ਡਾਕਟਰ ਅੰਬੇਡਕਰ: ਸੰਘਰਸ਼ ਤੇ ਦਰਸ਼ਨ

ਬਰਸੀ ’ਤੇ ਵਿਸ਼ੇਸ਼

ਕੁਲਵਿੰਦਰ ਸਿੰਘ ਬਿੱਟੂ

ਵਰਣ ਵੰਡ ਵਿਵਸਥਾ ਤਹਿਤ ਦਲਿਤ ਸਦੀਆਂ ਤੱਕ ਗੁਲਾਮੀ ਤੇ ਮੰਦਹਾਲੀ ਦਾ ਸ਼ਿਕਾਰ ਰਹੇ। ਸਮਾਜ ਦੇ ਇਸ ਉਲਝੇ ਵਾਤਾਵਰਨ ਵਿਚ ਮਹਾਰ ਜਾਤੀ ਵਿਚ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ 14 ਅਪਰੈਲ 1891 ਨੂੰ ਪਿਤਾ ਰਾਮ ਜੀ ਅਤੇ ਮਾਤਾ ਭੀਮਾ ਬਾਈ ਦੇ ਘਰ ਹੋਇਆ। ਰਾਮ ਜੀ ਈਸਟ ਇੰਡੀਆ ਕੰਪਨੀ ਵਿਚ ਫੌਜੀ ਹੋਣ ਕਾਰਨ ਭੀਮ ਰਾਓ ਪੜ੍ਹਾਈ ਕਰਨ ਦੇ ਯੋਗ ਹੋਏ। ਉਨ੍ਹਾਂ ਕੈਂਪ ਦੇ ਸਤਾਰਾ ਸਕੂਲ ਤੋਂ ਪ੍ਰਾਇਮਰੀ ਸਿੱਖਿਆ ਸ਼ੁਰੂ ਕੀਤੀ ਪਰ ਥੋੜ੍ਹੇ ਹੀ ਸਮੇਂ ਬਾਅਦ ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ। ਇਸੇ ਦੌਰਾਨ ਉਹ ਸਿਲੇਬਸ ਤੋਂ ਇਲਾਵਾ ਹੋਰ ਕਿਤਾਬਾਂ ਦਾ ਅਧਿਐਨ ਵੀ ਕਰਨ ਲੱਗ ਪਏ। ਉੱਧਰ, ਉਨਾਂ ਦੀ ਪੜ੍ਹਾਈ ਦੇ ਨਾਲ ਨਾਲ ਛੂਆ-ਛਾਤ ਵੀ ਚਲਦੀ ਰਹੀ ਪਰ ਇਹ ਨਾਕਾਰਾਤਮਕ ਹਾਲਾਤ ਉਨ੍ਹਾਂ ਦੀ ਵਿਦਿਆ ਪ੍ਰਾਪਤੀ ਦੀ ਲਗਨ ਵਿਚ ਰੁਕਾਵਟ ਨਾ ਬਣ ਸਕੇ। 17 ਸਾਲ ਦੀ ਉਮਰ ਵਿਚ ਭੀਮ ਰਾਓ ਦਾ ਵਿਆਹ ਰਾਮਾਬਾਈ ਨਾਲ ਹੋਇਆ। 1912 ਵਿਚ ਬੜੋਦਾ ਰਿਆਸਤ ਦੇ ਮਹਾਰਾਜਾ ਸ੍ਰੀ ਸਿਆਜੀ ਰਾਓ ਗਾਇਕਵਾੜ ਦੁਆਰਾ 25 ਰੁਪਏ ਪ੍ਰਤੀ ਮਹੀਨਾ ਵਜ਼ੀਫੇ ਨਾਲ ਉਹ ਬੀਏ ਪਾਸ ਕਰ ਗਏ ਅਤੇ ਜਨਵਰੀ 1913 ਵਿਚ ਬੜੋਦਾ ਵਿਚ ਸਟੇਟ ਫੋਰਸ ਵਿਚ ਲੈਫਟੀਨੈਂਟ ਭਰਤੀ ਹੋ ਗਏ। ਇਹ ਅਹੁਦਾ ਉਨ੍ਹਾਂ ਨੂੰ ਇੱਕ ਮਹੀਨੇ ਬਾਅਦ ਹੀ ਪਿਤਾ ਜੀ ਦੀ ਸਿਹਤ ਖਰਾਬ ਹੋਣ ਕਾਰਨ ਤਿਆਗਣਾ ਪਿਆ। ਘਰ ਆਉਣ ਤੇ ਉਨ੍ਹਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ। ਜੁਲਾਈ 1913 ਵਿਚ ਉਹ ਸ੍ਰੀ ਸਿਆਜੀ ਗਾਇਕਵਾੜ ਨਾਲ ਬੜੋਦਾ ਰਿਆਸਤ ਦੀ ਦਸ ਸਾਲ ਸੇਵਾ ਕਰਨ ਦਾ ਇਕਰਾਰਨਾਮਾ ਕਰਕੇ ਉਨ੍ਹਾਂ ਦੀ ਸਹਾਇਤਾ ਨਾਲ ਨਿਊ ਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਵਿਚ ਉਚੇਰੀ ਵਿੱਦਿਆ ਪ੍ਰਾਪਤ ਕਰਨ ਲਈ ਚਲੇ ਗਏ। ਇੱਥੇ ਸਖਤ ਮਿਹਨਤ ਕਰਦਿਆਂ 1915 ਵਿਚ ਉਨ੍ਹਾਂ ‘ਪ੍ਰਾਚੀਨ ਭਾਰਤੀ ਵਪਾਰ’ ਨਾਮੀ ਪੁਸਤਕ ਲਿਖ ਕੇ ਐੱਮਏ ਕੀਤੀ। ਜੂਨ 1916 ਵਿਚ ਉਨ੍ਹਾਂ ਖੋਜ ਗ੍ਰੰਥ ‘ਭਾਰਤ ਦਾ ਕੌਮੀ ਲਾਭ ਅੰਸ਼’ ਲਿਖ ਕੇ ਡਾਕਟਰ ਆਫ ਫਿਲਾਸਫੀ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਡਾਕਟਰ ਅੰਬੇਡਕਰ ਬਣ ਗਏ। ਸਤੰਬਰ 1917 ਵਿਚ ਡਾਕਟਰ ਅੰਬੇਡਕਰ ਆਪਣੇ ਵਾਅਦੇ ਮੁਤਾਬਕ ਬੜੋਦਾ ਰਿਆਸਤ ਦੀ ਸੇਵਾ ਲਈ ਪਹੁੰਚ ਗਏ। ਉਨ੍ਹਾਂ ਨੂੰ ਫੌਜੀ ਸਕੱਤਰ ਨਿਯੁਕਤ ਕੀਤਾ ਗਿਆ ਪਰ ਜਾਤੀ ਕਾਰਨ ਇਹ ਨੌਕਰੀ ਛੱਡਣੀ ਪਈ। 1920 ਵਿਚ ਡਾਕਟਰ ਅੰਬੇਡਕਰ ਆਪਣੇ ਕੁਝ ਜੋੜੇ ਹੋਏ ਰੁਪਏ, ਕੁਝ ਮਹਾਰਾਜਾ ਕੋਹਲਾਪੁਰ ਤੋਂ ਸਹਾਇਤਾ ਲੈ ਕੇ ਅਤੇ ਕੁੱਝ ਦੋਸਤਾਂ ਤੋਂ ਉਧਾਰ ਲੈ ਕੇ ਕਾਨੂੰਨ ਤੇ ਅਰਥ ਸ਼ਾਸਤਰ ਦੀ ਪੜ੍ਹਾਈ ਲਈ ਲੰਡਨ ਚਲੇ ਗਏ। ਅਥਾਹ ਮਿਹਨਤ ਤੋਂ ਬਾਅਦ ਉਨ੍ਹਾਂ ਖੋਜ ਗ੍ਰੰਥ ‘ਬਰਤਾਨਵੀ ਭਾਰਤ ਵਿਚ ਸਾਮਰਾਜੀ ਵਿੱਤ ਦਾ ਪ੍ਰਦੇਸ਼ਕ ਵਿਕੇਂਦਰੀਕਰਨ’ ਪੂਰਾ ਕਰਕੇ ਡਾਕਟਰ ਆਫ ਸਾਇੰਸ ਦੀ ਡਿਗਰੀ ਲਈ। ਅਕਤੂਬਰ 1922 ਵਿਚ ਉਨ੍ਹਾਂ ਆਪਣਾ ਦੂਜਾ ਖੋਜ ਗ੍ਰੰਥ ‘ਰੁਪਏ ਦਾ ਮਸਲਾ’ ਲਿਖ ਕੇ ਡਾਕਟਰ ਆਫ ਫਿਲਾਸਫੀ ਦੀ ਡਿਗਰੀ ਪ੍ਰਾਪਤ ਕੀਤੀ। ਬੰਬਈ ਪਰਤਣ ਤੇ 1923 ਵਿਚ ਉਨ੍ਹਾਂ ਬਤੌਰ ਵਕੀਲ ਆਪਣਾ ਕਰੀਅਰ ਸ਼ੁਰੂ ਕੀਤਾ। ਜਾਤ ਪਾਤ ਦਾ ਕੋਹੜ ਇੱਥੇ ਵੀ ਉਨ੍ਹਾਂ ਨੂੰ ਪ੍ਰੇਸ਼ਾਨ ਕਰਦਾ ਰਿਹਾ। ਉਨ੍ਹਾਂ 1924 ਵਿਚ ਬਹਿਸ਼ਕ੍ਰਿਤ ਹਿਤਕਾਰਨੀ ਸਭਾ ਰਾਹੀਂ ਸਮਾਜ ਸੁਧਾਰਕ ਵਜੋਂ ਸ਼ੋਸ਼ਿਤ ਲੋਕਾਂ ਦੀ ਅਣਖ ਨੂੰ ਵੰਗਾਰਿਆ। ਉਨ੍ਹਾਂ ਅਸਮਾਨਤਾ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਕਰੋ ਜਾਂ ਮਰੋ ਦਾ ਹੋਕਾ ਦਿੱਤਾ। ਉਹ ਆਪ ਇਨ੍ਹਾਂ ਹਾਲਾਤ ਵਿਚੋਂ ਗੁਜ਼ਰੇ ਹੋਣ ਕਾਰਨ ਉਨ੍ਹਾਂ ਦੇ ਬੋਲਾਂ ਵਿਚ ਦਰਦ ਅਤੇ ਤੜਫ ਸੀ। ਛੇਤੀ ਹੀ ਉਨ੍ਹਾਂ ਦਾ ਮਿਸ਼ਨ, ਮੰਜ਼ਲ ਵੱਲ ਵਧਣ ਲੱਗਾ। ਮਹਾਡ ਵਿਚ ਲੋਕਾਂ ਦੇ ਵੱਡੇ ਇਕੱਠ ਨੂੰ ਲਲਕਾਰਦਿਆਂ ਉਨ੍ਹਾਂ ਸਿੱਖਿਆ ਪ੍ਰਾਪਤੀ ਤੇ ਜ਼ੋਰ ਦੇਣ, ਆਪਣੇ ਰਹਿਣ ਸਹਿਣ ਦਾ ਢੰਗ ਤਰੀਕਾ ਸੁਧਾਰਨ, ਮਰੇ ਹੋਏ ਜਾਨਵਰਾਂ ਦਾ ਮਾਸ ਨਾ ਖਾਣ ਅਤੇ ਸਵੈ-ਮਾਣ ਦਾ ਜਜ਼ਬਾ ਪੈਦਾ ਕਰਨਾ ਬਾਰੇ ਕਿਹਾ। ਸਿੱਟੇ ਵਜੋਂ 19 ਮਾਰਚ 1927, ਭਾਵ ਉਸੇ ਸ਼ਾਮ ਲੋਕਾਂ ਦੇ ਭਾਰੀ ਹਜੂਮ ਨੇ ਡਾਕਟਰ ਅੰਬੇਡਕਰ ਦੀ ਅਗਵਾਈ ਹੇਠ ਚੋਦਾਰ ਤਲਾਬ ਦਾ ਪਾਣੀ ਪੀਤਾ ਜਿਸ ਤਲਾਬ ਦਾ ਪਾਣੀ ਪੀਣ ਦੀ ਇਨ੍ਹਾਂ ਲੋਕਾਂ ਨੂੰ ਸਦੀਆਂ ਤੋਂ ਪਾਬੰਦੀ ਲੱਗੀ ਹੋਈ ਸੀ। ਇਹ ਉਨ੍ਹਾਂ ਦਾ ਕ੍ਰਾਂਤੀਕਾਰੀ ਕਦਮ ਸੀ। ਪਹਿਲੀ ਗੋਲਮੇਜ਼ ਕਾਨਫਰੰਸ ਵਿਚ ਡਾਕਟਰ ਅੰਬੇਡਕਰ ਨੇ ਬਰਤਾਨੀਆ ਪ੍ਰਸ਼ਾਸਨ ਨੂੰ ਭਾਰਤ ਦੇ ਅਸਮਾਨਤਾ ਭਰੇ ਸਮਾਜ ਬਾਰੇ ਕੁੱਝ ਨਾ ਕਰਨ ਕਰਕੇ ਭੰਡਿਆ। ਉਨ੍ਹਾਂ ਦਾ ਅੰਦੋਲਨ ਸਮਾਜਿਕ ਸਮਾਨਤਾ ਅਤੇ ਰਾਜਨੀਤਿਕ ਆਜ਼ਾਦੀ ਨਾਲ ਸਬੰਧਤ ਸੀ। ਉਨ੍ਹਾਂ ਲੰਡਨ ਵਿਚ ਅਖਬਾਰਾਂ ਰਾਹੀਂ ਅਤੇ ਸਭਾਵਾਂ ਕਰਕੇ ਅੰਗਰੇਜ਼ਾਂ ਨੂੰ ਭਾਰਤ ਦੇ ਦਲਿਤਾਂ ਦੀ ਦੁਰਦਸ਼ਾ ਤੋਂ ਜਾਣੂ ਕਰਾਇਆ। ਨਤੀਜੇ ਵਜੋਂ ਪੂਰੇ ਸੰਸਾਰ ਨੂੰ ਭਾਰਤੀ ਦਲਿਤਾਂ ਦੀ ਮਾੜੀ ਦਸ਼ਾ ਦਾ ਪਤਾ ਲੱਗਿਆ। ਬਰਤਾਨਵੀਂ ਪਾਰਲੀਮੈਂਟ ਦੇ ਮੈਂਬਰਾਂ ਦਾ ਪ੍ਰਤੀਨਿਧ, ਲਾਰਡ ਸੰਕੀ ਨੂੰ ਮਿਲਿਆ ਤੇ ਉਨ੍ਹਾਂ ਭਾਰਤੀ ਦਲਿਤਾਂ ਨੂੰ ਵੋਟ ਦਾ ਅਧਿਕਾਰ ਦੇਣ ਅਤੇ ਇਨ੍ਹਾਂ ਦਾ ਸਮਾਜਿਕ ਤੇ ਆਰਥਿਕ ਪੱਧਰ ਚੁੱਕਣ ਲਈ ਕਿਹਾ। ਸਿੱਟੇ ਵਜੋਂ ਭਾਰਤ ਵਿਚ ਪੁਲੀਸ ਵਿਭਾਗ ਵਿਚ ਦਲਿਤ ਵਰਗ ਲਈ ਭਰਤੀ ਖੋਲ੍ਹ ਦਿੱਤੀ ਗਈ। ਗੋਲਮੇਜ਼ ਕਾਨਫਰੰਸ ਦਾ ਦੂਜਾ ਸੰਮੇਲਨ 7 ਸਤੰਬਰ 1931 ਨੂੰ ਸ਼ੁਰੂ ਹੋਇਆ। ਮਹਾਤਮਾ ਗਾਂਧੀ ਨੇ ਪਹਿਲੇ ਹੀ ਭਾਸ਼ਣ ਵਿਚ ਮੁਸਲਮਾਨਾਂ ਅਤੇ ਸਿੱਖਾਂ ਤੋਂ ਇਲਾਵਾ ਕਿਸੇ ਹੋਰ ਨੂੰ ਵਿਸ਼ੇਸ਼ ਅਧਿਕਾਰ ਦੇਣ ਦਾ ਵਿਰੋਧ ਕੀਤਾ ਜਦਕਿ ਡਾਕਟਰ ਅੰਬੇਡਕਰ ਦਲਿਤ ਵਰਗਾਂ, ਭਾਰਤੀ ਇਸਾਈਆਂ ਅਤੇ ਐਂਗਲੋ ਇੰਡੀਅਨ ਲੋਕਾਂ ਨੂੰ ਵਿਸ਼ੇਸ਼ ਅਧਿਕਾਰ ਦੇਣ ਦੀ ਮੰਗ ਕਰ ਰਹੇ ਸਨ। ਭਾਰਤੀ ਸ਼ੋਸ਼ਿਤ ਲੋਕਾਂ ਨੂੰ ਗਾਂਧੀ ਜੀ ਦੇ ਵਿਰੋਧ ਬਾਰੇ ਪਤਾ ਲੱਗਣ ਤੇ ਉਨ੍ਹਾਂ ਵਿਰੋਧ ਪ੍ਰਗਟਾਉਣ ਦਾ ਪ੍ਰੋਗਰਾਮ ਉਲੀਕਿਆ। ਉਧਰ ਲੰਡਨ ਵਿਚ ਡਾਕਟਰ ਅੰਬੇਡਕਰ ਦੀਆਂ ਪ੍ਰਭਾਵਸ਼ਾਲੀ, ਸੱਚੀਆਂ ਤੇ ਖਰੀਆਂ ਤਕਰੀਰਾਂ ਤਹਿਤ ਪ੍ਰਧਾਨ ਮੰਤਰੀ ਰੈਮਜੇ ਮੈਕਡਾਨਲਡ ਵੱਲੋਂ ਦਲਿਤਾਂ ਲਈ ਕੁਝ ਚੋਣ ਹਲਕੇ ਸੁਰੱਖਿਆ ਕੀਤੇ ਗਏ ਅਤੇ ਇਨ੍ਹਾਂ ਨੂੰ ਦੋਹਰੀ ਵੋਟ ਦਾ ਅਧਿਕਾਰ ਦੇ ਦਿੱਤਾ ਗਿਆ। ਇਹ ਦਲਿਤ ਉਮੀਦਵਾਰ ਤੋਂ ਇਲਾਵਾ ਹਿੰਦੂ ਉਮੀਦਵਾਰ ਦੀ ਚੋਣ ਵਿਚ ਵੀ ਹਿੱਸਾ ਲੈ ਸਕਦੇ ਸਨ। ਡਾਕਟਰ ਅੰਬੇਡਕਰ ਦੀ ਇਹ ਸਿਰੇ ਦੀ ਦੂਰਅੰਦੇਸ਼ੀ ਸੀ ਕਿ ਇਹ ਦੋਹਰੀ ਵੋਟ ਪ੍ਰਣਾਲੀ ਦਲਿਤਾਂ ਦੇ ਦੁੱਖ ਕੱਟਣ ਵਿਚ ਸਹਾਈ ਹੋਏਗੀ। ਮਹਾਤਮਾ ਗਾਂਧੀ ਨੇ ਇਸ ਖ਼ਿਲਾਫ਼ 18 ਅਗਸਤ 1932 ਨੂੰ ਪ੍ਰਧਾਨ ਮੰਤਰੀ ਮੈਕਡਾਨਲਡ ਨੂੰ ਪੱਤਰ ਲਿਖਿਆ ਕਿ ਇਸ ਪੱਤਰ ਨੂੰ ਵਾਪਸ ਲਿਆ ਜਾਵੇ ਨਹੀਂ ਤਾਂ ਉਹ ਮਰਨ ਵਰਤ ਆਰੰਭ ਕਰਨਗੇ। ਉੱਤਰ ਵਿਚਪ੍ਰਧਾਨ ਮੰਤਰੀ ਨੇ ਲਿਖਿਆ ਕਿ ਦਲਿਤਾਂ ਦੀ ਸਮਾਜਿਕ, ਆਰਥਿਕ ਤੇ ਰਾਜਨੀਤਿਕ ਖੇਤਰਾਂ ਵਿਚ ਨਿੱਘਰੀ ਅਵਸਥਾ ਨੂੰ ਸੁਧਾਰਨ ਲਈ ਇਸ ਸਮੇਂ ਇਨ੍ਹਾਂ ਨੂੰ ਵਿਸੇਸ਼ ਅਧਿਕਾਰ ਦੇਣੇ ਬਣਦੇ ਹਨ; ਇਹ ਵਿਸੇਸ਼ ਅਧਿਕਾਰ ਅਸੀਂ ਵੀਹ ਸਾਲਾਂ ਲਈ ਦੇ ਰਹੇ ਹਾਂ ਪਰ ਗਾਂਧੀ ਜੀ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ। ਮਹਾਤਮਾ ਗਾਂਧੀ ਨੇ ਅੰਬੇਡਕਰ ਨੂੰ ਕਿਹਾ- ਮੇਰੀ ਜਾਨ ਤੁਹਾਡੇ ਹੱਥ ਵਿਚ ਹੈ। ਫਿਰ ਇਹ ਖਬਰ ਫੈਲ ਗਈ ਕਿ ਗਾਂਧੀ ਜੀ ਦੀ ਹਾਲਤ ਕਾਫੀ ਖਰਾਬ ਹੋ ਗਈ ਹੈ। ਗਾਂਧੀਵਾਦੀ ਡਾਕਟਰ ਅੰਬੇਡਕਰ ਨੂੰ ਧਮਕੀਆਂ ਦੇ ਰਹੇ ਸਨ ਕਿ ਜੇ ਮਹਾਤਮਾ ਗਾਂਧੀ ਨੂੰ ਕੁੱਝ ਹੋ ਗਿਆ ਤਾਂ ਉਹ ਦਲਿਤਾਂ ਦੇ ਖੂਨ ਦੀ ਹੋਲੀ ਖੇਡਣਗੇ। ਦੂਜੇ, ਉਹ ਬਰਤਾਨਵੀ ਸਰਕਾਰ ਅੱਗੇ ਇਹ ਐਲਾਨ ਕਰਕੇ ਪ੍ਰਭਾਵ ਪਾ ਰਹੇ ਸਨ ਕਿ ਦਲਿਤਾਂ ਲਈ ਧਰਮਸ਼ਾਲਾਵਾਂ ਤੇ ਮੰਦਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਜਾਣਗੇ। ਇਥੇ ਡਾਕਟਰ ਅੰਬੇਡਕਰ ਦੁਚਿਤੀ ਵਿਚ ਸਨ। ਉਨ੍ਹਾਂ ਅਨੁਸਾਰ, ਇਹ ਸੁਨਹਿਰੀ ਮੌਕਾ ਉਨ੍ਹਾਂ ਦੇ ਸਮਾਜ ਲਈ ਬੜਾ ਔਖਾ ਆਇਆ ਹੈ; ਦੂਜੇ ਪਾਸੇ ਉਹ ਇਨਸਾਨੀਅਤ ਵਜੋਂ ਮਹਾਤਮਾ ਗਾਂਧੀ ਦੇ ਜੀਵਨ ਬਾਰੇ ਵੀ ਚਿੰਤਤ ਸਨ। ਉਨ੍ਹਾਂ ਨੂੰ ਆਪਣੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੀ ਵੀ ਚਿੰਤਾ ਸੀ। ਅਖੀਰ 27 ਸਤੰਬਰ 1932 ਨੂੰ ਉਨ੍ਹਾਂ ਪੂਨਾ ਵਿਚ ਮਹਾਤਮਾ ਗਾਂਧੀ ਦਾ ਮਰਨ ਵਰਤ ਤੁੜਵਾਉਂਦਿਆਂ ਆਪਣੀ ਕਲਮ ਤੋੜ ਕੇ ਇਹ ਸ਼ਬਦ ਕਹੇ ਸਨ- ਮੇਰਾ ਸਮਾਜ ਹੁਣ 100 ਸਾਲ ਪਿੱਛੇ ਚਲਾ ਗਿਆ ਹੈ। ਫਿਰ ਵੀ ਇਸ ਪੂਨਾ ਪੈਕਟ ਵਿਚੋਂ ਡਾਕਟਰ ਅੰਬੇਡਕਰ ਨੇ ਕਾਫੀ ਕੁਝ ਖੱਟਿਆ। ਹੁਣ ਦਲਿਤ ਕੇਂਦਰੀ ਅਤੇ ਪ੍ਰਦੇਸ਼ਿਕ ਵਿਧਾਨ ਸਭਾਵਾਂ ਵਿਚ ਆਪਣੇ ਪ੍ਰਤੀਨਿਧੀ ਭੇਜ ਸਕਦੇ ਸਨ। ਸਰਕਾਰੀ ਨੌਕਰੀਆਂ ਅਤੇ ਵਿਦਿਅਕ ਸੰਸਥਾਵਾਂ ਵਿਚ ਰਾਖਵਾਂਕਰਨ ਲਾਗੂ ਹੋਣਾ ਪੂਨਾ ਪੈਕਟ ਤਹਿਤ ਹੀ ਹੈ। ਗੌਰਮਿੰਟ ਆਫ ਇੰਡੀਆ ਐਕਟ-1935 ਅਧੀਨ 1937 ਵਿਚ ਸੂਬਾਈ ਸਰਕਾਰਾਂ ਨੂੰ ਅੰਤਿਮ ਸ਼ਾਸਨ ਦਾ ਅਧਿਕਾਰ ਦਿੱਤਾ ਜਾਣਾ ਸੀ। ਹਰ ਪਾਰਟੀ ਚੋਣ ਲੜਨ ਦੀ ਤਿਆਰੀ ਕਰ ਰਹੀ ਸੀ। ਡਾਕਟਰ ਅੰਬੇਡਕਰ ਨੇ ਵੀ ਸਾਥੀਆਂ ਦੀ ਸਲਾਹ ਨਾਲ ਆਜ਼ਾਦ ਮਜ਼ਦੂਰ ਪਾਰਟੀ ਬਣਾਈ। ਕੁਲ 75 ਸੀਟਾਂ ਵਿਚੋਂ 15 ਸੀਟਾਂ ਰਾਖਵੀਆਂ ਸਨ। ਉਨ੍ਹਾਂ ਬੰਬਈ ਦੇ ਅਲੱਗ ਅਲੱਗ ਜ਼ਿਲ੍ਹਿਆਂ ਵਿਚ 17 ਉਮੀਦਵਾਰ ਖੜ੍ਹੇ ਕੀਤੇ ਜਿਨ੍ਹਾਂ ਵਿਚੋਂ 15 ਨੇ ਜਿੱਤਾਂ ਪ੍ਰਾਪਤ ਕੀਤੀਆਂ। ਡਾਕਟਰ ਅੰਬੇਡਕਰ ਦੀ ਉੱਚ ਯੋਗਤਾ ਦਾ ਹੀ ਕਮਾਲ ਸੀ ਕਿ ਉਨ੍ਹਾਂ ਨੂੰ 2 ਜੁਲਾਈ 1942 ਨੂੰ ਵਾਇਸਰਾਏ ਹਿੰਦ ਦੀ ਕਾਰਜ ਸਾਧਕ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਗਿਆ। ਸੁਰੱਖਿਆ ਕੌਂਸਲ ਦੀ ਮੀਟਿੰਗ ਵਿਚ ਭਾਗ ਲੈਣ ਤੋਂ ਬਾਅਦ ਉਨ੍ਹਾਂ 11 ਜੁਲਾਈ ਨੂੰ ਬੰਬਈ ਵਿਚ ਭਾਰੀ ਇਕੱਠ ਦੌਰਾਨ ਕਿਹਾ- ਸਾਡੀ ਲੜਾਈ ਨਾ ਧਨ ਦੌਲਤ ਵਾਸਤੇ ਹੈ ਅਤੇ ਨਾ ਹੀ ਤਾਕਤ ਪ੍ਰਾਪਤ ਕਰਨ ਲਈ ਸਗੋਂ ਆਜ਼ਾਦੀ ਵਾਸਤੇ ਹੈ। ਯਿਊਲਾ ਕਾਨਫਰੰਸ ਵਿਚ ਡਾਕਟਰ ਅੰਬੇਡਕਰ ਨੇ ਕਿਹਾ- ਮੈਂ ਉਸ ਧਰਮ ਵਿਚ ਨਹੀਂ ਰਹਿਣਾ ਚਾਹੁੰਦਾ ਜੋ ਮਨੁੱਖੀ ਵਿਤਕਰਿਆ ਤੇ ਆਧਾਰਿਤ ਹੋਵੇ। ਜੋ ਧਰਮ ਤੁਹਾਨੂੰ ਪਾਣੀ ਪੀਣ ਤੋਂ ਰੋਕਦਾ ਹੋਵੇ, ਧਾਰਮਿਕ ਸਥਾਨਾਂ ਵਿਚ ਦਾਖਲ ਹੋਣ ਤੋਂ ਰੋਕਦਾ ਹੋਵੇ। ਫਿਰ ਤੁਹਾਡੀ ਅਣਖ ਕਿੱਥੇ ਹੈ? ਇਸ ਕਾਨਫਰੰਸ ਤੋਂ ਬਾਅਦ ਬੰਬਈ ਵਿਖੇ ਪੂਰੀ ਮਹਾਰ ਜਾਤੀ ਨੇ ਧਰਮ ਪਰਿਵਰਤਨ ਦਾ ਮਤਾ ਪਾਸ ਕਰ ਦਿੱਤਾ। ਉਨਾਂ ਨੂੰ ਮੁਸਲਮਾਨ, ਸਿੱਖ, ਇਸਾਈ ਅਤੇ ਬੋਧੀ ਆਗੂਆਂ ਨੇ ਆਪੋ-ਆਪਣੇ ਧਰਮ ਵਿਚ ਸ਼ਾਮਲ ਹੋਣ ਕਿਹਾ ਗਿਆ ਪਰ ਉਹ ਅਜਿਹੇ ਇਨਸਾਨੀ ਧਰਮ ਦੀ ਖੋਜ ਵਿਚ ਸਨ ਜਿਸ ਨੂੰ ਅਪਣਾ ਕੇ ਉਹ ਸਦੀਆਂ ਤੋਂ ਹੀਣ ਭਾਵਨਾ ਦਾ ਸ਼ਿਕਾਰ ਹੋ ਰਹੇ ਆਪਣੇ ਸਮਾਜ ਨੂੰ ਬਚਾ ਸਕਣ। ਉਨ੍ਹਾਂ 14 ਅਕਤੂਬਰ 1956 ਨੂੰ ਧਰਮ ਪਰਿਵਰਤਨ ਕਰਦਿਆਂ ਬੁੱਧ ਧਰਮ ਅਪਣਾ ਲਿਆ। 3 ਅਗਸਤ 1947 ਨੂੰ ਆਜ਼ਾਦ ਭਾਰਤ ਦੇ ਪਹਿਲੇ ਮੰਤਰੀ ਮੰਡਲ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਦੇਸ਼ ਵੰਡ ਦੀ ਕਤਲੋਗਾਰਤ ਕਾਰਨ ਕਾਂਗਰਸ ਨੂੰ ਇਕੱਲਿਆਂ ਸਰਕਾਰ ਚਲਾਉਣਾ ਮੁਸ਼ਕਿਲ ਜਾਪਿਆ ਅਤੇ ਉਨ੍ਹਾਂ ਵਿਰੋਧੀ ਪਾਰਟੀਆਂ ਦਾ ਸਹਿਯੋਗ ਲਿਆ। ਡਾਕਟਰ ਅੰਬੇਡਕਰ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ। ਸੰਵਿਧਾਨ ਖਰੜਾ ਕਮੇਟੀ ਬੇਸ਼ਕ ਸੱਤ ਮੈਂਬਰੀ ਸੀ ਪਰ ਵਿਧਾਨ ਦਾ ਖਰੜਾ ਤਿਆਰ ਕਰਨ ਲਈ ਉਨ੍ਹਾਂ ਨੂੰ ਇਕੱਲਿਆਂ ਹੀ ਕੰਮ ਕਰਨਾ ਪਿਆ। ਅੱਜ ਆਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਵੀ ਜਾਤੀਗਤ ਟਿੱਪਣੀਆਂ ਤਕਰੀਬਨ ਸਾਰੇ ਭਾਰਤ ਭਰ ਵਿਚ ਸਿੱਧੇ ਜਾਂ ਅਸਿੱਧੇ ਰੂਪ ਵਿਚ ਹੋ ਰਹੀਆਂ ਹਨ। ਜਾਤੀ ਆਧਾਰਿਤ ਦੰਗੇ-ਫਸਾਦ ਜਾਰੀ ਹਨ। ਆਰਥਿਕ ਕਾਣੀਵੰਡ ਅਤੇ ਰਾਜਨੀਤੀ ਦਾ ਕੇਂਦਰੀਕਰਨ ਅਸਲ ਵਿਚ ਅੰਬੇਡਕਰਵਾਦ ਨੂੰ ਢੁਕਵੇਂ ਰੂਪ ਵਿਚ ਲਾਗੂ ਨਾ ਕਰਨਾ ਹੈ। ਅਖੀਰ 6 ਦਸੰਬਰ 1956 ਨੂੰ ਇਹ ਜੋਤ ਬੁਝ ਗਈ।

ਸੰਪਰਕ: 84370-00103

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All