ਡੈੱਨਮਾਰਕ ਓਪਨ ਨਾਲ ਲੈਅ ਫੜਨ ਦੀ ਕੋਸ਼ਿਸ਼ ਕਰੇਗੀ ਸਿੰਧੂ

ਓਡੈਂਸੇ, 14 ਅਕਤੂਬਰ ਵਿਸ਼ਵ ਚੈਂਪੀਅਨ ਪੀਵੀ ਸਿੰਧੂ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ 7,75,00 ਡਾਲਰ ਇਨਾਮੀ ਡੈੱਨਮਾਰਕ ਓਪਨ ਬੈਡਮਿੰਟਨ ਟੂਰਨਾਮੈਂਟ ਨਾਲ ਲੈਅ ਵਿੱਚ ਵਾਪਸੀ ਦੀ ਕੋਸ਼ਿਸ਼ ਕਰੇਗੀ। ਅਗਸਤ ਵਿੱਚ ਵਿਸ਼ਵ ਚੈਂਪੀਅਨ ਬਣਨ ਮਗਰੋਂ ਸਿੰਧੂ ਬੀਤੇ ਮਹੀਨੇ ਚਾਈਨਾ ਓਪਨ ਅਤੇ ਕੋਰੀਆ ਓਪਨ ਵਿੱਚ ਕ੍ਰਮਵਾਰ ਪਹਿਲੇ ਅਤੇ ਦੂਜੇ ਗੇੜ ’ਚੋਂ ਹੀ ਬਾਹਰ ਹੋ ਗਈ ਸੀ। ਵਿਸ਼ਵ ਵਿੱਚ ਛੇਵੇਂ ਨੰਬਰ ਦੀ ਖਿਡਾਰਨ ਪੀਵੀ ਸਿੰਧੂ ਨੇ ਇਸ ਸੈਸ਼ਨ ਵਿੱਚ ਬੀਡਬਲਯੂਐੱਫ ਵਿਸ਼ਵ ਟੂਰ ਦਾ ਖ਼ਿਤਾਬ ਨਹੀਂ ਜਿੱਤਿਆ। ਹੁਣ ਇਸ ਵਿਸ਼ਵ ਟੂਰ ਸੁਪਰ 750 ਟੂਰਨਾਮੈਂਟ ਵਿੱਚ ਉਸ ਦਾ ਪਹਿਲਾ ਮੁਕਾਬਲਾ ਇੰਡੋਨੇਸ਼ੀਆ ਦੀ ਗ੍ਰੇਗਰੀਆ ਮਰਿਸਕਾ ਤੁਨਜੁੰਗ ਨਾਲ ਹੋਵੇਗਾ। ਸਿੰਧੂ ਦਾ ਵਿਸ਼ਵ ਵਿੱਚ 16ਵੇਂ ਨੰਬਰ ਦੀ ਖਿਡਾਰਨ ਖ਼ਿਲਾਫ਼ ਜਿੱਤ ਦਾ ਰਿਕਾਰਡ 5-0 ਹੈ। ਵਿਸ਼ਵ ਵਿੱਚ ਅੱਠਵੇਂ ਨੰਬਰ ਦੀ ਸਾਇਨਾ ਨੇਹਵਾਲ ਵੀ ਮੁਸ਼ਕਲ ਦੌਰ ’ਚੋਂ ਲੰਘ ਰਹੀ ਹੈ। ਜਨਵਰੀ ਵਿੱਚ ਇੰਡੋਨੇਸ਼ੀਆ ਓਪਨ ਜਿੱਤਣ ਮਗਰੋਂ ਹੀ ਉਹ ਫਿੱਟਨੈੱਸ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੀ ਹੈ। ਉਹ ਚੀਨ ਅਤੇ ਕੋਰੀਆ ਓਪਨ ਵਿੱਚ ਪਹਿਲੇ ਗੇੜ ਤੋਂ ਅੱਗੇ ਨਹੀਂ ਵਧ ਸਕੀ। ਸਾਇਨਾ ਪਹਿਲੇ ਗੇੜ ਵਿੱਚ ਜਾਪਾਨ ਦੀ 12ਵੇਂ ਨੰਬਰ ਦੀ ਖਿਡਾਰਨ ਸਯਾਕਾ ਤਾਕਾਹਾਸ਼ੀ ਨਾਲ ਭਿੜੇਗੀ, ਜਿਸ ਨੇ ਇਸ ਭਾਰਤੀ ਸ਼ਟਲਰ ਨੂੰ ਅਗਸਤ ਵਿੱਚ ਥਾਈਲੈਂਡ ਓਪਨ ਵਿੱਚ ਸ਼ਿਕਸਤ ਦਿੱਤੀ ਸੀ। ਗੋਡੇ ਦੀ ਸੱਟ ਠੀਕ ਹੋਣ ਮਗਰੋਂ ਵਾਪਸੀ ਕਰ ਰਿਹਾ ਸਾਬਕਾ ਚੈਂਪੀਅਨ ਕਿਦਾਂਬੀ ਸ੍ਰੀਕਾਂਤ ਵੀ ਡੈੱਨਮਾਰਕ ਦੇ ਐਂਡਰਸ ਐਂਟੋਸੇਨ ਖ਼ਿਲਾਫ਼ ਚੰਗੀ ਸ਼ੁਰੂਆਤ ਕਰਨਾ ਚਾਹੇਗਾ। ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਦਾ ਤਗ਼ਮਾ ਜੇਤੂ ਬੀ ਸਾਈ ਪ੍ਰਣੀਤ ਦੀ ਟੱਕਰ ਲਿਨ ਡੇਨ ਨਾਲ ਹੋਵੇਗੀ। ਪਾਰੂਪੱਲੀ ਕਸ਼ਿਅਪ ਪਹਿਲੇ ਗੇੜ ਵਿੱਚ ਥਾਈਲੈਂਡ ਦੇ ਸਿਟੀਕੋਮ ਥੈਮਸਿਨ ਨਾਲ ਭਿੜੇਗਾ। ਪੁਰਸ਼ ਡਬਲਜ਼ ਵਿੱਚ ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਦਾ ਮੁਕਾਬਲਾ ਕੋਰੀਆ ਦੇ ਕਿਮ ਜੀ ਜੰਗ ਅਤੇ ਲੀ ਯੌਂਗ ਡੇਅ ਨਾਲ ਹੋਵੇਗਾ। ਮਹਿਲਾ ਡਬਲਜ਼ ਵਿੱਚ ਅਸ਼ਵਿਨੀ ਪੋਨੱਪਾ ਅਤੇ ਐੱਨ ਸਿੱਕੀ ਰੈਡੀ ਦੀ ਜੋੜੀ ਜਾਪਾਨੀ ਜੋੜੀ ਦਾ ਸਾਹਮਣਾ ਕਰੇਗੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All