ਪਪੀਤੇ ਦੇ ਬੂਟੇ ਲਾ ਕੇ ਰਾਹ ਦਸੇਰਾ ਬਣਿਆ ਕਿਸਾਨ ਗੁਰਤੇਜ ਸਿੰਘ

ਪਿੰਡ ਮਛਾਣਾ ਦਾ ਕਿਸਾਨ ਗੁਰਤੇਜ ਸਿੰਘ ਆਪਣੇ ਪਪੀਤੇ ਦੇ ਖ਼ੇਤ ਵਿੱਚ। -ਫੋਟੋ: ਪੰਜਾਬੀ ਟ੍ਰਿਬਿਊਨ

ਮਨੋਜ ਸ਼ਰਮਾ ਬਠਿੰਡਾ, 10 ਜੂਨ ਬਠਿੰਡੇ ਜ਼ਿਲ੍ਹੇ ਦੇ ਪਿੰਡ ਮਛਾਣਾ ਦੇ ਅਗਾਂਹਵਧੂ ਕਿਸਾਨ ਗੁਰਤੇਜ ਸਿੰਘ ਨੇ ਖੇਤੀ ਵਿਭਿੰਨਤਾ ਨੂੰ ਅਪਣਾਉਂਦਿਆਂ ਇਸ ਵਾਰ ਪਪੀਤੇ ਦੇ 200 ਬੂਟੇ ਲਗਾਏ ਹਨ ਜਿਸ ਨੂੰ ਦੇਖਣ ਲਈ ਦੂਰੋਂ-ਦੂਰੋਂ ਕਿਸਾਨ ਪਹੁੰਚ ਰਹੇ ਹਨ। ਬਾਗਬਾਨੀ ਵਿਭਾਗ ਬਠਿੰਡਾ ਮੁਤਾਬਿਕ ਕਿਸਾਨ ਗੁਰਤੇਜ ਸਿੰਘ ਉਨ੍ਹਾਂ ਕਿਸਾਨਾਂ ਵਿਚੋਂ ਹੈ ਜਿਸ ਨੇ ਜ਼ਿਲ੍ਹੇ ’ਚ ਪਹਿਲੀ ਵਾਰ ਪਪੀਤੇ ਦੇ ਬੂਟੇ ਲਗਾ ਕੇ ਖੇਤੀ ਵਿਭਿੰਨਤਾ ਨੂੰ ਹੁੰਗਾਰਾ ਦਿੱਤਾ ਹੈ। ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਗੁਰਤੇਜ ਸਿੰਘ ਵੱਲੋਂ ਇਸ ਫਲ ਦੀ ਕਾਮਯਾਬ ਖੇਤੀ ਆਸ-ਪਾਸ ਦੇ ਇਲਕਿਆਂ ਦੇ ਕਿਸਾਨਾਂ ਲਈ ਵੀ ਰਾਹ ਦਸੇਰਾ ਬਣੇਗੀ। ਉਨ੍ਹਾਂ ਦੱਸਿਆ ਕਿ ਗੁਰਤੇਜ ਨੇ ਤਕਰੀਬਨ ਚਾਰ ਕਨਾਲ ਜ਼ਮੀਨ ਵਿੱਚ ਪਪੀਤੇ ਦੇ ਬੂਟਿਆਂ ਦੀ ਬਿਜਾਈ ਕੀਤੀ ਹੈ ਜਿਨ੍ਹਾਂ ਤੋਂ ਉਨ੍ਹਾਂ ਨੂੰ ਚੰਗੀ ਕਮਾਈ ਦੀ ਉਮੀਦ ਹੈ। ਇਨ੍ਹਾਂ ਬੂਟਿਆਂ ਨੂੰ ਉਚੇਚੇ ਤੌਰ ’ਤੇ ਵੇਖਣ ਪਹੁੰਚੇ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਦਰਸ਼ਨ ਪਾਲ ਅਤੇ ਬਾਗਬਾਨੀ ਅਫਸਰਾਂ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਪਪੀਤੇ ਦੇ ਬੂਟੇ ਲਗਾਉਣ ਵਾਲਾ ਕਿਸਾਨ ਗੁਰਤੇਜ ਸਿੰਘ ਅਗਾਂਹਵਧੂ ਕਿਸਾਨ ਹੈ ਜਿਸ ਨੇ ਆਪਣੇ ਖੇਤ ਵਿੱਚ ਫਸਲਾਂ, ਫਲਾਂ, ਸਬਜ਼ੀਆਂ, ਬਾਗ ਤੋਂ ਇਲਾਵਾ ਬੱਕਰੀਆਂ ਅਤੇ ਮੁਰਗੀਆਂ ਵੀ ਵਿਗਿਆਨਕ ਤਰੀਕੇ ਨਾਲ ਪਾਲੀਆਂ ਹੋਈਆਂ ਹਨ। ਗੁਰਤੇਜ ਸਿੰਘ ਨੇ ਦੱਸਿਆ ਕਿ ਉਸ ਦੇ ਚਾਰ ਕਨਾਲ ਪੌਲੀਹਾਊਸ ਵਿਚ ਪਿਛਲੇ ਕੁਝ ਸਮੇਂ ਤੋਂ ਸਬਜ਼ੀਆਂ ਲਗਾਈਆਂ ਜਾ ਰਹੀਆਂ ਸਨ ਪਰ ਸਬਜ਼ੀ ਤੋੜਨਾ ਤੇ ਤਕਰੀਬਨ ਹਰ ਰੋਜ਼ ਬਾਜ਼ਾਰ ਵਿਚ ਲੈ ਕੇ ਜਾਣਾ ਅਤੇ ਵੇਚਣ ਤੋਂ ਛੁਟਕਾਰਾ ਪਾਉਣ ਲਈ ਉਸ ਨੇ ਇਸ ਵਾਰ ਪਪੀਤੇ ਦੀ ਬਿਜਾਈ ਕੀਤੀ ਹੈ। ਉਸ ਨੇ ਦੱਸਿਆ ਕਿ ਪੱਕਣ ਵਾਲੀ ਪਪੀਤੇ ਦੀ ਫ਼ਸਲ ਨੂੰ ਉਹ ਇੱਕ ਜਾਂ ਦੋ ਵਾਰ ’ਚ ਬਾਜ਼ਾਰ ’ਚ ਵੇਚ ਕੇ ਇਕਮੁਸ਼ਤ ਕਮਾਈ ਕਰ ਸਕੇਗਾ। ਕਿਸਾਨ ਗੁਰਤੇਜ ਨੇ ਦੱਸਿਆ ਕਿ ਉਸ ਨੇ ਇਸ ਫ਼ਲ ਦੇ ਬੂਟੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲਿਆਂਦੇ ਹਨ। ਉਸ ਨੇ ਦੱਸਿਆ ਕਿ ਉਹ 200 ਬੂਟਾ ਜੁਲਾਈ ਵਿਚ ਅਤੇ ਫਿਰ ਇੰਨੇ ਹੀ ਬੂਟੇ ਸਤੰਬਰ ਮਹੀਨੇ ਵਿਚ ਲਗਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All