ਡੀਜੀਪੀ ਵੱਲੋਂ ਟਵਿੱਟਰ ਹੈਂਡਲ ’ਤੇ ਸਿੱਧੂ ਮੂਸੇਵਾਲਾ ਦਾ ਗੀਤ ਸ਼ੇਅਰ ਕਰਨ ਤੋਂ ਵਿਵਾਦ

ਪਾਲ ਸਿੰਘ ਨੌਲੀ ਜਲੰਧਰ, 28 ਮਾਰਚ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਆਪਣੇ ਟਵਿੱਟਰ ਹੈਂਡਲ ’ਤੇ ਮੂਸੇਵਾਲਾ ਦਾ ਵਿਵਾਦਤ ਗੀਤ ਸ਼ੇਅਰ ਕਰਨ ਮਗਰੋਂ ਪੰਜਾਬ ਦੇ ਲੋਕ ਪੁਲੀਸ ਮੁਖੀ ਦੀ ਆਲੋਚਨਾ ਕਰਨ ਲੱਗੇ ਹਨ। ਜਿੱਥੇ ਸੋਸ਼ਲ ਮੀਡੀਆ ’ਤੇ ਇਸ ਬਾਰੇ ਤਿੱਖੀਆਂ ਟਿੱਪਣੀਆਂ ਕੀਤੀਆਂ ਆ ਰਹੀਆਂ ਹਨ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਇਸ ਪ੍ਰਚਾਰ ਨੂੰ ਗੁਮਰਾਹਕੁਨ ਦੱਸਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਾਮਲੇ ’ਚ ਦਖ਼ਲ ਦੇ ਕੇ ਅੰਮ੍ਰਿਤਧਾਰੀ ਸਿੱਖ ਨੂੰ ਕਰੋਨਾਵਾਇਰਸ ਦੇ ਪ੍ਰਤੀਕ ਵਜੋਂ ਪੇਸ਼ ਕਰਨ ਵਾਲੇ ਗਾਇਕ ਸਿੱਧੂ ਮੂਸੇਵਾਲਾ ਨੂੰ ਤਲਬ ਕਰਨ ਦੀ ਮੰਗ ਉੱਠਣ ਲੱਗੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਫੈਲੇ ਕਰੋਨਾਵਾਇਰਸ ਲਈ ਬੰਗਾ ਨੇੜਲੇ ਪਿੰਡ ਪਠਲਾਵਾ ਦੇ ਬਲਦੇਵ ਸਿੰਘ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਕਿਤਾਬ ‘ਪੰਜਾਬ ਦਾ ਬੁੱਚੜ’ ਦੇ ਲੇਖਕ ਸਰਬਜੀਤ ਸਿੰਘ ਘੁਮਾਣ ਨੇ ਪੁਲੀਸ ਮੁਖੀ ਵੱਲੋਂ ਵਿਵਾਦਤ ਗੀਤ ਸ਼ੇਅਰ ਕਰਨ ’ਤੇ ਉਨ੍ਹਾਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਆਖਿਆ ਕਿ ਨਵੇਂ ਗਾਣੇ ਵਿਚ ਸਿੱਧੂ ਮੂਸੇਵਾਲਾ ਪੰਜਾਬ ਪੁਲੀਸ ਦੇ ਸਹਿਯੋਗ ਨਾਲ ਪਰਵਾਸੀ ਪੰਜਾਬੀਆਂ ਨੂੰ ਪੰਜਾਬ ਵਿਚ ਕਰੋਨਾਵਾਇਰਸ ਲਿਆਉਣ ਵਾਲੇ ਗਰਦਾਨ ਰਿਹਾ ਹੈ, ਜੋ ਖ਼ਤਰਨਾਕ ਰੁਝਾਨ ਹੈ। ਪੰਜਾਬ ਦੇ ਲੋਕਾਂ ਤੇ ਐੱਨਆਰਆਈਜ਼ ਵਿਚ ਦੁਫੇੜ ਵਧਾਉਣ ਵਾਲੇ ਇਸ ਗੀਤ ਦੇ ਨਤੀਜੇ ਪੁੱਠੇ ਨਿਕਲਣਗੇ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਕਿ ਉਹ ਸਿੱਧੂ ਮੂਸੇਵਾਲਾ ਨੂੰ ਤਲਬ ਕਰਨ ਕਿ ਉਸ ਨੇ ਅੰਮ੍ਰਿਤਧਾਰੀ ਸਿੱਖ ਦੀਆਂ ਤਸਵੀਰਾਂ ਨੂੰ ਕਿਵੇਂ ਕਰੋਨਾ ਫੈਲਾਉਣ ਦੇ ਪ੍ਰਤੀਕ ਵਜੋਂ ਉਭਾਰਨ ਲਈ ਵਰਤਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All