ਛੇ ਨਸ਼ਾ ਤਸਕਰਾਂ ਤੋਂ 18 ਕਰੋੜ ਦੀ ਹੈਰੋਇਨ ਜ਼ਬਤ

ਸ਼ਸ਼ੀ ਪਾਲ ਜੈਨ ਖਰੜ , 1 ਜੂਨ

ਜ਼ਿਲ੍ਹਾ ਪੁਲੀਸ ਨੇ ਹੈਰੋਇਨ ਸਪਲਾਈ ਕਰਨ ਵਾਲੇ 6 ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਨਾਲ ਵੱਡੀ ਸਫਲਤਾ ਹਾਸਲ ਕੀਤੀ ਹੈ। ਐੱਸਪੀ(ਜਾਂਚ) ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਸੀਆਈਏ ਸਟਾਫ ਖਰੜ ਦੇ ਇੰਸਪੈਕਟਰ ਰਾਜੇਸ਼ ਕੁਮਾਰ ਨੇ ਇਕ ਸੂਹ ਮਿਲਣ ’ਤੇ ਥਾਣਾ ਸਿਟੀ ਖਰੜ ਵਿੱਚ ਐੱਨਡੀਪੀਐੱਸ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਸ ਦੌਰਾਨ 28 ਮਈ ਨੂੰ ਪਿੰਡ ਛੱਜੂਮਾਜਰਾ ਰੋਡ ’ਤੇ ਵਾਹਨਾਂ ਦੀ ਚੈਕਿੰਗ ਕਰਨ ਮੌਕੇ ਕਾਰ ਸਵਾਰ ਦੋ ਵਿਅਕਤੀਆਂ ਨੇ ਪੁਲੀਸ ਪਾਰਟੀ ਨੂੰ ਵੇਖਦਿਆਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਕੁੱਲ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਵਿਚ ਅੰਜੁਲ ਸੋਢੀ ਵਾਸੀ ਸਿਰਸਾ, ਪਰਿਵਰ ਸਿੰਘ ਵਾਸੀ ਪਿੰਡ ਬੱਲੋਮਾਜਰਾ ਐੱਸਏਐੱਸ ਨਗਰ, ਰਵੀ ਵਰਮਾ ਵਾਸੀ ਸੰਨੀ ਐਨਕਲੇਵ (ਖਰੜ), ਦਲਵਿੰਦਰ ਸਿੰਘ ਵਾਸੀ ਪਿੰਡ ਖਹਿਰਾ ਕਲਾਂ (ਐੱਸਏਐੱਸ ਨਗਰ) ਤੇ ਨੀਲੂ ਵਾਸੀ ਸਿਰਸਾ ਸ਼ਾਮਲ ਹਨ। ਪੁਲੀਸ ਨੇ ਇਨ੍ਹਾਂ ਕੋਲੋਂ ਦੋ ਵਾਹਨ (ਸਵਿਫਟ ਕਾਰ ਤੇ ਸ਼ੈਵਰਲੈੱਟ), 1.3 ਕਿਲੋਗ੍ਰਾਮ ਹੈਰੋਇਨ ਅਤੇ 1 ਲੱਖ ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ। ਮੁਲਜ਼ਮਾਂ ਤੋਂ ਕੀਤੀ ਪੁੱਛਗਿੱਛ ਦੇ ਅਧਾਰ ’ਤੇ 31 ਮਈ ਨੂੰ ਡੇਵਿਡ ਨਾਂ ਦੇ ਨਾਇਜੀਰੀਅਨ ਵਿਅਕਤੀ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ। ਉਸ ਕੋਲੋਂ 2.2 ਕਿਲੋ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਮੁਲਜ਼ਮਾਂ ਕੋਲੋਂ ਜ਼ਬਤ ਕੀਤੀ ਗਈ ਸਾਢੇ ਤਿੰਨ ਕਿਲੋ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ 18 ਕਰੋੜ ਰੁਪਏ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All