡੀ ਗਿਣਤੀ ਵਿਚ ਲਾਇਕ ਬੱਚਿਆਂ ਦੇ ਵਿਦੇਸ਼ ਜਾਣ ਨਾਲ ਪੈਦਾ ਹੋਣ ਵਾਲੇ ਬੌਧਿਕ ਖ਼ਲਾਅ ਦਾ ਤਸੱਵਰ ਕਰਨਾ ਹੌਲਨਾਕ ਹੈ। ਦੂਸਰਾ, ਇਨ੍ਹਾਂ ਡੇਢ ਲੱਖ ਬੱਚਿਆਂ ਦੇ ਪਰਿਵਾਰ ਅਗਲੇ ਤਿੰਨ ਜਾਂ ਚਾਰ ਸਾਲਾਂ ਲਈ ਪੈਸਾ ਵਿਦੇਸ਼ਾਂ ਨੂੰ ਭੇਜਣਗੇ। ਪਹਿਲਾਂ ਹੀ ਆਈਲੈੱਟਸ ਦੀਆਂ ਫੀਸਾਂ ਦੇਣ ਤੇ ਬਾਹਰ ਦੀਆਂ ਯੂਨੀਵਰਸਿਟੀਆਂ ਨੂੰ ਅਗਾਊਂ ਪੈਸੇ ਭੇਜਣ ਨਾਲ ਬਹੁਤ ਸਾਰੇ ਘਰਾਂ ਦਾ ਲੱਕ ਟੁੱਟ ਜਾਂਦਾ ਹੈ। ਫਿਰ ਵੀ ਆਪਣੇ ਬੱਚਿਆਂ ਦੇ ਭਵਿੱਖ ਲਈ ਇਹ ਘਰ-ਪਰਿਵਾਰ ਜ਼ਮੀਨਾਂ ਵੇਚ ਕੇ ਜਾਂ ਕਰਜ਼ੇ ਲੈ ਕੇ ਬਾਹਰਲੇ ਦੇਸ਼ਾਂ ਨੂੰ ਹੋਰ ਅਮੀਰ ਬਣਾਉਣਗੇ ਅਤੇ ਇਹ ਵਰਤਾਰਾ ਸਾਲ-ਦਰ-ਸਾਲ ਜਾਰੀ ਰਹੇਗਾ। ਪੰਜਾਬ ਦਾ ਸਰਮਾਇਆ ਵਿਦੇਸ਼ਾਂ ਵਿਚ ਜਾਂਦਾ ਰਹੇਗਾ। ਪਹਿਲਾਂ ਕਿਸੇ ਬੰਦੇ ਦੇ ਵਿਦੇਸ਼ ਜਾਣ ਨਾਲ ਵਰਤਾਰਾ ਇਸ ਤੋਂ ਉਲਟ ਹੁੰਦਾ ਸੀ। ਸਰਮਾਇਆ ਵਿਦੇਸ਼ਾਂ ਤੋਂ ਪੰਜਾਬ ਵਿਚ ਆਉਂਦਾ ਸੀ। ਇਹੀ ਸਰਮਾਇਆ ਦੁਆਬੇ ਦੀ ਤਰੱਕੀ ਤੇ ਖੁਸ਼ਹਾਲੀ ਦਾ ਕਾਰਨ ਬਣਿਆ। ਏਨੀ ਵੱਡੀ ਤਾਦਾਦ ਵਿਚ ਬੱਚਿਆਂ ਦੇ ਬਾਹਰ ਜਾਣ ਦਾ ਤੀਸਰਾ ਪਹਿਲੂ ਉਨ੍ਹਾਂ ਬੱਚਿਆਂ ਦੀ ਪੰਜਾਬ ਦੇ ਕਾਲਜਾਂ ਵਿਚ ਗ਼ੈਰ-ਹਾਜ਼ਰੀ ਸਬੰਧੀ ਹੈ। ਅੰਦਾਜ਼ਿਆਂ ਅਨੁਸਾਰ ਬਹੁਤ ਸਾਰੇ ਕਾਲਜਾਂ ਵਿਚ ਲਗਭਗ 50 ਫ਼ੀਸਦੀ ਸੀਟਾਂ ਖਾਲੀ ਹਨ। ਸਵਾਲ ਇਹ ਉੱਠਦਾ ਹੈ ਕਿ ਕਾਲਜਾਂ ਵਿਚ ਹੁਣ ਪੜ੍ਹ ਕੌਣ ਰਿਹਾ ਹੈ: ਜੋ ਬਾਹਰ ਨਹੀਂ ਜਾ ਸਕਦੇ ਜਾਂ ਬਾਹਰ ਨਹੀਂ ਜਾ ਸਕੇ ਜਾਂ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਪੰਜਾਬ ਦੇ ਕਾਲਜਾਂ ਵਿਚ ਪੜ੍ਹਾਈ ਦਾ ਮਿਆਰ ਕੋਈ ਬਹੁਤਾ ਵਧੀਆ ਨਹੀਂ। ਵਿਦਿਆਰਥੀਆਂ ਦੀ ਗਿਣਤੀ ਘਟਣ ਨਾਲ ਮੈਨੇਜਮੈਂਟਾਂ ਤੇ ਅਧਿਆਪਕਾਂ ਦੀ ਦਿਲਚਸਪੀ ਹੀ ਨਹੀਂ ਘਟਦੀ ਸਗੋਂ ਨਿਰਾਸ਼ਾ ਹੋਰ ਵਧਦੀ ਹੈ। ਕਾਲਜਾਂ ਵਿਚ ਪੜ੍ਹਾ ਰਹੇ ਬਹੁਤੇ ਅਧਿਆਪਕ ਠੇਕੇ ’ਤੇ ਕੰਮ ਕਰ ਰਹੇ ਹਨ ਤੇ ਉਨ੍ਹਾਂ ਨੂੰ ਮਿਲਦੀ ਤਨਖ਼ਾਹ ਬਹੁਤ ਘੱਟ ਹੈ। ਨਿਸ਼ਚੇ ਹੀ ਅਜਿਹੇ ਵਰਤਾਰੇ ਨਾਲ ਵਿੱਦਿਅਕ ਖੇਤਰ ਵਿਚ ਹੋਰ ਨਿਘਾਰ ਆਏਗਾ। ਇਸ ਬਾਰੇ ਬਹੁਤ ਬਹਿਸ ਹੋ ਚੁੱਕੀ ਹੈ ਕਿ ਨੌਜਵਾਨ ਵਿਦੇਸ਼ਾਂ ਨੂੰ ਕਿਉਂ ਜਾ ਰਹੇ ਹਨ ਜਾਂ ਮਾਪੇ ਬੱਚਿਆਂ ਨੂੰ ਵਿਦੇਸ਼ਾਂ ਵੱਲ ਕਿਉਂ ਧੱਕ ਰਹੇ ਹਨ। ਨਸ਼ਿਆਂ ਦੀ ਸਮੱਸਿਆ ਇਸ ਦਾ ਮੁੱਖ ਕਾਰਨ ਹੈ। ਪਿਛਲੇ 20-22 ਸਾਲਾਂ ਤੋਂ ਪੰਜਾਬ ਇਸ ਸਮੱਸਿਆ ਨਾਲ ਜੂਝ ਰਿਹਾ ਹੈ। ਹਜ਼ਾਰਾਂ ਨੌਜਵਾਨਾਂ ਦੀਆਂ ਜਾਨਾਂ ਗਈਆਂ ਤੇ ਪਰਿਵਾਰ ਤਬਾਹ ਹੋਏ ਹਨ। ਪੰਜਾਬ ਦੀ ਸਿਆਸੀ ਜਮਾਤ, ਪ੍ਰਸ਼ਾਸਨ ਅਤੇ ਪੁਲੀਸ ਜੋ ਇਸ ਲਈ ਜ਼ਿੰਮੇਵਾਰ ਹਨ, ਦਾ ਰਵੱਈਆ ਇਸ ਤਰ੍ਹਾਂ ਦਾ ਹੈ ਕਿ ਉਹ ਬਿਆਨ ਤਾਂ ਦੇਣਾ ਜਾਣਦੇ ਹਨ ਪਰ ਜਦ ਕਾਰਵਾਈ ਕਰਨ ਅਤੇ ਸਿਆਸੀ ਜਮਾਤ, ਨਸ਼ਾ ਤਸਕਰਾਂ ਅਤੇ ਪੁਲੀਸ ਦੀ ਮਿਲੀ-ਭੁਗਤ ਦਾ ਸਵਾਲ ਸਾਹਮਣੇ ਆਉਂਦਾ ਹੈ ਤਾਂ ਸਿਆਸੀ ਜਮਾਤ ਫ਼ੈਸਲਾਕੁਨ ਕਦਮ ਚੁੱਕਣ ਤੋਂ ਝਿਜਕਦੀ ਹੈ। ਚਾਹੀਦਾ ਤਾਂ ਇਹ ਸੀ ਕਿ ਸਮਾਜ-ਸੇਵੀ ਸੰਸਥਾਵਾਂ, ਪ੍ਰਸ਼ਾਸਨਿਕ ਅਧਿਕਾਰੀ, ਪੁਲੀਸ ਅਤੇ ਸਿਆਸੀ ਆਗੂ ਦਿਨ-ਰਾਤ ਪੰਜਾਬ ਨੂੰ ਇਸ ਕੋਹੜ ਤੋਂ ਮੁਕਤ ਕਰਨ ਲਈ ਜੂਝਦੇ ਪਰ ਇਸ ਦੇ ਉਲਟ ਸਿਆਸਤਦਾਨ ਆਪਣੇ ਕਾਰੋਬਾਰ ਤੇ ਤਾਕਤ ਵਧਾਉਣ ਵਿਚ ਰੁੱਝੇ ਹੋਏ ਹਨ। ਜਵਾਬਦੇਹੀ ਕਿਸੇ ਦੀ ਨਹੀਂ। ਸੱਤਾ ਦੇ ਵੱਖ ਵੱਖ ਪੱਧਰਾਂ ਵਿਚ ਬੈਠੇ ਲੋਕਾਂ ਦਾ ਰਵੱਈਆ ਇਸ ਤਰ੍ਹਾਂ ਦਾ ਹੈ ਕਿ ਕੋਈ ਉਨ੍ਹਾਂ ਨੂੰ ਸਵਾਲ ਪੁੱਛ ਹੀ ਨਹੀਂ ਸਕਦਾ। ਰਿਸ਼ਵਤਖੋਰੀ ਅਤੇ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਕੰਮ ਨਾ ਕਰਨਾ ਪੰਜਾਬ ਦੇ ਦੋ ਹੋਰ ਵੱਡੇ ਰੋਗ ਹਨ। ਇਨ੍ਹਾਂ ਤੋਂ ਸਤੇ ਹੋਏ ਲੋਕ ਇਹ ਸਮਝਦੇ ਹਨ ਕਿ ਉਨ੍ਹਾਂ ਨੇ ਤਾਂ ਕਿਸੇ ਨਾ ਕਿਸੇ ਤਰ੍ਹਾਂ ਇੱਥੇ ਆਪਣੀ ਜ਼ਿੰਦਗੀ ਬਤੀਤ ਕਰ ਲਈ ਪਰ ਉਨ੍ਹਾਂ ਦੇ ਬੱਚੇ ਇੱਥੇ ਗੁਜ਼ਾਰਾ ਨਹੀਂ ਕਰ ਸਕਣਗੇ। ਸੁਨਹਿਰੀ ਭਵਿੱਖ ਦੀ ਆਸ ਨਾਲ ਉਹ ਬੱਚਿਆਂ ਨੂੰ ਬਾਹਰ ਭੇਜਣ ਲਈ ਮਜਬੂਰ ਹਨ। ਬੇਰੁਜ਼ਗਾਰੀ ਦਾ ਵਰਤਾਰਾ ਤਾਂ ਸਾਰੇ ਦੇਸ਼ ਵਿਚ ਹੈ ਪਰ ਪੰਜਾਬ ਵਿਚ ਇਸ ਦਾ ਵਿਸ਼ੇਸ਼ ਅਸਰ ਇਸ ਪੱਖ ਤੋਂ ਹੈ ਕਿ ਪੰਜਾਬੀ ਜਿਸ ਜੀਵਨ-ਜਾਚ ਦੇ ਆਦੀ ਹੋ ਚੁੱਕੇ ਹਨ, ਉਹ ਬਾਕੀ ਸੂਬਿਆਂ ਤੋਂ ਮੁਕਾਬਲਤਨ ਬਿਹਤਰ ਹੈ। ਜਿਸ ਸੂਬੇ ਦੇ ਨੌਜਵਾਨਾਂ ਦੀ ਵੱਡੀ ਗਿਣਤੀ ਬਾਹਰ ਜਾ ਰਹੀ ਹੋਵੇ, ਜਿੱਥੇ ਨਸ਼ਿਆਂ ਦਾ ਫੈਲਾਓ, ਰਿਸ਼ਵਤਖੋਰੀ, ਕਾਨੂੰਨ ਦੀ ਪਾਲਣਾ ਨਾ ਕਰਨਾ, ਪਰਿਵਾਰਵਾਦ ਤੇ ਧਿੰਗਾਜ਼ੋਰੀ ਦੇ ਵਰਤਾਰੇ ਜੀਵਨ ਦੀਆਂ ਸੱਚਾਈਆਂ ਬਣ ਚੁੱਕੇ ਹੋਣ, ਉਸ ਸੂਬੇ ਦਾ ਵਰਤਮਾਨ ਕਿਹੋ ਜਿਹਾ ਹੋਵੇਗਾ? ਸਾਫ਼ ਤੇ ਸਰਲ ਜਿਹਾ ਉੱਤਰ ਹੈ ਤਿੜਕਿਆ ਹੋਇਆ। ਇਹ ਕਿਹਾ ਜਾ ਸਕਦਾ ਹੈ ਕਿ ਜੀਵਨ ਕਦੇ ਵੀ ਮੁਕੰਮਲ ਨਹੀਂ ਹੁੰਦਾ, ਇਹਦੇ ਵਿਚ ਖ਼ਾਮੀਆਂ ਤੇ ਦੁੱਖ-ਦੁਸ਼ਵਾਰੀਆਂ ਹੁੰਦੀਆਂ ਹਨ; ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਲੋਕਾਂ ਦੀ ਆਸ ਕਾਇਮ ਰਹਿੰਦੀ ਹੈ ਜੇ ਉਨ੍ਹਾਂ ਦੇ ਆਗੂ ਇਮਾਨਦਾਰ ਅਤੇ ਲੋਕਾਂ ਦਾ ਭਵਿੱਖ ਸੁਧਾਰਨ ਲਈ ਸੁਹਿਰਦ ਹੋਣ। ਪੰਜਾਬ ਦੀ ਸਿਆਸੀ ਜਮਾਤ ਵਿਚ ਇਹੋ ਜਿਹੇ ਸੂਝਵਾਨ ਸਿਆਸਤਦਾਨ ਦਿਖਾਈ ਨਹੀਂ ਦਿੰਦੇ ਜਿਹੜੇ ਪੰਜਾਬ ਦੇ ਭਵਿੱਖ ਲਈ ਫ਼ਿਕਰਮੰਦ ਹੋਣ। ਇਸ ਤਰ੍ਹਾਂ ਪੰਜਾਬ ਦਾ ਵਰਤਮਾਨ ਕਿਸੇ ਤਿੜਕੇ ਹੋਏ ਸ਼ੀਸ਼ੇ ਵਰਗਾ ਹੈ ਅਤੇ ਇਸ ’ਤੇ ਉੱਸਰ ਰਹੇ ਭਵਿੱਖ ਦੇ ਵੀ ਇਹੋ ਜਿਹਾ ਜਾਂ ਇਸ ਤੋਂ ਵੀ ਮਾੜਾ ਹੋਣ ਦੇ ਆਸਾਰ ਹਨ। ਮੌਜੂਦਾ ਪੰਜਾਬ ਸਰਕਾਰ ਨਸ਼ਿਆਂ ਦੇ ਫੈਲਾਓ ਅਤੇ ਹਰ ਤਰ੍ਹਾਂ ਦੇ ਮਾਫ਼ੀਏ ਨੂੰ ਖ਼ਤਮ ਕਰਨ ਦੇ ਵਾਅਦਿਆਂ ਨਾਲ ਸੱਤਾ ਵਿਚ ਆਈ ਸੀ ਪਰ ਆਪਣੀ ਅੱਧੀ ਮਿਆਦ ਪੁਗਾ ਲੈਣ ਤੋਂ ਬਾਅਦ ਵੀ ਇਹ ਪ੍ਰਤੱਖ ਹੈ ਕਿ ਇਨ੍ਹਾਂ ਵਰਤਾਰਿਆਂ ਵਿਚ ਕੋਈ ਜ਼ਿਆਦਾ ਫ਼ਰਕ ਨਹੀਂ ਪਿਆ। ਸਰਕਾਰ ਨੇ ਕੋਈ ਇਹੋ ਜਿਹੇ ਕਦਮ ਨਹੀਂ ਚੁੱਕੇ ਜਿਸ ਕਾਰਨ ਪੰਜਾਬੀਆਂ ਦੀਆਂ ਭਵਿੱਖ ਪ੍ਰਤੀ ਆਸਾਂ ਫਿਰ ਜਾਗ ਉੱਠਣ। ਰਜ਼ਾ ਨਈਮ ਨੇ ਲਿਬੀਆ ਬਾਰੇ ਲਿਖਦਿਆਂ ਲਿਬੀਆ ਦੇ ਨਾਵਲਕਾਰ ਅਹਿਮਦ ਇਬਰਾਹੀਮ ਅਲ-ਫ਼ਕੀਹ ਦੇ ਹਵਾਲੇ ਨਾਲ ਲਿਖਿਆ ਹੈ ਕਿ ਉਸ ਦੀ ਨਾਵਲ-ਤ੍ਰਿਕੜੀ ਇਸ ਵਾਕ ਨਾਲ ਸ਼ੁਰੂ ਹੁੰਦੀ ਹੈ, ‘‘ਇਕ ਤਰ੍ਹਾਂ ਦਾ ਸਮਾਂ ਬੀਤ ਗਿਆ ਹੈ ਤੇ ਦੂਸਰੀ ਤਰ੍ਹਾਂ ਦਾ ਸਮਾਂ ਅਜੇ ਆਇਆ ਨਹੀਂ।’’ ਨਾਵਲ-ਤ੍ਰਿਕੜੀ ਇਸ ਵਾਕ ਨਾਲ ਸਮਾਪਤ ਹੁੰਦੀ ਹੈ, ‘‘ਇਕ ਤਰ੍ਹਾਂ ਦਾ ਸਮਾਂ ਬੀਤ ਗਿਆ ਹੈ ਅਤੇ ਦੂਸਰੀ ਤਰ੍ਹਾਂ ਦਾ ਸਮਾਂ ਨਾ ’ਤੇ ਅਜੇ ਆਇਆ ਹੈ ਅਤੇ ਨਾ ਹੀ ਆਵੇਗਾ।’’ ਭਾਵ ਨਾਵਲਕਾਰ ਲਿਬੀਆ ਦੇ ਵਰਤਮਾਨ ਤੇ ਭਵਿੱਖ ਦੋਹਾਂ ਤੋਂ ਨਿਰਾਸ਼ ਹੋ ਚੁੱਕਾ ਹੈ। ਪੰਜਾਬ ਵਿਚ ਵੀ ਹਾਲਾਤ ਇਹੋ ਜਿਹੇ ਹੀ ਹਨ। ਵਿਰੋਧਾਭਾਸ ਇਹ ਹੈ ਕਿ ਜਿਹੜੇ ਸਮਾਜਿਕ ਕਾਰਕੁਨ ਸਮਾਜ ਨੂੰ ਬਦਲਣ ਅਤੇ ਲੋਕ-ਪੱਖੀ ਅੰਦੋਲਨਾਂ ਦੀ ਅਗਵਾਈ ਕਰ ਰਹੇ ਹਨ, ਉਹ ਵੀ ਆਪਣੇ ਬੱਚਿਆਂ ਤੇ ਪਰਿਵਾਰਾਂ ਨੂੰ ਵਿਦੇਸ਼ਾਂ ’ਚ ਭੇਜ ਰਹੇ ਹਨ। ਪੰਜਾਬ ਦੀ ਰਵਾਇਤ ਅਤੇ ਇੱਥੋਂ ਦੇ ਪੀਰਾਂ-ਫ਼ਕੀਰਾਂ ਅਤੇ ਸਿੱਖ ਗੁਰੂਆਂ ਨੇ ਪੰਜਾਬੀਆਂ ਨੂੰ ਸੰਘਰਸ਼ ਕਰਨਾ ਸਿਖਾਇਆ ਹੈ। ਪੰਜਾਬੀ ਸੰਘਰਸ਼ ਤੋਂ ਭੱਜਦੇ ਵੀ ਨਹੀਂ। ਉਨ੍ਹਾਂ ਨੇ ਵਿਦੇਸ਼ਾਂ ਵਿਚ ਜਾ ਕੇ ਮਿਹਨਤ ਕੀਤੀ ਅਤੇ ਵੱਡਾ ਨਾਂ ਕਮਾਇਆ ਹੈ ਪਰ ਸਭ ਤੋਂ ਵੱਡਾ ਸਵਾਲ ਵੇਲ਼ੇ ਦੀ ਸਿਆਸੀ ਜਮਾਤ ਉੱਤੇ ਹੈ; ਉਸ ਦੀ ਇਮਾਨਦਾਰੀ, ਸੁਹਿਰਦਤਾ ਅਤੇ ਪ੍ਰਤੀਬੱਧਤਾ ਉੱਤੇ ਹੈ। ਕਾਂਗਰਸ ਅਤੇ ਅਕਾਲੀ ਦੋਵੇਂ ਪੰਜਾਬ ਦੀਆਂ ਇਤਿਹਾਸਕ ਪਾਰਟੀਆਂ ਹਨ ਅਤੇ ਇਤਿਹਾਸ ਦੇ ਵੱਖ ਵੱਖ ਮੋੜਾਂ ’ਤੇ ਇਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਅਗਵਾਈ ਕੀਤੀ। ਪਰ ਦੋਵੇਂ ਪਾਰਟੀਆਂ ਸਿਆਸੀ ਥਕਾਨ, ਪਰਿਵਾਰਵਾਦ ਅਤੇ ਤਾਕਤ ਤੇ ਸਰਮਾਇਆ ਜਮ੍ਹਾਂ ਕਰਨ ਵਾਲੀਆਂ ਪ੍ਰਵਿਰਤੀਆਂ ਦਾ ਸ਼ਿਕਾਰ ਹੋ ਚੁੱਕੀਆਂ ਹਨ। ਇਨ੍ਹਾਂ ਵਿਚ ਦੂਰ-ਦ੍ਰਿਸ਼ਟੀ ਵਾਲਾ ਕੋਈ ਅਜਿਹਾ ਆਗੂ ਦਿਖਾਈ ਨਹੀਂ ਦਿੰਦਾ ਜਿਹੜਾ ਪੰਜਾਬ ਨੂੰ ਦੂਰਗਾਮੀ ਪ੍ਰਭਾਵਾਂ ਵਾਲੀ ਸੇਧ ਦੇ ਸਕਦਾ ਹੋਵੇ। ਪੰਜਾਬ ਦੇ ਲੋਕਾਂ ਨੇ ਇਨ੍ਹਾਂ ਦੋਹਾਂ ਪਾਰਟੀਆਂ ਤੋਂ ਮੂੰਹ ਮੋੜ ਕੇ ਆਪਣਾ ਭਵਿੱਖ ਆਮ ਆਦਮੀ ਪਾਰਟੀ ਨੂੰ ਬਣਾਉਣਾ ਚਾਹਿਆ ਸੀ। ‘ਆਪ’ ਪੰਜਾਬ ਦੇ ਨੌਜਵਾਨਾਂ ਵਿਚ ਭਵਿੱਖ ਵਿਚਲੀ ਆਸ ਦੀ ਪ੍ਰਤੀਕ ਬਣ ਕੇ ਉੱਭਰੀ ਪਰ ਇਸ ਨੇ ਪੰਜਾਬ ਦੇ ਲੋਕਾਂ ਨਾਲ ਉਹ ਇਤਿਹਾਸਕ ਧੋਖਾ ਕੀਤਾ ਹੈ ਜਿਸ ਦੀ ਮਿਸਾਲ ਮਿਲਣੀ ਮੁਸ਼ਕਲ ਹੈ। ਲੋਕਾਂ ਵਿਚ ਪਾਈ ਜਾਂਦੀ ਵੱਡੀ ਪੱਧਰ ਦੀ ਨਿਰਾਸ਼ਾ ਲਈ ਆਮ ਆਦਮੀ ਪਾਰਟੀ ਵੱਡੀ ਹੱਦ ਤਕ ਜ਼ਿੰਮੇਵਾਰ ਹੈ। ਪੰਜਾਬ ਦੇ ਲੋਕ ਖੱਬੀਆਂ ਪਾਰਟੀਆਂ ਦੇ ਵੀ ਵੱਡੇ ਮੁਦੱਈ ਰਹੇ ਹਨ ਅਤੇ ਉਨ੍ਹਾਂ ਦੀ ਅਗਵਾਈ ਵਿਚ ਉਨ੍ਹਾਂ ਨੇ ਵੱਡੇ ਸੰਘਰਸ਼ ਵੀ ਲੜੇ ਪਰ ਅੱਜ ਖੱਬੀਆਂ ਪਾਰਟੀਆਂ ਅਤੇ ਗਰੁੱਪ ਸਾਂਝੇ ਦੁਸ਼ਮਣਾਂ ਨਾਲ ਲੜਨ ਦੀ ਥਾਂ ਆਪਣੇ ਆਪ ਨੂੰ ਇਕ-ਦੂਜੇ ਤੋਂ ਵਧੀਆ ਅਤੇ ਜ਼ਿਆਦਾ ਇਨਕਲਾਬੀ ਸਿੱਧ ਕਰਨ ਦੀ ਦੌੜ ਵਿਚ ਲੱਗੇ ਹੋਏ ਹਨ। ਇਕ ਵੱਡਾ ਜਮਹੂਰੀ ਏਕਾ ਬਣਾਉਣ ਦੀ ਬਜਾਏ ਉਨ੍ਹਾਂ ਦੀ ਸਾਰੀ ਊੁਰਜਾ ਸਿਧਾਂਤਾਂ ਦੀਆਂ ਵੱਡੀਆਂ ਵੱਡੀਆਂ ਦਲੀਲਾਂ ਘੜ ਕੇ ਆਪਣੀ ਪਾਰਟੀ ਜਾਂ ਗਰੁੱਪ ਨੂੰ ਸਹੀ ਸਾਬਤ ਕਰਨ ਵਿਚ ਲੱਗੀ ਹੋਈ ਹੈ। ਇਸ ਤਰ੍ਹਾਂ ਇਸ ਤਿੜਕੇ ਹੋਏ ਵਰਤਮਾਨ ਤੇ ਤਿੜਕੇ ਹੋਏ ਭਵਿੱਖ ਨਾਲ ਖਹਿ ਰਹੇ ਪੰਜਾਬੀ ਬੰਦੇ ਨੂੰ ਆਪਣੇ ਸਿਵਾਏ ਕਿਸੇ ਦਾ ਆਸਰਾ ਨਹੀਂ। ਪੰਜਾਬੀ ਬੰਦਾ ਅੱਜ ਦੇ ਪੰਜਾਬ ਤੋਂ ਬਚ ਨਿਕਲਣਾ ਚਾਹੁੰਦਾ ਹੈ। ਉਹ ਅੱਜ ਦੇ ਪੰਜਾਬ ਤੋਂ ਭੱਜ ਰਿਹਾ ਹੈ। ਉਹ ਆਪਣਾ ਪੰਜਾਬ ਪੰਜਾਬ ਤੋਂ ਬਾਹਰ ਤਲਾਸ਼ ਕਰ ਰਿਹਾ ਹੈ। ਇਹ ਪੰਜਾਬ ਤੇ ਪੰਜਾਬੀਆਂ ਲਈ ਫ਼ਿਕਰਾਂ ਵਾਲੇ ਵੇਲ਼ੇ ਹਨ। - ਸਵਰਾਜਬੀਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All