ਬਾਨਯੁਵਾਂਗੀ, 10 ਸਤੰਬਰ
ਅਮਰੀਕਾ, ਇੰਡੋਨੇਸ਼ੀਆ, ਆਸਟਰੇਲੀਆ ਤੇ ਹੋਰ ਸਹਿਯੋਗੀ ਸੈਨਾਵਾਂ ਦੇ ਹਜ਼ਾਰਾਂ ਸੈਨਿਕਾਂ ਨੇ ਖਿੱਤੇ ’ਚ ਵਧਦੇ ਚੀਨ ਦੇ ਹਮਲਾਵਰ ਰੁਖ਼ ਦਰਮਿਆਨ ਅੱਜ ਇੰਡੋਨੇਸ਼ੀਆ ਦੇ ਟਾਪੂ ਜਾਵਾ ’ਤੇ ਜੰਗੀ ਅਭਿਆਸ ਦੌਰਾਨ ਸ਼ਕਤੀ ਪ੍ਰਦਰਸ਼ਨ ਕੀਤਾ। ਰਾਸ਼ਟਰਪਤੀ ਜੋਅ ਬਾਇਡਨ ਦਾ ਪ੍ਰਸ਼ਾਸਨ ਵਵਿਾਦਤ ਦੱਖਣੀ ਚੀਨ ਸਾਗਰ ’ਚ ਪੇਈਚਿੰਗ ਦੀਆਂ ਵਧਦੀਆਂ ਭੜਕਾਹਟ ਪੈਦਾ ਕਰਨ ਵਾਲੀਆਂ ਕਾਰਵਾਈਆਂ ਤੋਂ ਫਿਕਰਮੰਦ ਸਹਿਯੋਗੀਆਂ ਨੂੰ ਆਸਵੰਦ ਕਰਨ ਲਈ ਹਿੰਦ-ਪ੍ਰਸ਼ਾਂਤ ਖਿੱਤੇ ’ਚ ਫੌਜੀ ਗੱਠਜੋੜ ਨੂੰ ਮਜ਼ਬੂਤ ਕਰ ਰਿਹਾ ਹੈ। ਇਹ ਖਿੱਤਾ ਅਮਰੀਕਾ-ਚੀਨ ਮੁਕਾਬਲੇ ਦਰਮਿਆਨ ਜੰਗ ਦਾ ਮੈਦਾਨ ਬਣ ਗਿਆ ਹੈ।
ਪੂਰਬੀ ਜਾਵਾ ਸੂਬੇ ਦੇ ਸਾਹਿਲੀ ਜ਼ਿਲ੍ਹੇ ਬਾਨਯੁਵਾਂਗੀ ’ਚ ਇਹ ਦੋ ਹਫ਼ਤੇ ਦੀ ਜੰਗੀ ਮਸ਼ਕ 1 ਸਤੰਬਰ ਨੂੰ ਸ਼ੁਰੂ ਹੋਈ ਸੀ। ਇਸ ਜੰਗੀ ਮਸ਼ਕ ਦੌਰਾਨ ਅਮਰੀਕਾ ਨੇ ਜਿੱਥੇ ਆਪਣੇ ਪੰਜ ਐੱਮ1ਏ1 ਟੈਂਕ ਉਤਾਰੇ ਉੱਥੇ ਹੀ ਇੰਡੋਨੇਸ਼ੀਆ ਦੀ ਫੌਜ ਨੇ ਆਪਣੇ ਦੋ ਲੈਪਰਡ-2 ਟੈਂਕਾਂ ਦਾ ਪ੍ਰਦਰਸ਼ਨ ਕੀਤਾ। ਇਹ ਪਹਿਲੀ ਵਾਰ ਹੈ ਜਦੋਂ ਵੀਅਤਨਾਮ ਜੰਗ ਤੋਂ ਬਾਅਦ ਆਸਟਰੇਲੀਆ ਨੇ ਆਪਣੇ ਜੰਗੀ ਟੈਂਕ ਆਪਣੇ ਖੇਤਰ ਤੋਂ ਬਾਹਰ ਭੇਜੇ ਹੋਣ। ਅਮਰੀਕਾ ਤੇ ਇੰਡੋਨੇਸ਼ੀਆ ਦੇ ਜਵਾਨਾਂ ਵਿਚਾਲੇ ਸਾਲ 2009 ਤੋਂ ਇਹ ਸਾਲਾਨਾ ਜੰਗੀ ਅਭਿਆਸ ਚੱਲ ਰਿਹਾ ਹੈ। -ਏਪੀ