ਪਹਿਲਾ ਟੈਸਟ: ਐਲਗਰ ਤੇ ਡੀਕੌਕ ਦੇ ਸੈਂਕੜੇ; ਦੱਖਣੀ ਅਫਰੀਕਾ ਦੀ ਵਾਪਸੀ

ਭਾਰਤ ਖ਼ਿਲਾਫ਼ ਮੈਚ ਦੌਰਾਨ ਦੌੜ ਲੈਂਦੇ ਹੋਏ ਦੱਖਣੀ ਅਫਰੀਕਾ ਦੇ ਬੱਲੇਬਾਜ਼ ਡੀਨ ਐਲਗਰ ਅਤੇ ਕੁਇੰਟਨ ਡੀਕੌਕ। -ਫੋਟੋ: ਪੀਟੀਆਈ

ਵਿਸ਼ਾਖਾਪਟਨਮ, 4 ਅਕਤੂਬਰ ਡੀਨ ਐਲਗਰ ਅਤੇ ਕੁਇੰਟਨ ਡੀਕੌਕ ਨੇ ਭਾਰਤੀ ਗੇਂਦਬਾਜ਼ਾਂ ਦਾ ਡੱਟ ਕੇ ਸਾਹਮਣਾ ਕਰਦਿਆਂ ਦੱਖਣੀ ਅਫਰੀਕਾ ਨੂੰ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਤੀਜੇ ਦਿਨ ਅੱਜ ਇੱਥੇ ਚੰਗੀ ਵਾਪਸੀ ਦਿਵਾਈ। ਐਲਗਰ ਨੇ 160 ਦੌੜਾਂ ਦੀ ਲਾਜਵਾਬ ਪਾਰੀ ਖੇਡੀ ਅਤੇ ਉਹ 2010 ਮਗਰੋਂ ਭਾਰਤੀ ਧਰਤੀ ’ਤੇ ਸੈਂਕੜਾ ਮਾਰਨ ਵਾਲਾ ਪਹਿਲਾ ਦੱਖਣੀ ਅਫਰੀਕੀ ਬੱਲੇਬਾਜ਼ ਬਣਿਆ, ਜਦਕਿ ਡੀਕੌਕ (111 ਦੌੜਾਂ) ਨੇ ਆਪਣੇ ਸਦਾਬਹਾਰ ਅੰਦਾਜ਼ ਵਿੱਚ ਬੱਲੇਬਾਜ਼ੀ ਕਰਕੇ ਸੈਂਕੜਾ ਜੜਿਆ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਦੱਖਣੀ ਅਫਰੀਕਾ ਨੇ ਤੀਜੇ ਦਿਨ ਦਾ ਸਟੰਪ ਉੱਠਣ ਤੱਕ ਅੱਠ ਵਿਕਟਾਂ ਗੁਆ ਕੇ 385 ਦੌੜਾਂ ਬਣਾ ਲਈਆਂ। ਦੱਖਣੀ ਅਫਰੀਕਾ ਹਾਲੇ ਭਾਰਤ ਤੋਂ 117 ਦੌੜਾਂ ਪਿੱਛੇ ਹੈ, ਜਿਸ ਨੇ ਆਪਣੀ ਪਹਿਲੀ ਪਾਰੀ ਸੱਤ ਵਿਕਟਾਂ ’ਤੇ 502 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ। ਭਾਰਤੀ ਪਾਰੀ ਦੇ ਖਿੱਚ ਦਾ ਕੇਂਦਰ ਮਯੰਕ ਅਗਰਵਾਲ (215 ਦੌੜਾਂ) ਅਤੇ ਰੋਹਿਤ ਸ਼ਰਮਾ (176 ਦੌੜਾਂ) ਦੀ ਸਲਾਮੀ ਜੋੜੀ ਦੇ ਵੱਡੇ ਸੈਂਕੜੇ ਰਹੇ। ਭਾਰਤ ਨੂੰ ਪਹਿਲੇ ਦੋ ਸੈਸ਼ਨ ਵਿੱਚ ਸਿਰਫ਼ ਦੋ ਸਫਲਤਾਵਾਂ ਮਿਲੀਆਂ, ਪਰ ਤੀਜੇ ਸੈਸ਼ਨ ਵਿੱਚ ਉਹ ਐਲਗਰ ਅਤੇ ਡੀਕੌਕ ਆਊਟ ਕਰਨ ਵਿੱਚ ਸਫਲ ਰਿਹਾ। ਰਵੀਚੰਦਰਨ ਅਸ਼ਵਿਨ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ ਹੁਣ ਤੱਕ 128 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਦੱਖਣੀ ਅਫ਼ਰੀਕਾ ਨੇ ਦਿਨ ਦੀ ਸ਼ੁਰੂਆਤ ਤਿੰਨ ਵਿਕਟਾਂ ’ਤੇ 39 ਦੌੜਾਂ ਨਾਲ ਕੀਤੀ। ਉਸ ਸਮੇਂ ਮੈਚ ਇਕਪਾਸੜ ਲੱਗ ਰਿਹਾ ਸੀ, ਪਰ ਇਸ ਮਗਰੋਂ ਐਲਗਰ ਨੇ ਟੀਮ ਨੂੰ ਪੂਰੀ ਤਰ੍ਹਾਂ ਸੰਭਾਲਿਆ। ਐਲਗਰ ਅਤੇ ਕਪਤਾਨ ਫਾਫ ਡੂਪਲੇਸਿਸ (55 ਦੌੜਾਂ) ਨੇ ਪੰਜਵੀਂ ਵਿਕਟ ਲਈ 115 ਦੌੜਾਂ ਦੀ ਭਾਈਵਾਲੀ ਕੀਤੀ। ਇਸ ਮਗਰੋਂ ਡੀਕੌਕ ਨੇ ਉਸ ਦਾ ਪੂਰਾ ਸਾਥ ਦਿੱਤਾ। ਇਨ੍ਹਾਂ ਦੋਵਾਂ ਨੇ ਛੇਵੀਂ ਵਿਕਟ ਲਈ 164 ਦੌੜਾਂ ਜੋੜੀਆਂ। ਅਸ਼ਵਿਨ ਨੇ ਦੂਜੇ ਸੈਸ਼ਨ ਵਿੱਚ ਡੂਪਲੇਸਿਸ ਨੂੰ ਆਊਟ ਕਰਨ ਮਗਰੋ ਡੀਕੌਕ ਦੀ ਵਿਕਟ ਦੀਆਂ ਗੁੱਲੀਆਂ ਉਡਾਈਆਂ। ਇਸ ਤੋਂ ਪਹਿਲਾਂ ਰਵਿੰਦਰ ਜਡੇਜਾ (116 ਦੌੜਾਂ ਦੇ ਕੇ ਦੋ ਵਿਕਟਾਂ) ਨੇ ਐਲਗਰ ਦੀ ਵਿਕਟ ਲੈ ਕੇ ਟੈਸਟ ਮੈਚਾਂ ਵਿੱਚ ਆਪਣੀ 200ਵੀਂ ਵਿਕਟ ਲਈ। ਉਹ ਇਹ ਉਪਲੱਬਧੀ ਹਾਸਲ ਕਰਨ ਵਾਲਾ ਦਸਵਾਂ ਭਾਰਤੀ ਗੇਂਦਬਾਜ਼ ਹੈ। ਪਿੱਚ ਬੱਲੇਬਾਜ਼ਾਂ ਲਈ ਲਾਹੇਵੰਦ ਸੀ ਅਤੇ ਦੱਖਣੀ ਅਫਰੀਕਾ ਨੇ ਸ਼ਾਨਦਾਰ ਵਾਪਸੀ ਕੀਤੀ, ਕਿਉਂਕਿ ਦੂਜੇ ਦਿਨ ਉਸ ਨੇ ਆਪਣੇ ਸੀਨੀਅਰ ਕ੍ਰਮ ਦੇ ਤਿੰਨ ਬੱਲੇਬਾਜ਼ ਛੇਤੀ ਹੀ ਗੁਆ ਲਏ ਸਨ। ਸਟੰਪ ਤੱਕ ਮਹਿਮਾਨ ਟੀਮ ਦੇ ਸੇਨੂਰਨ ਮੁਤੂਸਾਮੀ 12 ਦੌੜਾਂ ਅਤੇ ਕੇਸ਼ਵ ਮਹਾਰਾਜ ਤਿੰਨ ਦੌੜਾਂ ਬਣਾ ਕੇ ਖੇਡ ਰਹੇ ਹਨ। -ਪੀਟੀਆਈ

ਜਡੇਜਾ ਤੇਜ਼ੀ ਨਾਲ 200 ਵਿਕਟਾਂ ਲੈਣ ਵਾਲਾ ਦੂਜਾ ਭਾਰਤੀ ਵਿਸ਼ਾਖਾਪਟਨਮ: ਖੱਬੇ ਹੱਥ ਦਾ ਸਪਿੰਨਰ ਰਵਿੰਦਰ ਜਡੇਜਾ ਟੈਸਟ ਕ੍ਰਿਕਟ ਵਿੱਚ 200 ਵਿਕਟਾਂ ਸਭ ਤੋਂ ਤੇਜ਼ੀ ਨਾਲ ਲੈਣ ਵਾਲਾ ਦੂਜਾ ਭਾਰਤੀ ਗੇਂਦਬਾਜ਼ ਬਣ ਗਿਆ ਹੈ। ਉਸ ਨੇ ਇਹ ਅੰਕੜਾ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲੇ ਟੈਸਟ ਵਿੱਚ ਪੂਰਾ ਕੀਤਾ। ਜਡੇਜਾ ਨੇ ਡੀਨ ਐਲਗਰ (160 ਦੌੜਾਂ) ਨੂੰ ਪਹਿਲੀ ਪਾਰੀ ਦੌਰਾਨ ਆਊਟ ਕਰਕੇ 200ਵੀਂ ਵਿਕਟ ਲਈ। ਭਾਰਤ ਨੇ ਪਹਿਲੀ ਪਾਰੀ ਸੱਤ ਵਿਕਟਾਂ ’ਤੇ 502 ਦੌੜਾਂ ’ਤੇ ਐਲਾਨ ਦਿੱਤੀ ਸੀ। ਜਡੇਜਾ ਨੇ 44 ਟੈਸਟਾਂ ਵਿੱਚ ਇਹ ਕਮਾਲ ਕੀਤਾ, ਜਦਕਿ ਆਰ ਅਸ਼ਵਿਨ 37 ਮੈਚਾਂ ਵਿੱਚ 200 ਵਿਕਟਾਂ ਵਾਲੇ ਕਲੱਬ ਵਿੱਚ ਸ਼ਾਮਲ ਹੋ ਗਿਆ ਸੀ। ਭਾਰਤ ਦੇ ਸਾਬਕਾ ਸਪਿੰਨਰ ਹਰਭਜਨ ਸਿੰਘ ਨੇ 46 ਅਤੇ ਅਨਿਲ ਕੁੰਬਲੇ ਨੇ 47 ਮੈਚਾਂ ਵਿੱਚ 200 ਵਿਕਟਾਂ ਲਈਆਂ ਸਨ। ਜਡੇਜਾ ਟੈਸਟ ਮੈਚਾਂ ਵਿੱਚ 200 ਵਿਕਟਾਂ ਲੈਣ ਵਾਲਾ ਦਸਵਾਂ ਭਾਰਤੀ ਗੇਂਦਬਾਜ਼ ਹੈ।

-ਪੀਟੀਆਈ

ਅਗਰਵਾਲ ਬਾਰੇ ਸਮੀਖਿਆ ਦੀ ਕਾਹਲ ਨਹੀਂ: ਗਾਂਗੁਲੀ

ਕੋਲਕਾਤਾ: ਮਯੰਕ ਅਗਰਵਾਲ ਨੇ ਆਪਣੇ ਛੋਟੇ ਟੈਸਟ ਕਰੀਅਰ ਵਿੱਚ ਹੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ, ਪਰ ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਕਹਿਣਾ ਹੈ ਕਿ ਉਹ ਬਤੌਰ ਸਲਾਮੀ ਬੱਲੇਬਾਜ਼ ਉਸ ਨੂੰ ਪਹਿਲੀ ਪਸੰਦ ਦੱਸਣ ਲਈ ਕੁੱਝ ਸਮਾਂ ਉਡੀਕ ਕਰੇਗਾ। ਬੀਤੇ ਸਾਲ ਦਸੰਬਰ ਵਿੱਚ ਆਸਟਰੇਲੀਆ ਖ਼ਿਲਾਫ਼ ਭਾਰਤ ਲਈ ਪਹਿਲਾ ਮੈਚ ਖੇਡਣ ਵਾਲੇ ਅਗਰਵਾਲ ਨੇ ਦੱਖਣੀ ਅਫਰੀਕਾ ਖ਼ਿਲਾਫ਼ ਵਿਸ਼ਾਖਾਪਟਨਮ ਵਿੱਚ ਪਹਿਲੇ ਟੈਸਟ ਵਿੱਚ 215 ਦੌੜਾਂ ਬਣਾਈਆਂ। ਗਾਂਗੁਲੀ ਨੇ ਕਿਹਾ, ‘‘ਸਮੱਸਿਆ ਇਹ ਹੈ ਕਿ ਅਸੀਂ ਬਹੁਤ ਛੇਤੀ ਸਿੱਟੇ ’ਤੇ ਪਹੁੰਚ ਜਾਂਦੇ ਹਾਂ। ਇੱਕ ਸੈਂਕੜੇ ਮਗਰੋਂ ਅਸੀਂ ਕਹਿਣ ਲਗਦੇ ਹਾਂ ਕਿ ਉਹ ਸਲਾਮੀ ਬੱਲੇਬਾਜ਼ ਵਜੋਂ ਪਹਿਲੀ ਪਸੰਦ ਹੈ, ਪਰ ਕੁੱਝ ਨਾਕਾਮੀਆਂ ਮਗਰੋਂ ਸਾਡੀ ਰਾਇ ਬਦਲ ਜਾਂਦੀ ਹੈ। ਇਹ ਰੁਝਾਨ ਰੁਕਣਾ ਚਾਹੀਦਾ ਹੈ।’’

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All