ਸੰਵਾਦ ਬੀਜਿੰਗ ਦੇ ਯਥਾਰਥ ਨਾਲ

ਸੁਤਿੰਦਰ ਸਿੰਘ ਨੂਰ

ਪਿਛਲੇ ਦਿਨੀਂ ਬੀਜਿੰਗ ਵਿਚ 17ਵਾਂ ਬੀਜਿੰਗ ਵਿਸ਼ਵ ਪੁਸਤਕ ਮੇਲਾ ਸੀ ਤੇ ਮੈਂ ਉਸ ਵਿਚ ਭਾਰਤੀ ਡੈਲੀਗੇਸ਼ਨ ਦੇ ਮੁਖੀ ਵਜੋਂ ਸ਼ਾਮਲ ਸੀ ਤੇ ਇਸ ਦੇ ਸੈਮੀਨਾਰ ਦੇ ਪਹਿਲੇ ਸੈਸ਼ਨ ਦੀ ਮੈਨੂੰ ਹੀ ਪ੍ਰਧਾਨਗੀ ਕਰਨ ਲਈ ਕਿਹਾ ਗਿਆ ਸੀ, ਜਿਸ ਵਿਚ ਚੀਨੀ ਤੇ ਭਾਰਤੀ ਲੇਖਕਾਂ ਨੇ ਇਸ ਗੱਲ 'ਤੇ ਵਿਚਾਰ ਕਰਨੀ ਸੀ ਕਿ ਪ੍ਰਾਂਤਕ ਭਾਸ਼ਾਵਾਂ ਦੇ ਸਾਹਿਤ ਨੂੰ ਕਿਵੇਂ ਵਿਕਾਸ ਦਿਸ਼ਾ ਦਿੱਤੀ ਜਾਵੇ। ਸਾਡੇ ਵਾਂਗ ਹੀ ਚੀਨ ਵੀ ਬਹੁਭਾਸ਼ਾਈ ਦੇਸ਼ ਹੈ। ਚੀਨੀ ਭਾਸ਼ਾ ਤੋਂ ਬਿਨਾਂ ਉਸ ਦੀਆਂ 13 ਹੋਰ ਭਾਸ਼ਾਵਾਂ ਹਨ ਪਰ ਹੁਣ ਲਿਪੀ ਇੱਕੋ ਹੀ ਹੈ। ਕਈ ਮੌਖਿਕ ਭਾਸ਼ਾਵਾਂ ਵੀ ਹਨ। ਅਸੀਂ ਨਵਾਂ ਬੀਜਿੰਗ ਦੇਖ ਕੇ ਹੈਰਾਨ ਰਹਿ ਗਏ। ਇਹ ਪਿਛਲੇ ਤੀਹ ਸਾਲਾਂ 'ਚ ਬਣਿਆ ਹੈ। ਇਸ ਨੂੰ ਮਾਓ ਤੋਂ ਪਿੱਛੋਂ ਦਾ ਮਹਾਂਨਗਰ ਆਖਿਆ ਜਾਂਦਾ ਹੈ। ਵੀਹ-ਵੀਹ, ਪੰਝੀ-ਪੰਝੀ ਮੰਜ਼ਲੀਆਂ ਇਮਾਰਤਾਂ ਤੇ ਫਲੈਟ ਆਮ, ਕਿਤੇ ਕਿਤੇ ਪੰਜਾਹ-ਪੰਜਾਹ, ਅੱਸੀ-ਅੱਸੀ ਮੰਜ਼ਲੀਆਂ ਉੱਤਰ ਆਧੁਨਿਕ ਨਮੂਨੇ ਦੀਆਂ ਇਮਾਰਤਾਂ, ਸਭ ਦੇ ਡਿਜ਼ਾਈਨ ਅਤਿ-ਖੂਬਸੂਰਤ ਤੇ ਇਕ ਦੂਜੇ ਤੋਂ ਵੱਖਰੇ। ਨਿਊਯਾਰਕ ਜਾਂ ਪੱਛਮ ਦੇ ਕਿਸੇ ਵੀ ਮਹਾਂਨਗਰ ਨੂੰ ਮਾਤ ਪਾਉਂਦਾ ਸ਼ਹਿਰ। ਸ਼ਹਿਰ ਵਿਚ ਫਿਰਦਿਆਂ ਦੇਖਿਆ ਕਿ ਇਨ੍ਹਾਂ ਬਹੁਮੰਜ਼ਲੀਆਂ ਇਮਾਰਤਾਂ ਦੀ ਗਿਣਤੀ ਹਜ਼ਾਰ ਤੋਂ ਵੱਧ ਹੈ। ਫੈਸ਼ਨ ਵਿਚ ਬੀਜਿੰਗ ਸਾਰੇ ਪੱਛਮ ਨੂੰ ਮਾਤ ਪਾ ਚੁੱਕਾ ਹੈ। ਜਿਸਮ ਨਿਤੰਭਾਂ ਤਕ ਅੱਧ-ਪਚੱਧੇ ਮਸਾਂ ਹੀ ਢਕੇ, ਠੁਮਕ-ਠੁਮਕ ਕਰਦੀਆਂ ਸਰਗਰਮ ਨਜ਼ਰ ਆਉਂਦੀਆਂ ਮੁਟਿਆਰਾਂ। ਡੀਲ-ਡੌਲ ਵਾਲੇ ਨੌਜਵਾਨ ਜਿਵੇਂ ਹੁਣੇ ਮਾਰਸ਼ਲ ਆਰਟ 'ਚੋਂ ਆਏ ਹੋਣ। ਸਾਰੇ ਸ਼ਹਿਰ ਵਿਚ ਅਥਾਹ ਲੰਮੀਆਂ ਅਮਰੀਕਨ ਕਾਰਾਂ ਦੀ ਭੀੜ ਹੋਣ ਦੇ ਬਾਵਜੂਦ ਚੁੱਪ ਚਾਂਹਾਰਨ ਵਜਾਉਣ ਦੀ ਮਨਾਹੀ। ਸੜਕਾਂ ਦੇ ਆਲੇ-ਦੁਆਲੇ ਸਾਈਕਲਾਂ ਲਈ ਰਾਹ ਤੇ ਪਗਡੰਡੀਆਂ। ਸਵੇਰ ਸ਼ਾਮ ਚਾਲੀ ਪ੍ਰਤੀਸ਼ਤ ਲੋਕ ਦਫਤਰਾਂ ਲਈ ਸਾਈਕਲਾਂ ਦੀ ਵਰਤੋਂ ਕਰਦੇ। ਕਾਲਜਾਂ ਯੂਨੀਵਰਸਿਟੀਆਂ ਨੂੰ ਜਾਂਦੇ ਵਿਦਿਆਰਥੀ ਵੀ ਸਾਈਕਲਾਂ 'ਤੇ ਮਾਉ ਦੇ ਸਮੇਂ ਤੋਂ ਹੀ ਸਿਹਤ ਲਈ ਬਣਿਆ ਇਹ ਵਿਸ਼ਵਾਸ। ਘਰ ਦੀ ਆਰਥਿਕਤਾ ਨੂੰ ਵੀ ਠੀਕ ਰੱਖਣ ਦੀ ਵਿਧੀ। ਪਹਿਲੀ ਸ਼ਾਮ ਹੀ ਅਸੀਂ ਫਾਈਵ ਸਟਾਰਨੁਮਾ ਹੋਟਲ 'ਨੋਵੋਟੈਲ' ਵਿਚ ਟਿਕ-ਟਿਕਾ ਕਰਨ ਬਾਅਦ ਰਾਤ ਦੇ ਭੋਜਨ ਲਈ ਇਕ ਪੰਜਾਬੀ ਹੋਟਲ ਪਹੁੰਚੇ। ਜਸਮੀਨ ਸਿੰਘ ਦਾ ਪੰਜਾਬੀ ਹੋਟਲ। ਬੀਜਿੰਗ ਵਿਚ ਇਕ ਸਿੱਖ ਦਾ ਹੋਟਲ ਦੇਖ ਕੇ ਸਾਨੂੰ ਹੈਰਾਨੀ ਵੀ ਹੋਈ। ਘਰ ਵਰਗੀ ਰੋਟੀ। ਇਕ ਹਫਤੇ ਵਿਚ ਅਸੀਂ ਦੇਖਿਆ ਕਿ ਬੀਜਿੰਗ ਵਿਚ ਹੁਣ ਕੋਈ ਦਸ ਭਾਰਤੀ ਹੋਟਲ ਹਨ ਜਿੱਥੇ ਖਾਣਾ ਖਾਣ ਬਹੁਤ ਸਾਰੇ ਚੀਨੀ ਵੀ ਆਉਂਦੇ ਹਨ ਤੇ ਪੰਜਾਬੀ ਰੋਟੀ ਹਰ ਥਾਂ ਮੌਜੂਦ ਹੈ। ਪੁਸਤਕ ਮੇਲੇ ਵਿਚ ਪ੍ਰਵੇਸ਼ ਕਰਨ ਲਈ ਪਹਿਲੇ ਦਿਨ ਹਜ਼ਾਰਾਂ ਲੋਕ ਉਡੀਕ ਰਹੇ ਸਨ। ਹਫਤਾ ਭਰ ਇਹ ਭੀੜ ਇਵੇਂ ਹੀ ਰਹੀ। ਹੋਰ ਲੇਖਕਾਂ ਨਾਲ ਕਈ ਨੌਜਵਾਨ ਲੇਖਕ ਵੀ ਮਿਲੇ। ਪੁਰਾਣੇ ਲੇਖਕ ਸਾਹਿਤ ਦੀ ਸਥਿਤੀ ਬਾਰੇ ਬਹੁਤਾ ਨਹੀਂ ਬੋਲ ਰਹੇ ਸਨ ਪਰ ਨੌਜਵਾਨ ਸਾਹਿਤ ਵਿਚ ਹੋ ਰਹੇ ਕੁਝ ਪ੍ਰਯੋਗਾਂ ਬਾਰੇ ਨਾਰੀਵਾਦ, ਨਵੀਨਤਾ ਬਾਰੇ ਕੁਝ ਗੱਲਾਂ ਕਰ ਰਹੇ ਸਨ। ਅਹਿਸਾਸ ਹੋ ਰਿਹਾ ਸੀ ਕਿ ਚੀਨ ਖੁੱਲ੍ਹ ਰਿਹਾ ਹੈ। ਹਜ਼ਾਰਾਂ ਕਿਤਾਬਾਂ ਹਰ ਸਾਲ ਬਾਹਰਲੀਆਂ ਭਾਸ਼ਾਵਾਂ 'ਚੋਂ ਅਨੁਵਾਦ ਹੁੰਦੀਆਂ ਹਨ। ਲੱਖਾਂ 'ਚ ਵਿਕਦੀਆਂ ਹਨ। ਪਿਛਲੇ ਵਰ੍ਹਿਆਂ ਦਾ ਚਰਚਿਤ ਅੰਗਰੇਜ਼ੀ ਨਾਵਲ ਪਿਛਲੇ ਦੋ ਸਾਲਾਂ ਵਿਚ ਚੀਨੀ ਭਾਸ਼ਾ ਵਿਚ 16 ਲੱਖ ਵਿਕਿਆ ਹੈ। ਮੈਂ ਸੈਮੀਨਾਰ ਵਿਚ ਚੀਨੀ ਭਾਸ਼ਾਵਾਂ ਤੇ ਪੰਜਾਬੀ ਦਾ ਟੋਨਲ ਭਾਸ਼ਾਵਾਂ ਦਾ ਹੋਣ ਦਾ ਜ਼ਿਕਰ ਕੀਤਾ ਤੇ ਉਦਾਹਰਣਾਂ ਦੇ ਕੇ ਵਿਸਥਾਰ ਕੀਤਾ। ਚੀਨੀ ਵਿਦਵਾਨਾਂ ਨੇ ਇਸ ਗੱਲ ਦੀ ਖੋਜ ਵਿਚ ਬਹੁਤ ਦਿਲਚਸਪੀ ਦਿਖਾਈ ਕਿਉਂਕਿ ਸਾਡੇ ਦੁਭਾਸ਼ੀਏ ਨਾਲੋ-ਨਾਲ ਹਰ ਗੱਲ ਅਨੁਵਾਦ ਕਰ ਰਹੇ ਸਨ। ਉਂਜ ਹੁਣ ਚੀਨ ਦੀ ਨਵੀਂ ਪੀੜ੍ਹੀ ਅੰਗਰੇਜ਼ੀ ਬੜੀ ਤੇਜ਼ੀ ਨਾਲ ਪੜ੍ਹ ਰਹੀ ਹੈ। ਬੀਜਿੰਗ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਮੁਖੀ ਪੋ੍ਰ. ਦੇਵਿੰਦਰ ਸ਼ੁਕਲ ਸਾਰੇ ਪੋ੍ਰਗਰਾਮਾਂ ਵਿਚ ਮੌਜੂਦ ਰਹੇ ਤੇ ਉਨ੍ਹਾਂ ਦੇ ਵਿਦਿਆਰਥੀ ਵੀ। ਪੋ੍ਰ. ਸ਼ੁਕਲ ਨੇ ਦੱਸਿਆ ਕਿ ਉਨ੍ਹਾਂ ਕੁਝ ਪੰਜਾਬੀ ਕਵਿਤਾਵਾਂ ਵੀ ਚੀਨੀ ਵਿਚ ਅਨੁਵਾਦ ਕੀਤੀਆਂ ਹਨ। ਪਾਸ਼ ਦੀਆਂ ਵੀਹ ਕਵਿਤਾਵਾਂ, ਸੁਰਜੀਤ ਪਾਤਰ ਦੀਆਂ ਵੀ ਤੇ ਮੈਨੂੰ ਦੱਸਿਆ ਕਿ ਤੁਹਾਡੀਆਂ ਵੀ ਕਰ ਚੁੱਕਾ ਹਾਂ। ਹਿੰਦੀ 'ਚ ਹੋਰ ਭੇਜਿਆ ਕਰੋ। ਮੈਂ ਪੋ੍ਰ. ਸ਼ੁਕਲ ਨੂੰ ਨਵੇਂ ਚੀਨੀ ਸਾਹਿਤ ਬਾਰੇ ਇਕ ਅੰਕ ਤਿਆਰ ਕਰਨ ਲਈ ਆਖਿਆ? ਜੋ ਉਨ੍ਹਾਂ ਨੇ ਸਵੀਕਾਰ ਕਰ ਲਿਆ। ਮੈਂ ਨੌਜਵਾਨ ਲੇਖਕਾਂ, ਅਨੁਵਾਦਕਾਂ ਜੂਲੀਆ ਯੁਆਨ, ਯੂਲਿਨਾ, ਜੂ ਸ਼ਿਓ ਔ, ਜਿਆਨ ਸਾਨ ਨਾਲ ਉਥੋਂ ਦੇ ਨਵੇਂ ਸਾਹਿਤ ਬਾਰੇ ਢੇਰ ਸਾਰੀਆਂ ਗੱਲਾਂ ਕਰਦਾ। ਉਹ ਹਿੰਦੀ ਤੇ ਅੰਗਰੇਜ਼ੀ ਬੜੀ ਆਸਾਨੀ ਨਾਲ ਬੋਲਦੇ। ਜੂਲੀ ਯੁਆਨ ਮੈਨੂੰ ਹਿੰਦੀ ਵਿਚ ਆਖਦੀ, ''ਤੁਸੀਂ ਜਦੋਂ ਅਗਲੀ ਵਾਰ ਆਉਗੇ ਤਾਂ ਮੈਂ ਤੁਹਾਡੇ ਨਾਲ ਪੰਜਾਬੀ ਵਿਚ ਗੱਲਾਂ ਕਰਾਂਗੀ।'' ਮੈਂ ਉਨ੍ਹਾਂ ਤੋਂ ਕਈ ਗੱਲਾਂ ਬੀਜਿੰਗ ਬਾਰੇ ਵੀ ਪੁੱਛਦਾ। ਬੀਜਿੰਗ ਬਿਰਖਾਂ ਨਾਲ ਭਰਪੂਰ ਹੈ। ਸੁੰਦਰ ਬਿਰਖ, ਪਰ ਕਿਸੇ ਬਿਰਖ ਨੂੰ ਕੋਈ ਫਲ ਨਹੀਂ ਲੱਗਦਾ, ਫੁਲ ਨਹੀਂ ਲੱਗਦਾ। ਬੀਜਿੰਗ ਵਿਚ ਕੋਈ ਪੰਛੀ ਨਹੀਂ, ਜਾਨਵਰ ਨਹੀਂ। ਚਿੜੀ ਦੀ ਚੀਂ-ਚੀਂ ਤੋਂ ਵੀ ਬੀਜਿੰਗ ਦੇ ਲੋਕ ਵਾਕਫ ਨਹੀਂ। ਇਕ ਦਿਨ ਮੈਂ ਇਕ ਨੌਜਵਾਨ ਤੋਂ ਇਸ ਬਾਰੇ ਪੁੱਛਿਆ। ਉਸ ਨੇ ਆਖਿਆ, ''ਇਨ੍ਹਾਂ ਸਭਨਾਂ ਕਰਕੇ ਪ੍ਰਦੂਸ਼ਣ ਫੈਲਦਾ ਹੈ। ਸਫਾਈ ਨਹੀਂ ਰਹਿੰਦੀ।'' ਅਸੀਂ ਜਿਸ ਦਿਨ ਚੀਨ ਦੀ ਮਹਾਨ ਦੀਵਾਰ ਦੇਖਣ ਗਏ, ਜੋ ਬੀਜਿੰਗ ਤੋਂ 70 ਕਿਲੋਮੀਟਰ ਦੂਰ ਸੀ ਤਾਂ ਰਾਹ ਵਿਚ ਇਕ ਕਾਰਖਾਨੇ ਦੇ ਬਾਹਰ ਊਠ ਬੰਨਿ੍ਹਆਂ ਦੇਖਿਆ ਜੋ ਸ਼ਿੰਗਾਰਿਆ ਹੋਇਆ ਸੀ। ਪਤਾ ਲੱਗਾ ਕਿ ਇਹ ਕਾਰਖਾਨੇ ਵਾਲਿਆਂ ਨੇ ਸਰਕਾਰ ਤੋਂ ਆਗਿਆ ਲੈ ਕੇ ਮਸ਼ਹੂਰੀ ਲਈ ਬੰਨਿ੍ਹਆ ਹੋਇਆ ਸੀ ਕਿਉਂਕਿ ਸੈਆਂ ਸੈਲਾਨੀ ਉਸ ਦੀਆਂ ਤਸਵੀਰਾਂ ਖਿੱਚ ਰਹੇ ਸਨ। ਮੈਂ ਚੀਨ ਦੀ ਮਹਾਨ ਦੀਵਾਰ ਕੋਲ ਦੋ ਕਬੂਤਰ ਦੇਖੇ ਤੇ ਉਨ੍ਹਾਂ ਨੂੰ ਕਿਸੇ ਨੇ ਚੋਗਾ ਵੀ ਪਾਇਆ ਹੋਇਆ ਸੀ। ਇਸ ਗੱਲ 'ਤੇ ਹੋਰ ਵੀ ਹੈਰਾਨੀ ਹੋਈ ਕਿ ਬੀਜਿੰਗ ਦੇ ਨੇੜੇ ਹੁਣ ਕੋਈ ਪੰਛੀ ਫਟਕਦਾ ਵੀ ਨਹੀਂ। ਅਗਲੇ ਦਿਨ ਕਵਿਤਾ ਬਾਰੇ ਹੋਏ ਸੈਸ਼ਨ ਵਿੱਚ ਇਧਰ ਤੇ ਉਧਰ ਦੀ ਕਵਿਤਾ ਬਾਰੇ ਚਰਚਾ ਹੋਇਆ। ਭਾਰਤੀ ਭਾਸ਼ਾਵਾਂ ਦੇ ਕਵੀਆਂ ਨੇ ਆਪਣੀ ਆਪਣੀ ਭਾਸ਼ਾ ਵਿਚ ਕਵਿਤਾਵਾਂ ਸੁਣਾਈਆਂ ਜੋ ਚੀਨੀ ਵਿਚ ਅਨੁਵਾਦ ਕੀਤੀਆਂ ਵੀ ਨਾਲ-ਨਾਲ ਪੜ੍ਹੀਆਂ ਗਈਆਂ। ਮੈਨੂੰ ਚੀਨੀ ਦੀ 1980 ਤੋਂ ਪਿੱਛੋਂ ਦੀ ਕਵਿਤਾ ਬਾਰੇ ਵੀ ਬੋਲਣ ਦਾ ਮੌਕਾ ਮਿਲਿਆ ਕਿਉਂਕਿ ਚੀਨੀ ਲੇਖਕ ਨਵੇਂ ਸਾਹਿਤ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਰ ਰਹੇ ਸਨ। ਸੈਂਸਰ ਵਰਗਾ ਅਜੇ ਵੀ ਭੈਅ ਸੀ। ਮੈਂ ਉਨ੍ਹਾਂ ਦੇ ਲੇਖਕਾਂ ਮੋ ਯਾਨ, ਸੂ ਤੋਂਗ, ਜਿਨਯੌਂਗ, ਡੀ Çਲੰਗ,  ਯਾਂਗ ਮੂ, ਜਾਉ ਜ਼ਿੰਗਜ਼ਿਆਨ (ਨੋਬੇਲ ਇਨਾਮ) ਦੀ ਖਾਸ ਚਰਚਾ ਕੀਤੀ ਜਿਨ੍ਹਾਂ ਦੇ ਕੁਝ ਅਨੁਵਾਦ ਪ੍ਰਾਪਤ ਹਨ। ਲੇਖਕਾਵਾਂ 'ਚੋਂ ਡਿੰਗ Çਲੰਗ ਤੇ ਸਮਕਾਲੀ ਸ਼ਾਇਰਾ ਲੀ ਕੀ ਨੂੰ ਸਲਾਹਿਆ ਤੇ ਆਖਿਆ ਲੀ ਕੀ ਦੀ ਇਕ ਕਵਿਤਾ ਮੈਂ ਆਪਣੀ ਭਾਸ਼ਾ 'ਚ ਪੜ੍ਹਨਾ ਚਾਹੁੰਦਾ ਹਾਂ। ਚੀਨੀ ਲੇਖਕਾਵਾਂ ਦੇ ਚਿਹਰੇ ਖਿੜ ਉਠੇ। ਮੈਂ ਉਸ ਦੀ ਕਵਿਤਾ 'ਕਾਲੀਆਂ ਨਾਚੀਆਂ ਦੇਖਦਿਆਂ' ਪੰਜਾਬੀ ਵਿਚ ਪੜ੍ਹੀ:- ਉਨ੍ਹਾਂ ਦਾ ਲੱਕ ਸੰਸਾਰ ਵਿਚ ਸਭ ਤੋਂ ਸੋਹਣਾ ਹੈ ਸਿਲਕ ਤੇ ਸਾਟਿਨ ਵਾਂਗ ਰੇਸ਼ਮੀ ਤੇ ਮੁਲਾਇਮ ਹਵਾ ਵਿਚ ਫੜਫੜਾਉਂਦਾ। ਉਹ ਸਾਨੂੰ ਯਾਦ ਕਰਾਉਂਦੀਆਂ ਨੇ ਪੌਣਾਂ ਦੀਆਂ ਬਾਰਾਂ ਵਿਚ ਪੰਛੀ ਤੇ ਹਿਰਨੀਆਂ ਉਨ੍ਹਾਂ ਦੀਆਂ ਅੱਖਾਂ ਦੇ ਸੁਮੇਲ ਤੇ ਚਿਹਰਿਆਂ ਤੋਂ ਡੁੱਲ੍ਹਦੀ ਮੁਸਕਾਨ ਨਾਲ ਸਾਡੇ ਬਚਪਨ ਦਾ ਭੋਲਾਪਣ ਜਾਗਦਾ। ਸੰਸਾਰ ਦੀਆਂ ਉਹ ਕਾਲੀਆਂ ਨਾਚੀਆਂ ਸੁਡੌਲ ਅੰਗਾਂ ਤੇ ਮੋਤੀਆਂ ਵਰਗੇ ਚਮਕਦੇ ਦੰਦਾਂ ਨਾਲ ਸੰਗੀਤ ਦੀਆਂ ਲਹਿਰਾਂ 'ਤੇ ਲਹਿਰ ਦੀਆਂ ਉਹ ਮੁਟਿਆਰਾਂ ਦਾ ਝੁੰਡ ਜਿਸਮ ਉਨ੍ਹਾਂ ਦੇ ਵਲ ਖਾਂਦੇ ਪਹਾੜਾਂ 'ਤੇ ਸਰਸਰਾਉਂਦੇ ਬੁੰਬਲਾਂ ਵਾਂਗ। ਉਸ ਕਾਲੇ ਝੁੰਡ ਦੇ ਗੀਤ ਤੇ ਨਾਚ ਸਾਨੂੰ ਕਹਾਣੀ ਕਹਿੰਦੇ ਹਨ ਉਦਾਸ ਅਨੁਭਵਾਂ ਦੀ ਸਾਨੂੰ ਯਾਦ ਕਰਾਉਂਦੇ ਨੇ ਇਨ੍ਹਾਂ ਦੀਆਂ ਜੜ੍ਹਾਂ ਜੋ ਜੰਗਲਾਂ ਦੀ ਡੂੰਘਾਈ 'ਚ ਦੱਬੀਆਂ ਨੇ ਇਨ੍ਹਾਂ ਦੇ ਬਾਬਿਆਂ ਦੀਆਂ ਜੜ੍ਹਾਂ ਜੋ ਸਖ਼ਤ ਮਿਹਨਤ ਮੁਸ਼ੱਕਤ ਕਰਦੇ ਸਨ। ਦੇਖੋ ਉਹ ਕਿੰਨੀ ਸ਼ਾਨ ਨਾਲ ਨੱਚਦੀਆਂ ਨੇ ਬੇਰੋਕ ਬਲਦੀਆਂ ਮਸ਼ਾਲਾਂ ਵਾਂਗ ਕਿੰਨੀਆਂ ਪੀੜ੍ਹੀਆਂ ਕਿੰਨੇ ਯੱੁਗਾਂ ਤੋਂ ਉਨ੍ਹਾਂ ਨੇ ਆਪਣੀ ਧਰਤੀ ਨੂੰ ਸਾਂਭਿਆ ਹੈ। ਮੈਂ ਇਉਂ ਹੀ ਹੋਰ ਚੀਨੀ ਕਵਿਤਾ ਸੁਣਾਉਣਾ ਚਾਹੁੰਦਾ ਸਾਂ, ਪਰ ਸਮਾਂ ਨਹੀਂ ਸੀ। ਇਕ ਪੱਤਰਕਾਰਾ ਨੇ ਮੈਨੂੰ ਇੰਟਰਵਿਊ ਕਰਨਾ ਸੀ, ਉਹ ਪਹੁੰਚ ਗਈ ਸੀ। ਉਸ ਨੇ ਤਿੱਖੇ ਸੁਆਲ ਕੀਤੇ। ਮੈਂ ਉਸ ਨੂੰ ਮਾਉ ਦੇ ਪ੍ਰਭਾਵਾਂ ਬਾਰੇ ਪੁੱਛਦਾ, ਉਹ ਝੱਟ ਹੀ ਕਨਫੂਸ਼ੀਅਸ ਬਾਰੇ ਬੋਲਣਾ ਸ਼ੁਰੂ ਕਰ ਦਿੰਦੀ। ਆਖਦੀ ਅਸੀਂ ਇਕ ਵਾਰ ਫਿਰ ਕਨਫੂਸ਼ੀਅਸ ਵਿਚ ਦਿਲਚਸਪੀ ਲੈ ਰਹੇ ਹਾਂ। ਤੁਹਾਡੇ ਇਸ ਬਾਰੇ ਕੀ ਵਿਚਾਰ ਨੇ? ਮੈਂ ਉਸ ਨੂੰ ਪੁੱਛਿਆ, ''ਤਿਆਨਮਨ ਚੌਕ ਵਿਚ ਉਦੋਂ ਕਿੰਨੇ ਨੌਜਵਾਨ ਮਾਰੇ ਗਏ ਸਨ?'' ਉਸ ਨੇ ਉੱਤਰ ਦਿੱਤਾ, ''ਮਰੇ ਤਾਂ ਬਹੁਤ ਸਨ, ਪਰ ਸਾਨੂੰ ਇਹ ਦੱਸਣ ਦੀ ਆਗਿਆ ਨਹੀਂ।'' ਇਹ ਕਹਿੰਦਿਆਂ ਉਸ ਨੇ ਆਪਣੇ ਮੂੰਹ 'ਤੇ ਹੱਥ ਰੱਖ ਲਿਆ। ਅਸੀਂ ਸ਼ਾਮ ਨੂੰ ਤਿਆਨਮਨ ਚੌਕ ਦੇਖਣ ਗਏ। ਉਥੇ ਪੈਰ ਰੱਖਣ ਨੂੰ ਥਾਂ ਨਹੀਂ ਸੀ। ਹਜ਼ਾਰਾਂ ਲੋਕ ਮੌਜੂਦ ਸਨ। ਮਾਉ ਨੇ ਵੀ ਇਨਕਲਾਬ ਉਪਰੰਤ ਆਪਣਾ ਪਹਿਲਾ ਭਾਸ਼ਣ ਇਥੇ ਹੀ ਦਿੱਤਾ ਸੀ। ਪੁਰਾਣੀ ਬੀਜਿੰਗ ਨਵੀਂ ਬੀਜਿੰਗ ਦੇ ਨਾਲ ਹੀ ਖਹਿੰਦੀ ਹੈ। ਉਸ ਦੇ ਆਲੇ-ਦੁਆਲੇ ਇਕ ਸੁੰਦਰ ਉੱਚੀ ਦੀਵਾਰ ਬਣਾ ਦਿੱਤੀ ਗਈ ਹੈ। ਪੁਰਾਣੀ ਬੀਜਿੰਗ ਨੂੰ ਅੰਦਰੋਂ ਦੇਖਣ ਲਈ ਟਿਕਟ ਲੱਗਦੀ ਹੈ। ਇਕ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ। ਪੁਰਾਣੇ ਚੁੱਲ੍ਹੇ ਚੌਂਕੇ ਤੇ ਸਥਾਨਕ ਸਭਿਆਚਾਰ, ਮਸੀਤ ਆਦਿ ਉਥੇ ਦੇਖੇ ਜਾ ਸਕਦੇ ਹਨ। ਮਹਾਂਨਗਰ ਦੇ ਪੁਰਾਣੇ ਮਹਿਲਾਂ (ਫਾਰਬਿਡਨ ਸਿਟੀ)  ਤੇ ਮੰਦਰਾਂ ਨੂੰ ਦੇਖਣ ਵਿਚ ਲੋਕ ਦਿਲਚਸਪੀ ਲੈਂਦੇ ਹਨ। ਇਕ ਮਹਿਲ ਜੋ ਬਾਅਦ ਵਿਚ ਬੋਧੀ ਮੰਦਰ ਬਣ ਗਿਆ, ਦੇ ਬਾਹਰ ਲਿਖਿਆ ਹੋਇਆ ਹੈ, 'ਸਭਿਆਚਾਰਕ ਇਨਕਲਾਬ ਵੇਲੇ ਮਾਉ ਨੇ ਇਸ ਨੂੰ ਢਾਹੁਣ ਦਾ ਦਸ ਵਾਰ ਯਤਨ ਕੀਤਾ, ਪਰ ਚੂ ਇਨ ਲਾਈ ਨੇ ਹਰ ਵਾਰ ਰੋਕ ਦਿੱਤਾ।' ਅਸੀਂ ਇਕ ਖਰੀਦੋ-ਫਰੋਖ਼ਤ ਬਾਅਦ ਵੱਡੀ ਮਾਲ 'ਚੋਂ ਬਾਹਰ ਆਉਂਦੇ ਹਾਂ। ਬਹੁਤ ਸਾਰੀਆਂ ਗਰੀਬ ਬੁੱਢੀਆਂ ਔਰਤਾਂ ਸਾਥੋਂ ਉਸ ਬਿੱਲ ਦੀ ਕਾਪੀ ਮੰਗਦੀਆਂ ਹਨ, ਜੋ ਅਸੀਂ ਅੰਦਰ ਖਰਚ ਕਰਕੇ ਆਏ ਹਾਂ। ਸਾਨੂੰ ਹੈਰਾਨੀ ਹੁੰਦੀ ਹੈ। ਕਿਸੇ ਤੋਂ ਪੁੱਛ ਕੇ ਪਤਾ ਲੱਗਦਾ ਹੈ ਕਿ ਇਹ ਬਿੱਲ ਦੁਕਾਨਦਾਰ ਇਨ੍ਹਾਂ ਤੋਂ ਕੁਝ ਪੈਸੇ ਦੇ ਕੇ ਖਰੀਦ ਲੈਂਦੇ ਹਨ, ਉਨ੍ਹਾਂ ਨੂੰ ਇਹ ਦਿਖਾ ਕੇ ਇਨਕਮ ਟੈਕਸ ਵਿਚ ਕੁਝ ਰਿਆਇਤ ਮਿਲ ਜਾਂਦੀ ਹੈ। ਸਵੇਰ ਦਾ ਨਾਸ਼ਤਾ ਕਰਕੇ ਇਥੋਂ ਦਾ ਅੰਗਰੇਜ਼ੀ ਦਾ ਅਖ਼ਬਾਰ ਪੜ੍ਹਿਆ। ਇਕ ਖ਼ਬਰ ਹੋਰ ਹੈਰਾਨ ਕਰ ਦਿੰਦੀ ਹੈ। ਮੁੱਖ ਸੁਰਖੀ ਹੈ: ਵੱਡੇ ਸ਼ਹਿਰਾਂ ਵਿਚ ਬੱਚੇ ਚੁੱਕੇ ਜਾ ਰਹੇ ਹਨ, ਜੋ ਕਿਸਾਨਾਂ ਕੋਲ ਪਿੰਡਾਂ 'ਚ ਕੰਮ ਕਰਨ ਲਈ ਵੇਚ ਦਿੱਤੇ ਜਾਂਦੇ ਹਨ। ਇਸ ਸਾਲ ਇਸ ਅਪਰਾਧ 'ਚ 45 ਫੀਸਦੀ ਵਾਧਾ ਹੋਇਆ ਹੈ। ਸਕੂਲਾਂ ਦੁਆਲੇ ਸਕਿਉਰਿਟੀ ਆਇਦ ਕਰ ਦਿੱਤੀ ਗਈ ਹੈ। ਅਗਲੇ ਦਿਨ ਇਸ ਦੀਆਂ ਫਿਰ ਖ਼ਬਰਾਂ ਹਨ। ਉਸੇ ਦਿਨ ਅਸੀਂ ਸ਼ਾਮ ਨੂੰ ਚੀਨ ਵਿਚ ਭਾਰਤੀ ਅੰਬੈਸੀ ਵੱਲੋਂ ਦਿੱਤੇ ਰਾਤਰੀ ਭੋਜ ਤੋਂ ਚੀਨ ਦੀ ਇਕ ਸਟੇਟ ਮਨਿਸਟਰ ਨਾਲ ਬਾਹਰ ਆਉਂਦੇ ਹਾਂ। ਮਨਿਸਟਰ ਮੈਨੂੰ ਪੁੱਛਦੀ ਹੈ, ''ਤੁਸੀਂ ਲਾਲ ਪੱਗ ਕਿਉਂ ਬੰਨ੍ਹੀ ਹੈ? ਕੀ ਸਾਰੇ ਸਿੱਖ ਲਾਲ ਪੱਗ ਬੰਨ੍ਹਦੇ ਨੇ?'' ਮੈਂ ਮਖੌਲ ਨਾਲ ਆਖਦਾ ਹਾਂ, ''ਲਾਲ ਦੇਸ਼ ਵਿਚ ਹਾਂ ਨਾ, ਇਸ ਲਈ  ਲਾਲ ਪੱਗ ਬੰਨ੍ਹੀ ਏ।'' ਉਹ ਖਿੜਖਿੜਾਈ ਤੇ ਹੈਰਾਨ ਮੁਦਰਾ ਵਿਚ ਹੋਟਲ ਦੇ ਵਿਹੜੇ ਵਿਚ ਸਾਰਿਆਂ ਨੂੰ ਵਿਦਾ ਆਖਦੀ ਹੈ। ਇਕ ਚੀਨੀ ਕੁੜੀ ਹੌਲੀ ਜਿਹੇ ਅੰਗਰੇਜ਼ੀ ਵਿਚ ਮੇਰੇ ਕੋਲ ਆ ਕੇ ਆਖਦੀ ਹੈ, ''ਸਵੇਰ ਤੋਂ ਭੁੱਖੀ ਹਾਂ, ਮੇਰੇ ਖਾਣੇ ਦਾ ਬਿੱਲ ਦੇ ਦਿਉ।'' ਮੇਰੀ ਹੈਰਾਨੀ ਹੋਰ ਵੱਧ ਜਾਂਦੀ ਹੈ। ਇਉਂ ਸਾਡਾ ਬੀਜਿੰਗ ਦੇ ਯਥਾਰਥ ਨਾਲ ਸੰਵਾਦ ਹੁੰਦਾ ਰਿਹਾ। ਲੋਕਾਂ ਨਾਲ ਗੱਲਾਂ, ਸ਼ੰਘਾਈ ਤੇ ਪਿੰਡਾਂ ਦੀਆਂ ਵੀ ਕਰਦੇ ਰਹੇ ਪਰ ਸੰਵਾਦ ਕੇਵਲ ਬੀਜਿੰਗ ਨਾਲ ਹੀ ਹੋਇਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All