CUSMA 'ਤੇ ਅਮਰੀਕਾ ਦਾ ਨਵਾਂ ਦਾਅ; ਕੈਨੇਡਾ ਨੇ ਨਵੀਂ ਰੂਪਰੇਖਾ ਬਾਰੇ ਸਪਸ਼ਟਤਾ ਮੰਗੀ
ਟਰੰਪ ਪ੍ਰਸ਼ਾਸਨ ਵੱਲੋਂ ਸਮਝੌਤੇ ਦੀ ਹਰ ਸਾਲ ਸਮੀਖਿਆ ਕਰਨ ਦਾ ਫ਼ੈਸਲਾ
ਅਮਰੀਕਾ ਵੱਲੋਂ ਕੈਨੇਡਾ-ਅਮਰੀਕਾ-ਮੈਕਸੀਕੋ ਵਪਾਰ ਸਮਝੌਤੇ (CUSMA) ਨੂੰ 2042 ਤੱਕ ਇੱਕਮੁਸ਼ਤ ਵਧਾਉਣ ਦੀ ਬਜਾਏ ਹਰ ਸਾਲ ਇਸ ਦੀ ਸਮੀਖਿਆ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਅਮਰੀਕਾ ਦੇ ਇਸ ਫ਼ੈਸਲੇ ਮਗਰੋਂ ਕੈਨੇਡਾ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਇਸ ਨਵੀਂ ਪ੍ਰਕਿਰਿਆ ਦੀ ਰੂਪਰੇਖਾ ਬਾਰੇ ਅਜੇ ਵੀ ਕਾਫ਼ੀ ਅਸਪਸ਼ਟਤਾ ਬਣੀ ਹੋਈ ਹੈ।
ਜ਼ਿਕਰਯੋਗ ਹੈ ਕਿ CUSMA ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਦਰਮਿਆਨ ਇੱਕ ਮੁਕਤ ਵਪਾਰ ਸਮਝੌਤਾ ਹੈ। ਇਹ ਸਾਲ 2020 ਵਿੱਚ ਲਾਗੂ ਹੋਇਆ ਸੀ, ਜੋ ਤਿੰਨਾਂ ਦੇਸ਼ਾਂ ਵਿਚਕਾਰ ਵਪਾਰ, ਨਿਵੇਸ਼, ਸਪਲਾਈ ਚੇਨਾਂ ਅਤੇ ਆਰਥਿਕ ਸਹਿਯੋਗ ਲਈ ਨਿਯਮ ਤੈਅ ਕਰਦਾ ਹੈ। ਕੈਨੇਡਾ-ਅਮਰੀਕਾ ਵਪਾਰ ਮੰਤਰੀ ਡੋਮਿਨਿਕ ਲੇਬਲਾਂਕ ਨੇ ਕਿਹਾ ਕਿ ਸਾਲਾਨਾ ਸਮੀਖਿਆ ਕਿਵੇਂ ਹੋਵੇਗੀ, ਇਸ ਦਾ ਕੋਈ ਸਪਸ਼ਟ ਖ਼ਾਕਾ ਅਜੇ ਤੱਕ ਅਮਰੀਕਾ ਵੱਲੋਂ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੀ ਵਿਵਸਥਾ ਵਪਾਰਕ ਸਮਝੌਤਿਆਂ ਵਿੱਚ ਆਮ ਨਹੀਂ ਹੁੰਦੀ, ਇਸ ਲਈ ਇਸ ਦੀ ਪ੍ਰਕਿਰਿਆ ਨੂੰ ਲੈ ਕੇ ਅਜੇ ਤੱਕ ਪੂਰੀ ਤਰ੍ਹਾਂ ਅਨਿਸ਼ਚਿਤਤਾ ਬਣੀ ਹੋਈ ਹੈ।
ਲੇਬਲਾਂਕ ਨੇ ਦੱਸਿਆ ਕਿ 1 ਜੁਲਾਈ ਨੂੰ ਹੋਈ ਮੀਟਿੰਗ ਦੌਰਾਨ ਉਨ੍ਹਾਂ ਅਤੇ ਮੈਕਸੀਕੋ ਦੇ ਅਰਥ ਮੰਤਰੀ ਮਾਰਸੇਲੋ ਏਬਰਾਰਡ ਨੇ ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਅਰ ਤੋਂ ਸਮੀਖਿਆ ਪ੍ਰਕਿਰਿਆ ਦੀ ਰੂਪਰੇਖਾ ਬਾਰੇ ਜਾਣਕਾਰੀ ਮੰਗੀ ਸੀ, ਪਰ ਉਸ ਵੇਲੇ ਕੋਈ ਠੋਸ ਜਵਾਬ ਨਹੀਂ ਮਿਲਿਆ। ਹਾਲਾਂਕਿ, ਤਿੰਨਾਂ ਦੇਸ਼ਾਂ ਨੇ ਇਸ ਗੱਲ 'ਤੇ ਸਹਿਮਤੀ ਜਤਾਈ ਹੈ ਕਿ ਇਸ ਮਾਮਲੇ 'ਤੇ ਅਗਲੇ ਕੁਝ ਹਫ਼ਤਿਆਂ ਦੌਰਾਨ ਹੋਰ ਗੱਲਬਾਤ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੈਨੇਡਾ ਅਤੇ ਮੈਕਸੀਕੋ ਦੀ ਇੱਛਾ ਸੀ ਕਿ ਮੌਜੂਦਾ 'CUSMA' ਨੂੰ ਬਿਨਾਂ ਕਿਸੇ ਵੱਡੀ ਤਬਦੀਲੀ ਦੇ ਅਗਲੇ 16 ਸਾਲਾਂ ਲਈ ਵਧਾ ਦਿੱਤਾ ਜਾਵੇ, ਪਰ ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਸਮਝੌਤੇ ਵਿੱਚ ਕੁਝ ਅਹਿਮ ਸੋਧਾਂ ਦੀ ਲੋੜ ਹੈ ਅਤੇ ਇਸੇ ਲਈ ਇਸ ਦੀ ਹਰ ਸਾਲ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ
ਅਮਰੀਕਾ ਦੇ ਇਸ ਫ਼ੈਸਲੇ ਨਾਲ ਹੁਣ ਇੱਕ ਅਜਿਹੀ ਪ੍ਰਕਿਰਿਆ ਸ਼ੁਰੂ ਹੋਵੇਗੀ, ਜਿਸ ਤਹਿਤ ਹਰ ਸਾਲ ਇਸ ਸਮਝੌਤੇ ਦੀ ਸਮੀਖਿਆ ਕੀਤੀ ਜਾਵੇਗੀ। ਇਹ ਸਿਲਸਿਲਾ ਵੱਧ ਤੋਂ ਵੱਧ 10 ਸਾਲਾਂ ਤੱਕ ਚੱਲ ਸਕਦਾ ਹੈ ਅਤੇ ਜੇਕਰ ਇਸ ਦੌਰਾਨ ਨਵੇਂ ਸਮਝੌਤੇ ਜਾਂ ਮਿਆਦ ਵਧਾਉਣ ਬਾਰੇ ਕੋਈ ਸਹਿਮਤੀ ਨਾ ਬਣੀ, ਤਾਂ 'CUSMA' ਸਾਲ 2036 ਵਿੱਚ ਖ਼ਤਮ ਹੋ ਜਾਵੇਗਾ
CUSMA ਦੇ ਕਾਰਨ ਕੈਨੇਡਾ ਅਤੇ ਮੈਕਸੀਕੋ, ਅਮਰੀਕਾ ਵੱਲੋਂ ਲਗਾਏ ਗਏ ਬਹੁਤੇ ਟੈਰਿਫ਼ਾਂ (ਵਪਾਰਕ ਟੈਕਸਾਂ) ਤੋਂ ਬਚੇ ਹੋਏ ਹਨ, ਕਿਉਂਕਿ ਸਮਝੌਤੇ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਉਤਪਾਦਾਂ ਨੂੰ ਇਸ ਵਿੱਚ ਵਿਸ਼ੇਸ਼ ਛੋਟ ਮਿਲੀ ਹੋਈ ਹੈ। ਇਸ ਦੇ ਬਾਵਜੂਦ ਸਟੀਲ, ਐਲੂਮੀਨੀਅਮ ਅਤੇ ਸਾਫ਼ਟਵੁੱਡ (ਨਰਮ) ਲੱਕੜ ਵਰਗੇ ਖੇਤਰਾਂ 'ਤੇ ਲੱਗੇ ਅਮਰੀਕੀ ਟੈਰਿਫ਼ ਅਜੇ ਵੀ ਦੋਵਾਂ ਦੇਸ਼ਾਂ ਲਈ ਵੱਡੀ ਚਿੰਤਾ ਦਾ ਕਾਰਨ ਬਣੇ ਹੋਏ ਹਨ। ਇਸੇ ਲਈ ਕੈਨੇਡਾ ਅਤੇ ਮੈਕਸੀਕੋ, CUSMA ਤਹਿਤ ਤਿੰਨ-ਪੱਖੀ ਗੱਲਬਾਤ ਦੇ ਨਾਲ-ਨਾਲ ਅਮਰੀਕਾ ਨਾਲ ਵੱਖਰੇ ਤੌਰ 'ਤੇ ਵੀ ਵਪਾਰਕ ਵਾਰਤਾਲਾਪ ਕਰ ਰਹੇ ਹਨ, ਤਾਂ ਜੋ ਇਨ੍ਹਾਂ ਖੇਤਰਾਂ ਵਿੱਚ ਵੱਧ ਤੋਂ ਵੱਧ ਰਾਹਤ ਹਾਸਲ ਕੀਤੀ ਜਾ ਸਕੇ।
